ਦਾਦੀ ਆਸ਼ਾ ਭੋਸਲੇ ਦੇ ਅੰਤਿਮ ਸੰਸਕਾਰ ''ਚ ਉਮੜਿਆ ਜਨ ਸੈਲਾਬ ਦੇਖ ਪੋਤੀ ਜ਼ਨਾਈ ਹੋਈ ਭਾਵੁਕ
Tuesday, Apr 14, 2026 - 01:27 PM (IST)
ਨਵੀਂ ਦਿੱਲੀ (ਏਜੰਸੀ)- ਦਿੱਗਜ ਗਾਇਕਾ ਆਸ਼ਾ ਭੋਸਲੇ ਦੀ ਪੋਤੀ ਜ਼ਨਾਈ ਭੋਸਲੇ ਨੇ ਕਿਹਾ ਕਿ ਉਹ ਆਪਣੀ ਮਰਹੂਮ ਦਾਦੀ ਦੇ ਅੰਤਿਮ ਸੰਸਕਾਰ ਦੌਰਾਨ ਲੋਕਾਂ ਵੱਲੋਂ ਸ਼ਰਧਾਂਜਲੀ ਦਿੱਤੇ ਜਾਣ ਅਤੇ ਉਨ੍ਹਾਂ ਦੇ ਪਿਆਰ ਨੂੰ ਦੇਖ ਕੇ ਕਾਫੀ ਭਾਵੁਕ ਹੋ ਗਈ। ਮਸ਼ਹੂਰ ਗਾਇਕਾ ਆਸ਼ਾ ਭੋਸਲੇ ਦਾ ਐਤਵਾਰ ਨੂੰ 92 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਛਾਤੀ ਵਿੱਚ ਇਨਫੈਕਸ਼ਨ ਅਤੇ ਥਕਾਵਟ ਦੀ ਸ਼ਿਕਾਇਤ ਤੋਂ ਬਾਅਦ ਸ਼ਨੀਵਾਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਮੁੰਬਈ ਵਿੱਚ ਸੋਮਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਖੇਤਰਾਂ ਦੀਆਂ ਕਈ ਪ੍ਰਮੁੱਖ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਜ਼ਨਾਈ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਮਰਹੂਮ ਗਾਇਕਾ ਦੀ ਦੇਹ ਨੂੰ ਭਾਰਤੀ ਤਿਰੰਗੇ ਵਿੱਚ ਲਪੇਟਿਆ ਹੋਇਆ ਦਿਖਾਇਆ ਗਿਆ ਹੈ। ਉਨ੍ਹਾਂ ਲਿਖਿਆ, 'ਮੈਂ ਇਸ ਵੇਲੇ ਬਹੁਤ ਭਾਵੁਕ ਹਾਂ। ਜਦੋਂ ਮੈਂ ਲਿਖਣ ਦੀ ਸਥਿਤੀ ਵਿੱਚ ਹੋਵਾਂਗੀ ਤਾਂ ਜ਼ਰੂਰ ਕੁਝ ਲਿਖਾਂਗੀ, ਪਰ ਅੱਜ ਇੰਨੇ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਜੋ ਸਨਮਾਨ ਅਤੇ ਪਿਆਰ ਦਿੱਤਾ ਹੈ, ਉਹ ਦੇਖ ਕੇ ਮੇਰਾ ਦਿਲ ਭਰ ਆਇਆ ਹੈ। ਮੈਂ ਤਹਿ ਦਿਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਉਹ ਇਸ ਦੀ ਹੱਕਦਾਰ ਸੀ। ਮੈਨੂੰ ਅਹਿਸਾਸ ਹੈ ਕਿ ਉਹ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ।' ਕਰੀਬ 8 ਦਹਾਕੇ ਲੰਬੇ ਆਪਣੇ ਕਰੀਅਰ ਵਿੱਚ ਆਸ਼ਾ ਭੋਸਲੇ ਨੇ 20 ਭਾਸ਼ਾਵਾਂ ਵਿੱਚ 12,000 ਤੋਂ ਵੱਧ ਗਾਣੇ ਰਿਕਾਰਡ ਕੀਤੇ। ਉਨ੍ਹਾਂ ਨੂੰ ਸਾਲ 2000 ਵਿੱਚ 'ਦਾਦਾ ਸਾਹਿਬ ਫਾਲਕੇ ਪੁਰਸਕਾਰ' ਅਤੇ 2008 ਵਿੱਚ 'ਪਦਮ ਵਿਭੂਸ਼ਣ' ਨਾਲ ਸਨਮਾਨਿਤ ਕੀਤਾ ਗਿਆ ਸੀ।
