‘ਟੈਲੀਵਿਜ਼ਨ’ ਫ਼ਿਲਮ ਨੂੰ ਲੈ ਕੇ ਸਾਗਾ ਸਟੂਡੀਓਜ਼ ਦਾ ਅਧਿਕਾਰਕ ਬਿਆਨ ਆਇਆ ਸਾਹਮਣੇ
Thursday, Jun 23, 2022 - 04:20 PM (IST)

ਚੰਡੀਗੜ੍ਹ (ਬਿਊਰੋ)– ਅਸੀਂ ਸਾਗਾ ਸਟੂਡੀਓਜ਼ ਅੱਜ ਸਾਡੀ ਸਮੁੱਚੀ ਪੰਜਾਬੀ ਫ਼ਿਲਮ ਇੰਡਟਰੀ ਲਈ ਇਹ ਸਟੈਂਡ ਲੈਂਦੇ ਹਾਂ ਕਿ ਅਸੀਂ ਇਸ ਗੱਲ ’ਤੇ ਬਿਲਕੁਲ ਵੀ ਸਮਝੌਤਾ ਕਰਨ ਲਈ ਤਿਆਰ ਨਹੀਂ ਹਾਂ ਕਿ ਕੁਝ ਫ਼ਿਲਮ ਡਿਸਟ੍ਰੀਬਿਊਟਰ ਤੇ ਪ੍ਰਦਰਸ਼ਕ ਇਕ ਪਾਸੇ ਪੰਜਾਬੀ ਫ਼ਿਲਮਾਂ ਤੋਂ ਪੈਸਾ ਵੀ ਕਮਾਉਣਾ ਚਾਹੁੰਦੇ ਹਨ ਪਰ ਜਦੋਂ ਨਾਲ ਖੜ੍ਹਨ ਦਾ ਸਮਾਂ ਆਉਂਦਾ ਹੈ ਤਾਂ ਭੇਦਭਾਵ ਦੀ ਨੀਤੀ ਅਪਣਾਉਂਦੇ ਹਨ, ਇਸ ਲਈ ਅਸੀਂ ਵੀ ਹੁਣ ਆਪਣੀਆਂ ਫ਼ਿਲਮਾਂ ਅਜਿਹੇ ਲੋਕਾਂ/ਥਿਏਟਰਾਂ ਨੂੰ ਦੇਣ ਤੋਂ ਗੁਰੇਜ਼ ਕਰਾਂਗੇ, ਜੋ ਅਜਿਹੇ ਡਿਸਟ੍ਰੀਬਿਊਟਰਾਂ ਦਾ ਸਮਰਥਨ ਕਰਦੇ ਨੇ ਜਾਂ ਕਰਨਗੇ। ਅਸੀਂ ਇਕ ਪ੍ਰੋਡਕਸ਼ਨ ਸਟੂਡੀਓ ਦੇ ਤੌਰ ’ਤੇ ਪੰਜਾਬ ਦੀਆਂ ਜੜ੍ਹਾਂ ਤੇ ਇਸ ਦੇ ਸਿਨੇਮਾ ਦੇ ਇਤਿਹਾਸ ਨਾਲ ਬਹੁਤ ਜੁੜੇ ਹੋਏ ਹਾਂ ਤੇ ਅਸੀਂ ਇਸ ਨੂੰ ਜਾਰੀ ਰੱਖਾਂਗੇ।
ਇਸ ਸਾਰੀ ਡਿਸਟ੍ਰੀਬਿਊਸ਼ਨ ਦੇ ਮਸਲੇ ’ਚ ਸਾਗਾ ਸਟੂਡੀਓਜ਼ ਦਾ ਤਜਰਬਾ ਇਸ ਗੱਲ ’ਤੇ ਜ਼ੋਰ ਦੇ ਰਿਹਾ ਹੈ ਕਿ ਇਥੇ ਸਮੱਸਿਆ ਇਹ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੇ ਆਪਣੇ ਹੀ ਲੋਕ ਖ਼ੁਦ ਦੂਜਿਆਂ ਨੂੰ ਆਪਣੀ ਫ਼ਿਲਮ ਇੰਡਸਟਰੀ ਦੀਆਂ ਸਰਹੱਦਾਂ ’ਚ ਘੁਸਪੈਠ ਕਰਨ ਤੇ ਉਨ੍ਹਾਂ ਨੂੰ ਹਾਕਮ ਬਣਨ ਦੇ ਰਹੇ ਹਨ। ਡਿਸਟ੍ਰੀਬਿਊਟਰਾਂ ਦਾ ਧੱਕੇਸ਼ਾਹੀ ਵਾਲਾ ਰਵੱਈਆ ਬਹੁਤ ਹੀ ਨਿੰਦਣਯੋਗ ਹੈ ਤੇ ਇਕ ਫ਼ਿਲਮ ਨੂੰ ਅੱਗੇ ਵਧਾਉਣ ਲਈ ਦੂਜੀ ਫ਼ਿਲਮ ਨੂੰ ਕੁਰਬਾਨ ਕਰਨਾ ਸਰਾਸਰ ਗਲਤ ਹੈ। ਸਵਾਲ ਸਾਰੇ ਦਰਸ਼ਕਾਂ ਤੇ ਸਾਰੇ ਡਿਸਟ੍ਰੀਬਿਊਟਰ ਲਈ ਹੈ ਕਿ ਕੀ ਤੁਸੀਂ ਸਿਨੇਮਾ ਦੀ ਦੁਨੀਆ ਨੂੰ ਇਨ੍ਹਾਂ ਗਲਤ ਵਪਾਰਕ ਨੀਤੀਆਂ ਦਾ ਸ਼ਿਕਾਰ ਹੁੰਦਾ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਇਹ ਹਰ ਫ਼ਿਲਮ ਤੇ ਫ਼ਿਲਮ ਨਿਰਮਾਤਾ ਸੰਸਥਾ ਦੇ ਨਾਲ ਜੇਤੂ ਬਣ ਕੇ ਸਾਹਮਣੇ ਆਵੇ, ਜੋ ਕੇ ਚੰਗਾ ਕੰਟੈਂਟ ਬਣਾਉਣ, ਦਰਸ਼ਕਾਂ ਦਾ ਮਨੋਰੰਜਨ ਕਰਨ, ਰੁਜ਼ਗਾਰ ਪੈਦਾ ਕਰਨ ਲਈ ਸਹਾਈ ਹੋਵੇ ਤੇ ਸਮੇਂ ਦੇ ਅੰਤ ਤੱਕ ਜਾਰੀ ਰਹੇ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦਾ ‘ਐੱਸ. ਵਾਈ. ਐੱਲ.’ ਗੀਤ ਅੱਜ ਹੋਵੇਗਾ ਰਿਲੀਜ਼
ਹਾਲ ਹੀ ’ਚ ਸਾਗਾ ਸਟੂਡੀਓ ਇਕ ਮਸ਼ਹੂਰ ਪ੍ਰੋਡਕਸ਼ਨ ਹਾਊਸ ਤੇ ਸੰਗੀਤ ਲੇਬਲ ਡਿਸਟ੍ਰੀਬਿਊਟਰਾਂ ਦੀਆਂ ਗਲਤ ਨੀਤੀਆਂ ਬਾਰੇ ਬੋਲਣ ਲਈ ਸਭ ਤੋਂ ਅੱਗੇ ਆਇਆ ਹੈ। ਸਾਗਾ ਸਟੂਡੀਓਜ਼ ਤੇ ਯੂਨੀਸਿਸ ਇਨਫੋਸੋਲਿਊਸ਼ਨਜ਼ ਦੇ ਸੀ. ਈ. ਓ. ਨੇ ਇਸ ਮੁੱਦੇ ’ਤੇ ਲੰਮੀ ਗੱਲ ਕੀਤੀ। ਉਨ੍ਹਾਂ ਕਿਹਾ, ‘‘ਸਿਨੇਮਾ ਦੀ ਦੁਨੀਆ ਦੀਆਂ ਕੋਈ ਹੱਦਾਂ-ਸਰਹੱਦਾਂ ਨਹੀਂ ਹਨ ਪਰ ਲਾਲਚੀ ਸੋਚ ਨਾਲ ਆਪਣਾ ਕਾਰੋਬਾਰ ਚਲਾਉਣ ਵਾਲੇ ਲੋਕਾਂ ਨੇ ਦੂਜਿਆਂ ਲਈ ਰੁਕਾਵਟਾਂ ਖੜ੍ਹੀਆਂ ਕੀਤੀਆਂ ਹੋਈਆਂ ਹਨ। ਦੱਖਣ ਦੇ ਸਿਨੇਮਾ ਨੂੰ ਸਾਡੇ ਦੇਸ਼ ਦੇ ਹਰੇਕ ਵਿਅਕਤੀ ਵਲੋਂ ਬਹੁਤ ਚੰਗੀ ਤਰ੍ਹਾਂ ਸਵੀਕਾਰ ਕੀਤਾ ਜਾਂਦਾ ਹੈ। ਫਿਰ ਪੰਜਾਬੀ ਫ਼ਿਲਮਾਂ ਦੀ ਹੋਂਦ ਨੂੰ ਇੰਨਾ ਖ਼ਤਰਾ ਕਿਉਂ ਹੈ?
ਫ਼ਿਲਮ ਮੇਕਿੰਗ ਇਕ ਕਾਰੋਬਾਰ ਵਜੋਂ ਵਿਆਪਕ ਰੁਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ। ਇਕ ਛੋਟੀ ਜਿਹੀ ਬਲਿਊ ਕਾਲਰ ਨੌਕਰੀ ਤੋਂ ਲੈ ਕੇ ਵੱਡੀ ਵ੍ਹਾਈਟ ਕਾਲਰ ਨੌਕਰੀ ਤੱਕ, ਇਕ ਫ਼ਿਲਮ ਨਿਰਮਾਣ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਦਾ ਜ਼ਰੀਆ ਬਣਦੀ ਹੈ। ਤਰਖਾਣ, ਕਾਸਟਿਊਮ ਡਿਜ਼ਾਈਨਰ, ਟੇਲਰ, ਇਲੈਕਟ੍ਰੀਸ਼ੀਅਨ, ਨਰਸਾਂ, ਪੇਂਟਰ, ਗ੍ਰਾਫਿਕ ਡਿਜ਼ਾਈਨਰ, ਐਡੀਟਰ, ਫੋਟੋਗ੍ਰਾਫਰ, ਵੀਡੀਓਗ੍ਰਾਫਰ, ਕੈਮਰਾ ਅਟੈਂਡੈਂਟ, ਕੁੱਕ, ਸਰਵਰ, ਆਈ. ਟੀ. ਪੇਸ਼ੇਵਰ, ਵਕੀਲ, ਟਿਊਟਰ ਵਰਗੇ ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਪਿੱਛੇ ਇਕ ਸੰਗਠਨ ਦਾ ਹੀ ਹੱਥ ਹੁੰਦਾ ਹੈ। ਫ਼ਿਲਮ ਦੀ ਸਫਲਤਾ ਸਿਰਫ ਵੱਡੇ ਨਿਰਮਾਤਾਵਾਂ ਦੀਆਂ ਜੇਬਾਂ ਭਰਨ ਤੱਕ ਹੀ ਸੀਮਤ ਨਹੀਂ ਹਨ, ਇਹ ਹਰ ਸਫਲ ਫ਼ਿਲਮ ਨਾਲ ਵੱਧ ਤੋਂ ਵੱਧ ਰੁਜ਼ਗਾਰ ਵੀ ਪੈਦਾ ਕਰਦੀ ਹੈ।
ਉਹ ਦਿਨ ਦੂਰ ਨਹੀਂ ਜਦੋਂ ਲਾਲਚੀ ਫ਼ਿਲਮ ਡਿਸਟ੍ਰੀਬਿਊਟਰਾਂ ਦੀਆਂ ਧੱਕੇਸ਼ਾਹੀ ਦੀਆਂ ਚਾਲਾਂ ਪੰਜਾਬੀ ਸਿਨੇਮਾ ਦਾ ਭਵਿੱਖ ਖ਼ਤਰੇ ’ਚ ਪਾਉਣਗੀਆਂ। ਜੇਕਰ ਹਾਲਾਤ ਇਸੇ ਤਰ੍ਹਾਂ ਹੀ ਹੋਰ ਖ਼ਤਰਨਾਕ ਤੇ ਬੇਕਾਬੂ ਹੁੰਦੇ ਰਹੇ ਤਾਂ ਬਹੁਤ ਜਲਦ ਸਾਰੇ ਫ਼ਿਲਮ ਪ੍ਰੋਡਕਸ਼ਨ ਸਟੂਡੀਓਜ਼ ਲਈ ਕੰਮ ਕਰਨਾ ਮੁਸ਼ਕਿਲ ਹੋ ਜਾਵੇਗਾ।
ਨੋਟ– ਇਸ ਬਿਆਨ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।