ਮੈਂ ਨਿਡਰ ਕੁੜੀ, ਕਈ ਵਾਰ ਕਰੈਕਟਰਲੈੱਸ ਕਿਹਾ ਜਾਂਦਾ ਹੈ ਤਾਂ ਨਜ਼ਰਅੰਦਾਜ਼ ਕਰਨਾ ਹੀ ਬਿਹਤਰ ਸਮਝਦੀ ਹਾਂ : ਪੂਨਮ

Tuesday, Mar 25, 2025 - 01:04 PM (IST)

ਮੈਂ ਨਿਡਰ ਕੁੜੀ, ਕਈ ਵਾਰ ਕਰੈਕਟਰਲੈੱਸ ਕਿਹਾ ਜਾਂਦਾ ਹੈ ਤਾਂ ਨਜ਼ਰਅੰਦਾਜ਼ ਕਰਨਾ ਹੀ ਬਿਹਤਰ ਸਮਝਦੀ ਹਾਂ : ਪੂਨਮ

ਮੁੰਬਈ- ਬਾਲੀਵੁੱਡ ਦੀ ਬੋਲਡ ਤੇ ਗਲੈਮਰਸ ਅਦਾਕਾਰਾ ਪੂਨਮ ਪਾਂਡੇ ਇਕ ਵਾਰ ਫਿਰ ਚਰਚਾ ’ਚ ਹੈ। ਇਸ ਵਾਰ ਉਹ ਕਿਸੇ ਫਿਲਮ ਲਈ ਨਹੀਂ ਸਗੋਂ ਆਪਣੇ ਨਵੇਂ ਰਿਐਲਿਟੀ ਸ਼ੋਅ ‘ਕਿੰਕ ਸੀਜ਼ਨ 2-ਕਿੱਸ, ਇਸ਼ਕ ਐਂਡ ਕੁਨੈਕਸ਼ਨਜ਼’ ਕਾਰਨ ਸੁਰਖ਼ੀਆਂ ’ਚ ਹੈ। ਇਹ ਸ਼ੋਅ ਅਤਰੰਗੀ ਐਪ ’ਤੇ ਸਟਰੀਮ ਕੀਤਾ ਜਾਵੇਗਾ ਅਤੇ ਆਪਣੀ ਬੋਲਡ ਥੀਮ ਅਤੇ ਯੂਥ-ਕੁਨੈਕਟ ਕੰਟੈਂਟ ਕਾਰਨ ਪਹਿਲਾਂ ਹੀ ਕਾਫ਼ੀ ਚਰਚਾ ਬਟੋਰ ਰਿਹਾ ਹੈ। ਸ਼ੋਅ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ, ਜਿਸ ’ਚ ਪੂਨਮ ਪਾਂਡੇ ਦਾ ਗਲੈਮਰਸ ਅੰਦਾਜ਼ ਦਰਸ਼ਕਾਂ ਨੂੰ ਖਿੱਚ ਰਿਹਾ ਹੈ। ਹਾਲਾਂਕਿ ਪੂਨਮ ਸ਼ੋਅ ’ਚ ਮੁਕਾਬਲੇਬਾਜ਼ ਨਹੀਂ ਹੋਵੇਗੀ ਪਰ ਸ਼ੋਅ ’ਚ ਉਸ ਦੀ ਮੌਜੂਦਗੀ ਗਲੈਮਰ ਅਤੇ ਆਕਰਸ਼ਣ ਦੀ ਝਲਕ ਨਾਲ ਭਰਪੂਰ ਹੋਵੇਗੀ। ਸ਼ੋਅ ’ਚ 10-15 ਪ੍ਰਤੀਯੋਗੀ ਹੋਣਗੇ, ਜੋ ਪਿਆਰ ਤੇ ਕੁਨੈਕਸ਼ਨ ਦੀ ਭਾਲ ’ਚ ਵੱਖ-ਵੱਖ ਬੋਲਡ ਟਾਸਕ ’ਚ ਹਿੱਸਾ ਲੈਣਗੇ। ਇਸੇ ਸ਼ੋਅ ਬਾਰੇ ਪੂਨਮ ਪਾਂਡੇ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਪ੍ਰ. ਆਪਣੇ ਸ਼ੋਅ ਕਿੰਕ ਸੀਜ਼ਨ 2 ਬਾਰੇ ਦੱਸੋ।

-ਇਹ ਇਕ ਬਹੁਤ ਹੀ ਵੱਖਰਾ ਤੇ ਦਿਲਚਸਪ ਰਿਐਲਿਟੀ ਸ਼ੋਅ ਹੈ। ਸ਼ੋਅ ’ਚ ਕਿੱਸ, ਇਸ਼ਕ ਤੇ ਕੁਨੈਕਸ਼ਨ - ਇਨ੍ਹਾਂ ਤਿੰਨ ਪਹਿਲੂਆਂ ਨੂੰ ਦਿਖਾਇਆ ਗਿਆ ਹੈ। ਇਹ ਯੂਥ ਲਈ ਬਣਿਆ ਹੈ ਤੇ ਨੌਜਵਾਨ ਦਰਸ਼ਕ ਇਸ ਨੂੰ ਜ਼ਰੂਰ ਪਸੰਦ ਕਰਨਗੇ। ਇਸ ਸ਼ੋਅ ’ਚ ਰਿਸ਼ਤੇ ਬਣਦੇ ਵੀ ਹਨ ਅਤੇ ਟੁੱਟਦੇ ਵੀ ਹਨ…ਅਤੇ ਕੁਝ ਤਾਂ ਸੱਚ ’ਚ ਬਣ ਵੀ ਗਏ ਹਨ।

ਪ੍ਰ. ਜਦੋਂ ਤੁਹਾਨੂੰ ਇਹ ਸ਼ੋਅ ਆਫ਼ਰ ਹੋਇਆ ਤਾਂ ਤੁਹਾਡੀ ਪਹਿਲੀ ਪ੍ਰਤੀਕਿਰਿਆ ਕੀ ਸੀ?

-ਸੱਚ ਕਹਾਂ ਤਾਂ ਮੈਂ ਜ਼ਿਆਦਾ ਸੋਚਿਆ ਹੀ ਨਹੀਂ। ਮੈਨੂੰ ਕੰਮ ਮਿਲਿਆ ਅਤੇ ਮੈਂ ਇਸ ਨੂੰ ਪੂਰੀ ਇਮਾਨਦਾਰੀ ਨਾਲ ਕੀਤਾ। ਮੈਨੂੰ ਸ਼ੂਟਿੰਗ ਦੌਰਾਨ ਬਹੁਤ ਮਜ਼ਾ ਆਇਆ ਅਤੇ ਇਸ ਸ਼ੋਅ ਨੇ ਮੈਨੂੰ ਕੁਝ ਨਵਾਂ ਸਿੱਖਣ ਦਾ ਮੌਕਾ ਦਿੱਤਾ। ਇਸ ਲਈ ਮੇਰਾ ਮੰਨਣਾ ਹੈ ਕਿ ਜੇ ਤੁਹਾਨੂੰ ਮੌਕਾ ਮਿਲ ਰਿਹਾ ਹੈ ਤਾਂ ਉਸ ਕੰਮ ਲਈ ਆਪਣਾ 100 ਫੀਸਦੀ ਦਿਓ।

ਪ੍ਰ. ਇਸ ਸ਼ੋਅ ’ਚ ਤੁਹਾਡਾ ਤਜਰਬਾ ਕਿਹੋ ਜਿਹਾ ਰਿਹਾ?

-ਮੇਰਾ ਤਜਰਬਾ ਬਹੁਤ ਵਧੀਆ ਰਿਹਾ। ਅਸੀਂ ਫੋਟੋ ਸ਼ੂਟ ਕੀਤੇ, ਐਕਟਿੰਗ ਕੀਤੀ ਤੇ ਸੈੱਟ ’ਤੇ ਮਸਤੀ ਵੀ ਕੀਤੀ। ਮੈਨੂੰ ਲੱਗਦਾ ਹੈ ਕਿ ਜੇ ਮੈਨੂੰ ਭਵਿੱਖ ’ਚ ਐਕਟਿੰਗ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਕਰਨਾ ਚਾਹਾਂਗੀ ਅਤੇ ਉਹ ਵੀ ਬਿਨਾਂ ਦੁਬਾਰਾ ਸੋਚੇ।

ਪ੍ਰ੍ਰ. ਜੇਕਰ ਮੌਕਾ ਮਿਲੇ ਤਾਂ ਕਿਸ ਐਕਟਰ ਨਾਲ ਕੰਮ ਕਰਨਾ ਚਾਹੋਗੇ?

-ਇੰਡਸਟਰੀ ’ਚ ਸਾਰੇ ਅਦਾਕਾਰ ਟੇਲੈਂਟਡ ਹਨ ਪਰ ਮੇਰੀ ਇੱਛਾ ਹੈ ਕਿ ਮੈਨੂੰ ਵਿੱਕੀ ਕੌਸ਼ਲ ਨਾਲ ਕੰਮ ਕਰਨ ਦਾ ਮੌਕਾ ਮਿਲੇ। ਇਸ ਤੋਂ ਇਲਾਵਾ ਮੈਂ ਪੰਕਜ ਤ੍ਰਿਪਾਠੀ ਨਾਲ ਵੀ ਕੰਮ ਕਰਨਾ ਚਾਹੁੰਦੀ ਹਾਂ ਕਿਉਂਕਿ ਉਹ ਹਰ ਕਿਰਦਾਰ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਹਨ ਅਤੇ ਇਕ ਬਿਹਤਰੀਨ ਕਲਾਕਾਰ ਹਨ।

ਪ੍ਰ. ਸ਼ੋਅ ’ਚ ਤੁਹਾਡਾ ਪਸੰਦੀਦਾ ਮੁਕਾਬਲੇਬਾਜ਼ ਕੌਣ ਹੈ?

-ਮੇਰੇ ਲਈ ਸਾਰੇ ਮੁਕਾਬਲੇਬਾਜ਼ ਸਪੈਸ਼ਲ ਹਨ। ਹਰੇਕ ਦੀ ਆਪਣੀ ਖ਼ੂਬੀ ਹੈ, ਇਸ ਲਈ ਮੈਂ ਕਿਸੇ ਇਕ ਨੂੰ ਪਸੰਦੀਦਾ ਨਹੀਂ ਕਹਿ ਸਕਦੀ। ਮੈਂ ਸਭ ਨਾਲ ਬਰਾਬਰੀ ਨਾਲ ਪੇਸ਼ ਆਉਂਦੀ ਹਾਂ ਅਤੇ ਮੇਰੇ ਲਈ ਸਾਰੇ ਬਰਾਬਰ ਹਨ।

ਪ੍ਰ. ਨੈਗੇਟਿਵ ਕਮੈਂਟਸ ਤੇ ਟਰੋਲਿੰਗ ਨਾਲ ਤੁਸੀਂ ਕਿਵੇਂ ਡੀਲ ਕਰਦੇ ਹੋ?

-ਮੈਂ ਉਨ੍ਹਾਂ ਕਮੈਂਟਸ ’ਤੇ ਬਿਲਕੁਲ ਵੀ ਧਿਆਨ ਨਹੀਂ ਦਿੰਦੀ। ਮੈਂ ਇਕ ਨਿਡਰ ਲੜਕੀ ਹਾਂ। ਲੋਕ ਕੁਝ ਵੀ ਕਹਿ ਸਕਦੇ ਹਨ, ਕਈ ਵਾਰ ਮੈਨੂੰ ਕਰੈਕਟਰਲੈੱਸ ਕਿਹਾ ਜਾਂਦਾ ਹੈ ਪਰ ਮੈਂ ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਹੀ ਬਿਹਤਰ ਸਮਝਦੀ ਹਾਂ। ਜੋ ਮੈਂ ਕਰਨਾ ਹੈ, ਮੈਂ ਉਹ ਬਿਨਾਂ ਕਿਸੇ ਡਰ ਤੋਂ ਕਰਦੀ ਹਾਂ।


author

cherry

Content Editor

Related News