‘ਥਾਮਾ’ ਸਾਡੇ ਦੇਸ਼ ਦੇ ਸਭ ਤੋਂ ਸਫ਼ਲ ਹਾਰਰ-ਕਾਮੇਡੀ ਯੂਨੀਵਰਸ ਦੀ ਅਗਲੀ ਕੜੀ: ਆਯੂਸ਼ਮਾਨ ਖੁਰਾਣਾ

Friday, Oct 17, 2025 - 10:17 AM (IST)

‘ਥਾਮਾ’ ਸਾਡੇ ਦੇਸ਼ ਦੇ ਸਭ ਤੋਂ ਸਫ਼ਲ ਹਾਰਰ-ਕਾਮੇਡੀ ਯੂਨੀਵਰਸ ਦੀ ਅਗਲੀ ਕੜੀ: ਆਯੂਸ਼ਮਾਨ ਖੁਰਾਣਾ

ਚੰਡੀਗੜ੍ਹ- ਮੈਡੌਕ ਫਿਲਮਜ਼ ਦੀ ਹਾਰਰ-ਕਾਮੇਡੀ ਯੂਨੀਵਰਸ ਦੀ ਅਗਲੀ ਪੇਸ਼ਕਸ਼ ‘ਥਾਮਾ’ ਟ੍ਰੇਲਰ ਰਿਲੀਜ਼ ਤੋਂ ਬਾਅਦ ਹੀ ਸੁਰਖ਼ੀਆਂ ’ਚ ਹੈ। ਆਦਿਤਿਆ ਸਰਪੋਤਦਾਰ ਵੱਲੋਂ ਨਿਰਦੇਸ਼ਤ ਇਸ ਰੋਮਾਂਟਿਕ ਹਾਰਰ-ਕਾਮੇਡੀ ਫਿਲਮ ’ਚ ਆਯੂਸ਼ਮਾਨ ਖੁਰਾਣਾ, ਰਸ਼ਮਿਕਾ ਮੰਦਾਨਾ ਤੇ ਨਵਾਜ਼ੂਦੀਨ ਸਿੱਦੀਕੀ ਲੀਡ ਰੋਲ ’ਚ ਨਜ਼ਰ ਆਉਣਗੇ। ‘ਥਾਮਾ’ ਨਾ ਸਿਰਫ਼ ਰੋਮਾਂਸ, ਕਾਮੇਡੀ ਅਤੇ ਹਾਰਰ ਦਾ ਵਿਲੱਖਣ ਮੇਲ ਹੈ, ਸਗੋਂ ਇਹ ‘ਸਤ੍ਰੀ’, ‘ਮੁੰਜਿਆ’, ‘ਭੇੜੀਆ’ ਤੇ ‘ਸਤ੍ਰੀ 2’ ਵਰਗੀਆਂ ਫਿਲਮਾਂ ਦੀ ਕੜੀ ’ਚ ਅਗਲਾ ਵੱਡਾ ਨਾਮ ਬਣਨ ਜਾ ਰਹੀ ਹੈ। ਇਹ ਫਿਲਮ 2025 ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਤੇ ਮਨੋਰੰਜਕ ਫਿਲਮਾਂ ’ਚੋਂ ਇਕ ਮੰਨੀ ਜਾ ਰਹੀ ਹੈ। ਫਿਲਮ ਬਾਰੇ ਆਯੂਸ਼ਮਾਨ ਖੁਰਾਣਾ, ਰਸ਼ਮਿਕਾ ਮੰਦਾਨਾ ਅਤੇ ਨਵਾਜ਼ੂਦੀਨ ਸਿੱਦੀਕੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

ਨਵਾਜ਼ੂਦੀਨ ਸਿੱਦੀਕੀ

ਹਰ ਐਕਟਰ ਨੂੰ ਚੈਲੰਜ ਲੈਣਾ ਚਾਹੀਦਾ

ਪ੍ਰ. ਤੁਹਾਨੂੰ ਹਮੇਸ਼ਾ ਇੰਟੈਂਸ ਤੇ ਰਿਅਲਿਸਟਿਕ ਰੋਲਜ਼ ਵਿਚ ਦੇਖਿਆ ਗਿਆ ਹੈ। ਇਸ ਵਾਰ ਹਾਰਰ-ਕਾਮੇਡੀ ਵਿਚ ਐਂਟਰੀ ਕਿਵੇਂ ਰਹੀ?

ਜਦੋਂ ਅਜਿਹਾ ਕੋਈ ਕਿਰਦਾਰ ਮਿਲਦਾ ਹੈ, ਜੋ ਤੁਹਾਡੇ ਕੰਫਰਟ ਜ਼ੋਨ ਤੋਂ ਬਾਹਰ ਹੁੰਦਾ ਹੈ ਤਾਂ ਉਹ ਇਕ ਵੱਡਾ ਚੈਲੰਜ ਹੁੰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਹਰ ਐਕਟਰ ਨੂੰ ਅਜਿਹਾ ਚੈਲੰਜ ਲੈਣਾ ਚੰਗਾ ਲੱਗਦਾ ਹੈ। ਇਸ ਲਈ ਮੈਂ ਇਸ ਰੋਲ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਹਾਲਾਂਕਿ ਸ਼ੂਟਿੰਗ ਦੌਰਾਨ ਮੈਂ ਉਸ ਦੁਨੀਆ ਦੀ ਝਲਕ ਦੇਖੀ ਸੀ ਪਰ ਹੁਣ ਜਦੋਂ ਫਿਲਮ ਤਿਆਰ ਹੋ ਰਹੀ ਹੈ ਤਾਂ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਦੁਨੀਆ ਕਿਵੇਂ ਦਿਸ ਰਹੀ ਹੈ । ਸਾਡੀ ਉਤਸੁਕਤਾ ਵੀ ਓਨੀ ਹੀ ਜ਼ਿਆਦਾ ਹੈ।

ਪ੍ਰ. ਤੁਸੀਂ ਇਸ ਰੋਲ ਲਈ ਕੋਈ ਹਾਰਰ ਜਾਂ ਵੈਮਪਾਇਰ ਫਿਲਮਾਂ ਦੇਖੀਆਂ?

ਇਸ ਵਾਰ ਮੈਂ ਜਾਣ-ਬੁੱਝ ਕੇ ਕੋਈ ਰੈਫਰੈਂਸ ਨਹੀਂ ਲਿਆ। ਮੈਂ ਆਪਣੇ ਡਾਇਰੈਕਟਰ ’ਤੇ ਪੂਰਾ ਭਰੋਸਾ ਰੱਖਿਆ। ਉਨ੍ਹਾਂ ਨੇ ਹਰ ਸੀਨ ਵਿਚ ਦੱਸਿਆ ਕਿ ਕਿਵੇਂ ਟੋਨ ਰੱਖਣਾ ਹੈ, ਕੀ ਐਕਸਪ੍ਰੈਸ਼ਨ ਚਾਹੀਦਾ ਹੈ। ਇਸ ਲਈ ਮੇਰਾ ਯੋਗਦਾਨ ਘੱਟ ਅਤੇ ਡਾਇਰੈਕਟਰ ਦਾ ਜ਼ਿਆਦਾ ਹੈ।

ਪ੍ਰ. ਕੀ ਹੁਣ ਵੀ ਤੁਹਾਨੂੰ ਅਜਿਹੇ ਰੋਲ ਮਿਲ ਰਹੇ ਹਨ, ਜੋ ਦਰਸ਼ਕਾਂ ਨੂੰ ਸਰਪ੍ਰਾਈਜ਼ ਕਰਨ ਅਤੇ ਕੀ ਤੁਸੀਂ ਆਪਣੇ ਕੰਮ ਤੋਂ ਸੰਤੁਸ਼ਟ ਹੋ?

ਹਰ ਐਕਟਰ ਚਾਹੁੰਦਾ ਹੈ ਕਿ ਹਰ ਫਿਲਮ ਵਿਚ ਕੁਝ ਨਵਾਂ ਕਰੇ ਤਾਂ ਕਿ ਉਹ ਖ਼ੁਦ ਵੀ ਬੋਰ ਨਾ ਹੋਵੇ। ਜੇ ਵਾਰ-ਵਾਰ ਇਕੋ ਜਿਹਾ ਰੋਲ ਮਿਲੇਗਾ ਤਾਂ ਐਕਟਰ ਖ਼ੁਦ ਹੀ ਅੱਕ ਜਾਵੇਗਾ। ਹਮੇਸ਼ਾ ਜ਼ਰੂਰੀ ਨਹੀਂ ਕਿ ਹਰ ਫਿਲਮ ਹਿੱਟ ਹੋਵੇ ਜਾਂ ਹਰ ਕਿਰਦਾਰ ਕੰਮ ਕਰੇ ਪਰ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਕੁਝ ਵੱਖਰਾ ਕੀਤਾ ਜਾਵੇ। ਕਦੇ ਫਿਲਮ ਨਹੀਂ ਚੱਲਦੀ, ਕਦੇ ਟੀਮ ਉਸ ਫਿਲਮ ਨੂੰ ਸਹੀ ਜਗ੍ਹਾ ਤੱਕ ਨਹੀਂ ਪਹੁੰਚਾ ਪਾਉਂਦੀ, ਇਹ ਵੀ ਹੁੰਦਾ ਹੈ। ਛੋਟੀਆਂ ਫਿਲਮਾਂ ’ਚ ਖ਼ਾਸ ਕਰ ਕੇ ਇਹ ਦਿੱਕਤਾਂ ਆਉਂਦੀਆਂ ਹਨ ਕਿ ਤੁਸੀਂ ਚੰਗਾ ਕੰਮ ਕੀਤਾ ਪਰ ਫਿਲਮ ਨੂੰ ਸਹੀ ਰਿਲੀਜ਼ ਜਾਂ ਸ਼ੋਅ ਟਾਈਮ ਨਹੀਂ ਮਿਲਿਆ। ਉਦੋਂ ਬਹੁਤ ਦੁੱਖ ਹੁੰਦਾ ਹੈ ਪਰ ਜਦੋਂ ਅਜਿਹੀ ਟੀਮ ਨਾਲ ਕੰਮ ਕਰਦੇ ਹਾਂ, ਜੋ ਆਪੋ-ਆਪਣੇ ਫੀਲਡ ਵਿਚ ਐਕਸਪਰਟ ਹੋਵੇ ਤਾਂ ਭਰੋਸਾ ਰਹਿੰਦਾ ਹੈ ਕਿ ਅਸੀਂ ਈਮਾਨਦਾਰੀ ਨਾਲ ਕੰਮ ਕੀਤਾ ਹੈ ਤੇ ਬਾਕੀ ਚੀਜ਼ਾਂ ਸੰਭਾਲ ਲਈਆਂ ਜਾਣਗੀਆਂ।

ਰਸ਼ਮਿਕਾ ਮੰਦਾਨਾ

ਮੈਂ ਖ਼ੁਦ ਨੂੰ ਇਕ ਡੰਮੀ ਵਾਂਗ ਦੇਖਦੀ ਹਾਂ, ਜੋ ਕੁਝ ਵੀ ਅਪਣਾਉਣ ਲਈ ਤਿਆਰ

ਪ੍ਰ. ਤੁਹਾਡਾ ਕਿਰਦਾਰ ਬਹੁਤ ਵੱਖਰਾ ਅਤੇ ਆਕਰਸ਼ਕ ਹੈ। ਹਾਰਰ-ਕਾਮੇਡੀ ’ਚ ਪਹਿਲੀ ਵਾਰ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?

-ਬਹੁਤ ਮਜ਼ੇਦਾਰ। ਇਹ ਮੇਰੀ ਪਹਿਲੀ ਹਾਰਰ-ਕਾਮੇਡੀ ਫਿਲਮ ਹੈ ਅਤੇ ਸੱਚ ਕਹਾਂ ਤਾਂ ਕਿਰਦਾਰ ਕਿਵੇਂ ਦਾ ਹੈ, ਇਸ ਦਾ ਪੂਰਾ ਅੰਦਾਜ਼ਾ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਲੱਗੇਗਾ ਪਰ ਜਦੋਂ ਇਸ ਭੂਮਿਕਾ ਲਈ ਤਿਆਰੀ ਕਰ ਰਹੀ ਸੀ ਤਾਂ ਇਹ ਸ਼ੈਲੀ ਮੇਰੇ ਲਈ ਬਿਲਕੁਲ ਨਵੀਂ ਸੀ। ਨਾ ਕੋਈ ਰੈਫਰੈਂਸ ਸੀ ਨਾ ਕੋਈ ਤੈਅ ਫਰੇਮ। ਇਸ ਲਈ ਇਹ ਬਹੁਤ ਦਿਲਚਸਪ ਅਤੇ ਚੁਣੌਤੀਪੂਰਨ ਸੀ। ਪਹਿਲੇ ਦਿਨ ਹੀ ਸਾਡੀ ਪੂਰੀ ਟੀਮ ਪਰੇਸ਼ ਸਰ, ਨਵਾਜ਼ ਸਰ, ਆਯੂਸ਼ਮਾਨ ਅਤੇ ਮੈਂ ਇਕੋ ਸੈੱਟ ’ਤੇ ਸ਼ੂਟਿੰਗ ਕਰ ਰਹੇ ਸੀ ਅਤੇ ਸਾਡੀ ਕੈਮਿਸਟਰੀ ਤੁਰੰਤ ਕਲਿੱਕ ਹੋ ਗਈ।

ਪ੍ਰ. ਤੁਹਾਡੀ ਲੁੱਕ ਬਾਰੇ ਬਹੁਤ ਚਰਚਾ ਹੈ। ਕੀ ਤੁਸੀਂ ਖ਼ੁਦ ਉਸ ’ਚ ਇਨਪੁੱਟ ਦਿੱਤਾ?

-ਜਦੋਂ ਅਸੀਂ ਲੁੱਕ ਟੈਸਟ ਕੀਤਾ ਤਾਂ ਉਸ ਦੌਰਾਨ ਬਹੁਤ ਡਿਸਕਸ਼ਨ ਹੋਈ, ਕੱਪੜਿਆਂ, ਵਾਲਾਂ, ਮੇਕਅਪ ਆਦਿ ’ਤੇ। ਇਹ ਬਹੁਤ ਜ਼ਰੂਰੀ ਵੀ ਸੀ ਕਿਉਂਕਿ ਸਾਨੂੰ ਕਿਰਦਾਰ ਨੂੰ ਜ਼ੀਰੋ ਤੋਂ ਬਣਾਉਣਾ ਸੀ। ਇਸ ਲਈ ਮੇਰੀ ਇਨਵਾਲਵਮੈਂਟ ਰਹੀ ਪਰ ਮੈਂ ਖ਼ੁਦ ਨੂੰ ਇਕ ਮੈਨਿਕਵਿਨ (ਡੰਮੀ) ਦੀ ਤਰ੍ਹਾਂ ਦੇਖਦੀ ਹਾਂ, ਜੋ ਤਿਆਰ ਹੈ, ਕੁਝ ਨਵਾਂ ਅਪਣਾਉਣ ਲਈ। ਮੈਂ ਆਪਣੇ ਮੇਕਅਪ ਕਲਾਕਾਰ ਤੇ ਸਟਾਈਲਿਸਟ ’ਤੇ ਭਰੋਸਾ ਕਰਦੀ ਹਾਂ।

ਪ੍ਰ. ਹੁਣ ਜਦੋਂ ਤੁਸੀਂ ਹਿੰਦੀ ਸਿਨੇਮਾ ਦੇ ਸਿਖਰ ’ਤੇ ਹੋ ਤਾਂ ਅਗਲਾ ਟੀਚਾ ਕੀ ਹੈ?

-ਮੈਨੂੰ ਕਦੇ ਵੀ ਨੰਬਰ ਵਨ ਹੋਣ ਦੀ ਧਾਰਨਾ ਸਮਝ ਨਹੀਂ ਆਈ। ਆਖ਼ਿਰ ‘ਨੰਬਰ ਵਨ’ ਹੁੰਦਾ ਕੌਣ ਹੈ? ਉਹ ਜੋ ਸਭ ਤੋਂ ਵੱਧ ਕੁਲੈਕਸ਼ਨ ਲਿਆਉਂਦਾ ਹੈ? ਜਾਂ ਉਹ ਜੋ ਸਭ ਤੋਂ ਵਧੀਆ ਫਿਲਮਾਂ ਚੁਣਦਾ ਹੈ? ਜਾਂ ਜਿਸ ਦੀ ਪਰਫਾਰਮੈਂਸ ਸਭ ਤੋਂ ਦਮਦਾਰ ਹੁੰਦੀ ਹੈ? ਮੈਨੂੰ ਨਹੀਂ ਲੱਗਦਾ ਕਿ ਅਜਿਹਾ ਕੋਈ ਫਿਕਸਡ ਮਾਪਦੰਡ ਹੁੰਦਾ ਹੈ। ਮੈਂ ਹਮੇਸ਼ਾ ਆਪਣੇ ਰਸਤੇ ’ਤੇ ਚੱਲੀ ਹਾਂ। ਮੈਂ ਚਾਹੁੰਦੀ ਹਾਂ ਕਿ ਹਰ ਤਰ੍ਹਾਂ ਦੀਆਂ ਫਿਲਮਾਂ ਕਰਾਂ ਤਾਂ ਜੋ ਟਾਈਪਕਾਸਟ ਨਾ ਹੋ ਜਾਵਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਹਰ ਵਾਰ ਕੁਝ ਨਵਾਂ ਕਰਾਂ, ਵੱਖਰਾ ਕਰਾਂ।

ਆਯੂਸ਼ਮਾਨ ਖੁਰਾਣਾ

ਜੀਵਨੀ, ਖ਼ਬਰਾਂ, ਅਸਲ ਜ਼ਿੰਦਗੀ ਤੋਂ ਪ੍ਰੇਰਨਾ ਲੈਂਦਾ ਹਾਂ

ਪ੍ਰ. ਜ਼ਿਆਦਾ ਉਤਸੁਕਤਾ ਕਿਸ ਲਈ ਸੀ ਪਹਿਲੀ ਦੀਵਾਲੀ ਰਿਲੀਜ਼ ਜਾਂ ਇਸ ਯੂਨੀਵਰਸ ਦਾ ਹਿੱਸਾ ਬਣਨਾ?

ਦੋਵੇਂ, ਇਹ ਮੇਰੀ ਪਹਿਲੀ ਦੀਵਾਲੀ ਰਿਲੀਜ਼ ਹੈ, ਜੋ ਹਰ ਅਦਾਕਾਰ ਦੀ ਵਿਸ਼ ਲਿਸਟ ’ਚ ਹੁੰਦੀ ਹੈ। ਮੈਡੌਕ ਨਾਲ ਇਹ ਮੇਰੀ ਦੂਜੀ ਫਿਲਮ ਹੈ। ‘ਬਾਲਾ’ ਤੋਂ ਬਾਅਦ ਫਿਰ ਤੋਂ ਉਨ੍ਹਾਂ ਨਾਲ ਕੰਮ ਕਰਨਾ ਬਹੁਤ ਚੰਗਾ ਲੱਗਾ। ‘ਥਾਮਾ’ ਸਾਡੇ ਦੇਸ਼ ਦੇ ਸਭ ਤੋਂ ਸਫਲ ਹਾਰਰ-ਕਾਮੇਡੀ ਯੂਨੀਵਰਸ ਦੀ ਅਗਲੀ ਕੜੀ ਹੈ। ਇਸ ’ਚ ਅਸੀਂ ਦਿਖਾਵਾਂਗੇ ਕਿ ‘ਬੇਤਾਲ’ ਕਿਵੇਂ ਬਣਦਾ ਹੈ। ‘ਥਾਮਾ’ ਸ਼ਬਦ ਅਸ਼ਵਥਾਮਾ ਤੋਂ ਪ੍ਰੇਰਿਤ ਹੈ, ਜੋ ਸ਼ਕਤੀ ਤੇ ਰਹੱਸ ਦਾ ਪ੍ਰਤੀਕ ਹੈ। ਰਸ਼ਮਿਕਾ ਤੇ ਨਵਾਜ਼ ਭਾਈ ਨਾਲ ਕੰਮ ਕਰਨਾ ਬਹੁਤ ਚੰਗਾ ਅਨੁਭਵ ਰਿਹਾ। ਹਾਰਰ ਦੇ ਨਾਲ-ਨਾਲ ਕਾਮੇਡੀ ਜ਼ਿਆਦਾ ਹੈ, ਰੋਮਾਂਸ ਹੈ, ਐਕਸ਼ਨ ਹੈ।

ਪ੍ਰ. ਕੀ ਤੁਸੀਂ ਆਪਣੇ ਕਿਰਦਾਰ ਦੇ ਲਈ ਕੋਈ ਰੈਫਰੈਂਸ ਲਿਆ?

ਮੈਂ ਜ਼ਿਆਦਾ ਨਾਨ-ਫਿਕਸ਼ਨ ਪੜ੍ਹਦਾ ਹਾਂ। ਜੀਵਨੀ, ਖ਼ਬਰਾਂ, ਅਸਲ ਜ਼ਿੰਦਗੀ ਤੋਂ ਪ੍ਰੇਰਨਾ ਲੈਂਦਾ ਹਾਂ। ਉਹੀ ਚੀਜ਼ ਮੈਨੂੰ ਆਪਣੇ ਕਿਰਦਾਰਾਂ ਨੂੰ ਹੋਰ ਰੀਅਲ ਬਣਾਉਣ ਵਿਚ ਮਦਦ ਕਰਦੀ ਹੈ।

ਪ੍ਰ. ਤੁਹਾਡੀਆਂ ਫਿਲਮਾਂ ਵਿਚ ਹਮੇਸ਼ਾ ਕੋਈ ਨਾ ਕੋਈ ਨਵਾਂ ਸਮਾਜਿਕ ਐਂਗਲ ਹੁੰਦਾ ਹੈ। ਕੀ ‘ਥਾਮਾ’ ਉਸੇ ਕੜੀ ਦਾ ਹਿੱਸਾ ਹੈ?

‘ਥਾਮਾ’ ਇਕ ਡਿਸਰਿਪਟਵ (ਅਸ਼ਾਂਤੀਕਾਰਕ) ਫਿਲਮ ਹੈ ਕਿਉਂਕਿ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਹਿੰਦੀ ਸਿਨੇਮਾ ਵਿਚ ‘ਬੇਤਾਲ’ ਦੇ ਕਨਸੈਪਟ ਨੂੰ ਅੱਜ ਤੱਕ ਕਦੇ ਐਕਸਪਲੋਰ ਨਹੀਂ ਕੀਤਾ ਗਿਆ। ਇਹ ਪਹਿਲੀ ਵਾਰ ਹੈ ਜਦੋਂ ਇਸ ਵਿਸ਼ੇ ਨੂੰ ਛੂਹਿਆ ਜਾ ਰਿਹਾ ਹੈ। ਮੇਰੇ ਲਈ ਵੀ ਇਹ ਨਵਾਂ ਹੈ ਕਿਉਂਕਿ ਹੁਣ ਤੱਕ ਮੈਂ ਜ਼ਿਆਦਾਤਰ ਰੀਅਲਿਸਟਿਕ ਫਿਲਮਾਂ ਕੀਤੀਆਂ ਹਨ। ਇਹ ਪਹਿਲੀ ਵਾਰ ਹੈ ਜਦੋਂ ਮੈਂ ਕਿਸੇ ਫੈਂਟੇਸੀ ਤੇ ਸੁਪਰਨੈਚੁਰਲ ਵਰਲਡ ਦਾ ਹਿੱਸਾ ਬਣਿਆ ਹਾਂ। ਇਸ ਤੋਂ ਇਲਾਵਾ ਇਹ ਮੇਰੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਇਹ ਫਿਲਮ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ ਅਤੇ ਮੈਂ ਮੰਨਦਾ ਹਾਂ ਕਿ ‘ਥਾਮਾ’ ਉਹੀ ਫਿਲਮ ਹੈ।


author

cherry

Content Editor

Related News