‘ਸ਼ਬਦ’ ਦਾ ਮਤਲਬ ਡੂੰਘਾ, ਪੂਰੀ ਜ਼ਿੰਦਗੀ ਦਾ ਸਬਕ ਇਸ ’ਚ ਲੁਕਿਆ ਹੈ : ਸਵਿੰਦਰ ਵਿੱਕੀ

Thursday, Feb 05, 2026 - 11:55 AM (IST)

‘ਸ਼ਬਦ’ ਦਾ ਮਤਲਬ ਡੂੰਘਾ, ਪੂਰੀ ਜ਼ਿੰਦਗੀ ਦਾ ਸਬਕ ਇਸ ’ਚ ਲੁਕਿਆ ਹੈ : ਸਵਿੰਦਰ ਵਿੱਕੀ

ਮੁੰਬਈ- ਜੀ-5 ’ਤੇ ਕੱਲ ਰਿਲੀਜ਼ ਹੋਣ ਜਾ ਰਹੀ ਵੈੱਬ ਸੀਰੀਜ਼ ‘ਸ਼ਬਦ’ ਇਨ੍ਹੀਂ ਦਿਨੀਂ ਚਰਚਾ ਵਿਚ ਹੈ। ਇਹ ਸੀਰੀਜ਼ ਰੀਤੀ, ਰਿਵਾਜਾਂ, ਪਰੰਪਰਾਵਾਂ ਅਤੇ ਆਧੁਨਿਕ ਸੋਚ ਵਿਚਕਾਰ ਚੱਲ ਰਹੇ ਉਸ ਸੰਘਰਸ਼ ਨੂੰ ਦਿਖਾਉਂਦੀ ਹੈ, ਜਿਸ ਨੂੰ ਅੱਜ ਦੀ ਪੀੜ੍ਹੀ ਰੋਜ਼ ਮਹਿਸੂਸ ਕਰਦੀ ਹੈ। ਇਸ ਸੀਰੀਜ਼ ਵਿਚ ਸਵਿੰਦਰ ਵਿੱਕੀ ਅਤੇ ਮਿਹਿਰ ਆਹੂਜਾ ਮੁੱਖ ਕਿਰਦਾਰਾਂ ਵਿਚ ਨਜ਼ਰ ਆਉਣ ਵਾਲੇ ਹਨ। ਇਸ ਸੀਰੀਜ਼ ਬਾਰੇ ਸਵਿੰਦਰ ਵਿੱਕੀ ਤੇ ਮਿਹਿਰ ਆਹੂਜਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਸਵਿੰਦਰ ਵਿੱਕੀ

ਸ਼ਬਦ ਬੋਲਣਾ ਆਸਾਨ ਨਹੀਂ, ਮਨ, ਆਤਮਾ ਅਤੇ ਨੀਅਤ ਤਿੰਨੋਂ ਸਾਫ਼ ਹੋਣੇ ਚਾਹੀਦੇ

ਪ੍ਰ. ਸੀਰੀਜ਼ ਦਾ ਨਾਮ ਕਿਵੇਂ ਤੈਅ ਹੋਇਆ?

ਸ਼ੁਰੂਆਤ ਵਿਚ ਇਸ ਦਾ ਨਾਮ ਕੁਝ ਹੋਰ ਸੀ। ਸਕ੍ਰਿਪਟ ਅਤੇ ਸ਼ੂਟਿੰਗ ਤੋਂ ਬਾਅਦ ਜਦੋਂ ਨਾਮ ਬਦਲਿਆ ਗਿਆ ਅਤੇ ‘ਸ਼ਬਦ’ ਸਾਹਮਣੇ ਆਇਆ ਤਾਂ ਮੈਂ ਬਹੁਤ ਖ਼ੁਸ਼ ਹੋਇਆ।‘ਸ਼ਬਦ’ ਸਿਰਫ਼ ਤਿੰਨ ਅੱਖਰਾਂ ਦਾ ਨਾਮ ਹੈ ਪਰ ਇਸ ਦਾ ਮਤਲਬ ਬਹੁਤ ਡੂੰਘਾ ਹੈ। ਅਸੀਂ ਰੋਜ਼ ਘਰਾਂ ਵਿਚ, ਗੁਰਦੁਆਰਿਆਂ ਵਿਚ ਸ਼ਬਦ ਸੁਣਦੇ ਹਾਂ ਅਤੇ ਉਸ ਵਿਚ ਪੂਰੀ ਜ਼ਿੰਦਗੀ ਦਾ ਸਬਕ ਲੁਕਿਆ ਹੁੰਦਾ ਹੈ। ਇਸ ਕਹਾਣੀ ਵਿਚ ਗੁਰਬਾਣੀ, ਰੀਤ ਅਤੇ ਆਸਥਾ ਖ਼ੁਦ-ਬ-ਖ਼ੁਦ ਵਹਿੰਦੀ ਹੋਈ ਮਹਿਸੂਸ ਹੁੰਦੀ ਹੈ। ਅਜਿਹਾ ਲੱਗਿਆ ਜਿਵੇਂ ਇਹ ਨਾਮ ਉੱਪਰ ਵਾਲੇ ਨੇ ਖ਼ੁਦ ਚੁਣਿਆ ਹੋਵੇ। ਜਦੋਂ ‘ਸ਼ਬਦ’ ਆਇਆ ਤਾਂ ਬਿਲਕੁਲ ਸਟੀਕ ਲੱਗਿਆ ਜਿਵੇਂ ਕਹਾਣੀ ਖ਼ੁਦ ਆਪਣਾ ਨਾਮ ਦੱਸ ਰਹੀ ਹੋਵੇ।

ਪ੍ਰ. ਇੰਨੇ ਸ਼ਾਨਦਾਰ ਪ੍ਰਾਜੈਕਟਸ ਤੋਂ ਬਾਅਦ ਤੁਸੀਂ ‘ਸ਼ਬਦ’ ਕਿਉਂ ਚੁਣਿਆ?

ਇਕ ਐਕਟਰ ਦੇ ਤੌਰ ’ਤੇ ਮੇਰੇ ਸਾਹਮਣੇ ਕਈ ਸਕ੍ਰਿਪਟਾਂ ਆਉਂਦੀਆਂ ਹਨ ਅਤੇ ਹਰ ਸਕ੍ਰਿਪਟ ਨਾਲ ਜ਼ਿੰਮੇਵਾਰੀ ਵੀ ਆਉਂਦੀ ਹੈ। ਮੈਂ ਉਹੀ ਕੰਮ ਕਰਨਾ ਚਾਹੁੰਦਾ ਹਾਂ, ਜਿਸ ਨਾਲ ਨਿਆਂ ਕਰ ਸਕਾਂ। ਮੇਰੀ ਵੀ ਲਿਮੀਟੇਸ਼ਨ ਹੈ। ਮੈਂ ਅਜਿਹਾ ਕਿਰਦਾਰ ਨਹੀਂ ਲੈਣਾ ਚਾਹੁੰਦਾ, ਜਿਸ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਅ ਨਾ ਸਕਾਂ। ‘ਸ਼ਬਦ’ ਪੜ੍ਹਦੇ ਸਮੇਂ ਲੱਗਿਆ ਕਿ ਇਹ ਸਿਰਫ਼ ਐਕਟਿੰਗ ਨਹੀਂ ਬਲਕਿ ਆਤਮਾ ਨਾਲ ਜੁੜਿਆ ਕਿਰਦਾਰ ਹੈ।

ਪ੍ਰ. ਰਾਗੀ ਦਾ ਕਿਰਦਾਰ ਨਿਭਾਉਣਾ ਤੇ ਗੁਰਬਾਣੀ ਨਾਲ ਜੁੜਨਾ ਤੁਹਾਡੇ ਲਈ ਕਿਵੇਂ ਦਾ ਅਨੁਭਵ ਰਿਹਾ?

ਇਹ ਮੇਰੇ ਲਈ ਸਿਰਫ਼ ਕਿਰਦਾਰ ਨਹੀਂ ਸੀ। ਇਸ ਨੂੰ ਨਿਭਾਉਂਦੇ ਸਮੇਂ ਬਹੁਤ ਜ਼ਿੰਮੇਵਾਰੀਆਂ ਮਹਿਸੂਸ ਹੋਈਆਂ। ਸ਼ਬਦ ਬੋਲਣਾ ਆਸਾਨ ਨਹੀਂ ਹੁੰਦਾ। ਮਨ, ਆਤਮਾ ਅਤੇ ਨੀਅਤ ਤਿੰਨੋਂ ਸਾਫ਼ ਹੋਣੇ ਚਾਹੀਦੇ ਹਨ। ਮੈਂ ਪਰਮਾਤਮਾ ਨੂੰ ਅਰਦਾਸ ਕੀਤੀ ਕਿ ਜੇ ਕਿਤੇ ਗ਼ਲਤੀ ਹੋ ਜਾਵੇ ਤਾਂ ਮੁਆਫ਼ ਕਰਨਾ। ਇਹ ਕਿਰਦਾਰ ਮੇਰੇ ਅੰਦਰ ਤੱਕ ਉੱਤਰ ਗਿਆ ਅਤੇ ਸ਼ਾਇਦ ਇਸੇ ਕਾਰਨ ਇਸ ਨੇ ਮੈਨੂੰ ਅੰਦਰ ਤੋਂ ਬਦਲ ਦਿੱਤਾ।

ਪ੍ਰ. ਅੱਜ ਦੀ ਪੀੜ੍ਹੀ ਨੂੰ ਸੀਰੀਜ਼ ਕੀ ਸੁਨੇਹਾ ਦਿੰਦੀ ਹੈ?

ਹਰ ਪੀੜ੍ਹੀ ਆਪਣੇ ਸਮੇਂ ਵਿਚ ਸਵਾਲ ਕਰਦੀ ਹੈ। ਅਸੀਂ ਵੀ ਆਪਣੇ ਮਾਂ-ਬਾਪ ਨੂੰ ਸਵਾਲ ਕਰਦੇ ਸੀ। ਫ਼ਰਕ ਬਸ ਇੰਨਾ ਹੈ ਕਿ ਅੱਜ ਸਮਾਂ ਤੇਜ਼ ਹੈ। ਜ਼ਰੂਰੀ ਹੈ ਕਿ ਬੱਚੇ ਆਪਣੀਆਂ ਹੱਦਾਂ ਵਿਚ ਰਹਿਣ ਪਰ ਨਾਲ ਹੀ ਉਨ੍ਹਾਂ ਨੂੰ ਸਮਝਿਆ ਜਾਵੇ। ਬਹੁਤ ਜ਼ਿਆਦਾ ਸਖ਼ਤੀ ਰਿਸ਼ਤਿਆਂ ’ਚ ਦੂਰੀ ਪੈਦਾ ਕਰ ਦਿੰਦੀ ਹੈ।

ਮਿਹਿਰ ਆਹੂਜਾ

ਪਿਤਾ ਦਾ ਮਾਣ ਵੀ, ਖ਼ੁਦ ਦੀ ਪਛਾਣ ਵੀ ਦੋਵੇਂ ਰੱਖਣੇ ਹਨ, ਇਹੀ ਸ਼ਬਦ ਦੀ ਆਤਮਾ

ਪ੍ਰ. ਤੁਸੀਂ ਗੁੱਪੀ ਦੇ ਕਿਰਦਾਰ ਲਈ ਕਿਵੇਂ ਤਿਆਰੀ ਕੀਤੀ?

ਗੁੱਪੀ ਦਾ ਸੁਪਨਾ ਫੁੱਟਬਾਲਰ ਬਣਨ ਦਾ ਹੈ। ਫੁੱਟਬਾਲ ਫੀਲਡ ਵਿਚ ਉਹ ਖ਼ੁਦ ਨੂੰ ਸਭ ਤੋਂ ਜ਼ਿਆਦਾ ਕਾਨਫੀਡੈਂਟ ਮਹਿਸੂਸ ਕਰਦਾ ਹੈ। ਉਸ ਨੂੰ ਲੱਗਦਾ ਹੈ ਕਿ ਉਹ ਆਪਣੀ ਟੀਮ ਦਾ ਕੈਪਟਨ ਖ਼ੁਦ ਹੈ ਪਰ ਘਰ ਵਿਚ ਉਸ ਦੇ ਪਿਤਾ ਚਾਹੁੰਦੇ ਹਨ ਕਿ ਉਹ ਰਾਗੀ ਬਣੇ ਕਿਉਂਕਿ ਦਾਦਾ ਜੀ ਵੀ ਰਾਗੀ ਸਨ ਅਤੇ ਪਿਤਾ ਵੀ। ਇਹ ਰੀਤ ਹੈ, ਪਰੰਪਰਾ ਹੈ। ਗੁੱਪੀ ਆਪਣੇ ਪਿਤਾ ਖ਼ਿਲਾਫ਼ ਨਹੀਂ ਹੈ। ਉਹ ਉਨ੍ਹਾਂ ਦਾ ਦਿਲ ਵੀ ਨਹੀਂ ਦੁਖਾਉਣਾ ਚਾਹੁੰਦਾ ਪਰ ਉਹ ਉਹ ਬਣ ਨਹੀਂ ਪਾ ਰਿਹਾ, ਜੋ ਉਸ ਤੋਂ ਉਮੀਦ ਕੀਤੀ ਜਾ ਰਹੀ ਹੈ। ਇਹੀ ਇਸ ਕਹਾਣੀ ਦਾ ਸੰਘਰਸ਼ ਹੈ ਅੰਦਰ ਦਾ ਅਤੇ ਬਾਹਰ ਦਾ। ਪਿਤਾ ਦਾ ਮਾਣ ਵੀ ਰੱਖਣਾ ਹੈ, ਰੀਤ ਵੀ ਨਿਭਾਉਣੀ ਹੈ ਅਤੇ ਖ਼ੁਦ ਦੀ ਪਛਾਣ ਵੀ ਨਹੀਂ ਗੁਆਉਣੀ ਹੈ। ਇਹੀ ਸ਼ਬਦ ਦੀ ਆਤਮਾ ਹੈ।

ਪ੍ਰ. ਇਸ ਪ੍ਰਾੇਜੈਕਟ ਲਈ ਚੋਣ ਕਿਵੇਂ ਹੋਈ?

ਮੈਂ ਜਦੋਂ ਪਹਿਲੀ ਵਾਰ ਨਿਰਦੇਸ਼ਕ ਅਮਿਤ ਗੁਪਤਾ ਅਤੇ ਸ਼ੋਅ ਰਨਰ ਜਯਤੀ ਪਾਂਡਿਆ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੇ ਪੂਰੀ ਕਹਾਣੀ ਸੁਣਾਈ। ਕੋਈ ਵੱਡਾ ਆਡੀਸ਼ਨ ਨਹੀਂ ਸੀ ਬਲਕਿ ਇਕ ਲੁੱਕ ਟੈਸਟ ਸੀ ਪੱਗ ਬੰਨ੍ਹ ਕੇ ਉਸ ਫੀਲ ਵਿਚ। ਉਨ੍ਹਾਂ ਨੇ ਮੇਰੇ ’ਤੇ ਭਰੋਸਾ ਕੀਤਾ ਅਤੇ ਮੈਂ ਵੀ ਵਾਅਦਾ ਕੀਤਾ ਕਿ ਮੈਂ ਖ਼ੁਦ ਨੂੰ ਪੂਰੀ ਤਰ੍ਹਾਂ ਬਦਲ ਲਵਾਂਗਾ। ਭਾਰ ਘੱਟ ਕਰਨਾ, 17 ਸਾਲ ਦਾ ਦਿਸਣਾ, ਸਭ ਕੀਤਾ। ਮੈਨੂੰ ਲੱਗਾ ਇੰਨੀ ਚੰਗੀ ਕਹਾਣੀ ਦਾ ਹਿੱਸਾ ਬਣਨਾ ਹੀ ਹੈ।

ਪ੍ਰ. ਮਾਹੀ ਰਾਜ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਦਾ ਰਿਹਾ?

ਮਾਹੀ ਬੇਹੱਦ ਪ੍ਰਤਿਭਾਸ਼ੀਲ ਅਦਾਕਾਰਾ ਹੈ। ਇੰਨੀ ਘੱਟ ਉਮਰ ਵਿਚ ਉਸ ਦੀਆਂ ਅੱਖਾਂ ਵਿਚ ਜੋ ਸੱਚਾਈ ਦਿਸਦੀ ਹੈ, ਉਹ ਕਮਾਲ ਦੀ ਹੈ। ਹਰ ਕਲਾਕਾਰ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ, ਸਵਿੰਦਰ ਸਰ ਤੋਂ ਅਨੁਸ਼ਾਸਨ ਅਤੇ ਸਵਿੱਚ ਆਨ-ਆਫ ਕਰਨਾ ਤੇ ਮਾਹੀ ਤੋਂ ਸਾਦਗੀ ਅਤੇ ਭਾਵਨਾਵਾਂ।

ਪ੍ਰ. ਕਿਹੜੇ ਅਦਾਕਾਰਾਂ ਤੇ ਨਿਰਦੇਸ਼ਕਾਂ ਨਾਲ ਕੰਮ ਕਰਨਾ ਚਾਹੁੰਦੇ ਹੋ?

ਮੇਰਾ ਸੁਪਨਾ ਹਮੇਸ਼ਾ ਤੋਂ ਰਿਹਾ ਹੈ ਕਿ ਮੈਂ ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਾਂ। ਉਨ੍ਹਾਂ ਦੀਆਂ ਫਿਲਮਾਂ ਮੈਨੂੰ ਬਹੁਤ ਪਸੰਦ ਹਨ। ਮੀਰਾ ਨਾਇਰ ਨਾਲ ਵੀ ਕੰਮ ਕਰਨਾ ਚਾਹੁੰਦਾ ਸੀ ਕਿਉਂਕਿ ਉਨ੍ਹਾਂ ਦੀ ਸਟੋਰੀ ਟੇਲਿੰਗ ਮੈਨੂੰ ਬਹੁਤ ਪਸੰਦ ਹੈ। ਜੇ ਮੈਂ ਅਦਾਕਾਰਾਂ ਦੀ ਗੱਲ ਕਰਾਂ ਤਾਂ ਸ਼ਾਹਰੁਖ ਖ਼ਾਨ ਸਰ ਨੂੰ ਮਿਲਣ ਦਾ ਸੁਭਾਗ ਜ਼ਰੂਰ ਮਿਲਿਆ ਹੈ ਪਰ ਹਾਲੇ ਤੱਕ ਉਨ੍ਹਾਂ ਨਾਲ ਕੰਮ ਕਰਨ ਦਾ ਨਹੀਂ ਮਿਲਿਆ।


author

cherry

Content Editor

Related News