90 ਦੇ ਦਹਾਕੇ ਦੇ ਮਸ਼ਹੂਰ ਗਾਇਕ ਤਾਜ (ਸਟੀਰੀਓ ਨੇਸ਼ਨ) ਦਾ ਦਿਹਾਂਤ, ਪਿਛਲੇ ਮਹੀਨੇ ਕੋਮਾ ’ਚੋਂ ਆਏ ਸਨ ਬਾਹਰ

Saturday, Apr 30, 2022 - 11:07 AM (IST)

ਚੰਡੀਗੜ੍ਹ (ਬਿਊਰੋ)– 90 ਦੇ ਦਹਾਕੇ ਦੇ ਮਸ਼ਹੂਰ ਗਾਇਕ ਤਰਸੇਮ ਸਿੰਘ ਸੈਣੀ ਉਰਫ ਤਾਜ ਦਾ ਦਿਹਾਂਤ ਹੋ ਗਿਆ ਹੈ। ਤਾਜ ਦੇ ਦਿਹਾਂਤ ਦੀ ਖ਼ਬਰ ਗਾਇਕ ਤੇ ਸੰਗੀਤਕਾਰ ਸੁਖਸ਼ਿੰਦਰ ਸ਼ਿੰਦਾ ਨੇ ਟਵਿਟਰ ’ਤੇ ਸਾਂਝੀ ਕੀਤੀ ਹੈ।

ਆਪਣੇ ਟਵੀਟ ’ਚ ਸ਼ੁਖਸ਼ਿੰਦਰ ਸ਼ਿੰਦਾ ਲਿਖਦੇ ਹਨ, ‘ਇਹ ਜਾਣ ਕੇ ਬੇਹੱਦ ਦੁਖੀ ਹਾਂ ਕਿ ਮੇਰੇ ਭਰਾ ਤੇ ਪੌਪ ਗਾਇਕ ਤਾਜ ਸਟੀਰੀਓ ਨੇਸ਼ਨ ਉਰਫ ਜੌਨੀ ਜ਼ੀ ਦਾ ਅੱਜ ਦਿਹਾਂਤ ਹੋ ਗਿਆ ਹੈ। ਪ੍ਰਮਾਤਮਾ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਬਲ ਬਖਸ਼ੇ।’

PunjabKesari

ਤਾਜ ਦੇ ਦਿਹਾਂਤ ਦਾ ਕਾਰਨ ਤਾਂ ਸਾਹਮਣੇ ਨਹੀਂ ਆਇਆ ਹੈ ਪਰ 23 ਮਾਰਚ ਨੂੰ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਪੋਸਟ ਸਾਂਝੀ ਕੀਤੀ ਗਈ ਸੀ, ਜਿਸ ’ਚ ਉਨ੍ਹਾਂ ਦੇ ਕੋਮਾ ’ਚੋਂ ਬਾਹਰ ਆਉਣ ਦੀ ਗੱਲ ਆਖੀ ਗਈ ਸੀ। ਇਸ ਪੋਸਟ ’ਚ ਲਿਖਿਆ ਸੀ, ‘ਪਿਆਰੇ ਸਾਥੀਓ, ਤਾਜ ਸਰ ਹੁਣ ਕੋਮਾ ’ਚ ਨਹੀਂ ਹਨ। ਉਹ ਹਰ ਦਿਨ ਬਿਹਤਰ ਹੁੰਦੇ ਜਾ ਰਹੇ ਹਨ। ਇਸ ਔਖੀ ਘੜੀ ’ਚ ਦੁਆਵਾਂ ਭੇਜਣ ਲਈ ਉਨ੍ਹਾਂ ਦਾ ਪਰਿਵਾਰ ਤੁਹਾਡਾ ਧੰਨਵਾਦ ਕਰਦਾ ਹੈ। ਜਦੋਂ ਕੋਈ ਹੋਰ ਚੰਗੀ ਖ਼ਬਰ ਆਵੇਗੀ ਤਾਂ ਪਰਿਵਾਰ ਤੁਹਾਨੂੰ ਜ਼ਰੂਰ ਜਾਣਕਾਰੀ ਦੇਵੇਗਾ।’

PunjabKesari

ਦੱਸ ਦੇਈਏ ਕਿ ਤਾਜ ਨੇ 90 ਦੇ ਦਹਾਕੇ ’ਚ ਸੁਪਰਹਿੱਟ ਗੀਤ ਦਿੱਤੇ ਸਨ। ‘ਨੱਚਾਂਗੇ ਸਾਰੀ ਰਾਤ’, ‘ਥੋੜ੍ਹਾ ਦਾਰੂ ਵਿਚ ਪਿਆਰ ਮਿਲਾ ਦੇ’ ਤੇ ‘ਗੱਲਾਂ ਗੋਰੀਆਂ’ ਉਨ੍ਹਾਂ ਦੇ ਮਸ਼ਹੂਰ ਗੀਤ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਰਿਤਿਕ ਰੌਸ਼ਨ ਦੀ ਫ਼ਿਲਮ ‘ਕੋਲੀ ਮਿਲ ਗਿਆ’ ਦੇ ਗੀਤ ‘ਇਟਸ ਮੈਜਿਕ’ ਨੂੰ ਵੀ ਗਾਇਆ।

ਇਹ ਖ਼ਬਰ ਵੀ ਪੜ੍ਹੋ : ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਫ਼ਿਲਮ ‘ਸਾਡੇ ਆਲੇ’ (ਵੀਡੀਓ)

ਤਾਜ ਦੇ ਦਿਹਾਂਤ ’ਤੇ ਸਚਿਨ ਆਹੂਜਾ, ਹਨੀ ਸਿੰਘ, ਰੋਚ ਕਿਲਾ, ਜੱਸੀ ਸਿੱਧੂ, ਬੈਲੀ ਸਾਗੂ, ਅਦਨਾਨ ਸਾਮੀ ਤੇ ਅਮਾਲ ਮਲਿਕ ਸਮੇਤ ਕਈ ਗਾਇਕਾਂ ਨੇ ਸ਼ਰਧਾਂਜਲੀ ਦਿੱਤੀ ਹੈ। ਦੱਸ ਦੇਈਏ ਕਿ ਤਰਸੇਮ ਸਿੰਘ ਸੈਣੀ ਉਰਫ ਤਾਜ ਸਟੀਰੀਓ ਨੇਸ਼ਨ ਨੂੰ ਪਹਿਲਾਂ ਜੌਨੀ ਜ਼ੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News