ਰਾਣੀ ਪਦਮਾਵਤੀ ਨੂੰ ਡਰਪੋਕ ਨਹੀਂ ਕਿਹਾ : ਸਵਰਾ ਭਾਸਕਰ
Thursday, Sep 03, 2026 - 04:57 PM (IST)
ਮੁੰਬਈ (ਏਜੰਸੀ)- ਅਦਾਕਾਰਾ ਸਵਰਾ ਭਾਸਕਰ ਦਾ ਕਹਿਣਾ ਹੈ ਕਿ ਸੰਜੇ ਲੀਲਾ ਭੰਸਾਲੀ ਦੀ 2018 ਦੀ ਫਿਲਮ ‘ਪਦਮਾਵਤ’ ’ਚ ਜੌਹਰ ਵਾਲੇ ਦ੍ਰਿਸ਼ ਦੀ ਆਲੋਚਨਾ ਕਰਨ ਵਾਲੀਆਂ ਉਨ੍ਹਾਂ ਦੀਆਂ ਟਿੱਪਣੀਆਂ ਦਾ ਸੋਸ਼ਲ ਮੀਡੀਆ ’ਤੇ ਪੂਰੀ ਤਰ੍ਹਾਂ ਗਲਤ ਅਨੁਵਾਦ ਕੀਤਾ ਗਿਆ ਸੀ। ਮੈਂ ਕਦੇ ਵੀ ਰਾਣੀ ਪਦਮਾਵਤੀ ਜਾਂ ‘ਜੌਹਰ’ ਕਰਨ ਵਾਲੀਆਂ ਹੋਰ ਔਰਤਾਂ ਨੂੰ ਡਰਪੋਕ ਨਹੀਂ ਕਿਹਾ।
ਸੋਮਵਾਰ ਇਕ ਸਮਾਗਮ ਦੌਰਾਨ ਕੀਤੀਆਂ ਗਈਆਂ ਟਿੱਪਣੀਆਂ ਲਈ ਅਦਾਕਾਰਾ ਨੂੰ ਸੋਸ਼ਲ ਮੀਡੀਆ ’ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ’ਚ ਦੋਸ਼ ਲਾਇਆ ਗਿਆ ਸੀ ਕਿ ਫਿਲਮ ’ਚ ਜੌਹਰ ਦੀ ਵਡਿਆਈ ਕੀਤੀ ਗਈ ਹੈ। ‘ਜੌਹਰ’ ਕੁਝ ਰਾਜਪੂਤ ਭਾਈਚਾਰਿਆਂ ’ਚ ਪ੍ਰਚਲਿਤ ਇਕ ਪ੍ਰਥਾ ਸੀ ਜਿਸ ’ਚ ਔਰਤਾਂ ਲੜਾਈ ’ਚ ਹਾਰ ਦੇ ਨੇੜੇ ਆਉਣ ’ਤੇ ਕੈਦ, ਗੁਲਾਮੀ ਜਾਂ ਸੈਕਸ ਸ਼ੋਸ਼ਨ ਤੋਂ ਬਚਣ ਲਈ ਸਮੂਹਿਕ ਆਤਮਦਾਹ ਕਰਦੀਆਂ ਸਨ।
ਉਨ੍ਹਾਂ ਕਿਹਾ ਕਿ ਮੇਰੀ ਇਕ ਕਲਿੱਪ ਬੁੱਧਵਾਰ ਸਵੇਰ ਤੋਂ ਸੋਸ਼ਲ ਮੀਡੀਆ ’ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਕੱਲ ਦੀ ਇਕ ਘਟਨਾ ਬਾਰੇ ਹੈ ਜਿੱਥੇ ਮੈਨੂੰ ਪੁੱਛਿਆ ਗਿਆ ਸੀ ਕਿ ਮੈਂ ‘ਪਦਮਾਵਤ’ ਵੇਖਣ ਤੋਂ ਬਾਅਦ ਸੰਜੇ ਲੀਲਾ ਭੰਸਾਲੀ ਨੂੰ ਇਕ ਖੁੱਲ੍ਹੀ ਚਿੱਠੀ ਕਿਉਂ ਲਿਖੀ? ਮੈਂ ਜੋ ਕਿਹਾ ਸੀ ਉਸ ਦਾ ਹੁਣ ਪੂਰੀ ਤਰ੍ਹਾਂ ਗਲਤ ਅਨੁਵਾਦ ਕੀਤਾ ਜਾ ਰਿਹਾ ਹੈ ਤੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੈਂ ਕਿਹਾ ਸੀ ਕਿ ਰਾਣੀ ਪਦਮਾਵਤੀ ਤੇ ‘ਜੌਹਰ’ ਕਰਨ ਵਾਲੀਆਂ ਹੋਰ ਔਰਤਾਂ ਡਰਪੋਕ ਸਨ।
ਉਸ ਨੇ ਕਿਹਾ ਕਿ ਜਦੋਂ ਮੈਂ ਫ਼ਿਲਮ ਦੇਖੀ ਤਾਂ ਸੋਚਦੀ ਰਹੀ ਕਿ ਰੱਬ ਨਾ ਕਰੇ ਕਿ ਜੇ ਮੈਂ ਜਬਰ-ਜਨਾਹ ਦਾ ਸ਼ਿਕਾਰ ਹੋਈ ਹੁੰਦੀ ਤਾਂ ਮੈਂ ਇਹੀ ਸੋਚਦੀ ਰਹਿੰਦੀ ਕਿ ਮੈਂ ਆਪਣੀ ਜਾਨ ਕਿਉਂ ਨਹੀਂ ਲੈ ਲਈ।
