ਸੋਨਾਲੀ ਫੋਗਾਟ ਨੇ ਸੋਸ਼ਲ ਮੀਡੀਆ 'ਤੇ ਬਣਾਈ ਸੀ ਵੱਡੀ ਪਛਾਣ, ਜਾਣੋ ਛੋਟੇ ਪਰਦੇ ਤੋਂ ਸਿਆਸਤ ਤੱਕ ਦਾ ਸਫ਼ਰ

08/23/2022 11:37:54 AM

ਬਾਲੀਵੁੱਡ ਡੈਸਕ- ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ’ ਦੀ ਸਾਬਕਾ ਮੁਕਾਬਲੇਬਾਜ਼ ਅਤੇ ਬੀ. ਜੇ. ਪੀ. ਆਗੂ ਸੋਨਾਲੀ ਫੋਗਾਟ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ। ਦੱਸ ਦੇਈਏ ਕਿ ਸੋਨਾਲੀ ਫੋਗਾਟ ਸ਼ੂਟ ਲਈ ਗੋਆ ਗਈ ਸੀ। ਉੱਥੇ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦਾ ਦਿਹਾਂਤ ਹੋ ਗਿਆ ਹੈ। 

ਸੋਨਾਲੀ ਫੋਗਾਟ ਨੇ ਟੀ.ਵੀ ਸੀਰੀਅਲ ਤੋਂ ਲੈ ਕੇ ਸਿਆਸਤ ’ਚ ਵੀ ਆਪਣਾ ਨਾਂ ਬਣਾਇਆ ਹੈ। ਸੋਨਾਲੀ ਫੋਗਾਟ ਇਕ ਭਾਜਪਾ ਆਗੂ ਸੀ। ਉਸ ਨੇ ਹਿਸਾਰ ਜ਼ਿਲ੍ਹੇ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਹਰਿਆਣਾ ਵਿਧਾਨ ਸਭਾ ਚੋਣ ਲੜੀ ਸੀ। ਹਾਲਾਂਕਿ ਉਹ ਚੋਣ ਹਾਰ ਗਈ ਸੀ ਪਰ ਸੋਨਾਲੀ ਦੀ ਪਛਾਣ ਇਸ ਤੋਂ ਕਿਤੇ ਵੱਧ ਸੀ। ਸੋਨਾਲੀ ਫੋਗਾਟ ਇਕ ਅਦਾਕਾਰਾ ਵੀ ਸੀ। ਉਸਨੇ ਦੂਰਦਰਸ਼ਨ ’ਤੇ ਸ਼ੋਅ ਦੀ ਐਂਕਰਿੰਗ ਕੀਤੀ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਟਿਕਟੌਕ ਦੀ ਸਟਾਰ ਰਹੀ।

ਸੋਨਾਲੀ ਫ਼ੋਗਾਟ ਦਾ ਜਨਮ 21 ਸਤੰਬਰ 1979 ਨੂੰ ਫ਼ਤਿਹਾਬਾਦ, ਹਰਿਆਣਾ ’ਚ ਹੋਇਆ ਸੀ। ਉਸ ਦੀ ਉਮਰ 42 ਸਾਲ ਦੀ ਸੀ। ਸੋਨਾਲੀ ਨੇ 2006 ’ਚ ਆਪਣੇ ਕਰੀਅਰ ਦੀ ਸ਼ੁਰੂਆਤ ਹਿਸਾਰ ਦੂਰਦਰਸ਼ਨ ’ਚ ਕੀਤੀ ਐਂਕਰਿੰਗ ਤੋਂ ਕੀਤੀ ਸੀ। ਇਸ ਤੋਂ ਦੋ ਸਾਲਾਂ ਬਾਅਦ 2008 ’ਚ ਉਸ ਨੇ ਭਾਜਪਾ ’ਚ ਸ਼ਾਮਲ ਹੋ ਗਈ। ਸੋਨਾਲੀ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਸੀ। ਉਸ ਦੀਆਂ ਤਿੰਨ ਭੈਣਾਂ ਅਤੇ ਇਕ ਭਰਾ ਹੈ। ਸੋਨਾਲੀ ਦਾ ਵਿਆਹ ਉਸ ਦੇ ਭੈਣ ਦੇ ਦਿਓਰ ਨਾਲ ਹੋਇਆ ਸੀ। ਸੋਨਾਲੀ ਦੀ ਇਕ ਧੀ ਵੀ ਹੈ ਜਿਸ ਦਾ ਨਾਂ ਯਸ਼ੋਦਰਾ ਫੋਗਾਟ ਹੈ।

ਇਹ ਵੀ ਪੜ੍ਹੋ :  ਬੀ. ਜੇ. ਪੀ. ਆਗੂ ਤੇ ਸਾਬਕਾ ‘ਬਿੱਗ ਬੌਸ’ ਮੁਕਾਬਲੇਬਾਜ਼ ਸੋਨਾਲੀ ਫੋਗਾਟ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਸਾਲ 2016 ’ਚ ਸੋਨਾਲੀ ਫੋਗਾਟ ਉਸ ਸਮੇਂ ਸੁਰਖੀਆਂ ’ਚ ਆਈ ਜਦੋਂ ਉਸ ਦੇ ਪਤੀ ਸੰਜੇ ਦੀ ਫ਼ਾਰਮ ਹਾਊਸ ’ਚ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਉਸ ਸਮੇਂ ਸੋਨਾਲੀ ਉੱਥੇ ਨਹੀਂ ਸੀ। 

ਦੱਸ ਦੇਈਏ ਕਿ ਸੋਨਾਲੀ ਫੋਗਾਟ ਭਾਜਪਾ ਦੀ ਮਹਿਲਾ ਮੋਰਚੇ ਦੀ ਨੈਸ਼ਨਲ ਵਰਕਿੰਗ ਕਮੇਟੀ ਦੀ ਉਪ ਪ੍ਰਧਾਨ ਸੀ। ਜੂਨ 2020 ’ਚ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ ਜਿਸ ’ਚ ਸੋਨਾਲੀ ਫੋਗਾਟ ਇਕ ਅਫ਼ਸਰ ਨੂੰ ਚੱਪਲਾਂ ਮਾਰਦੀ ਨਜ਼ਰ ਆਈ। ਇਸ ਨੂੰ ਲੈ ਕੇ ਕਾਫ਼ੀ ਹੰਗਾਮਾ ਵੀ ਹੋਇਆ। ਇਕ ਵਾਰ 8 ਅਕਤੂਬਰ 2019 ’ਚ ਸੋਨਾਲੀ ਆਪਣੇ ਭਾਸ਼ਣ ਕਾਰਨ ਵਿਵਾਦਾਂ ’ਚ ਆ ਗਈ। ਉਸ ਦੇ ਹਿਸਾਰ ਦੇ ਇਕ ਪਿੰਡ ’ਚ ਰੈਲੀ ਦੌਰਾਨ ਲੋਕਾਂ ਨੂੰ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਉਣ ਲਈ ਕਿਹਾ। ਸੋਨਾਲੀ ਨੇ ਉਸ ਦੌਰਾਨ ਕਿਹਾ ਕਿ ਜੋ ਲੋਕ ਨਾਅਰੇ ਨਹੀਂ ਲਗਾ ਰਹੇ ਉਹ ਯਕੀਨੀ ਤੌਰ ’ਤੇ ਪਾਕਿਸਤਾਨ ਦੇ ਹਨ। ਇਸ ਤੋਂ ਬਾਅਦ ਉਸ ਨੂੰ ਆਪਣੇ ਬਿਆਨ ਲਈ ਮੁਆਫ਼ੀ ਵੀ ਮੰਗਣੀ ਪਈ ਸੀ।

ਸੋਨਾਲੀ ਦੇ ਟੀ.ਵੀ ਕਰੀਅਰ ਦੀ ਗੱਲ ਕਰੀਏ ਤਾਂ ਸੋਨਾਲੀ ਫ਼ੋਗਾਟ ਨੇ ਟੀ.ਵੀ ਸੀਰੀਅਲ ‘ਅੰਮਾ’ ’ਚ ਨਵਾਬ ਸ਼ਾਹ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਹ ਹਰਿਆਣਵੀ ਗੀਤ ‘ਬੰਦੂਕ ਅਲੀ ਜਾਟਣੀ’ ’ਚ ਵੀ ਨਜ਼ਰ ਆ ਚੁੱਕੀ। ਸੋਨਾਲੀ ਇਕ ਵੈੱਬ ਸੀਰੀਜ਼ ’ਦਿ ਸਟੋਰੀ ਆਫ਼ ਬਦਮਾਜਗੜ੍ਹ’ ’ਚ ਵੀ ਨਜ਼ਰ ਆ ਚੁੱਕੀ ਹੈ।

ਇਸ ਤੋਂ ਇਲਾਵਾ ਸੋਨਾਲੀ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਛਾਈ ਹੋਈ ਸੀ। ਸੋਨਾਲੀ ਫੋਗਾਟ ਸੋਸ਼ਲ ਮੀਡੀਆ ਖ਼ਾਸ ਕਰਕੇ ਟਿਕਟੌਕ ’ਤੇ ਕਾਫ਼ੀ ਵੀਡੀਓ ਸਾਂਝੀਆਂ ਕੀਤੀਆਂ। ਟਿਕਟੌਕ ’ਤੇ ਉਨ੍ਹਾਂ ਨੂੰ 1 ਲੱਖ 32 ਹਜ਼ਾਰ ਯੂਜ਼ਰਸ ਨੇ ਫ਼ੋਲੋ ਕੀਤਾ।

Shivani Bassan

This news is Content Editor Shivani Bassan