ਬੰਗਾਲ ਹਿੰਸਾ ’ਤੇ ਫੁੱਟਿਆ ਕੰਗਨਾ ਦਾ ਗੁੱਸਾ, ਮਮਤਾ ਬੈਨਰਜੀ ਨੂੰ ਬੋਲੇ ਤਿੱਖੇ ਬੋਲ

05/04/2021 11:17:43 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੀਆਂ ਫ਼ਿਲਮਾਂ ਤੋਂ ਇਲਾਵਾ ਸਮਾਜਿਕ-ਰਾਜਨੀਤਕ ਮੁੱਦਿਆਂ ’ਤੇ ਵੀ ਬੋਲਦੀ ਰਹਿੰਦੀ ਹੈ। ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਕੰਗਨਾ ਰਣੌਤ ਨੇ ਸੂਬੇ ’ਚ ਭੜਕੀ ਹਿੰਸਾ ਵਿਰੁੱਧ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਇਸ ਹਿੰਸਾ ਦੀ ਅਾਲੋਚਨਾ ਕੀਤੀ ਹੈ। ਉਸ ਨੇ ਪੱਛਮੀ ਬੰਗਾਲ ’ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਵੀ ਅਪੀਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਯਸ਼ਰਾਜ ਫ਼ਿਲਮਜ਼ ਨੇ ਚੁੱਕੀ 30 ਹਜ਼ਾਰ ਲੋਕਾਂ ਨੂੰ ਮੁਫ਼ਤ ’ਚ ਕੋਰੋਨਾ ਵੈਕਸੀਨ ਲਗਵਾਉਣ ਦੀ ਜ਼ਿੰਮੇਵਾਰੀ

ਦਰਅਸਲ ਬੰਗਾਲ ’ਚ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਵਰਕਰਾਂ ’ਤੇ ਕਥਿਤ ਹਮਲੇ ਤੇ ਹਿੰਸਾ ਹੋਈ ਹੈ। ਬੰਗਾਲ ’ਚ ਐਤਵਾਰ ਨੂੰ ਚੋਣ ਨਤੀਜਿਆਂ ’ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੀ ਜ਼ਬਰਦਸਤ ਜਿੱਤ ਤੋਂ ਬਾਅਦ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਹਿੰਸਾ ਤੇ ਅਗਜ਼ਨੀ ਜਾਰੀ ਹੈ। ਭਾਜਪਾ ਦੇ ਕਈ ਪਾਰਟੀ ਦਫ਼ਤਰ ਵੀ ਸਾੜੇ ਗਏ ਹਨ। ਇਸ ਤੋਂ ਇਲਾਵਾ ਕਈ ਭਾਜਪਾ ਵਰਕਰਾਂ ਦੇ ਘਰਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਕੰਗਨਾ ਰਣੌਤ ਨੇ ਇਸ ਘਟਨਾ ’ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਟੀ. ਐੱਮ. ਸੀ. ਦੀ ਅਾਲੋਚਨਾ ਕੀਤੀ ਤੇ ਸੂਬੇ ’ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਅਪੀਲ ਕੀਤੀ। ਇਹ ਅਪੀਲ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ’ਤੇ ਕੀਤੀ ਹੈ। ਉਸ ਨੇ ਆਪਣੇ ਟਵਿਟਰ ਅਕਾਊਂਟ ’ਤੇ ਲਿਖਿਆ, ‘ਭਾਜਪਾ ਆਸਾਮ ਤੇ ਪਾਂਡੁਚੇਰੀ ’ਚ ਜਿੱਤੀ ਪਰ ਉਥੋਂ ਕਿਸੇ ਤਰ੍ਹਾਂ ਦੀ ਹਿੰਸਾ ਦੀ ਖ਼ਬਰ ਨਹੀਂ ਮਿਲੀ। ਟੀਯ ਐੱਮ. ਸੀ. ਨੇ ਬੰਗਾਲ ’ਚ ਚੋਣ ਜਿੱਤੀ ਤੇ ਸੈਂਕੜੇ ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਆਈਆਂ ਸਨ ਪਰ ਲੋਕ ਕਹਿਣਗੇ ਕਿ ਮੋਦੀ ਜੀ ਤਾਨਾਸ਼ਾਹ ਹਨ ਤੇ ਮਮਤਾ ਬੈਨਰਜੀ ਧਰਮ ਨਿਰਪੱਖ ਨੇਤਾ ਹਨ... ਬਸ ਬਹੁਤ ਹੋ ਗਿਆ।’

ਕੰਗਨਾ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਦਾਕਾਰਾ ਦੇ ਬਹੁਤ ਸਾਰੇ ਪ੍ਰਸ਼ੰਸਕ ਤੇ ਸੋਸ਼ਲ ਮੀਡੀਆ ਯੂਜ਼ਰ ਉਸ ਦੇ ਟਵੀਟ ਦਾ ਜਵਾਬ ਦੇ ਰਹੇ ਹਨ। ਦੂਜੇ ਪਾਸੇ ਕੋਲਕਾਤਾ ’ਚ ਕੰਗਨਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਕੰਗਨਾ ਨੇ ਬੰਗਾਲ ਚੋਣਾਂ ਦੀ ਗਿਣਤੀ ਦੇ ਦਿਨ ਕਈ ਟਵੀਟ ਕੀਤੇ ਸਨ ਤੇ ਐੱਨ. ਆਰ. ਸੀ., ਸੀ. ਏ. ਏ. ਤੋਂ ਲੈ ਕੇ ਰੋਹਿੰਗਿਆ ਤੇ ਬਾਹਰੀ ਦੇ ਮੁੱਦੇ ’ਤੇ ਮੁੱਖ ਮੰਤਰੀ ਤੇ ਤ੍ਰਿਣਮੂਲ ਦੀ ਮੁਖੀ ਮਮਤਾ ਬੈਨਰਜੀ ’ਤੇ ਨਿਸ਼ਾਨਾ ਵਿੰਨ੍ਹਿਆ ਸੀ।

ਨੋਟ– ਕੰਗਨਾ ਦੇ ਇਨ੍ਹਾਂ ਟਵੀਟਸ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh