ਪਹਿਲਾਂ ਬਿਨਾਂ ਮੋਬਾਈਲ ਲੋਕ ਜ਼ਿਆਦਾ ਖ਼ੁਸ਼ ਸਨ, ਹੁਣ ਮੋਬਾਈਲ ’ਤੇ ਖ਼ੁਸ਼ੀ ਲੱਭ ਰਹੇ, ਅਸਲੀ ਪ੍ਰੇਸ਼ਾਨੀ : ਮੋਨਾ ਸਿੰਘ
Saturday, Nov 08, 2025 - 10:30 AM (IST)
ਮੁੰਬਈ- ਅਜੇ ਭੂਯਾਨ ਦੇ ਨਿਰਦੇਸ਼ਨ ਵਿਚ ਬਣੀ ਵੈੱਬ ਸੀਰੀਜ਼ ‘ਥੋੜ੍ਹੇ ਦੂਰ, ਥੋੜ੍ਹੇ ਪਾਸ’ 7 ਨਵੰਬਰ ਨੂੰ ਜੀ5 ’ਤੇ ਸਟ੍ਰੀਮ ਹੋ ਚੁੱਕੀ ਹੈ। ਸੀਰੀਜ਼ ’ਚ ਦਿੱਗਜ ਅਦਾਕਾਰ ਪੰਕਜ ਕਪੂਰ ਅਤੇ ਪ੍ਰਤਿਭਾਸ਼ਾਲੀ ਮੋਨਾ ਸਿੰਘ ਮੁੱਖ ਭੂਮਿਕਾਵਾਂ ਵਿਚ ਨਜ਼ਰ ਆ ਰਹੇ ਹਨ। ਇਨ੍ਹਾਂ ਨਾਲ ਕੁਨਾਲ ਰੌਏ ਕਪੂਰ, ਆਇਸ਼ਾ ਕਡੂਸਕਰ ਅਤੇ ਸਰਤਾਜ ਕੱਕੜ ਵੀ ਅਹਿਮ ਕਿਰਦਾਰ ਨਿਭਾਅ ਰਹੇ ਹਨ। ਇਹ ਕਹਾਣੀ ਆਧੁਨਿਕ ਸਮੇਂ ਦੀ ਉਸ ਸੱਚਾਈ ਨੂੰ ਬਿਆਨ ਕਰਦੀ ਹੈ, ਜਿੱਥੇ ਇਨਸਾਨ ਇਕ ਹੀ ਘਰ ਵਿਚ ਰਹਿ ਕੇ ਵੀ ਇਕ ਦੂਜੇ ਤੋਂ ਦੂਰ ਹੁੰਦੇ ਜਾ ਰਹੇ ਹਨ। ਡਿਜੀਟਲ ਯੁੱਗ ਵਿਚ ਰਿਸ਼ਤਿਆਂ ਦੇ ਬਦਲਦੇ ਅਰਥਾਂ ਨੂੰ ਦਿਖਾਉਂਦੀ ਇਹ ਸੀਰੀਜ਼ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਸੀਰੀਜ਼ ਬਾਰੇ ਕੁਨਾਲ ਰਾਏ ਕਪੂਰ ਅਤੇ ਮੋਨਾ ਸਿੰਘ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਸ਼ੋਅ ਦਾ ਮੂਲ ਵਿਚਾਰ ਹੈ ਡਿਜੀਟਲ ਡੀਟੌਕਸ : ਮੋਨਾ ਸਿੰਘ
ਪ੍ਰ. ਇਹ ਸੀਰੀਜ਼ ਦਿਲਚਸਪ ਕੰਸੈਪਟ ਹੈ। ਦਰਸ਼ਕ ਇਸ ਸੀਰੀਜ਼ ਤੋਂ ਕੀ ਉਮੀਦ ਕਰ ਸਕਦੇ ਹਨ?
‘ਥੋੜ੍ਹੇ ਦੂਰ ਥੋੜ੍ਹੇ ਪਾਸ’ ਪੂਰੀ ਤਰ੍ਹਾਂ ਪੁਰਾਣੀਆਂ ਯਾਦਾਂ ਨਾਲ ਭਰੀ ਹੋਈ ਕਹਾਣੀ ਹੈ। ਇਹ ਸੀਰੀਜ਼ ਇਨਸਾਨਾਂ ਵਿਚਕਾਰ ਗੁਆਚੇ ਹੋਏ ਰਿਸ਼ਤਿਆਂ ਅਤੇ ਜੁੜਾਅ ਨੂੰ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰਦੀ ਹੈ। ਅੱਜ ਦੇ ਦੌਰ ’ਚ ਸਾਡੇ ਤਾਰ ਹੁਣ ਦਿਲਾਂ ਨਾਲ ਨਹੀਂ ਸਗੋਂ ਵਾਈ-ਫਾਈ ਨਾਲ ਜੁੜੇ ਹਨ। ਇਸੇ ਸੋਚ ’ਤੇ ਆਧਾਰਿਤ ਸ਼ੋਅ ਦਾ ਮੂਲ ਵਿਚਾਰ ਹੈ ਡਿਜੀਟਲ ਡੀਟੌਕਸ। ਥੋੜ੍ਹੀ ਦੇਰ ਲਈ ਫੋਨ ਸਾਈਡ ’ਤੇ ਰੱਖੋ ਤੇ ਆਪਣੇ ਆਪ ਨੂੰ ਦੇਖੋ, ਉਸ ਨਾਲ ਗੱਲ ਕਰੋ। ਕਦੇ-ਕਦੇ ਬਸ ਰੁਕ ਕੇ ਸੋਚਣਾ ਜ਼ਰੂਰੀ ਹੁੰਦਾ ਹੈ ਕਿ ਅਸੀਂ ਕਿਸ ਦਿਸ਼ਾ ਵਿਚ ਜਾ ਰਹੇ ਹਾਂ ਕਿਉਂਕਿ ਜੋ ਲੋਕ ਤੁਹਾਡੇ ਨਾਲ ਸਭ ਤੋਂ ਜ਼ਿਆਦਾ ਪਿਆਰ ਕਰਦੇ ਹਨ, ਉਹ ਸਕ੍ਰੀਨ ’ਤੇ ਨਹੀਂ, ਤੁਹਾਡੇ ਸਾਹਮਣੇ ਮੌਜੂਦ ਹਨ। ਇਹੀ ਇਸ ਸ਼ੋਅ ਦੀ ਅਸਲੀ ਤਾਕਤ ਹੈ। ਮੇਰਾ ਮੰਨਣਾ ਹੈ ਕਿ ਅਾਪਣੇ ਗੈਜੇਟਸ ਨੂੰ ਡਿਸਕੁਨੈਕਟ ਕਰਨਾ ਚਾਹੀਦਾ ਤਾਂ ਕਿ ਆਪਣੇ ਪਰਿਵਾਰ ਨਾਲ ਕੁਨੈਕਟ ਹੋ ਸਕੇ।
ਪ੍ਰ. ਤੁਹਾਡਾ ਇਕ ਡਾਇਲਾਗ ‘ਹਾਓ ਵਿਲ ਵੀ ਲਿਵ ਵਿਦਆਊਟ ਟੈਕਨਾਲੋਜੀ?’ ਕੀ ਅੱਜ ਦੀ ਆਡੀਅੰਸ ਖ਼ੁਦ ਤੋਂ ਵੀ ਇਹੀ ਸਵਾਲ ਪੁੱਛੇਗੀ?
ਬਿਲਕੁਲ ਸ਼ਾਇਦ ਸਭ ਸੋਚਣਗੇ ਕਿ ਕੀ ਅਸੀਂ ਟੈਕਨਾਲੋਜੀ ਤੋਂ ਬਿਨਾਂ ਰਹਿ ਸਕਦੇ ਹਾਂ? ਪਰ ਸ਼ੋਅ ਦੇ ਅੰਤ ਤੱਕ ਉਨ੍ਹਾਂ ਨੂੰ ਸਮਝ ਆਵੇਗਾ ਕਿ ਪਹਿਲਾਂ ਵੀ ਲੋਕ ਬਿਨਾਂ ਮੋਬਾਈਲ ਤੋਂ ਰਹਿੰਦੇ ਸੀ ਅਤੇ ਜ਼ਿਆਦਾ ਖ਼ੁਸ਼ ਰਹਿੰਦੇ ਸਨ। ਹੁਣ ਖ਼ੁਸ਼ੀ ਲੋਕ ਮੋਬਾਈਲ ’ਤੇ ਲੱਭਦੇ ਹਨ, ਇਹੀ ਅਸਲੀ ਪ੍ਰੇਸ਼ਾਨੀ ਹੈ।
ਪ੍ਰ. ਸੀਰੀਜ਼ ਵਿਚ ਆਪਣੇ ਕਿਰਦਾਰ ਬਾਰੇ ਦੱਸੋ?
ਸਿਮੀ ਇਕ ਮੱਧ ਵਰਗੀ ਪਰਿਵਾਰ ਦੀ ਔਰਤ ਹੈ, ਜੋ ਆਪਣੇ ਘਰ ਅਤੇ ਕਰੀਅਰ ਦੋਵਾਂ ਨੂੰ ਸੰਭਾਲਦੀ ਹੈ। ਉਹ ਡਿਜ਼ਾਈਨਰ ਹੈ ਪਰ ਡਿਜੀਟਲ ਟੂਲਜ਼ ’ਤੇ ਬਹੁਤ ਨਿਰਭਰ ਕਰਦੀ ਹੈ। ਸਕੈੱਚ ਬਣਾਉਣਾ ਤੱਕ ਭੁੱਲ ਚੁੱਕੀ ਹੈ। ਜਦੋਂ ਫੈਮਲੀ ਡਿਜੀਟਲ ਡੀਟੌਕਸ ਲੈਂਦੀ ਹੈ ਤਾਂ ਸਭ ਤੋਂ ਪਹਿਲਾਂ ਉਹੀ ਝਟਕਾ ਖਾਂਦੀ ਹੈ। ਬਿਨਾਂ ਟੈਕਨਾਲੋਜੀ ਤੋਂ ਸਭ ਨੂੰ ਚਲਾਉਣਾ, ਬੱਚਿਆਂ ਦੀ ਚਿੰਤਾ ਕਰਨਾ, ਪਤੀ ਨੂੰ ਸੰਭਾਲਣਾ ਉਹ ਇਕ ਰੋਲਰ-ਕੋਸਟਰ ਰਾਈਡ ਹੈ, ਜਿਸ ਵਿਚ ਇਮੋਸ਼ਨ, ਡਰਾਮਾ ਅਤੇ ਪਿਆਰ ਸਭ ਹੈ।
ਜੇ ਫੋਨ ਤੁਹਾਡੀ ਜ਼ਿੰਦਗੀ ਕੰਟਰੋਲ ਕਰਨ ਲੱਗੇ ਤਾਂ ਉੱਥੇ ਹੀ ਰੁਕਣਾ ਚਾਹੀਦੈ : ਕੁਨਾਲ ਰਾਏ ਕਪੂਰ
ਪ੍ਰ. ਤੁਹਾਡਾ ਕਿਰਦਾਰ ਕਿਵੇਂ ਦਾ ਹੈ ਤੇ ਉਸ ’ਤੇ ਡਿਜੀਟਲ ਫਾਸਟਿੰਗ ਦਾ ਕੀ ਅਸਰ ਹੁੰਦਾ ਹੈ?
ਮੇਰਾ ਕਿਰਦਾਰ ਇਕ ਐਸਟ੍ਰੋਲੌਜਰ ਤੇ ਨਿਊਮੇਰੋਲੌਜਿਸਟ ਦਾ ਹੈ। ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਟੈਕਨਾਲੋਜੀ ’ਤੇ ਨਿਰਭਰ ਹੈ ਉਸ ਦੇ ਚਾਰਟਸ, ਮੀਟਿੰਗ, ਸਭ ਕੁਝ ਕੰਪਿਊਟਰਾਈਜ਼ਡ ਹੈ ਪਰ ਉਸੇ ਟੈਕਨਾਲੋਜੀ ਕਾਰਨ ਉਹ ਆਪਣੇ ਪਰਿਵਾਰ ਤੋਂ ਦੂਰ ਹੋ ਗਿਆ ਹੈ। ਬੱਚਿਆਂ ਅਤੇ ਪਤਨੀ ਨਾਲ ਕੁਨੈਕਸ਼ਨ ਟੁੱਟ ਗਿਆ ਹੈ। ਕਹਾਣੀ ਵਿਚ ਉਹ ਸਿੱਖਦਾ ਹੈ ਕਿ ਕਦੇ-ਕਦੇ ਡਿਸਕੁਨੈਕਟ ਹੋਣਾ ਹੀ ਅਸਲੀ ਕੁਨੈਕਸ਼ਨ ਲਿਆਉਂਦਾ ਹੈ।
ਪ੍ਰ. ਅਸਲ ਜ਼ਿੰਦਗੀ ’ਚ ਤੁਸੀਂ ਡਿਜੀਟਲ ਡੀਟੌਕਸ ਫੋਲੋ ਕਰਦੇ ਹੋ?
ਸੱਚ ਕਹਾਂ ਤਾਂ ਨਹੀਂ, ਮੈਂ ਦਿਨ ਵਿਚ 3-4 ਘੰਟੇ ਫੋਨ ’ਤੇ ਰਹਿੰਦਾ ਹਾਂ। ਇੰਸਟਾਗ੍ਰਾਮ, ਯੂਟਿਊਬ, ਸਭ ਕੁਝ ਪਰ ਹੁਣ ਗਿਲਟ ਫੀਲ ਹੁੰਦਾ ਹੈ। ਇਹ ਸ਼ੋਅ ਮੈਨੂੰ ਖ਼ੁਦ ਸੋਚਣ ’ਤੇ ਮਜਬੂਰ ਕਰਦਾ ਹੈ ਕਿ ਸੀਮਾਵਾਂ ਤੈਅ ਕਰਨਾ ਜ਼ਰੂਰੀ ਹੈ। ਇਕ ਹੱਦ ਤੱਕ ਕੁਨੈਕਟ ਰਹਿਣਾ ਠੀਕ ਹੈ ਪਰ ਜੇ ਫੋਨ ਤੁਹਾਡੀ ਜ਼ਿੰਦਗੀ ਕੰਟਰੋਲ ਕਰਨ ਲੱਗੇ ਤਾਂ ਉਥੇ ਹੀ ਰੁਕਣਾ ਚਾਹੀਦਾ ਹੈ।
ਪ੍ਰ. ਜੇ ਇਕ ਵਾਕ ਵਿਚ ਤੁਸੀਂ ਆਪਣੀ ਸੀਰੀਜ਼ ‘ਥੋੜ੍ਹੇ ਦੂਰ, ਥੋੜ੍ਹੇ ਪਾਸ’ ਦਾ ਟੇਕਅਵੇ ਦੇਣਾ ਚਾਹੋ ਤਾਂ ਕੀ ਹੋਵੇਗਾ?
ਮੈਂ ਬੱਸ ਇਹੀ ਜੋੜਾਂਗਾ ਕਿ ਇਹ ਸ਼ੋਅ ਦਰਸ਼ਕਾਂ ਨੂੰ ਪੌਜ ਲੈਣ ਤੇ ਖ਼ੁਦ ਤੋਂ ਇਹ ਪੁੱਛਣ ’ਤੇ ਮਜਬੂਰ ਕਰੇਗਾ ਕਿ ਅਸੀਂ ਕੀ ਕਰ ਰਹੇ ਹਾਂ ਤੇ ਇਹ ਸਾਡੇ ਆਪਣੇ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ। ਸੱਚਾ ਕੁਨੈਕਸ਼ਨ ਪਾਉਣ ਲਈ ਕਦੇ-ਕਦੇ ਡਿਸਕੁਨੈਕਟ ਹੋਣਾ ਜ਼ਰੂਰੀ ਹੈ।
