ਐ ਮੇਰੇ ਪਿਆਰੇ ਵਤਨ, ਐ ਮੇਰੇ ਬਿਛੜੇ ਚਮਨ, ਤੁਝ ਪੇ ਦਿਲ ਕੁਰਬਾਨ...

06/10/2021 5:36:30 PM

(ਜਨਮ ਦਿਨ ’ਤੇ ਵਿਸ਼ੇਸ਼)

‘ਐ ਮੇਰੇ ਪਿਆਰੇ ਵਤਨ, ਐ ਮੇਰੇ ਬਿਛੜੇ ਚਮਨ, ਤੁਝਪੇ ਦਿਲ ਕੁਰਬਾਨ, ਤੂੰ ਹੀ ਮੇਰੀ ਆਰਜ਼ੂ ਹੈ, ਤੂੰ ਹੀ ਮੇਰੀ ਆਬਰੂ, ਤੂੰ ਹੀ ਮੇਰੀ ਜਾਨ...।’ ਗੁਰੂਦੇਵ ਰਬਿੰਦਰਨਾਥ ਟੈਗੋਰ ਦੀ ਕਹਾਣੀ ‘ਕਾਬੁਲੀਵਾਲਾ’ ’ਤੇ ਆਧਾਰਿਤ ਹੇਮਨ ਗੁਪਤਾ ਨਿਰਦੇਸ਼ਿਤ ਫ਼ਿਲਮ ਦਾ ਇਹ ਗੀਤ ਸੁਣ ਕੇ ਕਿੰਨੇ ਹੀ ਲੋਕਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।

ਵੱਖ-ਵੱਖ ਕਲਾਵਾਂ ’ਚ ਮਾਹਿਰ ਸਨ ਪ੍ਰੇਮ ਧਵਨ
ਮੰਨਾ ਡੇ ਵਲੋਂ ਗਾਏ ਗਏ ਇਸ ਗੀਤ ਦੇ ਰਚਨਾਕਾਰ ਦਾ ਨਾਂ ਹੈ ਪ੍ਰੇਮ ਧਵਨ। ਹਰਿਆਣਾ ਦੇ ਸ਼ਹਿਰ ਅੰਬਾਲਾ ’ਚ 13 ਜੂਨ, 1923 ਨੂੰ ਜਨਮੇ ਪ੍ਰੇਮ ਧਵਨ ਨੇ ਭਾਰਤੀ ਸਿਨੇਮਾ ’ਚ ਗੀਤਕਾਰ ਦੇ ਰੂਪ ’ਚ ਆਪਣੀ ਪਛਾਣ ਬਣਾਈ ਪਰ ਉਹ ਬਹੁਮੁਖੀ ਪ੍ਰਤਿਭਾ ਸੰਪੰਨ ਸ਼ਖ਼ਸੀਅਤ ਸਨ। ਕਲਾਕਾਰਾਂ ਦੇ ਮਸ਼ਹੂਰ ਸੰਗਠਨ ‘ਇੰਡੀਅਨ ਪੀਪਲ ਥਿਏਟਰ ਐਸੋਸੀਏਸ਼ਨ’ (ਇਪਟਾ) ਤੋਂ ਨਿਕਲੇ ਤੇ ਨਿਖਰੇ ਕਲਾਕਾਰ ਪ੍ਰੇਮ ਧਵਨ ਅਭਿਨੈ, ਸੰਗੀਤ ਤੇ ਨ੍ਰਿਤ ਸਮੇਤ ਵੱਖ-ਵੱਖ ਕਲਾਵਾਂ ’ਚ ਮਾਹਿਰ ਸਨ।

ਸਾਹਿਰ ਲੁਧਿਆਣਵੀ ਨਾਲ ਰਿਹਾ ਦੋਸਤਾਨਾ
ਅੰਗਰੇਜ਼ੀ ਸਰਕਾਰ ’ਚ ਜੇਲਰ ਵਜੋਂ ਉਨ੍ਹਾਂ ਦੇ ਪਿਤਾ ਦੇ ਤਬਾਦਲੇ ਹੁੰਦੇ ਰਹਿੰਦੇ ਸਨ। ਇਸ ਕਾਰਨ ਉਨ੍ਹਾਂ ਨੂੰ ਭਾਰਤ ਦੇ ਵੱਖ-ਵੱਖ ਸਥਾਨਾਂ ’ਤੇ ਜਾਣ ਦੇ ਮੌਕੇ ਮਿਲੇ। ਲਾਹੌਰ ’ਚ ਐੱਫ. ਸੀ. ਕਾਲਜ ਤੋਂ ਪੜ੍ਹਾਈ ਕਰਦਿਆਂ ਉਨ੍ਹਾਂ ਦੀ ਦੋਸਤੀ ਸਾਹਿਰ ਲੁਧਿਆਣਵੀ ਨਾਲ ਹੋਈ। ਸਾਹਿਰ ਉਰਦੂ ’ਚ ਗਜ਼ਲ ਲਿਖਦੇ ਸਨ ਤੇ ਪ੍ਰੇਮ ਦਾ ਮਨ ਗੀਤਾਂ ’ਚ ਰਮਦਾ ਸੀ। ਦੋਵਾਂ ਦਾ ਚੰਗਾ ਦੋਸਤਾਨਾ ਸੀ। ਲਾਹੌਰ ’ਚ ਇਪਟਾ ਦਾ ਗਠਨ ਹੋਇਆ ਤਾਂ ਉਹ ਉਸ ਦੇ ਨਾਲ ਜੁੜ ਗਏ ਤੇ ਬਾਅਦ ’ਚ ਉਹ ਮੁੰਬਈ ਚਲੇ ਗਏ, ਜੋ ਇਪਟਾ ਦੀ ਸਰਗਰਮੀ ਕਾਰਨ ਸੱਭਿਅਤਾ-ਸਾਹਿਤਿਕ ਸਰਗਰਮੀਆਂ ਦੀ ਰਾਜਧਾਨੀ ਸੀ।

ਕ੍ਰਾਂਤੀਕਾਰੀ ਗੀਤਾਂ ਦੀ ਕੀਤੀ ਰਚਨਾ
ਇਪਟਾ ਦੇ ਕਈ ਨਾਟਕਾਂ ਲਈ ਉਨ੍ਹਾਂ ਨੇ ਕ੍ਰਾਂਤੀਕਾਰੀ ਗੀਤਾਂ ਦੀ ਰਚਨਾ ਕੀਤੀ। ਦੇਸ਼ ਆਜ਼ਾਦ ਹੋਇਆ ਤਾਂ ਉਨ੍ਹਾਂ ਨੇ ਗੀਤ ਲਿਖਿਆ– ‘ਝੂਮ ਝੂਮ ਕੇ ਨਾਚੋ ਆਜ, ਗਾਓ ਖੁਸ਼ੀ ਕੇ ਗੀਤ, ਝੂਠ ਕੀ ਆਖਿਰ ਹਾਰ ਹੁਈ ਹੈ, ਸਚ ਕੀ ਆਖਿਰ ਜੀਤ।’ ਫ਼ਿਲਮਾਂ ’ਚ ਉਨ੍ਹਾਂ ਦੀ ਸ਼ੁਰੂਆਤ 1946 ’ਚ ਫ਼ਿਲਮ ‘ਪਗਡੰਡੀ’ ’ਚ ਸੰਗੀਤਕਾਰ ਖੁਰਸ਼ੀਦ ਅਨਵਰ ਦੇ ਸਹਾਇਕ ਦੇ ਤੌਰ ’ਤੇ ਹੋਈ। ਉਨ੍ਹਾਂ ਨੂੰ ਬਾਂਬੇ ਟਾਕੀਜ਼ ਦੀ ਫ਼ਿਲਮ ‘ਜ਼ਿੱਦੀ’ ’ਚ ਪਹਿਲਾ ਗੀਤ ‘ਚੰਦਾ ਜਾ ਰੇ ਜਾ ਰੇ ਜਾ’ ਲਿਖਣ ਦਾ ਮੌਕਾ ਮਿਲਿਆ, ਜੋ ਸੁਪਰਹਿੱਟ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ਕੀਤੀਆਂ ਪਰ ਉਹ ਜ਼ਿਆਦਾ ਅਸਰ ਨਹੀਂ ਛੱਡ ਸਕੀਆਂ, ਇਸ ਲਈ ਆਪਣੀ ਖ਼ਾਸ ਪਛਾਣ ਬਣਾਉਣ ਲਈ ਉਨ੍ਹਾਂ ਨੂੰ ਸਖ਼ਤ ਸੰਘਰਸ਼ ਕਰਨਾ ਪਿਆ। 1955 ’ਚ ਆਈ ਫ਼ਿਲਮ ‘ਵਚਨ’ ਨਾਲ ਉਨ੍ਹਾਂ ਦੀ ਪ੍ਰਸਿੱਧੀ ਦਾ ਸਿਲਸਿਲਾ ਸ਼ੁਰੂ ਹੋ ਗਿਆ। ਫ਼ਿਲਮ ਦੇ ਸਾਰੇ ਗੀਤ ਚਰਚਿਤ ਹੋਏ ਪਰ ਉਨ੍ਹਾਂ ਵਲੋਂ ਲਿਖੀ ਗਈ ਲੋਰੀ– ‘ਚੰਦਾ ਮਾਮਾ ਦੂਰ ਕੇ, ਪੁਏ ਪਕਾਏਂ ਬੂਰ ਕੇ’ ਅੱਜ ਤਕ ਮਾਵਾਂ ਤੇ ਬੱਚਿਆਂ ਦੀ ਜ਼ੁਬਾਨ ’ਤੇ ਚੜ੍ਹੀ ਹੋਈ ਹੈ।

ਉਨ੍ਹਾਂ ਨੇ 300 ਫ਼ਿਲਮਾਂ ਦੇ ਗੀਤ ਲਿਖੇ ਤੇ 50 ਦੇ ਕਰੀਬ ਫ਼ਿਲਮਾਂ ’ਚ ਨ੍ਰਿਤ ਨਿਰਦੇਸ਼ਨ ਕੀਤਾ। ਉਨ੍ਹਾਂ ਦੇ ਮੁੱਖ ਗੀਤਾਂ ’ਚ ‘ਛੋੜੋ ਕਲ ਕੀ ਬਾਤੇਂ, ਕਲ ਕੀ ਬਾਤ ਪੁਰਾਨੀ’, ‘ਏ ਵਤਨ-ਏ ਵਤਨ ਹਮਕੋ ਤੇਰੀ ਕਸਮ’, ‘ਪਗੜੀ ਸੰਭਾਲ ਜੱਟਾ’, ‘ਮੇਰਾ ਰੰਗ ਦੇ ਬਸੰਤੀ ਚੋਲਾ’, ‘ਜੋਗੀ ਹਮ ਤੋ ਲੁਟ ਗਏ ਤੇਰੇ ਪਿਆਰ ਮੇਂ’ ਆਦਿ ਹਨ।

1970 ’ਚ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। 7 ਮਈ, 2001 ਨੂੰ ਉਹ ਇਸ ਦੁਨੀਆ ਤੋਂ ਵਿਦਾ ਹੋ ਗਏ ਪਰ ਆਪਣੇ ਗੀਤਾਂ ਤੇ ਕਲਾ ਜ਼ਰੀਏ ਉਹ ਹਮੇਸ਼ਾ ਜ਼ਿੰਦਾ ਰਹਿਣਗੇ।

–ਅਰੁਣ ਕੁਮਾਰ ਕੈਹਰਬਾ


Rahul Singh

Content Editor

Related News