ਅਕਾਲੀ ਆਗੂ ਆਪਣੀ ਪੀਡ਼੍ਹੀ ਹੇਠ ਸੋਟਾ ਫੇਰਨ : ਕਿੱਕੀ ਢਿੱਲੋਂ
Tuesday, Dec 25, 2018 - 11:14 AM (IST)

ਫਰੀਦਕੋਟ (ਜ. ਬ.)- ਅਕਾਲੀ ਦਲ ਵੱਲੋਂ ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਸ਼ਹਿ ’ਤੇ ਨਾਮਜ਼ਦਗੀ ਪੱਤਰ ਰੱਦ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਦਾ ਸਖ਼ਤ ਸ਼ਬਦਾਂ ’ਚ ਖੰਡਨ ਕਰਦਿਆਂ ਵਿਧਇਕ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਦੇ ਆਗੂ ਪਹਿਲਾਂ ਆਪਣੀ ਪੀਡ਼੍ਹੀ ਹੇਠ ਸੋਟਾ ਫੇਰਨ ਕਿ ਉਨ੍ਹਾਂ ਪਿਛਲੇ ਸਾਲਾਂ ਦੌਰਾਨ ਨਗਰ ਨਿਗਮ, ਨਗਰ ਕੌਂਸਲਾਂ, ਜ਼ਿਲਾ ਪ੍ਰੀਸ਼ਦ, ਬਲਾਕ ਸੰਮਤੀਆਂ ਅਤੇ ਪੰਚਾਇਤੀ ਚੋਣਾਂ ਵਿਚ ਕੀ ਕੀਤਾ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਦੇ ਜ਼ਮੀਨੀ ਹਾਲਾਤ ਇੰਨੇ ਬੁਰੇ ਹੋ ਚੁੱਕੇ ਹਨ ਕਿ ਕੋਈ ਵੀ ਸਮਝਦਾਰ ਵਿਅਕਤੀ ਅਕਾਲੀ ਦਲ ਦੇ ਹੱਕ ’ਚ ਚੋਣ ਲਡ਼ ਕੇ ਰਾਜ਼ੀ ਨਹੀਂ। ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ 5 ਦਿਨ ਦਿੱਤੇ ਗਏ ਸਨ ਪਰ ਹਲਕੇ ਦੇ ਅਕਾਲੀ ਦਲ ਨਾਲ ਸਬੰਧਤ ਆਗੂਆਂ ਅਤੇ ਵਰਕਰਾਂ ਨੇ ਅਖਰੀ ਦਿਨ ਦੇ ਅਖੀਰਲੇ 2 ਘੰਟਿਆਂ ਵਿਚ ਇਕ ਦਮ ਆ ਕੇ ਗਲਤ ਤੇ ਅਧੂਰੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਕਿਉਂਕਿ ਅਕਾਲੀ ਆਗੂ ਹਲਕੇ ਦੇ ਪਿੰਡਾਂ ਵਿਚ ਚੱਲ ਰਹੀ ਵਿਕਾਸ ਕਾਰਜਾਂ ਦੀ ਹਨੇਰੀ ਕਾਰਨ ਬੁਖਲਾਹਟ ਵਿਚ ਹਨ ਅਤੇ ਲੋਕਾਂ ਵੱਲੋਂ ਨਕਾਰੇ ਜਾਣ ਕਰ ਕੇ ਇਹ ਹੁਣ ਆਪਣੀ ਹੋਂਦ ਬਚਾਉਣ ਲਈ ਗਲਤ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਬਲਾਕ ਵਿਚ 44 ਸਰਪੰਚ ਅਤੇ 470 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ।