ਜਗਬਾਣੀ Tribute : ਖੁੱਲ੍ਹਮ ਖੁੱਲ੍ਹਾ 'ਰਿਸ਼ੀ ਕਪੂਰ'

Thursday, Apr 30, 2020 - 04:07 PM (IST)

ਜਗਬਾਣੀ Tribute : ਖੁੱਲ੍ਹਮ ਖੁੱਲ੍ਹਾ 'ਰਿਸ਼ੀ ਕਪੂਰ'

ਹਰਪ੍ਰੀਤ ਸਿੰਘ ਕਾਹਲੋਂ 

"ਮੈਂ ਪ੍ਰਿਥਵੀ ਰਾਜ ਕਪੂਰ ਦਾ ਪੋਤਰਾ ਹਾਂ,
ਮੈਂ ਰਾਜ ਕਪੂਰ ਦਾ ਪੁੱਤਰ ਹਾਂ, 
ਮੈਂ ਨੀਤੂ ਕਪੂਰ ਦਾ ਘਰ ਵਾਲਾ ਹਾਂ,
ਮੈਂ ਰਿਧੀਮਾ ਅਤੇ ਰਣਬੀਰ ਕਪੂਰ ਦਾ ਪਿਓ ਹਾਂ,
ਮੈਂ ਰਿਸ਼ੀ ਕਪੂਰ ਹਾਂ,
ਮੈਂ ਭਾਗਾਂ ਵਾਲਾ ਹਾਂ ਕਿ ਮੈਂ ਜਨਮ ਲਿਆ ਅਤੇ ਜ਼ਿੰਦਗੀ ਨੂੰ ਜੀਵਿਆ।"

ਆਪਣੀ ਜੀਵਨੀ 'ਖੁੱਲ੍ਹਮ ਖੁੱਲ੍ਹਾ' ਵਿਚ ਇਹ ਰਿਸ਼ੀ ਕਪੂਰ ਦਾ ਆਪਣਾ ਹਲਫ਼ਨਾਮਾ ਹੈ। ਇਕ ਦਿਨ ਪਹਿਲਾਂ ਸਾਨੂੰ ਇਰਫਾਨ ਖਾਨ ਅਲਵਿਦਾ ਕਹਿੰਦੇ ਹਨ ਅਤੇ ਅਗਲੇ ਦਿਨ ਅਸੀਂ 1970-80 ਦੇ 'ਹੀਰੋਇਨਾਂ ਦੇ ਹੀਰੋ' ਰੋਮਾਂਟਿਕ ਹੀਰੋ ਰਿਸ਼ੀ ਕਪੂਰ ਨੂੰ ਆਪਣੇ ਤੋਂ ਵਿਛੜਿਆ ਮਹਿਸੂਸ ਕਰਦੇ ਹਾਂ। 

ਪੇਸ਼ਾਵਰ (ਲਹਿੰਦੇ ਪੰਜਾਬ ਤੋਂ) ਦਾ ਕਪੂਰ ਖਾਨਦਾਨ ਭਾਰਤੀ ਸਿਨੇਮਾ ਦਾ ਸਭ ਤੋਂ ਪੁਰਾਣਾ ਅਤੇ ਵੱਡਾ ਖਾਨਦਾਨ ਹੈ। ਰਿਸ਼ੀ ਕਪੂਰ ਆਪਣੀ ਇਸ ਵਿਰਾਸਤ ਨੂੰ ਸਦਾ ਮਹਾਨ ਵਿਰਾਸਤ ਮੰਨਦੇ ਸਨ। 

ਰਿਸ਼ੀ ਕਪੂਰ ਮੁਤਾਬਕ 4 ਸਤੰਬਰ 1952 ਨੂੰ ਜਦੋਂ ਉਹ ਪੈਦਾ ਹੋਏ ਅਤੇ ਉਨ੍ਹਾਂ ਦੇ ਪਿਤਾ ਰਾਜ ਕਪੂਰ 28 ਸਾਲ ਦੇ ਸਨ। ਉਸ ਸਮੇਂ ਤੱਕ ਰਾਜ ਕਪੂਰ ਭਾਰਤੀ ਸਿਨੇਮਾ ਦੇ ਸ਼ੋਅਮੈਨ ਮੰਨੇ ਗਏ। ਰਾਜ ਕਪੂਰ ਦੀ ਫ਼ਿਲਮ ਆਗ (1948) ਬਰਸਾਤ (1949) ਅਤੇ ਆਵਾਰਾ (1951) ਕਰਕੇ ਖਾਸ ਮੁਕਾਮ ਸੀ। ਉਨ੍ਹਾਂ ਦੇ ਦਾਦਾ ਪ੍ਰਿਥਵੀ ਰਾਜ ਕਪੂਰ ਆਲਮਆਰਾ (1931) ਵਿਦਿਆਪਤੀ (1937) ਅਤੇ ਆਨੰਦ ਮੱਠ (1952) ਵਰਗੀਆਂ ਫ਼ਿਲਮਾਂ ਦੀ ਬਦੌਲਤ ਭਾਰਤੀ ਸਿਨੇਮੇ ਦਾ ਸਿਰਮੌਰ ਨਾਮ ਸਨ। 14 ਮਾਰਚ 1931 ਨੂੰ ਆਈ ਫਿਲਮ 'ਆਲਮਆਰਾ' ਭਾਰਤੀ ਸਿਨੇਮਾ ਦੇ ਇਤਿਹਾਸ ਦੀ ਪਹਿਲੀ ਬੋਲਦੀ ਫਿਲਮ ਸੀ। 

PunjabKesari

28 ਸਤੰਬਰ 1973 : ਇਹ ਤਾਰੀਖ਼ ਇਕ ਸਿਤਾਰੇ ਦੇ ਚੜ੍ਹਨ ਦਾ ਦਿਨ ਸੀ। ਇਸ ਤੋਂ ਪਹਿਲਾਂ ਰਾਜ ਕਪੂਰ ਆਪਣੀ ਜ਼ਿੰਦਗੀ ਦੀ ਸਭ ਤੋਂ ਬਿਹਤਰੀਨ ਫਿਲਮ ਮੇਰਾ ਨਾਮ ਜੋਕਰ ਬਣਾ ਚੁੱਕੇ ਸਨ। ਇਸ ਫਿਲਮ ਨੂੰ ਹੁਣ ਤੱਕ ਦੀ ਸਭ ਤੋਂ ਕਲਾਸਿਕ ਫ਼ਿਲਮਾਂ ’ਚੋਂ ਬਿਹਤਰੀਨ ਫਿਲਮ ਕਿਹਾ ਜਾਂਦਾ ਹੈ ਪਰ ਇਹ ਉਸ ਸਮੇਂ ਰਾਜ ਕਪੂਰ ਦੇ ਲਈ ਵੱਡਾ ਵਿੱਤੀ ਘਾਟਾ ਸੀ। ਫਿਲਮ 'ਬਾਬੀ' ਜਿੱਥੇ ਰਿਸ਼ੀ ਕਪੂਰ ਅਤੇ ਡਿੰਪਲ ਕਪਾੜੀਆ ਦੀ ਜ਼ਿੰਦਗੀ ਦੀ ਪਲੇਠੀ ਸ਼ੁਰੂਆਤ ਸੀ। ਉੱਥੇ ਇਸ ਫ਼ਿਲਮ ਨੇ ਰਾਜ ਕਪੂਰ ਨੂੰ ਵੀ ਵਿੱਤੀ ਘਾਟੇ ਤੋਂ ਉਭਾਰਿਆ। 

ਹੀਰੋਇਨਾਂ ਦਾ ਹੀਰੋ : ਫਿਲਮ ਚਾਂਦਨੀ, ਏਕ ਚਾਦਰ ਮੈਲੀ ਸੀ, ਹੀਨਾ, ਪ੍ਰੇਮ ਰੋਗ, ਪ੍ਰੇਮ ਗ੍ਰੰਥ, ਦਾਮਿਨੀ ਅਤੇ ਅਜਿਹੀਆਂ ਅਣਗਿਣਤ ਫ਼ਿਲਮਾਂ ਹਨ, ਜਿਨ੍ਹਾਂ ਦਾ ਕੇਂਦਰੀ ਪਾਤਰ ਔਰਤਾਂ ਸਨ ਪਰ ਇਨ੍ਹਾਂ ਫ਼ਿਲਮਾਂ ਵਿਚ ਵੀ ਰਿਸ਼ੀ ਕਪੂਰ ਨੇ ਬੇਝਿਜਕ ਕੰਮ ਕੀਤਾ। ਇਹ ਗੱਲ ਇਸ ਕਰਕੇ ਵੀ ਖ਼ਾਸ ਹੈ ਕਿ ਰਿਸ਼ੀ ਕਪੂਰ ਦੇ ਇਸ ਦੌਰ ਵਿਚ ਹੀਰੋ ਪ੍ਰਧਾਨ ਫ਼ਿਲਮਾਂ ਦਾ ਰਿਵਾਜ ਸੀ। 

ਬਤੌਰ ਅਦਾਕਾਰ ਛਾਪ ਛੱਡਦਾ ਅਦਾਕਾਰ : ਰਿਸ਼ੀ ਕਪੂਰ ਦੇ ਪੂਰੇ ਕਰੀਅਰ ਵਿਚ ਵੱਡੀ ਚੁਣੌਤੀ ਇਹ ਰਹੀ ਹੈ ਕਿ ਉਹ ਕਪੂਰ ਖਾਨਦਾਨ ਦੀ ਵਿਰਾਸਤ ਦਾ ਅਦਾਕਾਰ ਸੀ ਅਤੇ ਦੂਜਾ ਉਹ ਆਪਣੇ ਸਮਕਾਲੀਆਂ ਦੇ ਬਰਾਬਰ ਹਰਫ਼ਨ ਮੌਲਾ ਨਹੀਂ ਸੀ। ਇਸ ਦੇ ਬਾਵਜੂਦ ਰਿਸ਼ੀ ਕਪੂਰ ਨੇ ਆਪਣੀਆਂ ਫਿਲਮਾਂ ਦੇ ਵਿਸ਼ਿਆਂ ਦੀ ਗੁਣਵੱਤਾ ਦਾ ਹਮੇਸ਼ਾ ਧਿਆਨ ਰੱਖਿਆ। ਮੇਰਾ ਨਾਮ ਜੋਕਰ ਸਿਰਫ ਰਾਜ ਕਪੂਰ ਦੀ ਫ਼ਿਲਮ ਨਹੀਂ ਕਹਿ ਸਕਦੇ। ਇਸ ਫਿਲਮ ਦੀ ਪਹਿਲੀ ਕਹਾਣੀ, ਜਿਸ ਵਿਚ ਇਕ ਵਿਦਿਆਰਥੀ ਆਪਣੇ ਅਧਿਆਪਕ ਪ੍ਰਤੀ ਖਾਸ ਭਾਵਨਾ ਰੱਖਦਾ ਹੈ, ਉਸ ਨੂੰ ਨਿਭਾਉਂਦਿਆਂ ਰਿਸ਼ੀ ਕਪੂਰ ਨੇ ਆਪਣੀ ਪਹਿਲੀ ਛਾਪ ਛੱਡੀ ਸੀ। ਬਤੌਰ ਬਾਲ ਕਲਾਕਾਰ ਰਿਸ਼ੀ ਕਪੂਰ ਨੇ ਵਿਦਿਆਰਥੀ ਦੀ ਉਸ ਮਾਨਸਿਕਤਾ ਨੂੰ ਬਾਖੂਬੀ ਪੇਸ਼ ਕੀਤਾ। ਰਾਜਿੰਦਰ ਸਿੰਘ ਬੇਦੀ ਦੇ ਨਾਵਲ ਏਕ ਚਾਦਰ ਮੈਲੀ ਸੀ, ਦੇ ਵਿਚ ਉਹ ਆਪਣੇ ਪਿਆਰ (ਪੂਨਮ ਢਿੱਲੋਂ) ਅਤੇ ਆਪਣੀ ਭਾਬੀ (ਹੇਮਾ ਮਾਲਿਨੀ) ਵਿਚਕਾਰ, ਜਿਸ ਖਿੱਚੋਤਾਣ ਨੂੰ ਪੇਸ਼ ਕਰ ਗਿਆ, ਉਹ ਉਹਦੀ ਅਦਾਕਾਰੀ ਦੀ ਛਾਪ ਸੀ। 

ਸਦੀਓ ਸੇ ਯੇ ਗ਼ਮ ਕੀ ਚਿਤਾ ਮੇਂ,
ਚਿਹਰਾ ਖੁਸ਼ੀ ਕਾ ਢੂੰਡ ਰਹੀ ਹੈ,
ਹਰ ਔਰਤ ਹੈ ਹੀਰ ਗਵਾਹ ਕੀ,
ਵਾਰਸ ਅਪਨਾ ਢੂੰਡ ਰਹੀ ਹੈ, 

ਇਹ ਗੀਤ ਸੁਦਰਸ਼ਨ ਫ਼ਾਕਿਰ ਲਹਿੰਦੇ ਪੰਜਾਬ ਦੇ ਫਿਰੋਜ਼ਪੁਰ ਦੇ ਉਰਦੂ ਸ਼ਾਇਰ ਦਾ ਲਿਖਿਆ ਹੋਇਆ ਸੀ। ਵੱਡਾ ਭਰਾ ਮਰ ਗਿਆ ਹੈ ਅਤੇ ਭਾਬੀ ਦੇ ਸਿਰ ’ਤੇ ਚਾਦਰ ਪਾਉਣੀ ਹੈ। ਉਹ ਭਾਬੀ ਦੀ ਇੱਜ਼ਤ ਕਰਦਾ ਹੈ ਅਤੇ ਆਪਣੇ ਪਿਆਰ (ਪੂਨਮ ਢਿੱਲੋਂ) ਜੀਹਦੇ ਨਾਲ ਉਹ ਵਿਆਹ ਕਰਵਾਉਣਾ ਚਾਹੁੰਦਾ ਹੈ। ਰਿਸ਼ੀ ਕਪੂਰ ਦੀ ਇਹ ਬਿਹਤਰੀਨ ਫ਼ਿਲਮ ਹੈ।

PunjabKesari

ਆਪਣੀ ਅਦਾਕਾਰੀ ਦੀ ਅਜਿਹੀ ਛਾਪ ਰਿਸ਼ੀ ਨੇ ਬਹੁਸਿਤਾਰਾ ਮਨਮੋਹਨ ਦੇਸਾਈ ਦੀ ਫਿਲਮ 'ਅਮਰ ਅਕਬਰ ਐਂਥਨੀ' ਵਿਚ ਵੀ ਫਿੱਕੀ ਨਹੀਂ ਪੈਣ ਦਿੱਤੀ ਅਤੇ ਅਜਿਹੀਆਂ ਅਣਗਿਣਤ ਫਿਲਮਾਂ ਕਰਦੇ ਹਨ, ਜਿਨ੍ਹਾਂ ਵਿਚ ਉਹ ਬਤੌਰ ਸਹਾਇਕ ਅਦਾਕਾਰ ਆਪਣੇ ਕੰਮ ਨੂੰ ਕਰਦੇ ਗਏ। 

ਫਿਲਮ 'ਹੀਨਾ' ਰਾਜ ਕਪੂਰ ਅਤੇ ਜ਼ੇਬਾ ਬਖ਼ਤਿਆਰ ਕਰਕੇ ਜਾਣੀ ਜਾਂਦੀ ਹੈ। ਭਾਰਤ ਅਤੇ ਪਾਕਿਸਤਾਨ ਦੇ ਕਥਾਨਕ ’ਤੇ ਘੜੀ ਇਹ ਕਹਾਣੀ ਅਖ਼ਬਾਰ ਦੀ ਨਿੱਕੀ ਜਿਹੀ ਖ਼ਬਰ ਤੋਂ ਬਣੀ ਹੈ। ਇਸ ਫਿਲਮ ਵਿਚ ਅਦਾਕਾਰ ਭਾਰਤ ਤੋਂ ਸੜਕ ’ਤੇ ਜਾਂਦਿਆਂ ਹਾਦਸਾਗ੍ਰਸਤ ਹੁੰਦਾ ਦਰਿਆ ਤੋਂ ਰੁੜ੍ਹਦਾ ਰੁੜ੍ਹਦਾ ਪਾਕਿਸਤਾਨ ਪਹੁੰਚ ਜਾਂਦਾ ਹੈ। ਰਿਸ਼ੀ ਕਪੂਰ ਦੀ ਇਹ ਫਿਲਮ ਵੀ ਉਨ੍ਹਾਂ ਦੀਆਂ ਬਿਹਤਰੀਨ ਫ਼ਿਲਮਾਂ ਵਿਚੋਂ ਇਕ ਹੈ।

ਪੰਜਾਬੀ ਜੜ੍ਹਾਂ ਦਾ ਖਾਨਦਾਨ : ਰਿਸ਼ੀ ਕਪੂਰ ਦੀਆਂ ਗੱਲਾਂ ਦੀ ਬੇਬਾਕੀ ਅਤੇ ਅਜਿਹੇ ਬਹੁਤ ਸਾਰੇ ਕਿੱਸੇ ਹਨ, ਜਿਸ ਵਿਚ ਉਨ੍ਹਾਂ ਨੇ ਆਪਣੇ ਪਰਿਵਾਰ ਦੀਆਂ ਪੇਸ਼ਾਵਰ ਅਤੇ ਪੰਜਾਬ ਨਾਲ ਹੋਣ ਦਾ ਮਾਣ ਪ੍ਰਗਟਾਇਆ ਹੈ। ਕਪੂਰ ਖਾਨਦਾਨ ਦੇ ਪ੍ਰਿਥਵੀ ਰਾਜ ਕਪੂਰ 1947 ਵੰਡ ਵੇਲੇ ਪੇਸ਼ਾਵਰ ਤੋਂ ਜਲੰਧਰ ਆਏ ਸਨ। 

ਪਿੰਡ ਲਸਾੜਾ ਦੇ ਸਾਬਕਾ ਸਰਪੰਚ ਤਰਸੇਮ ਸਿੰਘ ਦੱਸਦੇ ਹਨ ਕਿ ਰਿਸ਼ੀ ਕਪੂਰ ਦੇ ਪਰਿਵਾਰ ਦਾ ਪਿੰਡ ਲਸਾੜਾ ਨਾਲ ਬਹੁਤ ਨਿੱਘਾ ਰਿਸ਼ਤਾ ਰਿਹਾ ਹੈ। ਇੱਥੇ ਉਨ੍ਹਾਂ ਨੂੰ ਅਲਾਟ ਹੋਈ ਹਵੇਲੀ ਅੱਜ ਵੀ ਜਿਉਂ ਦੀ ਤਿਉਂ ਹੈ। ਇਸ ਹਵੇਲੀ ਦਾ ਭਾਵਾਂ ਕਿ ਬਹੁਤਾ ਹਿੱਸਾ ਇਸ ਪਿੰਡ ਦੇ ਹੋਰ ਬੰਦਿਆਂ ਦਾ ਰਹਿਣ ਬਸੇਰਾ ਬਣ ਗਿਆ ਹੈ। ਲਸਾੜਾ ਪਿੰਡ ਦੇ ਗੁਆਂਢ ਚ ਉੜਾਪੜ ਪਿੰਡ ਦੇ ਦਲਜੀਤ ਸਿੰਘ ਦੱਸਦੇ ਹਨ ਕਿ ਪ੍ਰਿਥਵੀ ਰਾਜ ਕਪੂਰ ਹੁਣਾਂ ਦੇ ਇੱਥੇ 25 ਕਿੱਲੇ ਸਨ ਜੋ ਉਨ੍ਹਾਂ ਨੇ ਵੇਚ ਦਿੱਤੇ। ਪੇਸ਼ਾਵਰ ਤੋਂ ਜਲੰਧਰ ਪਿੰਡ ਲਸਾੜਾ ਇਸ ਤੋਂ ਬਾਅਦ ਦਿੱਲੀ ਅਤੇ ਦਿੱਲੀ ਤੋਂ ਉਹ ਮੁੰਬਈ ਪਹੁੰਚੇ। 

ਜ਼ਿਲਾ ਜਲੰਧਰ ਦੇ ਪਿੰਡ ਲਸਾੜਾ ਵਿਖੇ ਕਪੂਰ ਖਾਨਦਾਨ ਦੀ ਹਵੇਲੀ

PunjabKesari

ਉਨ੍ਹਾਂ ਦੇ ਪੁਸ਼ਤੈਨੀ ਘਰ ਦੇ ਸਾਹਮਣੇ ਦੱਤਾ ਜੀ ਅਤੇ ਬੰਸੀ ਲਾਲ ਰਹਿੰਦੇ ਹਨ। ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਇੱਥੇ ਉਨ੍ਹਾਂ ਬਾਰੇ ਜਾਣਨ ਲਈ ਕਾਫੀ ਬੰਦੇ ਪਹੁੰਚ ਕਰ ਰਹੇ ਹਨ। ਦਲਜੀਤ ਸਿੰਘ ਦੱਸਦੇ ਹਨ ਕਿ ਪ੍ਰਿਥਵੀ ਰਾਜ ਕਪੂਰ ਨੇ ਪਿੰਡ ਲਸਾੜਾ ਦੀ ਲੰਬੜਦਾਰੀ ਲਈ ਕੇਸ ਵੀ ਲੜਿਆ ਸੀ। ਉਨ੍ਹਾਂ ਮੁਤਾਬਕ ਉਹ ਜਲੰਧਰ ਵੀ ਰਹਿੰਦੇ ਰਹੇ ਹਨ।

ਚੰਡੀਗੜ੍ਹ ਰਹਿੰਦੇ ਲਿਖਾਰੀ ਡਾ. ਜਸਵੰਤ ਕੌਰ ਸੈਣੀ ਪਿੱਛੋਂ ਪਿੰਡ ਲਸਾੜੇ ਦੇ ਹਨ। ਉਨ੍ਹਾਂ ਨੇ ਆਪਣੇ ਪਿੰਡ ਬਾਰੇ ਕਿਤਾਬ 'ਲਸਾੜਾ-ਮੇਰਾ ਪਿੰਡ ਮੇਰੇ ਲੋਕ' 2017 ਵਿਚ ਲਿਖੀ ਸੀ। ਉਨ੍ਹਾਂ ਮੁਤਾਬਕ ਸਾਡਾ ਪਿੰਡ ਸਿਆਲ ਗੋਤ ਦੇ ਖੱਤਰੀਆਂ ਦਾ ਪਿੰਡ ਹੈ। ਪ੍ਰਿਥਵੀ ਰਾਜ ਕਪੂਰ- ਕਪੂਰ ਖਾਨਦਾਨ ਅਤੇ ਰਿਸ਼ੀ ਕਪੂਰ ਬਾਰੇ ਉਨ੍ਹਾਂ ਦੇ ਪਿੰਡ ਵਿਚ ਗੱਲ ਕਰਨ ਵਾਲੇ ਹੁਣ ਬਹੁਤ ਥੋੜ੍ਹੇ ਬੱਚੇ ਹਨ। 

ਸਾਬਕਾ ਸਰਪੰਚ ਤਰਸੇਮ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀ ਯਾਦ ਵਿਚ ਸਿਰਫ਼ ਨਿੱਕੀ ਇੱਟ ਦਾ ਇਹ ਆਖਰੀ ਘਰ ਹੀ ਹੈ ਅਤੇ 5 ਮਰਲੇ ਜ਼ਮੀਨ ਉਨ੍ਹਾਂ ਦੇ ਨਾਮ ਬੋਲਦੀ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਿਥਵੀ ਰਾਜ ਕਪੂਰ ਇੱਥੇ ਬਹੁਤ ਘੱਟ ਠਹਿਰੇ ਸਨ ਪਰ ਉਹ ਮੁੰਬਈ ਤੋਂ ਬਾਅਦ ਆਪਣੇ ਪੁਸ਼ਤੈਨੀ ਘਰ ਅਤੇ ਜ਼ਮੀਨ ਵੇਖਣ ਇਕ-ਦੋ ਵਾਰ ਪਿੰਡ ਲਸਾੜਾ ਆਏ ਹਨ।

PunjabKesari

ਦੂਜੀ ਪਾਰੀ : 1970-80 ਦੇ ਰੋਮਾਂਟਿਕ ਹੀਰੋ ਦੀ ਦੂਜੀ ਪਾਰੀ ਰਿਸ਼ੀ ਕਪੂਰ ਨੂੰ ਹੋਰ ਬੇਹਤਰੀਨ ਅਦਾਕਾਰ ਦੇ ਤੌਰ ’ਤੇ ਅਤੇ ਬੇਬਾਕ ਟਿੱਪਣੀਆਂ ਕਰਕੇ ਜਾਣੀ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਨੇ ਅਕਸ਼ੈ ਖੰਨਾ ਅਤੇ ਐਸ਼ਵਰਿਆ ਰਾਏ ਨੂੰ ਲੈ ਕੇ 'ਆ ਅਬ ਲੌਟ ਚੱਲੇਂ' ਫ਼ਿਲਮ ਵੀ ਨਿਰਦੇਸ਼ਿਤ ਕੀਤੀ। ਇਹ ਫ਼ਿਲਮ ਉਨ੍ਹਾਂ ਨੇ ਆਪਣੇ ਘਰੇਲੂ ਬੈਨਰ ਆਰ.ਕੇ. ਬੈਨਰ ਹੇਠ ਬਣਾਈ ਸੀ। ਇਸ ਦੌਰਾਨ ਰਿਸ਼ੀ ਕਪੂਰ ਨੇ 'ਹਮ ਤੁਮ' ਅਤੇ 'ਫ਼ਨਾ' ਵਰਗੀਆਂ ਫਿਲਮਾਂ ’ਚ ਵੀ ਰੋਲ ਅਦਾ ਕੀਤੇ, ਉੱਥੇ ਹੀ ਡੀ-ਡੇਅ ਅਤੇ ਅਗਨੀਪੱਥ ਵਰਗੀਆਂ ਫਿਲਮਾਂ ’ਚ ਨਕਾਰਾਤਮਕ ਰੋਲ ਵੀ ਪ੍ਰਸੰਸਾ ਭਰਪੂਰ ਅਦਾ ਕੀਤੇ। 

ਇਸ ਦੂਜੀ ਪਾਰੀ ਵਿਚ ਉਨ੍ਹਾਂ ਦੀ 'ਸਟੂਡੈਂਟ ਆਫ਼ ਦਾ ਈਅਰ' ਫਿਲਮ ਉਨ੍ਹਾਂ ਵਲੋਂ ਨਿਭਾਏ ਸਮਲਿੰਗੀ ਪ੍ਰਿੰਸੀਪਲ ਕਰਕੇ ਚਰਚਾ ਵਿਚ ਰਹੀ ਤਾਂ 'ਦੋ ਦੂਣੀ ਚਾਰ' ਗਣਿਤ ਦੇ ਅਧਿਆਪਕ ਦੀ ਮਿਡਲ ਕਲਾਸ ਜ਼ਿੰਦਗੀ ਦੇ ਸੰਘਰਸ਼ ਨੂੰ ਬਿਆਨ ਕਰਦੀ ਫਿਲਮ ਵੀ ਦਰਸ਼ਕਾਂ ਵਲੋਂ ਪਸੰਦ ਕੀਤੀ ਗਈ। 

ਸਿਨੇਮਾ ਵਿਚ ਕੰਮ ਕਰਨ ਦੀ ਸ਼ੈਲੀ ਦਾ ਫਰਕ : ਰਿਸ਼ੀ ਕਪੂਰ ਆਪਣੇ ਅਦਾਕਾਰੀ ਦੀ ਜ਼ਿੰਦਗੀ ਨੂੰ ਬਿਆਨ ਕਰਦੇ ਆਪਣੀ ਜੀਵਨੀ ਖੁੱਲ੍ਹਮ ਖੁੱਲ੍ਹਾ ਵਿਚ ਦੱਸਦੇ ਹਨ ਕਿ ਇਸ ਦੌਰ ਦਾ ਸਿਨੇਮਾ ਆਪਣੇ ਕਿਰਦਾਰ ਨੂੰ ਪੇਸ਼ ਕਰਨ ਵਿਚ ਬਹੁਤ ਮਸ਼ੱਕਤ ਕਰਦਾ ਹੈ। ਉਹ ਦੱਸਦੇ ਹਨ ਕਿ ਮਨਮੋਹਨ ਦੇਸਾਈ ਅਤੇ ਪ੍ਰਕਾਸ਼ ਮਹਿਰਾ ਦੇ ਸਿਨੇਮਾ ਦੇ ਦੌਰ ਵਿਚ ਉਨ੍ਹਾਂ ਨੇ ਅਮਰ ਅਕਬਰ ਐਂਥਨੀ ਬਹੁਤ ਸਹਿਜੇ ਹੀ ਪੂਰੀ ਕੀਤੀ। ਅਕਬਰ ਦਾ ਰੋਲ ਉਨ੍ਹਾਂ ਬਹੁਤ ਆਰਾਮ ਨਾਲ ਅਦਾ ਕੀਤਾ ਸੀ ਅਤੇ ਇੰਝ ਹੀ ਅਮਿਤਾਭ ਬੱਚਨ ਨੇ ਵੀ ਐਂਥਨੀ ਦਾ ਰੋਲ ਬਹੁਤ ਸਹਿਜੇ ਨਿਭਾ ਦਿੱਤਾ ਸੀ। 

ਹੁਣ ਦੀਆਂ ਫਿਲਮਾਂ ਦੀ ਉਦਾਹਰਣ ਲਈਏ ਤਾਂ 'ਕਪੂਰਜ਼ ਐਂਡ ਸਨਜ਼' ਫਿਲਮ ਲਈ ਉਨ੍ਹਾਂ ਨੂੰ ਸਵੇਰੇ 5.30 ਉੱਠਣਾ ਪੈਂਦਾ ਸੀ। ਇਸ ਤੋਂ ਬਾਅਦ 6 ਵਜੇ ਮੇਕਅੱਪ ਦੀ ਤਿਆਰੀ ਕੀਤੀ ਜਾਂਦੀ ਸੀ ਅਤੇ 12 ਵਜੇ ਤੱਕ ਇਹ ਕੰਮ ਪੂਰਾ ਹੁੰਦਾ ਸੀ। ਮੈਨੂੰ 90 ਸਾਲ ਦਾ ਬਜ਼ੁਰਗ ਵਿਖਾਉਣ ਲਈ ਗ੍ਰੇਗ ਕੈਨਮ ਨੇ ਬਹੁਤ ਮਿਹਨਤ ਕੀਤੀ। ਗ੍ਰੇਗ ਕੈਨਮ ਇਸ ਤੋਂ ਪਹਿਲਾਂ ਫਿਲਮ 'ਦੀ ਕਿਊਰਿਸ ਕੇਸ ਆਫ ਬੈਂਜਮਿਨ ਬਟਨ' ਲਈ ਬਰੈੱਡ ਪਿੱਟ ਦਾ ਮੇਕਅੱਪ ਕਰ ਚੁੱਕੇ ਹਨ।

PunjabKesari

ਬੇਬਾਕ ਟਿੱਪਣੀਆਂ ਅਤੇ ਆਖ਼ਰੀ ਟਿੱਪਣੀ : ਅਸਹਿਣਸ਼ੀਲਤਾ ਦੇ ਦੌਰ ਵਿਚ ਜਦੋਂ ਬੀਫ ਅਤੇ ਅਜਿਹੇ ਹੋਰ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਅਸੀਂ ਆਪਣੀ ਸਹਿਣਸ਼ੀਲਤਾ ਗਵਾ ਰਹੇ ਸਾਂ ਤਾਂ ਉਸ ਸਮੇਂ ਰਿਸ਼ੀ ਕਪੂਰ ਨੇ ਇਹ ਬੇਬਾਕੀ ਨਾਲ ਕਿਹਾ ਸੀ ਕਿ ਕਿਸੇ ਨੇ ਕੀ ਪਾਉਣਾ ਹੈ ਅਤੇ ਕੀ ਖਾਣਾ ਹੈ, ਇਸ ਨੂੰ ਲੈ ਕੇ ਸਾਨੂੰ ਕੋਈ ਹੱਕ ਨਹੀਂ ਹੈ ਕਿ ਅਸੀਂ ਕੁਝ ਤੈਅ ਕਰੀਏ। ਕੋਰੋਨਾ ਸੰਕਟ ਮਹਾਮਾਰੀ ਦੌਰਾਨ ਤਾਲਾਬੰਦੀ ਦੇ ਚੱਲਦਿਆਂ ਉਨ੍ਹਾਂ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਵਕਾਲਤ ਕੀਤੀ ਸੀ। 

ਰਿਸ਼ੀ ਕਪੂਰ ਹੁਣਾਂ ਨੂੰ ਉਨ੍ਹਾਂ ਦੇ ਇਸ ਅੰਦਾਜ਼ ਬਾਰੇ ਜਦੋਂ ਕਿਹਾ ਜਾਂਦਾ ਸੀ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਸੀ ਕਿ ਮੈਂ ਅਜਿਹਾ ਹੀ ਹਾਂ 'ਖੁੱਲ੍ਹਮ ਖੁੱਲ੍ਹਾ' !

ਏਕ ਚਾਦਰ ਮੈਲੀ ਸੀ, ਚਾਂਦਨੀ, ਹੀਨਾ, ਬੋਲ ਰਾਧਾ ਬੋਲ, ਦੋ ਦੂਨੀ ਚਾਰ, ਅਗਨੀਪੱਥ ਤੋਂ ਲੈ ਕੇ ਮੁਲਕ ਫਿਲਮ ਤੱਕ ਵੱਖ-ਵੱਖ ਕਿਰਦਾਰਾਂ ਨੂੰ ਅਦਾ ਕਰਨ ਵਾਲਾ ਰਿਸ਼ੀ ਕਪੂਰ ਭਾਰਤੀ ਸਿਨੇਮੇ ਦਾ ਖਾਸ ਅਦਾਕਾਰ ਹੈ ਅਤੇ ਇੰਝ ਹੀ ਯਾਦ ਕੀਤਾ ਜਾਵੇਗਾ। ਉਨ੍ਹਾਂ ਆਪਣੇ ਪਿਤਾ ਰਾਜ ਕਪੂਰ ਬਾਰੇ ਜਾਂ ਆਪਣੀ ਫਿਲਮ ਬਾਬੀ ਤੋਂ ਪਹਿਲਾਂ ਪਾਰਸੀ ਕੁੜੀ ਯਾਸਮੀਨ ਮਹਿਤਾ ਨਾਲ ਰਿਸ਼ਤੇ ਤੋਂ ਲੈ ਕੇ ਨੀਤੂ ਸਿੰਘ , ਡਿੰਪਲ ਕਪਾਡੀਆ, ਰਾਜੇਸ਼ ਖੰਨਾ, ਜਾਵੇਦ ਅਖ਼ਤਰ ਤੱਕ ਬੇਝਿਜਕ ਖੁੱਲ੍ਹ ਕੇ ਆਪਣੀ ਜੀਵਨੀ ਵਿਚ ਲਿਖਿਆ। 

30 ਅਪ੍ਰੈਲ 2020 ਨੂੰ ਆਪਣੀ 67 ਸਾਲ ਉਮਰ ਹੰਢਾ ਕੇ ਹੀਰੋਇਨਾਂ ਦਾ ਹੀਰੋ, 1970 ਦਾ ਰੋਮਾਂਟਿਕ ਹੀਰੋ, ਕਪੂਰ ਖਾਨਦਾਨ ਦਾ ਕਪੂਰ, ਭਾਰਤੀ ਸਿਨੇਮਾ ਦਾ ਬਿਹਤਰੀਨ ਅਦਾਕਾਰ ਸਾਨੂੰ ਅਲਵਿਦਾ ਕਹਿ ਗਿਆ ਹੈ। ਸੁਭਾਸ਼ ਘਈ ਦੀ ਫਿਲਮ ਕਰਜ ਅੰਗਰੇਜ਼ੀ ਫ਼ਿਲਮ 'ਦੀ ਰੀਇਨਕਾਰਨੇਸ਼ਨ ਆਫ ਪੀਟਰ ਪ੍ਰਾਊਡ' ਤੋਂ ਪ੍ਰਭਾਵਿਤ ਸੀ। ਆਪਣੀ ਫਿਲਮ ਕਰਜ਼ ਵਾਂਗੂੰ ਰਿਸ਼ੀ ਕਪੂਰ ਕੀ ਦੁਬਾਰਾ ਜਨਮ ਲੈ ਕੇ ਇਸ ਦੁਨੀਆਂ ਦਾ ਫਿਰ ਤੋਂ ਰੋਮਾਂਟਿਕ ਹੀਰੋ ਬਣੇਗਾ ਅਜਿਹੇ ਫਿਲਮੀ ਖਿਆਲਾਂ ਵਿਚ ਹਕੀਕਤ ਇਹੋ ਹੈ ਕਿ ਉਹ ਹੁਣ ਸਾਡੇ ਵਿਚ ਨਹੀਂ ਹਨ ਪਰ ਉਨ੍ਹਾਂ ਦੀਆਂ ਫ਼ਿਲਮਾਂ ਸਾਡੇ ਵਿਚ ਯਕੀਨਨ ਹਨ।

PunjabKesari


author

rajwinder kaur

Content Editor

Related News