ਫ਼ਿਲਮ ‘ਕਾਂਤਾਰਾ’ ਦੇ ਅਦਾਕਾਰ, ਨਿਰਦੇਸ਼ਕ ਅਤੇ ਲੇਖਕ ਰਿਸ਼ਬ ਸ਼ੈਟੀ ਨਾਲ ਖ਼ਾਸ ਗੱਲਬਾਤ

Thursday, Nov 10, 2022 - 09:45 AM (IST)

'ਆਰ. ਆਰ. ਆਰ.', 'ਪੁਸ਼ਪਾ' ਅਤੇ 'ਕੇ. ਜੀ. ਐੱਫ.' ਤੋਂ ਬਾਅਦ ਹੁਣ ਸਾਊਥ ਦੀ ‘ਕਾਂਤਾਰਾ’ ਸਾਲ ਦੀਆਂ ਹਿੱਟ ਫ਼ਿਲਮਾਂ ਦੀ ਸੂਚੀ ਵਿਚ ਸ਼ਾਮਲ ਹੋ ਗਈ ਹੈ। ਕਮਾਈ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਨੇ ਕਈ ਰਿਕਾਰਡ ਤੋੜੇ ਹਨ। ਇਸ ਦਾ ਹਿੰਦੀ ਵਰਜ਼ਨ ਬਾਕਸ ਆਫਿਸ ’ਤੇ ਧਮਾਕੇਦਾਰ ਕਾਰੋਬਾਰ ਕਰ ਰਿਹਾ ਹੈ। ‘ਕਾਂਤਾਰਾ’ ਦਾ ਮੇਕਿੰਗ ਬਜਟ 16 ਕਰੋੜ ਰੁਪਏ ਹੈ ਜਦਕਿ ਫ਼ਿਲਮ ਨੇ ਹੁਣ ਤਕ 300 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ‘ਕਾਂਤਾਰਾ’ ਦੇ ਅਦਾਕਾਰ, ਨਿਰਦੇਸ਼ਕ ਅਤੇ ਲੇਖਕ ਰਿਸ਼ਬ ਸ਼ੈਟੀ ਨੇ ਫ਼ਿਲਮ ਦੀ ਸਫਲਤਾ ਬਾਰੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼:
ਪਹਿਲਾਂ ‘ਕਾਂਤਾਰਾ’ ਨੂੰ ਕੰਨੜ ਵਿਚ ਹੀ ਰਿਲੀਜ਼ ਕਰਨਾ ਸੀ : ਰਿਸ਼ਬ ਸ਼ੈਟੀ

ਜਦੋਂ ਤੁਸੀਂ ਇਹ ਫ਼ਿਲਮ ਬਣਾ ਰਹੇ ਸੀ ਤਾਂ ਕੀ ਤੁਸੀਂ ਸੋਚਿਆ ਸੀ ਕਿ ਫ਼ਿਲਮ ਨੂੰ ਇੰਨਾ ਪਿਆਰ ਅਤੇ ਸਫਲਤਾ ਮਿਲੇਗੀ?
ਨਹੀਂ, ਅਸੀਂ ਫ਼ਿਲਮਾਂ ਕਰਦੇ ਸਮੇਂ ਇੰਨੀ ਕਲਪਨਾ ਨਹੀਂ ਕਰ ਸਕਦੇ, ਅਸੀਂ ਸਿਰਫ ਸਿਨੇਮਾ ਬਾਰੇ ਸੋਚਦੇ ਹਾਂ। ਲੋਕ ਫ਼ਿਲਮਾਂ ਨੂੰ ਹਿੱਟ ਬਣਾਉਂਦੇ ਹਨ, ਇਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਪਹਿਲਾਂ ਇਹ ਸਿਰਫ ਕੰਨੜ ਵਿਚ ਰਿਲੀਜ਼ ਕਰਨੀ ਸੀ। ਇਸ ਨੂੰ ਬਾਅਦ ਵਿਚ ਡੱਬ ਕੀਤਾ ਗਿਆ ਅਤੇ ਰਿਲੀਜ਼ ਕੀਤਾ ਗਿਆ ਅਤੇ ਉਸ ਨੂੰ ਵੀ ਓਨਾ ਹੀ ਪਿਆਰ ਮਿਲਿਆ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਅਸਲੀਅਤ ਦੇ ਨੇੜੇ ਰਹਿਣਾ ਚਾਹੀਦਾ ਹੈ, ਜੋ ਲੋਕਾਂ ਨੂੰ ਜ਼ਰੂਰ ਪਸੰਦ ਆਉਂਦੀ ਹੈ।

ਤੁਹਾਨੂੰ ਕਦੋਂ ਲੱਗਾ ਕਿ ਇਸ ਨੂੰ ਹੋਰ ਭਾਸ਼ਾਵਾਂ ਵਿਚ ਵੀ ਰਿਲੀਜ਼ ਕਰਨਾ ਚਾਹੀਦਾ ਹੈ?
ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ, ਇੰਨੀ ਮੰਗ ਆਉਣ ਲੱਗੀ ਤਾਂ ਅਸੀਂ ਤੁਰੰਤ ਡੱਬ ਕਰਨ ਦਾ ਫੈਸਲਾ ਕੀਤਾ, ਜੋ ਕਿ ਬਹੁਤ ਵਧੀਆ ਸੀ। ਫ਼ਿਲਮ ਨੂੰ ਹਰ ਭਾਸ਼ਾ ਵਿਚ ਬਹੁਤ ਪਿਆਰ ਮਿਲਿਆ। ਮੈਂ ਚਾਹੁੰਦਾ ਹਾਂ ਕਿ ਤੁਸੀਂ ਭਵਿੱਖ ਵਿਚ ਵੀ ਮੈਨੂੰ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ।

ਕੀ ਹੈ ਇਸ ਫ਼ਿਲਮ ਦੀ ਕਾਮਯਾਬੀ ਦਾ ਰਾਜ਼? ਕਿਹੜੀਆਂ ਚੀਜ਼ਾਂ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ?
ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਸਭ ਤਾਂ ਪਹਿਲਾਂ ਤੋਂ ਪਤਾ ਨਹੀਂ ਹੁੰਦਾ ਕਦੋਂ ਕਿਸ ਨੂੰ ਕੀ ਪਸੰਦ ਆਉਂਦਾ ਹੈ ਪਰ ਸ਼ਾਇਦ ਇਹ ਜ਼ਮੀਨੀ ਫ਼ਿਲਮ ਹੈ, ਜੋ ਲੋਕਾਂ ਨਾਲ ਜੁੜੀ ਹੋਈ ਹੈ। ਚੰਗਾ ਕੰਟੈਂਟ ਹੈ। ਮੈਨੂੰ ਲੱਗਦਾ ਸੀ ਕਿ ‘ਮੋਰ ਰੀਜ਼ਨਲ ਇਜ਼ ਮੋਰ ਯੂਨੀਵਰਸਲ’। ਇਸ ਦੀ ਕਹਾਣੀ ਖੇਤੀ ਦੀ ਜ਼ਮੀਨ ’ਤੇ ਆਧਾਰਿਤ ਹੈ, ਇਹ ਕਹਾਣੀ ਕਰਨਾਟਕ ਨਾਲ ਸਬੰਧਤ ਹੈ। ਅਸੀਂ ਫ਼ਿਲਮ ਵਿਚ ਹਰ ਚੀਜ਼ ਵਿਚ ਸੱਚ ਦਿਖਾਇਆ ਹੈ, ਕੁਝ ਵੀ ਫਰਜ਼ੀ ਨਹੀਂ ਹੈ। ਸ਼ਾਇਦ ਲੋਕਾਂ ਨੂੰ ਇਹੀ ਗੱਲ ਚੰਗੀ ਲੱਗੀ ਹੋਵੇ।

ਇਸ ਫ਼ਿਲਮ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਕੋਈ ਖਾਸ ਚੀਜ਼ ਹੈ, ਜੋ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ?
ਮੈਂ ਸਾਰਿਆਂ ਨੂੰ ਧੰਨਵਾਦ ਕਹਿਣਾ ਚਾਹੁੰਦਾ ਹਾਂ, ਕੰਗਨਾ ਅਤੇ ਵਿਵੇਕ ਅਗਨੀਹੋਤਰੀ ਨੇ ਸਿਨੇਮਾ ਦੇਖ ਕੇ ਵੀਡੀਓ ਪੋਸਟ ਕੀਤੀ ਸੀ, ਇਹ ਬਹੁਤ ਵੱਡੀ ਗੱਲ ਹੈ, ਮਧੁਰ ਭੰਡਾਰਕਰ ਨੇ ਇਸ ਦੀ ਤਾਰੀਫ ਕੀਤੀ। ਅਭਿਨੇਤਾ ਸ਼ਾਹਿਦ ਕਪੂਰ ਅਤੇ ਸ਼ਿਲਪਾ ਸ਼ੈਟੀ ਤੋਂ ਇਲਾਵਾ ਬਾਲੀਵੁੱਡ ਦੇ ਕਈ ਅਦਾਕਾਰਾਂ ਨੇ ਵੀ ਤਾਰੀਫ ਕੀਤੀ। ਮੈਂ ਇਸ ਲਈ ਧੰਨਵਾਦੀ ਹਾਂ।

ਤੁਹਾਡੇ ਲਈ ਸਭ ਤੋਂ ਮੁਸ਼ਕਿਲ ਕੀ ਸੀ? ਐਕਟ ਕਰਨਾ? ਨਿਰਦੇਸ਼ਿਤ ਕਰਨਾ? ਜਾਂ ਲਿਖਣਾ ?
ਮੈਂ ਸ਼ੂਟਿੰਗ ਦੌਰਾਨ ਇਹ ਸਭ ਕੁਝ ਨਹੀਂ ਸੋਚਿਆ ਸੀ, ਮੈਂ ਸ਼ੂਟ ਹੋਣ ਤੋਂ ਬਾਅਦ ਸੋਚ ਰਿਹਾ ਹਾਂ, ਕਿਉਂਕਿ ਕਾਨਸੈਪਟ ਆਇਆ ਤਾਂ ਮੈਂ ਉਸੇ ’ਤੇ ਕੰਮ ਕਰਨ ਬਾਰੇ ਸੋਚਦਾ ਹਾਂ ਪਰ ਹਾਂ ਐਕਟਿੰਗ ਜ਼ਿਆਦਾ ਮੁਸ਼ਕਿਲ ਲੱਗੀ ਮੈਨੂੰ। ਪਰ ਉਸ ਸਮੇਂ ਨਹੀਂ ਲੱਗਾ ਸੀ, ਇਹ ਬਾਅਦ ਵਿਚ ਮਹਿਸੂਸ ਹੋਇਆ।

ਤੁਹਾਡੇ ਕਿਰਦਾਰ ਅਤੇ ਤੁਹਾਡੇ ਵਿਚ ਕੀ ਸਮਾਨਤਾਵਾਂ ਹਨ?
ਸ਼ਾਇਦ ਸ਼ਿਵਾ ਦਾ ਜੋ ਰੋਲ ਹੈ, ਉਹ ਇਕੋ ਜਿਹਾ ਹੈ ਅਤੇ ਕਾਮੇਡੀ ਤਾਂ ਮੈਂ ਉੱਥੇ ਵੀ ਕਰਦਾ ਹੀ ਰਹਿੰਦਾ ਹਾਂ।
ਕੁੱਝ ਰੀਅਲ ਲਾਈਫ਼ ਇੰਸੀਡੈਂਟ ਵੀ ਹਨ :

ਕਾਂਤਾਰ ਦੀ ਸ਼ੁਰੂਆਤ ਕਿੰਝ ਹੋਈ? ਇਹ ਆਈਡੀਆ ਕਿੰਝ ਆਇਆ ਕਿ ਇਸ ਨੂੰ ਬਣਾਉਂਦੇ ਹਾਂ?
-ਇਹ ਆਈਡੀਆ ਕਈ ਸਾਲਾ ਤੋਂ ਮੇਰੇ ਦਿਮਾਗ ਵਿਚ ਸੀ ਕਿ ਸਾਡੇ ਪਿੰਡ ਨੂੰ ਲੈ ਕੇ ਕੁੱਝ ਬਣਨਾ ਚਾਹੀਦਾ ਹੈ। ਫ਼ਿਲਮ ਵਿਚ ਪੂਰੀ ਤਰ੍ਹਾਂ ਸੱਚੀ ਕਹਾਣੀ ਨਹੀਂ ਹੈ ਪਰ ਹਾਂ ਦੂਸਰੇ ਲਾਕਡਾਊਨ ਵਿਚ ਆਈਡੀਆ ਦਿਮਾਗ ਵਿਚ ਕ੍ਰੈਕ ਹੋਇਆ ਸੀ। ਫਾਰੈਸਟ ਡਿਪਾਰਟਮੈਂਟ ਤੇ ਐਗਰੀਕਲਚਰਲ ਦਰਮਿਆਨ ਜੋ ਹੁੰਦਾ ਹੈ, ਉਹ ਆਈਡੀਆ ਮਿਲਿਆ ਸੀ। ਉਸ ਤੋਂ ਬਾਅਦ ਮੈਂ ਉਹ ਸਭ ਤਿਆਰ ਕਰਨਾ ਸ਼ੁਰੂ ਕਰ ਦਿੱਤਾ, ਜੋ ਮੈਂ ਬਹੁਤ ਸਾਲਾਂ ਤੋਂ ਸੋਚ ਰਿਹਾ ਸੀ, ਫਿਰ ਸਭ ਨੂੰ ਇਕੱਠਾ ਕਰਕੇ ਫ਼ਿਲਮ ਬਣਾਈ, ਫ਼ਿਲਮ ਵਿਚ ਕੁੱਝ ਚੀਜ਼ਾਂ ਰੀਅਲ ਲਾਈਫ਼ ਇੰਸੀਡੈਂਟ ਹਨ।

ਅੱਜ ਦੇ ਸਮੇਂ ਵਿਚ ਜਦ ਅਸੀਂ ਬਹੁਤ ਮਾਡਰਨ ਹੋ ਰਹੇ ਹਾਂ, ਪੱਛਮੀਂ ਸੱਭਿਅਤਾ ਵੱਲ ਜਾ ਰਹੇ ਹਾਂ, ਤਾਂ ਉਸ ਸਮੇਂ ਵਿਚ ਤੁਸੀਂ ਅਜਿਹੀ ਇਕ ਪਿੰਡ ਦੀ ਕਹਾਣੀ ਲੈ ਕੇ ਆਏ ਹੋ, ਕਦੇ ਦਿਮਾਗ ਵਿਚ ਸੈਕੰਡ ਥਾਟ ਆਏ?
-ਲੋਕਾਂ ਵਿਚ ਅਜਿਹੀਆਂ ਕਹਾਣੀਆਂ ਜੋ ਸੱਚਮੁਚ ਉਨ੍ਹਾਂ ਨਾਲ ਜੁੜੀਆ ਹੋਣ, ਉਹ ਲੈ ਕੇ ਆਉਣੀਆਂ ਚਾਹੀਦੀਆਂ ਹਨ। ਹਾਲੀਵੁੱਡ ਤੇ ਵੈਸਟਰਨ ਤਾਂ ਦੇਖਣ ਨੂੰ ਮਿਲ ਹੀ ਜਾਂਦਾ ਹੈ ਤਾਂ ਮੈਨੂੰ ਪਤਾ ਸੀ ਕਿ ਮੈਂ ਅਜਿਹਾ ਕੁਝ ਲੈ ਕੇ ਆਵਾਗਾਂ ਤਾਂ ਲੋਕਾਂ ਨੂੰ ਚੰਗਾ ਲੱਗੇਗਾ ਹੀ। ਕਿਉਂਕਿ ਭਾਰਤੀ ਲੋਕਾਂ ਦੀਆਂ ਭਾਵਨਾਵਾਂ ਇਕੋ ਜਿਹੀਆਂ ਹੀ ਹਨ। ਇਹ ਸਾਰੀ ਸ਼ੂਟਿੰਗ ਵੀ ਮੇਰੇ ਪਿੰਡ ਵਿਚ ਹੀ ਹੋਈ ਹੈ ਲਾਕਡਾਊਨ ਵਿਚ ਉਥੇ ਹੀ ਸੀ, ਉਥੇ ਹੀ ਮੈਨੂੰ ਇਹ ਵਿਚਾਰ ਆਇਆ ਸੀ ਤੇ ਉਥੇ ਹੀ ਕਹਾਣੀ ਲਿਖੀ ਸੀ ਤੇ ਫ਼ਿਲਮ ਵਿਚ ਵੀ ਜ਼ਿਆਦਾ ਮੇਰੇ ਪਿੰਡ ਦੇ ਹੀ ਲੋਕ ਦਿਸਣਗੇ।

ਕਲਾਈਮੈਕਸ ਸੀਨ ਬਾਰੇ ਕੁੱਝ ਸ਼ੇਅਰ ਕਰੋ?
-ਇਕ ਐਕਟਰ ਤੇ ਡਾਇਰੈਕਟਰ ਦੇ ਤੌਰ ’ਤੇ ਕਲਾਈਮੈਕਸ ਦੀ ਸ਼ੂਟਿੰਗ ਮੁਸ਼ਕਿਲ ਸੀ। ਕਿਸੇ ਨੂੰ ਵੀ ਇਹ ਪਤਾ ਨਹੀ ਸੀ ਕਿ ਕੀ ਹੋ ਰਿਹਾ ਹੈ ਕਿਉਂਕਿ ਮੇਰੇ ਦਿਮਾਗ ਵਿਚ ਸਿਰਫ਼ ਚਾਰ ਵਿਜ਼ੂਅਲਸ ਸਨ।

ਕੀ ਤੁਹਾਨੂੰ ਲੱਗਦਾ ਸੀ ਕਿ ਲੋਕ ਇੰਨੇ ਇਮੋਸ਼ਨਲੀ ਜੁੜ ਜਾਣਗੇ ਇਸ ਨਾਲ?
-ਹਾਂ, ਪਹਿਲਾ ਕੱਟ ਦੇਖਣ ਤੋਂ ਬਾਅਦ ਹੀ ਪਤਾ ਲੱਗ ਗਿਆ ਸੀ ਕਿ ਲੋਕ ਇਮੋਸ਼ਨਲ ਹੋ ਜਾਣਗੇ ਪਰ ਵੱਖ-ਵੱਖ ਥਾਵਾਂ ਤੋਂ ਆ ਕੇ ਲੋਕ ਇਮੋਸ਼ਨਲੀ ਕਨੈਕਟ ਹੋਣਗੇ, ਇਹ ਵੱਡੀ ਗੱਲ ਹੈ। ਮੇਰਾ ਇਹ ਕਾਨਫੀਡੈਂਸ ਸੀ ਕਿ ਪੂਰਾ ਭਾਰਤ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ, ਤਾਂ ਅਜਿਹਾ ਸਭ ਨੂੰ ਪਸੰਦ ਆਵੇਗਾ।

ਤੁਹਾਨੂੰ ਪਹਿਲਾ ਬ੍ਰੇਕ ਕਿੰਝ ਮਿਲਿਆ ਸੀ?
-ਮੇਰੀ ਪਹਿਲੀ ਫ਼ਿਲਮ ਹਿਟ ਨਹੀ ਹੋਈ ਸੀ ਪਰ ਸਿੱਖਣ ਨੂੰ ਬਹੁਤ ਕੁੱਝ ਮਿਲਿਆ ਸੀ। ਉਸੇ ਸਾਲ ਇਕ ਫ਼ਿਲਮ ਹੋਰ ਕੀਤੀ ਸੀ ਮੈਂ, ਕ੍ਰਿਪਾਟੀ। ਉਹ ਬਹੁਤ ਵੱਡੀ ਹਿਟ ਸੀ ਤੇ ਉਸ ਤੋਂ ਸਫਲਤਾ ਮਿਲੀ। ਬਸ ਉਸ ਤੋਂ ਬਾਅਦ ਕਈ ਨਵੇਂ ਮੌਕੇ ਮਿਲਦੇ ਗਏ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਰਾਹੀਂ ਸ਼ੇਅਰ ਕਰੋ।


sunita

Content Editor

Related News