ਗਾਇਕ ਸ਼ੌਕਤ ਅਲੀ ਮਤੋਈ ਦੀ ਵਿਗੜੀ ਸਿਹਤ, ਕਲਾਕਾਰ ਭਾਈਚਾਰਾ ਮੰਗ ਰਿਹਾ ਦੁਆਵਾਂ

11/08/2020 2:56:12 PM

ਜਲੰਧਰ(ਬਿਊਰੋ) - ਸੰਗੀਤ ਜਗਤ ਨੂੰ ਕਈ ਲਾਜਵਾਬ ਤੇ ਸੂਫੀ ਹਿੱਟ ਗੀਤ ਦੇਣ ਵਾਲੇ ਜਨਾਬ ਸ਼ੌਕਤ ਅਲੀ ਮਤੋਈ ਦੀ ਸਿਹਤ ਵਿਗੜਨ ਦੀ ਖਬਰ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਸ਼ੌਕਤ ਅਲੀ ਮਤੋਈ ਨੂੰ ਬੀਤੇ ਦਿਨ ਹਾਰਟ ਅਤੇ ਕਿਡਨੀ ਦੀ ਤਕਲੀਫ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਜਿੱਥੇ ਉਹ ਜੇਰੇ ਇਲਾਜ਼ ਹਨ।ਪੰਜਾਬ ਦੇ ਇਸ ਨਾਮਵਰ ਫਨਕਾਰ ਦੀ ਸਿਹਤਯਾਬੀ ਲਈ ਕਈ ਪੰਜਾਬੀ ਗਾਇਕ ਵੀ ਦੁਆਵਾਂ ਕਰ ਰਹੇ ਹਨ।ਪੰਜਾਬੀ ਕਲਾਕਾਰਾਂ ਵੱਲੋਂ ਹੋਰਨਾਂ ਲੋਕਾਂ ਨੂੰ ਵੀ ਸ਼ੌਕਤ ਅਲੀ ਮਤੋਈ ਲਈ ਦੁਆਵਾਂ ਕਰਨ ਲਈ ਕਿਹਾ ਹੈ।

ਦੱਸਣਯੋਗ ਹੈ ਕਿ ਗਾਇਕ ਸ਼ੌਕਤ ਅਲੀ ਮਤੋਈ ਨੇ ਪਿਛਲੇ ਕਈ ਦਹਾਕਿਆ ਤੋਂ ਪੰਜਾਬੀ ਗੀਤ, ਕਵਾਲੀ ਤੇ ਸੂਫੀ ਗੀਤ ਗਾ ਰਹੇ ਗਾਉਂਦੇ ਆ ਰਹੇ ਹਨ। ਸ਼ੌਕਤ ਅਲੀ ਮਤੋਈ ਨੇ ਕਈ ਪੰਜਾਬੀ ਫਿਲਮਾਂ ਲਈ ਵੀ ਪਲੈਅਬੈਕ ਗੀਤ ਗਾਏ ਹਨ। ਸ਼ੌਕਤ ਅਲੀ ਮਤੋਈ ਦਾ ਪੰਜਾਬੀ ਫਿਲਮ 'ਸ਼ਰੀਕ' ਲਈ ਗਾਇਆ ਗੀਤ 'ਮੈਨੂੰ ਇਸ਼ਕ ਲੱਗਾ ਮੇਰੇ ਮਾਹੀ ਦਾ' ਬੇਹੱਦ ਮਕਬੂਲ ਹੋਇਆ ਸੀ।

ਇਸ ਤੋਂ ਇਲਾਵਾ ਸ਼ੌਕਤ ਅਲੀ ਮਤੋਈ ਵੱਲੋਂ ਗਾਏ ਕਈ ਸੂਫੀ ਗੀਤ ਵੀ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤੇ ਜਾਂਦੇ ਹਨ। ਸ਼ੌਕਤ ਅਲੀ ਮਤੋਈ ਦੀ ਵਿਗੜੀ ਤਬੀਅਤ ਦੀ ਜਾਣਕਾਰੀ ਪੰਜਾਬੀ ਗਾਇਕ ਸਰਦਾਰ ਅਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ।

Lakhan Pal

This news is Content Editor Lakhan Pal