‘ਵਿਮਲ ਇਲਾਇਚੀ’ ਦੇ ਇਸ਼ਤਿਹਾਰ ਦਾ ਮਾਮਲਾ; ਸ਼ਾਹਰੁਖ, ਅਜੇ ਤੇ ਟਾਈਗਰ ਨੇ ਨੋਟਿਸ ’ਤੇ ਅਜੇ ਤੱਕ ਨਹੀਂ ਦਿੱਤਾ ਕੋਈ ਜਵਾਬ
Thursday, Aug 27, 2026 - 09:22 AM (IST)
ਮੁੰਬਈ (ਏਜੰਸੀ)- ਮਹਾਰਾਸ਼ਟਰ ਦੇ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਨੂੰ ਇਕ ਇਸ਼ਤਿਹਾਰ ਦੇ ਸਿਲਸਿਲੇ ਵਿਚ ਅਦਾਕਾਰ ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼ਰਾਫ਼ ਦੇ ਖ਼ਿਲਾਫ ਜਾਰੀ ਨੋਟਿਸ ’ਤੇ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਐੱਫ. ਡੀ. ਏ. ਕਮਿਸ਼ਨਰ ਤੁਕਾਰਾਮ ਮੁੰਢੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੰਬਈ ਪ੍ਰੈੱਸ ਕਲੱਬ ਵੱਲੋਂ ਆਯੋਜਿਤ ‘ਪ੍ਰੈੱਸ ਨਾਲ ਮਿਲਣੀ’ ਪ੍ਰੋਗਰਾਮ ਵਿਚ ਮੁੰਢੇ ਨੇ ਕਿਹਾ ਕਿ ਕਿਸੇ ਉਤਪਾਦ ਦਾ ਪ੍ਰਚਾਰ ਕਰਨਾ ਗ਼ਲਤ ਨਹੀਂ ਹੈ, ਪਰ ਉਸ ਨੂੰ ਗ਼ਲਤ ਤਰੀਕੇ ਨਾਲ ਪ੍ਰਚਾਰਿਤ ਕਰਨਾ ਗ਼ਲਤ ਹੈ। ਇਸ਼ਤਿਹਾਰਾਂ ਅਤੇ ਗਲਤ ਪ੍ਰਚਾਰ ਨਾਲ ਜੁੜੇ ਸਵਾਲ ’ਤੇ ਮੁੰਢੇ ਨੇ ਕਿਹਾ ਕਿ ਅਸੀਂ ਜੋ ਵੀ ਇਸ਼ਤਿਹਾਰ ਦੇਖਦੇ ਹਾਂ, ਚਾਹੇ ਉਹ ਅਖ਼ਬਾਰਾਂ ਵਿਚ ਹੋਣ, ਟੈਲੀਵਿਜ਼ਨ ’ਤੇ ਹੋਣ ਜਾਂ ਸੋਸ਼ਲ ਮੀਡੀਆ ’ਤੇ - ਸਾਰੇ ਸਾਡੀ ਨਿਗਰਾਨੀ ਹੇਠ ਹਨ। ਅਸੀਂ ਨਿਯਮਾਂ ਦੀ ਉਲੰਘਣਾ ’ਤੇ ਨਜ਼ਰ ਰੱਖ ਰਹੇ ਹਾਂ।
ਐੱਫ. ਡੀ. ਏ. ਨੇ ਅਗਸਤ ਦੀ ਸ਼ੁਰੂਆਤ ਵਿਚ ‘ਵਿਮਲ ਇਲਾਇਚੀ’ ਦੇ ਇਸ਼ਤਿਹਾਰ ਨੂੰ ਲੈ ਕੇ ਸ਼ਾਹਰੁਖ, ਅਜੇ ਅਤੇ ਟਾਈਗਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਫੂਡ ਰੈਗੂਲੇਟਰ ਨੇ ਦਾਅਵਾ ਕੀਤਾ ਸੀ ਕਿ ਇਹ ਇਸ਼ਤਿਹਾਰ ਪਹਿਲੀ ਨਜ਼ਰੇ ਪਾਬੰਦੀਸ਼ੁਦਾ ਪਾਨ ਮਸਾਲਾ ਅਤੇ ਤੰਬਾਕੂ ਨਾਲ ਜੁੜੇ ਉਤਪਾਦਾਂ ਦਾ ‘ਅਪ੍ਰਤੱਖ ਜਾਂ ਨਕਲੀ ਪ੍ਰਚਾਰ’ ਜਾਪਦਾ ਹੈ। ਨੋਟਿਸ ਵਿਚ ਤਿੰਨਾਂ ਅਦਾਕਾਰਾਂ ਨੂੰ ਬ੍ਰਾਂਡ ਦਾ ਪ੍ਰਚਾਰਕ ਦੱਸਿਆ ਗਿਆ ਸੀ ਅਤੇ ਉਨ੍ਹਾਂ ਤੋਂ 15 ਦਿਨਾਂ ਦੇ ਅੰਦਰ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਸੀ।
