ਮੈਨੂੰ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ, ਇਹੀ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਉਪਲੱਬਧੀ ਹੈ: ਹੁੱਡਾ
Saturday, May 16, 2026 - 10:37 AM (IST)
ਮੁੰਬਈ- ਪੁਲਸ ਬਹਾਦਰੀ ਤੇ ਉਨ੍ਹਾਂ ਦੇ ਸੰਘਰਸ਼ ’ਤੇ ਆਧਾਰਤ ਕਹਾਣੀਆਂ ਨੇ ਹਮੇਸ਼ਾ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ ਤੇ ਅਜਿਹੀ ਹੀ ਇਕ ਚਰਚਿਤ ਵੈੱਬ ਸੀਰੀਜ਼ ਹੈ ‘ਇੰਸਪੈਕਟਰ ਅਵਿਨਾਸ਼-2’। ਸੀਰੀਜ਼ ਨੇ ਆਪਣੇ ਪਹਿਲੇ ਸੀਜ਼ਨ ਤੋਂ ਬਾਅਦ ਹੁਣ ਹੋਰ ਜ਼ਿਆਦਾ ਇੰਟੈਂਸ ਅਤੇ ਗ੍ਰਿਪਿੰਗ ਕਹਾਣੀ ਨਾਲ ਵਾਪਸੀ ਕੀਤੀ ਹੈ। ਨੀਰਜ ਪਾਠਕ ਇਸ ਦੇ ਨਿਰਦੇਸ਼ਕ ਹਨ। ਰਣਦੀਪ ਹੁੱਡਾ ਇਸ ਸੀਰੀਜ਼ ਵਿਚ ਪੁਲਸ ਅਧਿਕਾਰੀ ਅਵਿਨਾਸ਼ ਮਿਸ਼ਰਾ ਦੀ ਭੂਮਿਕਾ ਨਿਭਾਅ ਰਹੇ ਹਨ, ਸੀਰੀਜ਼ ਦਾ ਦੂਜਾ ਸੀਜ਼ਨ 15 ਮਈ ਤੋਂ ਜੀਓ ਹੋਟਸਟਾਰ ’ਤੇ ਸਟ੍ਰੀਮ ਹੋ ਗਿਆ ਹੈ। ਸੀਰੀਜ਼ ਬਾਰੇ ਸਟਾਰਕਾਸਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਸਿਰਫ਼ ਵਰਦੀ ਪਾਉਣਾ ਕਿਸੇ ਕਿਰਦਾਰ ਨੂੰ ਖ਼ਾਸ ਨਹੀਂ ਬਣਾਉਂਦਾ : ਰਣਦੀਪ ਹੁੱਡਾ
ਪ੍ਰ. ਤੁਸੀਂ ਕਈ ਪੁਲਸ ਅਧਿਕਾਰੀਆਂ ਦੇ ਕਿਰਦਾਰ ਨਿਭਾਏ ਹਨ। ਸਮੇਂ ਨਾਲ ਤੁਹਾਡੀ ਸਮਝ ਵਿਚ ਕੀ ਬਦਲਾਅ ਆਇਆ?
ਮੇਰੇ ਲਈ ਸਭ ਤੋਂ ਜ਼ਰੂਰੀ ਗੱਲ ਹਮੇਸ਼ਾ ਇਹ ਰਹੀ ਕਿ ਹਰ ਪੁਲਸ ਵਾਲੇ ਪਿੱਛੇ ਇਕ ਇਨਸਾਨ ਹੁੰਦਾ ਹੈ। ਸਿਰਫ਼ ਵਰਦੀ ਪਹਿਨ ਲੈਣਾ ਕਿਸੇ ਕਿਰਦਾਰ ਨੂੰ ਖ਼ਾਸ ਨਹੀਂ ਬਣਾਉਂਦਾ। ਮੈਂ ਹਮੇਸ਼ਾ ਉਸ ਇਨਸਾਨ ਦੀ ਮਾਨਸਿਕਤਾ, ਉਸ ਦੀ ਜ਼ਿੰਦਗੀ ਤੇ ਉਸ ਦੇ ਸੰਘਰਸ਼ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਪਹਿਲੀ ਵਾਰ ਫਿਲਮ ‘ਰਿਸਕ’ ਵਿਚ ਪੁਲਸ ਅਧਿਕਾਰੀ ਦਾ ਰੋਲ ਨਿਭਾਇਆ ਸੀ। ਉਸ ਦੌਰਾਨ ਮੈਂ ਅਸਲੀ ਪੁਲਸ ਅਫ਼ਸਰ ਦਯਾ ਨਾਮਕ ਨਾਲ ਕਾਫ਼ੀ ਸਮਾਂ ਬਿਤਾਇਆ ਸੀ ਪਰ ਇੰਸਪੈਕਟਰ ਅਵਿਨਾਸ਼ ਮੇਰੇ ਲਈ ਵੱਖਰਾ ਅਨੁਭਵ ਰਿਹਾ ਕਿਉਂਕਿ ਅਵਿਨਾਸ਼ ਮਿਸ਼ਰਾ ਖ਼ੁਦ ’ਚ ਇਕ ਸੰਸਥਾ ਵਰਗਾ ਹੈ। ਉਨ੍ਹਾਂ ਦਾ ਅਪਰਾਧੀਆਂ ਨਾਲ ਗੱਲਬਾਤ ਕਰਨ ਦਾ ਤਰੀਕਾ ਬੇਹੱਦ ਅਲੱਗ ਹੈ। ਉੱਪਰ ਤੋਂ ਸ਼ਾਂਤ ਦਿਖਾਈ ਦੇਣ ਵਾਲਾ ਅਵਿਨਾਸ਼ ਅੰਦਰ ਤੋਂ ਬੇਹੱਦ ਮਜ਼ਬੂਤ ਇਨਸਾਨ ਹੈ। ਉਨ੍ਹਾਂ ਨਾਲ ਸਮਾਂ ਬਿਤਾਉਣ ਤੋਂ ਬਾਅਦ ਮੈਨੂੰ ਸਮਝ ਆਇਆ ਕਿ ਪੁਲਸਿੰਗ ਸਿਰਫ਼ ਡੰਡੇ ਜਾਂ ਤਾਕਤ ਦਾ ਨਾਮ ਨਹੀਂ ਹੈ। ਇਸ ਵਿਚ ਸਾਮ, ਦਾਮ, ਦੰਡ, ਭੇਦ ਸਭ ਦੀ ਵਰਤੋਂ ਕਰਨੀ ਪੈਂਦੀ ਹੈ। ਇਕ ਪੁਲਸ ਵਾਲੇ ਦੀ ਨਿੱਜੀ ਜ਼ਿੰਦਗੀ ਵੀ ਕਾਫ਼ੀ ਪ੍ਰਭਾਵਿਤ ਹੁੰਦੀ ਹੈ।
ਪ੍ਰ. ਸੋਸ਼ਲ ਮੀਡੀਆ ’ਤੇ ਲੋਕ ਤੁਹਾਨੂੰ ਕ੍ਰਿਮੀਨਲ ਅੰਡਰ ਰੇਟੇਡ ਕਹਿੰਦੇ ਹਨ। ਤੁਸੀਂ ਇਸ ਟੈਗ ਨੂੰ ਕਿਵੇਂ ਦੇਖਦੇ ਹੋ?
ਮੈਨੂੰ ਅੰਡਰ ਰੇਟੇਡ ਕਹਾਉਣ ਵਿਚ ਕੋਈ ਦਿੱਕਤ ਨਹੀਂ ਹੈ। ਓਵਰ ਰੇਟੇਡ ਕਹਾਉਣ ਤੋਂ ਬਿਹਤਰ ਹੈ ਅੰਡਰ ਰੇਟੇਡ ਹੋਣਾ। ਮੈਂ ਇਸ ਗੱਲ ਲਈ ਧੰਨਵਾਦੀ ਹਾਂ ਕਿ ਲੋਕ ਮਹਿਸੂਸ ਕਰਦੇ ਹਨ ਕਿ ਮੇਰੇ ਅੰਦਰ ਹਾਲੇ ਹੋਰ ਵੀ ਬਹੁਤ ਕੁਝ ਬਾਕੀ ਹੈ। ਮੇਰੇ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਵੀ ਫਿਲਮਮੇਕਰ ਮੇਰੇ ਕੋਲ ਅਜਿਹੇ ਕਿਰਦਾਰ ਲੈ ਕੇ ਆਉਂਦੇ ਹਨ, ਜੋ ਮੈਂ ਪਹਿਲਾਂ ਕਦੇ ਨਹੀਂ ਕੀਤਾ। ਇਹੀ ਚੀਜ਼ ਮੈਨੂੰ ਲਗਾਤਾਰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ। ਅਹਿਮ ਭੂਮਿਕਾਵਾਂ ਵਿਚ ਕਈ ਵਾਰ ਕਲਾਕਾਰ ਇਕ ਮੋਲਡ ਵਿਚ ਫਸ ਜਾਂਦੇ ਹਨ ਪਰ ਮੈਨੂੰ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਅਤੇ ਇਹੀ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਉਪਲੱਬਧੀ ਹੈ।
ਜੈਪੁਰ ਵਿਚ ਸ਼ੂਟ ਕੀਤਾ ਪ੍ਰੈੱਸ ਕਾਨਫਰੰਸ ਵਾਲਾ ਸੀਨ ਮੇਰੇ ਲਈ ਬੇਹੱਦ ਖ਼ਾਸ : ਫਰੈਡੀ ਦਾਰੂਵਾਲਾ
ਜੀ ਹਾਂ, ਜੈਪੁਰ ਵਿਚ ਸ਼ੂਟ ਕੀਤਾ ਗਿਆ ਇਕ ਪ੍ਰੈੱਸ ਕਾਨਫਰੰਸ ਵਾਲਾ ਸੀਨ ਮੇਰੇ ਲਈ ਬੇਹੱਦ ਖ਼ਾਸ ਸੀ। ਉਸ ਵਿਚ ਮੇਰੇ ਕਿਰਦਾਰ ਨੂੰ ਇਕ ਗੰਭੀਰ ਘਟਨਾ ’ਤੇ ਸਫ਼ਾਈ ਦੇਣੀ ਹੁੰਦੀ ਹੈ। ਸਕ੍ਰਿਪਟ ਵਿਚ ਡੇਢ ਪੰਨੇ ਦੇ ਡਾਇਲਾਗ ਲਿਖੇ ਹੋਏ ਸਨ ਪਰ ਸ਼ੂਟਿੰਗ ਦੌਰਾਨ ਮਹਿਸੂਸ ਹੋਇਆ ਕਿ ਉਹ ਸੰਵਾਦ ਓਨੇ ਪ੍ਰਭਾਵੀ ਨਹੀਂ ਲੱਗ ਰਹੇ। ਫਿਰ ਨਿਰਦੇਸ਼ਕ ਨੀਰਜ ਸਰ, ਲੇਖਕਾਂ ਰਾਹੁਲ ਤੇ ਉਤਕਰਸ਼ ਨਾਲ ਬੈਠ ਕੇ ਅਸੀਂ ਉਸ ਸਮੇਂ ਪੂਰੇ ਡਾਇਲਾਗ ਦੁਬਾਰਾ ਤਿਆਰ ਕੀਤੇ।
ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਮੈਂ ਸਿਰਫ਼ ਡਾਇਲਾਗ ਬੋਲਣੇ ਨਹੀਂ ਸਨ ਸਗੋਂ ਉਨ੍ਹਾਂ ਨੂੰ ਮਹਿਸੂਸ ਵੀ ਕਰਨਾ ਸੀ। ਨੀਰਜ ਸਰ ਨੇ ਉਸ ਸੀਨ ਨੂੰ ਬਹੁਤ ਅਸਲ ਤਰੀਕੇ ਨਾਲ ਸ਼ੂਟ ਕੀਤਾ। ਜਦੋਂ ਸੀਨ ਖ਼ਤਮ ਹੋਇਆ ਤਾਂ ਉੱਥੇ ਮੌਜੂਦ ਲੋਕ ਤਾੜੀਆਂ ਵਜਾਉਣ ਲੱਗੇ ਕਿਉਂਕਿ ਉਹ ਹਾਈਰਡ ਕਰਾਊਡ ਸੀ ਪਰ ਉਨ੍ਹਾਂ ਦੀ ਪ੍ਰਤੀਕਿਰਿਆ ਪੂਰੀ ਤਰ੍ਹਾਂ ਅਸਲੀ ਸੀ। ਮੇਰੇ ਲਈ ਉਹ ਪਲ ਬੇਹੱਦ ਖ਼ਾਸ ਸੀ।
ਖ਼ੁਦ ਨੂੰ ਇਕ ਤਰ੍ਹਾਂ ਦੇ ਕਿਰਦਾਰ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ : ਰਜਨੀਸ਼ ਦੁੱਗਲ
ਪ੍ਰ. ਤੁਸੀਂ ਹਾਰਰ, ਪੀਰੀਅਡ ਡਰਾਮਾ, ਰੋਮਾਂਟਿਕ ਅਤੇ ਪੌਰਾਣਿਕ ਕਿਰਦਾਰ ਤੱਕ ਨਿਭਾਏ ਹਨ। ਹੁਣ ਆਪਣੇ ਕਿਰਦਾਰ ਨੂੰ ਕਿਵੇਂ ਦੇਖਦੇ ਹੋ?
ਮੈਨੂੰ ਲੱਗਦਾ ਹੈ ਕਿ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਮੈਂ ਖ਼ੁਦ ਨੂੰ ਸਿਰਫ਼ ਇਕ ਤਰ੍ਹਾਂ ਦੇ ਕਿਰਦਾਰ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ। ਹੁਣ ਦਰਸ਼ਕ ਵੀ ਵੱਖ-ਵੱਖ ਤਰ੍ਹਾਂ ਦੇ ਰੋਲਾਂ ਵਿਚ ਕਲਾਕਾਰਾਂ ਨੂੰ ਸਵੀਕਾਰ ਕਰ ਰਹੇ ਹਨ ਅਤੇ ਇਹ ਬਦਲਾਅ ਚੰਗਾ ਹੈ। ਇੰਸਪੈਕਟਰ ਅਵਿਨਾਸ਼ ਮੇਰੇ ਕੋਲ ਇਕ ਦਿਲਚਸਪ ਤਰੀਕੇ ਨਾਲ ਆਇਆ। ਉਸ ਸਮੇਂ ਮੈਂ ਇਕ ਦੂਜੀ ਫਿਲਮ ਦੀ ਸ਼ੂਟਿੰਗ ਤੋਂ ਵਾਪਸ ਆਇਆ ਸੀ ਅਤੇ ਮੇਰਾ ਪੁਰਾ ਲੁਕ ਬਿਲਕੁਲ ਵੱਖ ਸੀ। ਦਾੜ੍ਹੀ ਤੇ ਲੰਬੇ ਵਾਲ ਸਨ। ਜਦੋਂ ਮੈਨੂੰ ਪਤਾ ਲੱਗਾ ਕਿ ਪੁਲਸ ਅਧਿਕਾਰੀ ਦਾ ਰੋਲ ਹੈ ਤਾਂ ਪਹਿਲਾਂ ਥੋੜ੍ਹਾ ਅਜੀਬ ਲੱਗਾ ਪਰ ਅਗਲੇ ਹੀ ਦਿਨ ਮੈਂ ਆਪਣਾ ਪੂਰਾ ਲੁਕ ਬਦਲ ਲਿਆ। ਮੈਨੂੰ ਇਹ ਕਿਰਦਾਰ ਇਸ ਲਈ ਵੀ ਖ਼ਾਸ ਲੱਗਾ ਕਿਉਂਕਿ ਇਸ ਵਿਚ ਈਮਾਨਦਾਰ ਪੁਲਸ ਅਫ਼ਸਰ ਦਾ ਇਕ ਵੱਖਰਾ ਪੱਖ ਦਿਖਾਇਆ ਗਿਆ ਹੈ। ਰਣਦੀਪ ਨਾਲ ਸਕ੍ਰੀਨ ਸਾਂਝੀ ਕਰਨਾ ਵੀ ਸ਼ਾਨਦਾਰ ਅਨੁਭਵ ਰਿਹਾ।
150 ਤੋਂ ਜ਼ਿਆਦਾ ਕਿਰਦਾਰ ਇਸ ਸੀਰੀਜ਼ ਦਾ ਹਿੱਸਾ ਬਣੇ : ਨੀਰਜ ਪਾਠਕ
ਪ੍ਰ. ਇੰਨੀ ਵੱਡੀ ਸਟਾਰਕਾਸਟ ਨੂੰ ਇਕੱਠਿਆਂ ਲਿਆਉਣਾ ਕਿੰਨਾ ਚੁਣੌਤੀਪੂਰਨ ਸੀ?
ਇਹ ਸ਼ੋਅ ਕਾਫ਼ੀ ਵੱਡਾ ਸੀ ਅਤੇ ਇਸ ਵਿਚ ਬਹੁਤ ਸਾਰੇ ਕਿਰਦਾਰ ਸਨ। ਕਹਾਣੀ ਵੱਖ-ਵੱਖ ਮਾਮਲਿਆਂ ਅਤੇ ਅਪਰਾਧਾਂ ’ਤੇ ਆਧਾਰਤ ਹੈ, ਇਸ ਲਈ ਹਰ ਕੇਸ ਵਿਚ ਨਵੇਂ ਲੋਕ ਜੁੜਦੇ ਜਾਂਦੇ ਹਨ। ਕੁੱਲ ਮਿਲਾ ਕੇ ਲਗਭਗ 150 ਤੋਂ ਜ਼ਿਆਦਾ ਕਿਰਦਾਰ ਇਸ ਸੀਰੀਜ਼ ਦਾ ਹਿੱਸਾ ਬਣੇ। ਮੇਰੇ ਦਿਮਾਗ਼ ਵਿਚ ਸ਼ੁਰੂਆਤ ਤੋਂ ਸਾਫ਼ ਸੀ ਕਿ ਕਿਸ ਕਿਰਦਾਰ ਲਈ ਕਿਸ ਤਰ੍ਹਾਂ ਦਾ ਅਦਾਕਾਰ ਚਾਹੀਦਾ ਹੈ। ਚੰਗੀ ਗੱਲ ਇਹ ਰਹੀ ਕਿ ਜਿਨ੍ਹਾਂ ਕਲਾਕਾਰਾਂ ਨੂੰ ਅਸੀਂ ਸਭ ਤੋਂ ਪਹਿਲਾਂ ਸੋਚਿਆ ਸੀ, ਲਗਭਗ ਸਾਰੇ ਇਸ ਪ੍ਰੋਜੈਕਟ ਦਾ ਹਿੱਸਾ ਬਣ ਗਏ। ਮੈਂ ਸਾਰਿਆਂ ਨਾਲ ਈਮਾਨਦਾਰੀ ਨਾਲ ਗੱਲ ਕੀਤੀ ਕਿ ਸਾਡਾ ਬਜਟ ਸੀਮਤ ਹੈ ਪਰ ਕਿਰਦਾਰ ਬੇਹੱਦ ਮਜ਼ਬੂਤ ਹੈ। ਸ਼ਾਇਦ ਉਸ ਭਰੋਸੇ ਕਾਰਨ ਮੈਨੂੰ ਮੇਰੀ ਡ੍ਰੀਮ ਕਾਸਟ ਮਿਲ ਗਈ।
ਪ੍ਰ. ਲੋਕ ਰਣਦੀਪ ਨੂੰ ਮੇਨ ਸਟ੍ਰੀਮ ਸਿਨੇਮਾ ਵਿਚ ਜ਼ਿਆਦਾ ਦੇਖਣਾ ਚਾਹੁੰਦੇ ਹਨ। ਤੁਸੀਂ ਕੀ ਸੋਚਦੇ ਹੋ?
ਲੋਕ ਉਨ੍ਹਾਂ ਨੂੰ ਅੰਡਰ ਰੇਟੇਡ ਇਸ ਲਈ ਕਹਿੰਦੇ ਹਨ ਕਿਉਂਕਿ ਉਹ ਉਨ੍ਹਾਂ ਨੂੰ ਹੋਰ ਜ਼ਿਆਦਾ ਵੱਡੇ ਅਤੇ ਮੇਨਸਟ੍ਰੀਮ ਕਿਰਦਾਰਾਂ ’ਚ ਦੇਖਣਾ ਚਾਹੁੰਦੇ ਹਨ। ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਰਣਦੀਪ ਵਰਗੇ ਕਲਾਕਾਰ ਕਮਰਸ਼ੀਅਲ ਸਿਨੇਮਾ ਵਿਚ ਵੀ ਵੱਡੇ ਪੱਧਰ ’ਤੇ ਨਜ਼ਰ ਆਉਣ। ਇੰਸਪੈਕਟਰ ਅਵਿਨਾਸ਼ ਉਸ ਬੈਲੇਂਸ ਨੂੰ ਬਣਾਉਣ ਦੀ ਕੋਸ਼ਿਸ਼ ਹੈ, ਜਿੱਥੇ ਕਹਾਣੀ ਵਿਚ ਰਿਅਲਿਜ਼ਮ ਵੀ ਹੋਵੇ ਅਤੇ ਮਾਸ ਅਪੀਲ ਵੀ।
