OTT ਧਮਾਕਾ: ਪ੍ਰਾਈਮ ਵੀਡੀਓ 'ਤੇ ਸਟ੍ਰੀਮ ਹੋਈ ਵਾਰ-ਡਰਾਮਾ ਫਿਲਮ ‘ਇੱਕੀਸ’
Thursday, Feb 26, 2026 - 01:54 PM (IST)
ਮੁੰਬਈ (ਏਜੰਸੀ) : ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਦੀ ਬਹੁ-ਚਰਚਿਤ ਵਾਰ-ਡਰਾਮਾ ਫਿਲਮ ‘ਇੱਕੀਸ’ (ikkis) ਹੁਣ ਡਿਜੀਟਲ ਪਲੇਟਫਾਰਮ ਪ੍ਰਾਈਮ ਵੀਡੀਓ 'ਤੇ ਦਸਤਕ ਦੇ ਚੁੱਕੀ ਹੈ। ਭਾਰਤ ਸਮੇਤ ਦੁਨੀਆ ਭਰ ਦੇ 200 ਤੋਂ ਵੱਧ ਦੇਸ਼ਾਂ ਵਿੱਚ ਇਸ ਦੀ ਸਟ੍ਰੀਮਿੰਗ ਸ਼ੁਰੂ ਹੋ ਗਈ ਹੈ। ਇਹ ਫਿਲਮ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਪਰਮਵੀਰ ਚੱਕਰ ਜੇਤੂ, ਸੈਕਿੰਡ ਲੈਫਟੀਨੈਂਟ ਅਰੁਣ ਖੇਤਰਪਾਲ ਦੇ ਅਸਾਧਾਰਨ ਜੀਵਨ ਤੋਂ ਪ੍ਰੇਰਿਤ ਹੈ। ਮਹਿਜ਼ 21 ਸਾਲ ਦੀ ਉਮਰ ਵਿੱਚ ਬਸੰਤਰ ਦੀ ਲੜਾਈ ਦੌਰਾਨ ਆਪਣੀ ਨਿਡਰ ਅਗਵਾਈ ਲਈ ਉਨ੍ਹਾਂ ਨੇ ਮਰਨ ਉਪਰੰਤ ਦੇਸ਼ ਦਾ ਸਰਵਉੱਚ ਫੌਜੀ ਸਨਮਾਨ ਹਾਸਲ ਕੀਤਾ ਸੀ।
ਸਟਾਰ ਕਾਸਟ
ਅਮਿਤਾਭ ਬੱਚਨ ਦੇ ਦੋਹਤੇ ਅਗਸਤਿਆ ਨੰਦਾ ਨੇ ਫਿਲਮ ਵਿੱਚ ਅਰੁਣ ਖੇਤਰਪਾਲ ਦਾ ਮੁੱਖ ਕਿਰਦਾਰ ਨਿਭਾਇਆ ਹੈ, ਜਿਸ ਦੀ ਕਾਫੀ ਤਾਰੀਫ਼ ਹੋ ਰਹੀ ਹੈ। ਇਸ ਫਿਲਮ ਵਿਚ ਬਾਲੀਵੁੱਡ ਦੇ ਦਿੱਗਜ ਅਦਾਕਾਰ ਮਰਹੂਮ ਧਰਮਿੰਦਰ ਆਪਣੀ ਆਖਰੀ ਆਨ-ਸਕ੍ਰੀਨ ਦਿੱਖ ਵਿੱਚ 'ਬ੍ਰਿਗੇਡੀਅਰ ਖੇਤਰਪਾਲ' ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਇਨ੍ਹਾਂ ਤੋਂ ਇਲਾਵਾ ਜੈਦੀਪ ਅਹਲਾਵਤ, ਸਿਮਰ ਭਾਟੀਆ ਅਤੇ ਰਾਹੁਲ ਦੇਵ ਵਰਗੇ ਦਿੱਗਜਾਂ ਨੇ ਵੀ ਫਿਲਮ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
