ਗੁਲਜ਼ਾਰਨਾਮਾ

08/19/2019 4:39:39 PM

ਸੰਪੂਰਨ ਸਿੰਘ ਕਾਲਰਾ ਆਪਣੀ ਕਲਮ ਨਾਲ ਸਰਗਰਮ ਹੁੰਦਾ ਗੁਲਜ਼ਾਰ ਦੀਨਵੀ ਦੇ ਨਾਮ ਨਾਲ ਆਉਂਦੇ ਹਨ। ਫਿਰ ਉਹ ਦੀਨਵੀ ਤੱਖ਼ਲਸ ਵੀ ਤਿਆਗ ਦਿੰਦੇ ਹਨ ਅਤੇ ਸਿਰਫ ਗੁਲਜ਼ਾਰ ਹੋ ਜਾਂਦਾ ਹਨ। ਇੱਕਲਾ ਗੁਲਜ਼ਾਰ ਆਪਣੇ ਆਪ 'ਚ ਪੂਰੀ ਬਹਾਰ ਹੀ ਤਾਂ ਹੈ।ਪਾਕਿਸਤਾਨ ਦੇ ਜ਼ਿਲ੍ਹਾ ਜੇਹਲਮ ਦੇ ਦੀਨਾ ਤੋਂ ਪੈਦਾਇਸ਼ ਲਈ ਗੁਲਜ਼ਾਰ ਵੀ ਉਨ੍ਹਾਂ ਪੰਜਾਬੀਆਂ 'ਚੋਂ ਹਨ, ਜੋ ਵੰਡ ਦੇ ਸੰਤਾਪ ਨੂੰ ਕਲੇਜੇ ਸੰਭਾਲੀ ਆਏ ਹਨ। ਇਹ ਦਰਦ ਕੋਈ ਆਮ ਦਰਦ ਨਹੀਂ ਹੈ। ਇਸ ਦਰਦ 'ਚੋਂ ਬੰਦਾ ਆਪਣੇ ਅੱਜ 'ਚ ਹੋਣ ਦੇ ਬਾਵਜੂਦ ਪੂਰਾ ਉਸ ਦੌਰ ਤੋਂ ਬਾਹਰ ਨਹੀਂ ਆਉਂਦਾ, ਜੋ ਉਹ ਲਹਿੰਦੇ ਪੰਜਾਬ 'ਚ ਛੱਡ ਆਇਆ।
ਚਿੱਟਾ ਪਜ਼ਾਮਾ ਕੁੜਤਾ, ਚਿੱਟੀ ਸ਼ਾਲ। ਇਸ ਪਹਿਰਾਵੇ ਨਾਲ ਗੁਲਜ਼ਾਰ ਬਾਹਰੋਂ ਜਿੰਨਾ ਸ਼ਾਂਤ ਨਜ਼ਰ ਆਉਂਦੇ ਹਨ ਉਹ ਆਪਣੀ ਰਚਨਾ 'ਚ ਉਨੇਂ ਹੀ ਬਾਗੀ ਹਨ। ਗੁਲਜ਼ਾਰ ਨੂੰ ਮੈਂ ਜਦੋਂ ਸਮਝਦਾ ਹਾਂ ਤਾਂ ਉਨ੍ਹਾਂ ਦੇ ਗੀਤਾਂ ਤੋਂ ਬਿਨਾਂ ਸਮਝਣਾ ਔਖਾ ਹੈ। ਗੁਲਜ਼ਾਰ ਨੂੰ 1947 ਦੀ ਵੰਡ ਅਤੇ ਉਨ੍ਹਾਂ ਦੇ ਨਿਰਦੇਸ਼ਕੀ ਸਫਰ ਤੋਂ ਬਿਨ੍ਹਾਂ ਦੇਖਣਾ ਵੀ ਅੱਧਾ ਅਧੂਰਾ ਰਹੇਗਾ।
ਹਿੰਦੀ ਸਿਨੇਮਾ ਅੰਦਰ ਬਿਮਲ ਰਾਏ ਨੇ ਸਿਨੇਮਾ ਨੂੰ ਖਾਸ ਹਿੱਸਾ ਦਿੱਤਾ। ਇਸ ਯੋਗਦਾਨ 'ਚ ਗੁਲਜ਼ਾਰ ਦਾ ਉਨ੍ਹਾਂ ਦੀ ਫਿਲਮ 'ਬੰਦਿਨੀ' ਨਾਲ ਬਤੌਰ ਗੀਤਕਾਰ ਆਉਣਾ ਖਾਸ ਰਿਹਾ। ਸੋ ਗੁਲਜ਼ਾਰ ਨੂੰ ਸਮਝਣ ਲਈ ਬਿਮਲ ਰਾਏ ਨੂੰ ਸਮਝਣਾ ਹੋਵੇਗਾ।
ਬਿਮਲ ਰਾਏ ਦਾ ਸਿਨੇਮਾ ਕੀ ਹੈ। ਇਸ ਬਾਰੇ ਜੇ ਸੰਖੇਪ 'ਚ ਜਾਨਣਾ ਹੋਵੇ ਤਾਂ ਰਿਸ਼ੀਕੇਸ਼ ਮੁਖਰਜ਼ੀ ਦੀ ਫਿਲਮ 'ਗੁੱਡੀ' ਦੇਖੀ ਜਾ ਸਕਦੀ ਹੈ। 'ਗੁੱਡੀ' ਫਿਲਮ ਦੇ ਸੰਵਾਦ, ਗੀਤ, ਪਟਕਥਾ ਤੇ ਕਹਾਣੀ ਗੁਲਜ਼ਾਰ ਸਾਹਿਬ ਦੀ ਹੀ ਹੈ। ਉਹ ਆਪਣੇ ਬਿਮਲ ਰਾਏ ਅਤੇ ਸਿਨੇਮਾ ਦੀ ਦੁਨੀਆਂ ਨੂੰ ਇਸ ਫਿਲਮ ਦੀ ਕਹਾਣੀ ਰਾਹੀਂ ਬਾਖੂਬੀ ਰੱਖਦੇ ਹਨ। 'ਗੁੱਡੀ' ਧਰਮਿੰਦਰ ਨਾਲ ਪਿਆਰ ਕਰਦੀ ਹੈ। ਉਸ ਨੂੰ ਧਰਮਿੰਦਰ ਦੀ ਫਿਲਮ 'ਅਨੁਪਮਾ' ਵਾਰ- ਵਾਰ ਦੇਖਣੀ ਪਸੰਦ ਹੈ। ਅੱਗੇ ਜਾ ਕੇ ਸਿਨੇਮਾ ਦਾ ਇਹ ਨਾਇਕ ਗੁੱਡੀ ਦੀ ਅਸਲ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ। ਗੁੱਡੀ ਦਾ ਮਾਮਾ ਗੁੱਡੀ ਨੂੰ ਇਹ ਸਮਝਾਉਣ ਲਈ ਕਿ ਸਿਨੇਮਾ ਦੀ ਦੁਨੀਆਂ ਅਤੇ ਅਸਲ ਦੁਨੀਆਂ 'ਚ ਕੀ ਫਰਕ ਹੈ, ਇਸ ਲਈ ਉਹ ਧਰਮਿੰਦਰ ਦਾ ਹੀ ਸਹਾਰਾ ਲੈਂਦਾ ਹੈ।
ਇਸ ਸੰਦਰਭ 'ਚ ਧਰਮਿੰਦਰ ਬਿਮਲ ਰਾਏ ਦੇ ਸਟੂਡੀਓ ਨੂੰ ਦਿਖਾਉਂਦਾ ਦੱਸਦਾ ਹੈ ਕਿ ਕਿਸੇ ਵੇਲੇ ਆਹ ਖੰਡਰ ਲੱਗਣ ਵਾਲਾ ਸਟੂਡੀਓ ਬਿਮਲ ਰਾਏ ਕਰਕੇ ਚਹਿਲ ਪਹਿਲ ਦਾ ਕੇਂਦਰ ਸੀ। ਇਸ ਸਟੂਡੀਓ 'ਚ ਬਿਮਲ ਰਾਏ ਨੇ ਕਿੰਨੀਆਂ ਹੀ ਫਿਲਮਾਂ ਦਾ ਨਿਰਮਾਣ ਕੀਤਾ। ਸੱਚ ਤਾਂ ਹੈ ! ਬਿਮਲ ਰਾਏ ਦਾ ਸਿਨੇਮਾ ਇੱਕੋ ਵੇਲੇ ਯਥਾਰਥਵਾਦੀ ਅਤੇ ਵਪਾਰਕ ਪੱਖ ਲੈ ਕੇ ਚਲਦਾ ਹੈ। ਸਭ ਤੋਂ ਸ਼ਾਨਦਾਰ ਨੁਕਤਾ ਇਹ ਹੈ ਕਿ ਉਹ 'ਇੱਕੋ ਵੇਲੇ ਦੋ ਬੀਗਾ ਜ਼ਮੀਨ', 'ਬੰਧਿਨੀ', 'ਮਧੂਮਤੀ', 'ਦੇਵਦਾਸ', 'ਸੁਜਾਤਾ', 'ਯਹੂਦੀ' ਬਣਾ ਰਹੇ ਹਨ। 'ਦੋ ਬੀਗਾ ਜ਼ਮੀਨ' ਉਨ੍ਹਾਂ ਬਾਈਸਾਈਕਲ ਥੀਵਸ ਤੋਂ ਪ੍ਰਭਾਵਿਤ ਹੋ ਬਣਾਈ ਸੀ ਅਤੇ ਭਾਰਤ 'ਚ ਇਸ ਤਰ੍ਹਾਂ ਦੀ ਸ਼ੈਲੀ ਦਾ ਸਿਨੇਮਾ ਤੋਰ ਦਿੱਤਾ। ਇਸ ਸ਼ੈਲੀ 'ਤੇ ਹੋਰ ਬਹੁਤ ਸਾਰੇ ਨਿਰਦੇਸ਼ਕਾਂ ਨੇ ਫਿਲਮਾਂ ਬਣਾਈਆਂ।
ਬਿਮਲ ਰਾਏ ਦੇ ਸਿਨੇਮਾ ਦੀ ਇਕ ਖੂਬੀ ਮੈਨੂੰ ਇਹ ਲੱਗਦੀ ਹੈ ਕਿ ਉਨ੍ਹਾਂ ਦੀ ਫਿਲਮ ਅੰਦਰ ਜਨਾਨੀਆਂ ਦੇ ਕਿਰਦਾਰ ਨੂੰ ਲੈ ਕੇ ਖਾਸ ਮਿਹਨਤ ਕੀਤੀ ਹੁੰਦੀ ਹੈ। ਬਿਰਾਜ ਬਹੂ ਤੋਂ ਕਾਮਿਨੀ ਕੌਸ਼ਲ, ਬੰਧਿਨੀ ਅਤੇ ਸੁਜਾਤਾ ਤੋਂ ਨੂਤਨ ਨੂੰ ਸਰਵੋਤਮ ਅਦਾਕਾਰਾ ਦਾ ਫਿਲਮਫੇਅਰ ਤੱਕ ਮਿਲਦਾ ਹੈ। ਬਿਮਲ ਰਾਏ ਦੇ ਸਿਨੇਮਾ ਦੀ ਔਰਤ ਉਸ ਦੌਰ ਦੇ ਖਾਸ ਢਾਂਚੇ ਤੋਂ ਬਾਹਰ ਦੇਖਣ ਦੀ ਕੌਸ਼ਿਸ਼ ਵੀ ਕਰਦੀ ਹੈ ਅਤੇ ਉਸ ਦੌਰ ਦੀ ਹੱਦਬੰਦੀ ਨੂੰ ਉਜਾਗਰ ਵੀ ਕਰਦੀ ਹੈ। 'ਦੇਵਦਾਸ ਦੀ ਪਾਰੋ' ਅਤੇ 'ਚੰਦਰਮੁੱਖੀ' ਔਰਤ ਦੇ ਰੂਪ 'ਚ ਦੋ ਵਿਚਾਰ ਵੱਜੋਂ ਵੀ ਦੇਖੇ ਜਾ ਸਕਦੇ ਹਨ। ਬੰਧਿਨੀ ਦੀ ਅਸ਼ੋਕ ਕੁਮਾਰ ਅਤੇ ਧਰਮਿੰਦਰ ਦਰਮਿਆਨ ਚੋਣ 'ਚ ਵੀ ਇਸੇ ਨਜ਼ਰੀਏ ਦੀ ਗੱਲ ਹੋ ਰਹੀ ਹੈ।
ਇਸੇ ਤਰ੍ਹਾਂ ਬਿਲਮ ਰਾਏ ਦੀ ਖਾਸ ਫਿਲਮ 'ਮਧੂਮਤੀ' ਦਾ ਜ਼ਿਕਰ ਹੋ ਸਕਦਾ ਹੈ। ਬੰਬੇ ਟਾਕੀਜ਼ (ਅਸ਼ੋਕ ਕੁਮਾਰ ਅਤੇ ਹਿੰਮਾਸ਼ੂ ਰਾਏ-ਦੇਵਿਕਾ ਰਾਣੀ ਦੀ ਪ੍ਰੋਡਕਸ਼ਨ) ਨੇ 'ਮਹਿਲ' ਫਿਲਮ ਦਾ ਨਿਰਮਾਣ ਕੀਤਾ। ਕਮਾਲ ਦਾ ਥ੍ਰਿਲ ਅਤੇ ਮੁੜ ਜਨਮ ਦੀ ਕਹਾਣੀ ਨਾਲ ਇਹ ਫਿਲਮ ਗਜਬ ਦੇ ਰੋਮਾਂਚ ਨੂੰ ਪੇਸ਼ ਕਰਦੀ ਹੈ। ਇਸ ਫਿਲਮ ਨੇ ਮਧੂਬਾਲਾ ਨੂੰ ਸਥਾਪਿਤ ਕੀਤਾ। 'ਆਏਗਾ ਆਏਗਾ ਆਣੇ ਵਾਲਾ'…ਗੀਤ ਤੋਂ ਲਤਾ ਮੰਗੇਸ਼ਕਰ ਨੂੰ ਸਥਾਪਿਤ ਕੀਤਾ। ਕਮਾਲ ਅਮਰੋਹੀ (ਪਾਕੀਜ਼ਾ ਵਾਲਾ) ਦੀ ਇਹ ਪਲੇਠੀ ਫਿਲਮ ਸੀ। ਇਸ ਫਿਲਮ ਦਾ ਬਤੌਰ ਸਹਾਇਕ ਬਿਮਲ ਰਾਏ ਵੀ ਹਿੱਸਾ ਸੀ।
ਬਿਮਲ ਰਾਏ ਨੇ ਇਸੇ ਤੋਂ 'ਮਧੂਮਤੀ' ਫਿਲਮ ਨੂੰ ਕਹਿਣ ਦੀ ਪ੍ਰੇਰਣਾ ਲਈ। ਮਧੂਮਤੀ ਇਕ-ਇਕ ਸਾਂਝਾ ਪ੍ਰੋਜੈਕਟ ਹੈ, ਜਿਸ ਨੂੰ ਰਿਤਵਿਕ ਘਟਕ ਨੇ ਲਿਖਿਆ ਅਤੇ ਬਿਮਲ ਰਾਏ ਨੇ ਨਿਰਦੇਸ਼ਤ ਕੀਤਾ। ਗੁਲਜ਼ਾਰ ਸਾਹਬ ਦੀ ਦੋਸਤੀ ਜਾਂ ਅਦਬੀ ਸਾਂਝ 'ਚ ਸ਼ੈਲਿੰਦਰ ਹਨ, ਬਾਸੂ ਭੱਟਾਚਾਰੀਆ ਹਨ। ਰਾਜਿੰਦਰ ਸਿੰਘ ਬੇਦੀ ਅਤੇ ਕ੍ਰਿਸ਼ਨ ਚੰਦਰ, ਸਰਦਾਰ ਜ਼ਾਫਰੀ ਦੀਆਂ ਦੇਖੀਆਂ ਮਹਿਫਲਾਂ ਹਨ। ਗੁਲਜ਼ਾਰ ਨੇ ਅਜਿਹੇ ਸੱਜਣਾ ਨਾਲ ਕੰਮ ਕੀਤਾ ਅਤੇ ਅੱਗੇ ਜਾ ਕੇ ਰਿਸ਼ੀਕੇਸ਼ ਮੁਖਰਜ਼ੀ, ਸੰਗੀਤਕਾਰ ਸਚਿਨ ਦੇਵ ਬਰਮਨ ਤੋਂ ਲੈ ਕੇ ਹੁਣ ਦੇ ਏ.ਆਰ.ਰਹਿਮਾਨ ਅਤੇ ਵਿਸ਼ਾਲ ਭਰਦਵਾਜ ਦੇ ਨਾਲ ਕੰਮ ਕੀਤਾ। ਵਿਸ਼ਾਲ ਭਰਦਵਾਜ ਨਾਲ ਉਹ ਆਪਣੀ ਪਿਓ-ਪੁੱਤ ਦੀ ਤਰ੍ਹਾਂ ਜਜ਼ਬਾਤੀ ਸਾਂਝ ਮੰਨਦੇ ਹਨ। ਇਹ ਇੱਕਲਾ ਵਿਸ਼ਾਲ ਨਾਲ ਹੀ ਨਹੀਂ ਉਨ੍ਹਾਂ ਨੇ ਬਹੁਤ ਸਾਰੇ ਸੱਜਣਾਂ ਨਾਲ ਇੰਝ ਹੀ ਕੰਮ ਕੀਤਾ ਹੈ।
ਇਹ ਵੀ ਦਿਲਚਸਪ ਹੈ ਕਿ ਜਿਵੇਂ ਬਿਮਲ ਰਾਏ ਅਤੇ ਰਿਤਵਿਕ ਗਟਕ ਨੇ ਸਿਰਫ ਇਕੋ ਵਾਰ ਇੱਕਠਿਆਂ 'ਮਧੂਮਤੀ' ਫਿਲਮ 'ਚ ਕੰਮ ਕੀਤਾ ਹੈ, ਜਿਸ ਬਾਰੇ ਮੈਂ ਪਹਿਲਾਂ ਦੱਸ ਚੁਕਿਆ ਹਾਂ। ਗੁਲਜ਼ਾਰ ਸਾਹਿਬ ਅਤੇ ਹਿੰਦੀ ਸਿਨੇਮਾ ਦੇ ਦੌਰ ਦੇ ਯਾਦਗਾਰ ਹਦਾਇਤਕਾਰਾਂ 'ਚੋਂ ਯਸ਼ ਚੋਪੜਾ ਨਾਲ ਵੀ ਉਨ੍ਹਾਂ ਸਿਰਫ ਇਕ ਵਾਰ ਕੰਮ ਕੀਤਾ ਹੈ। ਹਿੰਦੀ ਫਿਲਮ ਇੰਡਸਟਰੀ ਅਜਿਹੇ ਇਤਫਾਕਣ ਜਾਂ ਦਿਲਚਸਪ ਕਿੱਸਿਆਂ ਨਾਲ ਭਰੀ ਹੋਈ ਹੈ।ਹਿੰਦੀ ਫਿਲਮ ਇਤਿਹਾਸ 'ਚ ਸਭ ਤੋਂ ਸ਼ਾਨਦਾਰ ਨਿਰਦੇਸ਼ਕ ਯਸ਼ ਚੋਪੜਾ, ਲਾਜਵਾਬ ਗੁਲਜ਼ਾਰ ਸਾਹਿਬ ਬਤੌਰ ਗੀਤਕਾਰ ਅਤੇ ਆਸਕਰ ਵਿਜੇਤਾ ਸੰਗੀਤਕਾਰ ਏ. ਆਰ. ਰਹਿਮਾਨ ਨੇ ਇੱਕਠਿਆਂ ਸਿਰਫ ਇਕ ਵਾਰ ਕੰਮ ਕੀਤਾ। ਅਫਸੋਸ ਇਹ ਯਸ਼ ਚੋਪੜਾ ਦੀ ਆਖਰੀ ਫਿਲਮ 'ਜਬ ਤੱਕ ਹੈ ਜਾਨ' ਸੀ। ਇਸੇ ਤਰ੍ਹਾਂ ਸੰਗੀਤਕਾਰ ਓ.ਪੀ ਨਈਅਰ ਅਤੇ ਲਤਾ ਮੰਗੇਸ਼ਕਰ ਨੇ ਕਦੀ ਵੀ ਇੱਕਠਿਆਂ ਕੰਮ ਨਹੀਂ ਕੀਤਾ। ਓ.ਪੀ.ਨਈਅਰ, ਲਤਾ ਮੰਗੇਸ਼ਕਰ ਅਤੇ ਆਸ਼ਾ ਭੌਂਸਲੇ ਦੀ ਇਸੇ ਅਸਲ ਜ਼ਿੰਦਗੀ ਤੋਂ ਪ੍ਰਭਾਵਿਤ ਜਾਂ ਮਿਲਦੀ ਜੁਲਦੀ ਫਿਲਮ ਸ਼ਬਾਨਾ ਆਜ਼ਮੀ,ਅਰੁਣਾ ਇਰਾਨੀ ਦੀ 'ਸਾਜ਼' ਹੈ। ਸੋ ਇਸ ਅਧਾਰ 'ਤੇ ਗੁਲਜ਼ਾਰ ਨੂੰ ਸਮਝਣਾ ਅਤੇ ਦੇਖਣਾ ਮੈਂ ਇਨ੍ਹਾਂ ਨੁਕਤਿਆਂ ਸੰਗ ਤੁਰਦੇ ਹੋਏ ਮਹਿਸੂਸ ਕਰਦਾ ਹਾਂ। ਗੀਤਕਾਰੀ 'ਚ ਗੁਲਜ਼ਾਰ ਸਾਹਿਬ ਨੇ ਸਾਹਿਰ ਲੁਧਿਆਣਵੀ, ਸ਼ੈਲਿੰਦਰ, ਯੋਗੇਸ਼, ਮਜਰੂਹ ਸੁਲਤਾਨਪੁਰੀ, ਹਸਰਤ ਜੈਪੁਰੀ, ਸ਼ਕੀਲ ਬਦਾਯੂੰਨੀ ਤੋਂ ਥੌੜ੍ਹਾ ਵੱਖਰਾ ਰਾਹ ਫੜ੍ਹਿਆ। ਬਹੁਤ ਸਾਰੇ ਇਸ ਸੰਗੀਤ ਦੇ ਸੰਸਾਰ 'ਚ ਗੁਲਜ਼ਾਰ ਸਾਹਿਬ ਨੂੰ ਆਨੰਦ ਬਖ਼ਸ਼ੀ ਦੀ ਅਗਲੇਰੀ ਵਿਰਾਸਤ ਵੀ ਮੰਨਦੇ ਹਨ। ਜਦੋਂ ਪੰਜਾਬੀ ਅਦਬ, ਉਰਦੂ ਤਹਿਜ਼ੀਬ ਅਤੇ ਹਿੰਦੀ ਦੀ ਜੁਗਲਬੰਦੀ 'ਚ ਗੀਤਾਂ ਦੀ ਸਿਰਜਣਾ ਦੀ ਗੱਲ ਹੁੰਦੀ ਹੈ ਤਾਂ ਇਹ ਚਰਚਾ ਵੀ ਰਹਿੰਦੀ ਹੈ ਕਿ ਗੁਲਜ਼ਾਰ ਸਾਹਿਬ ਤੋਂ ਬਾਅਦ ਇਸ ਦੌਰ ਅੰਦਰ ਥੌੜ੍ਹੀ ਬਹੁਤ ਉਰਦੂ ਤਹਿਜ਼ੀਬ ਅਤੇ ਪੰਜਾਬੀ ਅਦਬ ਨੂੰ ਹਿੰਦੀ ਗੀਤਾਂ 'ਚ ਜਿਓਂਦਾ ਰੱਖਣ ਵਾਲਾ ਮਲੇਰਕੋਟਲੇ ਦਾ ਗੀਤਕਾਰ ਇਰਸ਼ਾਦ ਕਾਮਿਲ ਹੀ ਬੱਚਦਾ ਹੈ। ਉਂਝ ਇਸ ਤੋਂ ਜ਼ਰਾ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅਮਿਤਾਬ ਭੱਟਚਾਰੀਆ, ਪ੍ਰਸੂਨ ਜੋਸ਼ੀ, ਸਵਾਨੰਦ ਕਿਰਕਿਰੇ, ਇਰਸ਼ਾਦ ਕਾਮਿਲ ਵਰਗੇ ਨਵੇਂ ਗੀਤਕਾਰਾਂ 'ਚ ਗੁਲਜ਼ਾਰ ਆਪਣੇ ਹੀ ਰੰਗ 'ਚ ਖੜ੍ਹੇ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਸਮਕਾਲੀ ਉਨ੍ਹਾਂ ਨਾਲ ਜਾਵੇਦ ਅਖ਼ਤਰ ਸਾਹਿਬ ਵੀ ਹੁਣ ਤੱਕ ਮਕਬੂਲ ਹਨ।
ਗੁਲਜ਼ਾਰ ਦੀ ਗੀਤਕਾਰੀ ਸਮਝਣ ਲਈ ਗੁਲਜ਼ਾਰ ਸਾਹਿਬ ਦੇ ਨਿਰਦੇਸ਼ਨ 'ਚ ਆਈਆਂ ਫਿਲਮਾਂ ਨੂੰ ਵੀ ਸਮਝਣ ਦੀ ਲੋੜ ਹੈ ਕਿਉਂਕਿ ਉਨ੍ਹਾਂ ਦੀ ਗੀਤਕਾਰੀ ਵਾਂਗੂ ਉਨ੍ਹਾਂ ਦੀਆਂ ਫਿਲਮਾਂ ਵੀ ਕਵਿਤਾ ਅਤੇ ਗੀਤਕਾਰੀ ਵਰਗੀਆਂ ਹਨ। ਮੈਂ ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ਦਾ ਜ਼ਿਕਰ ਤਾਂ ਨਹੀਂ ਕਰਾਂਗਾ ਪਰ ਜਿੰਨ੍ਹਾਂ ਮਾਰਫਤ ਮੈਨੂੰ ਗੁਲਜ਼ਾਰ ਸਾਹਿਬ ਜ਼ਿਆਦਾ ਸਮਝ ਆਉਂਦੇ ਹਨ ਜਾਂ ਜਿੰਨਾਂ ਬਦੌਲਤ ਮੈਂ ਉਨ੍ਹਾਂ ਨਾਲ ਜੁੜਦਾ ਹਾਂ ਉਨਾਂ ਫਿਲਮਾਂ ਦਾ ਜ਼ਿਕਰ ਕਰਨਾ ਬਣਦਾ ਹੈ। ਮੈਂ ਗੁਲਜ਼ਾਰ ਸਾਹਿਬ ਦੀਆਂ ਇਹ ਫਿਲਮਾਂ ਤਿੰਨ ਹਿੱਸਿਆਂ 'ਚ ਵੰਡਦਾ ਹਾਂ। ਮਨੁੱਖੀ ਰਿਸ਼ਤੇ ਅਤੇ ਉਹਨਾਂ ਦੇ ਜਜ਼ਬਾਤ, ਆਪਣੇ ਦੌਰ ਦੇ ਭਖਦੇ ਵਿਸ਼ਿਆਂ ਨੂੰ ਫਿਲਮ ਦੇ ਰੂਪ 'ਚ ਲਿਆਉਣਾ ਅਤੇ ਸਿਆਸਤ ਵਿਸ਼ੇ ਦੇ ਅਧਾਰ ਦਾ ਸਿਨੇਮਾ ਜੋ ਗੁਲਜ਼ਾਰ ਨੇ ਸਮੇਂ-ਸਮੇਂ 'ਤੇ ਬਣਾਇਆ ਹੈ।
ਕੌਸ਼ਿਸ਼-1972 'ਚ ਆਈ ਇਹ ਫਿਲਮ ਜਪਾਨੀ ਫਿਲਮ 'ਹੈਪੀਨਸ ਓਫ ਅਸ ਅਲੋਨ' ਤੋਂ ਪ੍ਰਭਾਵਿਤ ਸੀ।ਸੰਜੀਵ ਕੁਮਾਰ ਅਤੇ ਜੈ ਭਾਦੁੜੀ ਦੀ ਇਹ ਫਿਲਮ ਉਸ ਗੁੰਗੇ-ਬੋਲੇ ਮਾਪਿਆਂ ਦੀ ਕਹਾਣੀ ਸੀ ਜਿੰਨਾਂ ਨੂੰ ਇਕ- ਦੂਜੇ ਨਾਲ ਪਿਆਰ ਹੁੰਦਾ ਹੈ ਅਤੇ ਆਪਣੀ ਬੇ-ਅਵਾਜ਼ ਦੁਨੀਆਂ 'ਚ ਉਹ ਪਿਆਰ ਦੀ ਅਵਾਜ਼ ਨੂੰ ਸੁਣਦੇ ਹਨ। ਉਨ੍ਹਾਂ ਦਾ ਸੰਘਰਸ਼, ਉਨ੍ਹਾਂ ਦਾ ਪਿਆਰ ਅਤੇ ਉਨ੍ਹਾਂ ਦਾ ਆਪਣੇ ਬੱਚੇ ਲਈ ਸਿਰੜ ਕਮਾਲ ਦੀ ਕਹਾਣੀ ਕਹਿੰਦਾ ਹੈ।ਇਹ ਕਹਾਣੀ ਸਾਡੇ ਮਨਾਂ ਅੰਦਰ ਜਜ਼ਬਾਤ ਦੀ ਸੁੱਤੀ ਨਸ ਨੂੰ ਠਕੋਰਦੀ ਹੈ ਅਤੇ ਅਸੀਂ ਇਸ ਅਸਾਧਾਰਣ ਸੰਸਾਰ ਦੇ ਬਹੁਤ ਸਿਹਜ ਅਤੇ ਸਾਧਾਰਣ ਬੰਦਿਆਂ ਨਾਲ ਰੂਬਰੂ ਹੁੰਦੇ ਹਾਂ। ਇਹ ਨੂੰ ਕਹਿਣ ਲਈ ਗੁਲਜ਼ਾਰ ਜਿਹਾ ਨਿਰਦੇਸ਼ਕ ਹੀ ਚਾਹੀਦਾ ਸੀ ਕਿਉਂਕਿ ਇਹ ਫਿਲਮ ਕਿਸੇ ਕਵਿਤਾ ਵਿਚਲੇ ਛੋਟੇ-ਛੋਟੇ ਬਿੰਬ ਅਤੇ ਰੂਪਕਾਂ ਦੀ ਤਰ੍ਹਾਂ ਹੈ, ਜਿੰਨ੍ਹਾਂ ਨੂੰ ਗੁਲਜ਼ਾਰ ਸਾਹਿਬ ਨੇ ਸਿਨੇਮੈਟਿਕ ਤਰਤੀਬ ਨਾਲ ਸਾਡੇ ਸਾਹਮਣੇ ਪੇਸ਼ ਕੀਤਾ ਹੈ।
'ਅਚਾਨਕ' 1973 'ਚ ਆਈ ਇਹ ਫਿਲਮ ਗੁਲਜ਼ਾਰ ਨੇ 1958 ਦੇ ਮਸ਼ਹੂਰ ਨਾਨਾਵਟੀ ਕੇਸ 'ਤੇ ਅਧਾਰਿਤ ਬਣਾਈ ਸੀ।ਇਸ ਤੋਂ ਪਹਾਂ ਸੁਨੀਲ ਦੱਤ ਦੀ ਫਿਲਮ 'ਯੇ ਰਾਸਤੇ ਹੈਂ ਪਿਆਰ ਕੇ' ਇਸੇ ਵਿਸ਼ੇ 'ਤੇ ਆ ਚੁੱਕੀ ਸੀ ਪਰ ਸਫਲਤਾ ਗੁਲਜ਼ਾਰ ਦੀ ਫਿਲਮ ਨੂੰ ਹੀ ਮਿਲੀ। ਇਹ ਕੇਸ ਨਾਨਾਵਟੀ ਪਾਰਸੀ ਅਫਸਰ ਅਤੇ ਉਹਦੀ ਘਰਵਾਲੀ ਸਿਲੀਵੀਆ ਨੂੰ ਲੈ ਕੇ ਸੀ। ਸਿਲੀਵੀਆ ਦੇ ਨਜਾਇਜ਼ ਸਬੰਧ ਨਾਨਾਵਟੀ ਦੇ ਦੋਸਤ ਨਾਲ ਸਨ, ਜੋ ਨਾਨਾਵਟੀ ਨੂੰ ਪਤਾ ਲੱਗ ਗਿਆ ਸੀ।ਉਸ ਦੌਰ ਅੰਦਰ ਇਹ ਭਾਰਤ ਦਾ ਪਹਿਲਾ ਮੀਡੀਆ ਟ੍ਰਾਇਲ ਕੇਸ ਸੀ।ਬੰਬੇ ਦਾ ਰਸਾਲਾ 'ਬਲਿਟਸ' ਅਤੇ ਇਹਦੇ ਮਾਲਕ ਆਰ.ਕੇ.ਕਰਾਨਜੀਆ ਨੇ ਇਸ ਕੇਸ ਦੌਰਾਨ ਨਾਨਾਵਟੀ ਦੇ ਹੱਕ 'ਚ ਪੂਰੀ ਹਵਾ ਬਣਾਈ ਸੀ।ਇਹ ਅਦਾਲਤ ਦਾ ਜਿਊਰੀ ਟ੍ਰਾਇਲ ਢਾਂਚੇ ਦਾ ਆਖਰੀ ਕੇਸ ਸੀ।ਇਸ ਤੋਂ ਬਾਅਦ ਅਦਾਲਤ ਅੰਦਰ ਜਿਊਰੀ ਟ੍ਰਾਇਲ ਢਾਂਚੇ ਨੂੰ ਬੰਦ ਕਰ ਦਿੱਤਾ ਗਿਆ।
'ਮੌਸਮ' 1975 'ਚ ਆਈ ਫਿਲਮ ਏ.ਜੇ.ਕ੍ਰੋਨਿਨ ਦੇ ਨਾਵਲ 'ਦੀ ਜੁਡਾਸ ਟ੍ਰੀ' 'ਤੇ ਅਧਾਰਤ ਹੈ।ਇਸ ਅੰਦਰ ਨਾਇਕ ਆਪਣੀ ਜਵਾਨੀ 'ਚ ਪਹਾੜੀ ਪਿੰਡ ਦੇ ਗਰੀਬ ਹਕੀਮ ਦੀ ਕੁੜੀ ਨੂੰ ਪਿਆਰ ਕਰਦਾ ਹੈ ਅਤੇ ਵਿਆਹ ਕਰਵਾਉਣ ਤੋਂ ਬਾਅਦ ਸ਼ਹਿਰੋਂ ਵਾਪਸ ਨਹੀਂ ਆਉਂਦਾ।ਬਹੁਤ ਸਮੇਂ ਬਾਅਦ ਉਹ ਜਦੋਂ ਵਾਪਸ ਆਉਂਦਾ ਹੈ ਤਾਂ ਉਸ ਨੂੰ ਆਪਣੀ ਹੀ ਪ੍ਰੇਮਿਕਾ ਦੀ ਸ਼ਕਲ ਵਾਲੀ ਕੁੜੀ ਮਿਲਦੀ ਹੈ, ਜੋ ਪੇਸ਼ੇ ਵਜੋਂ ਦੇਹ ਵਪਾਰ 'ਚ ਹੈ ਅਤੇ ਨਾਇਕ ਹੀ ਉਸ ਦਾ ਗਾਹਕ ਬਣ ਕੇ ਉਸ ਦੇ ਸਾਹਮਣੇ ਆ ਗਿਆ ਹੈ।ਇੱਥੋਂ ਰਿਸ਼ਤਿਆਂ ਵਿਚਲੀ ਉਹ ਖਿਚੋਤਾਣ ਜਿਸ 'ਚੋਂ ਨਾਇਕ ਆਪਣੀ ਇਸ ਧੀ ਨੂੰ ਇਸ ਕਾਰੋਬਾਰ 'ਚੋਂ ਬਾਹਰ ਕਰ ਆਪਣੇ ਨਾਲ ਕਿਵੇਂ ਖੜ੍ਹੇ ਇਸ ਚੁਫੇਰੇ ਇਹ ਕਹਾਣੀ ਤੁਰਦੀ ਹੈ।ਰਿਸ਼ਤੇ ਦਰਮਿਆਨ ਜਜ਼ਬਾਤ ਦੀ ਅਜਿਹੀ ਮਹੀਨ ਬੁਣਕਾਰੀ ਕਰਨ ਲਈ ਸੰਵੇਦਨਾ ਦੀ ਸਿਖਰ ਚਾਹੀਦੀ ਹੈ ਕਿਉਂਕਿ ਅਜਿਹੇ ਵਿਸ਼ੇ ਨੂੰ ਨਿਜੱਠਦੇ ਪਰਦੇ 'ਤੇ ਕਦੋਂ ਪੇਸ਼ਕਾਰੀ ਅਸ਼ਲੀਲ ਹੋ ਜਾਵੇ ਇਸ ਦਾ ਧਿਆਨ ਉਹੋ ਰੱਖ ਸਕਦਾ ਹੈ, ਜੋ ਅਜਿਹੇ ਕਿਰਦਾਰਾਂ ਦੀ ਕਸ਼ਮਕਸ਼ ਨੂੰ ਸਮਝਦਾ ਹੋਵੇਗਾ।
ਗੁਲਜ਼ਾਰ ਸਾਹਿਬ ਦੀ ਪਹਿਲੀ ਫਿਲਮ ਮੀਨਾ ਕੁਮਾਰੀ, ਵਿਨੋਦ ਖੰਨਾ ਅਤੇ ਸ਼ਤਰੂਗਨ ਸਿਨਹਾ ਨੂੰ ਲੈਕੇ ਬਣਾਈ 'ਮੇਰੇ ਅਪਨੇ' ਹੈ। ਉਸ ਦੌਰ ਦੀ ਬੇਰੁਜ਼ਗਾਰੀ ਅਤੇ ਬੇਰੁਜ਼ਗਾਰੀ ਦਾ ਸਿਆਸੀਕਰਨ ਅਤੇ ਉਸੇ ਆਬੋ ਹਵਾ 'ਚ ਆਪਣਿਆਂ ਦਾ ਡੁੱਲਦਾ ਖੂਨ ਇਸ ਫਿਲਮ ਦੀ ਕਹਾਣੀ ਸੀ।ਜਿਸ 'ਚ ਮੁੰਡਿਆਂ ਦੀ ਨਾਨੀ ਮੀਨਾ ਕੁਮਾਰੀ ਅਖੀਰ ਇਨ੍ਹਾਂ ਮੁੰਡਿਆਂ ਦੀ ਗੋਲੀ ਦਾ ਹੀ ਸ਼ਿਕਾਰ ਹੁੰਦੀ ਹੈ। ਗੁਲਜ਼ਾਰ ਸਾਹਿਬ ਦੀ ਇਹ ਖੂਬੀ ਹੈ ਕਿ ਸ਼ਾਇਰ ਹੁੰਦਿਆਂ ਅਤੇ ਹਦਾਇਤਕਾਰ ਹੁੰਦਿਆਂ ਉਹ ਦੋਵੇਂ ਰੂਪ 'ਚ ਆਪਣੀ ਕਹਾਣੀ ਹੀ ਕਹਿ ਰਹੇ ਹੁੰਦੇ ਹਨ।ਇਸੇ ਫਿਲਮ ਦਾ ਇਹ ਗੀਤ ਦੇਖੋ-
ਹਾਲ ਚਾਲ ਠੀਕ ਠਾਕ ਹੈ
ਸਭ ਕੁਝ ਠੀਕ ਠਾਕ ਹੈ
ਬੀ. ਏ ਕੀਆ, ਐੱਮ.ਏ ਕੀਆ
ਲਗਤਾ ਹੈ ਵੋਹ ਭੀ ਐਵੇਂ ਕੀਆ
ਕਾਮ ਨਹੀਂ ਹੈ ਵਰਨਾ ਯਹਾਂ
ਆਪ ਕੀ ਦੁਆ ਸੇ ਸਭ ਠੀਕ ਠਾਕ ਹੈ…!
ਅਬੋ ਹਵਾ ਦੇਸ਼ ਕੀ ਬਹੁਤ ਸਾਫ ਹੈ
ਕਾਇਦਾ ਹੈ ਕਾਨੂੰਨ ਹੈ ਇਨਸਾਫ ਹੈ
ਅੱਲ੍ਹਾ ਮੀਆਂ ਜਾਣੇ ਕੋਈ ਜੀਏ ਜਾਂ ਮਰੇ
ਆਦਮੀ ਕੋ ਖੂਨ ਵੂਨ ਸਭ ਮਾਫ ਹੈ
ਔਰ ਕਿਆ ਕਹੂੰ
ਛੋਟੀ ਮੋਟੀ ਚੋਰੀ
ਰਿਸ਼ਵਤਖੋਰੀ,
ਦੇਤੀ ਹੈ ਅਪਨਾ ਗੁਜ਼ਾਰਾ ਯਹਾਂ
ਆਪਕੀ ਦੁਆ ਸੇ ਬਾਕੀ ਠੀਕ ਠਾਕ ਹੈ

ਗੁਲਜ਼ਾਰ ਨੇ ਬੰਦੇ ਜਨਾਨੀ ਦੇ ਰਿਸ਼ਤਿਆਂ ਨੂੰ ਲੈ ਕੇ ਆਪਣੇ ਸਿਨੇਮਾ ਅੰਦਰ ਕਈ ਕਹਾਣੀਆਂ ਕਹੀਆਂ ਹਨ।ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ। ਕੌਸ਼ਿਸ਼, ਮੌਸਮ, ਅਚਾਨਕ ਅਤੇ ਇਸੇ ਤਰ੍ਹਾਂ ਪਰ ਇਜਾਜ਼ਤ ਅਤੇ ਫਿਲਮ ਲਿਬਾਸ ਵੀ ਹੈ। ਗੁਲਜ਼ਾਰ ਦੀਆਂ ਫਿਲਮਾਂ ਅੰਦਰ ਹਰ ਉਮਰ ਅਤੇ ਹਰ ਵਰਗ ਦੇ ਰਿਸ਼ਤੇ ਦਾ ਬਿਆਨ ਹੀ ਹੈ।ਜਿੰਨ੍ਹਾ ਫਿਲਮਾਂ ਦਾ ਜ਼ਿਕਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਫਿਲਮਾਂ 'ਚ ਤੁਹਾਨੂੰ ਇਹ ਖਾਸ ਸਾਂਝ ਨਜ਼ਰ ਆਵੇਗੀ।ਇਸੇ ਤਰ੍ਹਾਂ ਦੀ 1972 ਦੀ ਗੁਲਜ਼ਾਰ ਦੀ ਨਿਰਦੇਸ਼ਿਤ ਫ਼ਿਲਮ 'ਪਰਿਚੈ' (ਜਾਣ ਪਛਾਣ) ਹੈ।ਬੱਚਿਆਂ ਨੂੰ ਸਿਖਾਉਂਦੇ ਹੋਏ ਉਨ੍ਹਾਂ ਨਾਲ ਕਿੰਝ ਦਾ ਵਿਹਾਰ ਹੋਵੇ, ਇਸ ਨੁਕਤੇ ਦੀ ਇਹ ਕਹਾਣੀ ਪਿਤਾ,ਪੁੱਤ ਤੇ ਪੋਤਰਿਆਂ ਦੇ ਰਿਸ਼ਤੇ ਦੀ ਤੰਦ 'ਚ ਬੁਣੀ ਗਈ ਸੀ।ਜਤਿੰਦਰ ਦੀ ਇਸ ਫਿਲਮ ਦੇ ਸਦਾਬਹਾਰ ਗਾਣੇ 'ਮੁਸਾਫਿਰ ਹੂੰ ਯਾਰੋ' ਤੇ 'ਬੀਤੀ ਨਾ ਬਿਤਾਈ ਰੈਣਾ' ਅੱਜ ਵੀ ਸੁਣਨ ਨੂੰ ਖਾਸ ਅਹਿਸਾਸ ਦੇ ਹਨ।
ਇਸ ਤੋਂ ਇਲਾਵਾ ਗੁਲਜ਼ਾਰ ਦਾ ਇਕ ਸਿਨੇਮਾ ਉਹ ਹੈ ਜੋ ਆਪਣੇ ਦੌਰ ਦੇ ਮਹਾਨ ਸੰਤ ਅਤੇ ਸ਼ਾਇਰਾਂ ਨੂੰ ਟੁੰਬਦਾ ਹੈ।ਮੈਂ ਇਸ ਦੇ ਵਿਸਥਾਰ 'ਚ ਨਹੀਂ ਜਾਣਾ ਚਾਹੁੰਦਾ ਪਰ ਚਾਹਵਾਂਗਾ ਕਿ ਤੁਸੀਂ ਗੁਲਜ਼ਾਰ ਦਾ ਨਸੀਰੂਦੀਨ ਸ਼ਾਹ ਨੂੰ ਲੈ ਕੇ ਬਣਾਇਆ ਸੋਪ ਓਪੇਰਾ 'ਮਿਰਜ਼ਾ ਗ਼ਾਲਿਬ' ਜ਼ਰੂਰ ਦੇਖੋ। ਇਸੇ ਤਰ੍ਹਾਂ ਗ਼ੁਲਜ਼ਾਰ ਸਾਹਿਬ ਦੀ ਫਿਲਮ 'ਮੀਰਾ' ਹੈ।
ਗੁਲਜ਼ਾਰ ਦਾ ਇਕ ਸਿਨੇਮਾ ਸਿਆਸਤ ਦੀ ਤੰਦ ਨੂੰ ਛੂੰਹਦਾ ਹੈ।ਇਹ ਸਿਰਫ ਸਿਨੇਮਾ ਦੀਆਂ ਮਹਿਜ਼ ਫਿਲਮਾਂ ਹੀ ਨਹੀਂ ਸਗੋਂ ਆਪਣੇ ਆਪ 'ਚ ਬਿਆਨ ਹਨ। ਗੀਤਕਾਰ ਅਤੇ ਨਿਰਦੇਸ਼ਕ ਗੁਲਜ਼ਾਰ ਸਿਆਸਤ ਨੂੰ ਵੀ ਗੀਤਕਾਰੀ ਅਤੇ ਹਦਾਇਤਕਾਰ ਦੀ ਨਜ਼ਰ ਤੋਂ ਬਰਾਬਰ ਪੇਸ਼ ਕਰਦਾ ਹੈ।ਇਸ ਵਰਗ 'ਚ ਮੈਨੂੰ ਗੁਲਜ਼ਾਰ ਦੀਆਂ ਤਿੰਨ ਫਿਲਮਾਂ ਟੁੰਬਦੀਆਂ ਹਨ। 'ਆਂਧੀ' ਸਿਆਸਤ ਦੀ ਸਰਜ਼ਮੀਨ 'ਤੇ ਖੜੋਤੀ ਇਹ ਫਿਲਮ ਸਿੱਧੇ ਤੌਰ 'ਤੇ ਸਿਆਸਤ ਬਾਰੇ ਹੈ ਵੀ ਤੇ ਨਹੀਂ ਵੀ…ਕਾਰਨ ਕਿ ਇਹ ਸਿਆਸਤ ਨਾਲ ਜੁੜੇ ਕਿਰਦਾਰਾਂ ਦੇ ਆਪਸੀ ਜਜ਼ਬਾਤ ਦੀ ਕਹਾਣੀ ਹੈ।ਖੋਰੇ ਗੁਲਜ਼ਾਰ ਇਸ ਫਿਲਮ ਨੂੰ ਬਣਾਉਂਦੇ ਹੋਏ ਸਿਆਸਤ 'ਚੋਂ ਨਿਰੋਲ ਅਹਿਸਾਸ ਨੂੰ ਫੜ੍ਹ ਕੇ ਬੈਠੇ ਕਿਰਦਾਰਾਂ ਨੂੰ ਲੱਭਣ ਦੀ ਕੌਸ਼ਿਸ਼ ਕਰਦੇ ਹਨ।
'ਮਾਚਿਸ' ਇਸ ਫਿਲਮ ਨੂੰ ਕੋਣ ਭੁੱਲ ਸਕਦਾ ਹੈ।ਵੀਰਾ (ਤੱਬੂ) ਦਾ ਕਿਰਦਾਰ ਅਤੇ ਬਹੁਤ ਕੁਝ ਅਜਿਹਾ ਜੋ ਮੈਟਾਫਰ ਰੂਪ 'ਚ ਕਿਹਾ ਜਾ ਰਿਹਾ ਹੈ।ਜਿਵੇਂ ਕਿ ਉਹ ਦ੍ਰਿਸ਼ ਬਹੁਤ ਬਗਾਵਤੀ ਅਤੇ ਤੜਪ ਦਾ ਲੱਗਦਾ ਹੈ ਜਦੋਂ ਚੰਦਰਚੂੜ ਸਿੰਘ ਅਤੇ ਓਮ ਪੁਰੀ ਰੇਲ ਦੀ ਪਟੜੀ ਦੇ ਕਿਨਾਰੇ ਬੈਠੇ ਪੰਜਾਬ, ਇਨਸਾਫ, ਸਟੇਟ, ਸਰਕਾਰ ਅਤੇ ਖਾੜਕੂ ਲਹਿਰ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਦੀ ਗੱਲ ਹੋਈ ਜਾ ਰਹੀ ਹੈ ਅਤੇ ਪਟੜੀ ਤੋਂ ਸ਼ੂਕਦੀ ਚੀਕਾਂ ਪਾਉਂਦੀ ਰੇਲਗੱਡੀ ਲੰਘ ਜਾਂਦੀ ਹੈ। ਉਨ੍ਹਾਂ ਦਰਮਿਆਨ ਜੋ ਗੱਲਾਂ ਨੇ ਉਹ ਸਾਫ ਸੁਣਾਈ ਨਹੀਂ ਦੇ ਰਹੀਆਂ। ਇਹ ਗੱਲਾਂ ਰੌਲੇ ਗੌਲੇ 'ਚ ਰੁਲ ਗਈਆਂ ਹਨ।
ਦਿਲ ਦਰਦ ਕਾ ਟੁਕੜਾ ਹੈ…
ਪੱਥਰ ਕੀ ਡਲੀ ਸੀ ਹੈ,
ਇਕ ਅੰਧਾਂ ਕੂਆਂ ਹੈ ਯਾਂ
ਇਕ ਬੰਦ ਗਲੀ ਸੀ ਹੈ
ਇਕ ਛੋਟਾ ਸਾ ਲੰਮ੍ਹਾ ਹੈ
ਜੋ ਖਤਮ ਨਹੀਂ ਹੋਤਾ
ਮੈਂ ਲਾਖ ਜਲਾਤਾ ਹੂੰ
ਯੇ ਭਸਮ ਨਹੀਂ ਹੋਤਾ

'ਹੂ ਤੂ ਤੂ' 1999 'ਚ ਆਈ ਗੁਲਜ਼ਾਰ ਦੀ ਇਹ ਆਖਰੀ ਨਿਰਦੇਸ਼ਤ ਫਿਲਮ ਹੈ।ਇਹ ਫਿਲਮ ਅਸਫਲ ਰਹੀ।ਫਿਲਮ ਦਾ ਵਿਸ਼ਾ ਸਿਆਸੀ ਜ਼ਮੀਨ ਦਾ ਕਾਰਪੋਰੇਟ ਘੋਲ ਸੀ।ਇਸ ਘੋਲ 'ਚੋਂ ਭ੍ਰਿਸ਼ਟਾਚਾਰ ਦੇਸ਼ ਨੂੰ ਹੌਲਾ ਕਰਦਾ ਹੈ। 'ਹੂ ਤੂ ਤੂ' ਕੱਬਡੀ ਦਾ ਹੀ ਨਾਮ ਹੈ। ਗੁਲਜ਼ਾਰ ਨੇ ਇਸ ਫਿਲਮ ਰਾਹੀਂ ਦਰਸਾਇਆ ਹੈ ਕਿ ਦੇਸ਼ ਦੀ ਸਿਆਸਤ ਹੂ ਤੂ ਤੂ ਹੀ ਹੈ। ਸਾਹਮਣੇ ਕੱਬਡੀ ਵਾਂਗੂ ਪਾਰਲੀਮੈਂਟ 'ਚ ਸਿਆਸਤਦਾਨ ਕੱਬਡੀ ਖੇਡਦੇ ਰਹਿੰਦੇ ਹਨ।ਉਹ ਕਦੀ ਸਾਹਮਣੇ ਵਾਲੀ ਪਾਰਟੀ ਦੇ ਆਗੂ ਨੂੰ ਆਪਣੇ ਵੱਲ ਖਿੱਚਦੇ ਹਨ ਅਤੇ ਕਦੀ ਇੱਧਰ ਵਾਲਾ ਸਾਹਮਣੇ ਵਾਲੀ ਪਾਰਟੀ 'ਚੋਂ ਲੀਡਰ ਖਿੱਚ ਲਿਆਉਂਦਾ ਹੈ।ਇਸ ਖਿਚੋਤਾਣ ਦੇ ਤਮਾਸ਼ੇ ਨੂੰ ਅਸੀ ਭਾਰਤ ਦੇ ਲੋਕ ਤਮਾਸ਼ੇ ਦੀ ਤਰ੍ਹਾਂ ਦੇਖਦੇ ਹਾਂ। ਇਸੇ ਫਿਲਮ ਦਾ ਇਕ ਸੰਵਾਦ ਹੈ-'' ਅਸੀਂ ਲੋਕ ਤਾਂ ਗੋਹੇ ਵਾਲੀਆਂ ਪਾਥੀਆਂ ਹਾਂ ਜੋ ਇਤਿਹਾਸ ਦੇ ਢੇਰ (ਗੀਰਿਆਂ 'ਚ) ਥੱਲੇ ਕਿਤੇ ਦੱਬੀਆਂ ਰਹਿ ਜਾਂਦੀਆਂ ਹਾਂ। ਇਕ ਵਾਰ ਕੋਈ ਸਾਨੂੰ ਅੱਗ (ਚਿੰਗਾੜੀ) ਲਾ ਕੇ ਦੇਖੇ ਤਾਂ ਸਹੀ, ਫਿਰ ਦੱਸਾਂਗੇ ਕਿ ਪਾਥੀਆਂ ਹੁੰਦੀਆਂ ਕੀ ਨੇ।''
ਸੋ ਗੁਲਜ਼ਾਰ ਦਾ ਇਹ ਇਕ ਰੰਗ ਹੈ, ਜਿਸ ਨਾਲ ਸਾਂਝ ਪਾਏ ਬਿਨਾਂ ਗੁਲਜ਼ਾਰ ਨੂੰ ਜਾਣਿਆਂ ਜਾ ਸਕਦਾ ਹੈ।ਬਾਕੀ ਗੁਲਜ਼ਾਰ ਦੇ ਬਹੁਤ ਸਾਰੇ ਗੀਤ ਹੋਣਗੇ, ਜੋ ਸਾਨੂੰ ਅਚਨਚੇਤੀ ਯਾਦ ਹਨ ਅਤੇ ਸਾਡੇ ਮਨਾਂ 'ਚ ਸਦਾਬਹਾਰ ਹਨ ਪਰ ਮੈਂ ਗੁਲਜ਼ਾਰ ਦੇ ਸਿਰਫ ਦੋ ਗੀਤਾਂ ਦਾ ਜ਼ਿਕਰ ਕਰਾਂਗਾ। ਜਿਸ ਮਾਰਫਤ ਸਾਨੂੰ ਗੁਲਜ਼ਾਰ ਸਾਹਬ ਦੀ ਇਸ ਦੌਰ ਅੰਦਰ ਵੀ ਮਕਬੂਲੀਅਤ ਸਮਝ ਆਉਂਦੀ ਹੈ।ਗੁਲਜ਼ਾਰ ਸਾਹਿਬ ਨੌਜਵਾਨ ਅਤੇ ਆਸ਼ਕ ਮਨਾਂ ਦੇ ਗੀਤਕਾਰ ਵੀ ਹਨ। ਨੌਜਵਾਨ, ਮੈਟਰੋ ਸਿਟੀ, ਨਵਾਂ ਦੌਰ ਨਵਾਂ ਅੰਦਾਜ਼, ਲਿਵ ਇਨ ਰਿਲੇਸ਼ਨ ਸ਼ਿਪ, ਸੁਪਨੇ ਅਤੇ ਨੌਜਵਾਨ ਇਨ੍ਹਾਂ ਵਿਸ਼ਿਆਂ ਦੀ ਜ਼ੁਬਾਨ ਗੁਲਜ਼ਾਰ ਸਾਹਿਬ ਦੇ ਗੀਤ ਬਾਖੂਬੀ ਬਣੇ ਹਨ। ਪਹਿਲਾਂ ਜ਼ਿਕਰ ਫਿਲਮ 'ਸਾਥੀਆ' ਦਾ ਕਰਾਂਗਾ।ਇਸ ਫਿਲਮ ਦੀ ਕਹਾਣੀ ਨੇ ਇਸ ਤਰ੍ਹਾਂ ਦੀਆਂ ਕਈ ਕਹਾਣੀਆਂ ਦੇ ਰਾਹ ਖੋਲ੍ਹੇ ਸਨ।ਫਿਲਮ ਦਾ ਅੰਤ ਪਿਆਰ ਪੈਣ ਤੋਂ ਬਾਅਦ ਵਿਆਹ ਹੋ ਜਾਣਾ ਨਹੀਂ ਹੈ।ਫਿਲਮ ਦੀ ਸ਼ੁਰੂਆਤ ਵਿਆਹ ਹੋ ਜਾਣ ਤੋਂ ਬਾਅਦ ਦੀ ਕਹਾਣੀ ਹੈ।ਇਸ ਕਹਿੰਦੀ ਕਹਾਉਂਦੀ ਮੇਰੀ ਉਮਰ ਦੀ ਬਿੰਦਾਸ ਪੀੜ੍ਹੀ ਦਾ ਇਸੇ ਫਿਲਮ ਦਾ ਇੱਕ ਗੀਤ 'ਓ ਹਮਦਮ ਸੁਣੀਓ ਰੇ' ਗੁਲਜ਼ਾਰ ਸਾਹਿਬ ਦਾ ਲਿਖਿਆ ਹੈ।ਇਸ ਗੀਤ ਦੀ ਇਕ ਸਤਰ ਹੈ-
ਓ ਹਮਦਮ ਸੁਣੀਓ ਰੇ
ਓ ਜਾਣੀਆ ਸੁਣੀਓ ਰੇ
ਸ਼ਾਮ ਕੋ ਖਿੜਕੀ ਸੇ ਚੋਰੀ ਚੋਰੀ
ਨੰਗੇ ਪਾਂਵ ਚਾਂਦ ਆਏਗਾ

ਇਸ ਦੌਰ ਦੀ ਬੋਲਡ ਕਹਾਣੀਆਂ ਦੇ ਅੰਦਰ ਇਹ ਗੀਤ ਹੁਣ ਵੀ ਆਪਣੇ ਮੈਟਾਫਰ ਨੂੰ ਸੰਭਾਲ ਕੇ ਬੈਠਾ ਹੈ।ਇਹ ਗੀਤ ਆਪਣੀ ਕਾਵਿਕਤਾ ਨੂੰ ਸੰਭਾਲ ਕੇ ਬੈਠਾ ਹੈ ਤਾਂ ਸਿਰਫ ਗੁਲਜ਼ਾਰ ਦੇ ਸ਼ਬਦਾਂ ਬਦੌਲਤ ਹੈ।ਅਜਿਹਾ ਮੈਟਾਫਰ ਫਿਲਮ 'ਜਾਲ' ਦਾ ਹੇਮੰਤ ਕੁਮਾਰ ਦਾ ਗਾਇਆ ਗੀਤ ਸਾਹਿਰ ਲੁਧਿਆਣਵੀ ਦਾ ਲਿਖਿਆ ਸੀ।ਇਹ ਫਿਲਮ ਦੇਵ ਆਨੰਦ-ਗੀਤਾ ਬਾਲੀ ਦੀ ਹੈ ਅਤੇ ਇਸ ਦਾ ਸੰਗੀਤ ਸਚਿਨ ਦੇਵ ਬਰਮਨ ਨੇ ਦਿੱਤਾ ਸੀ।ਗੀਤ ਦੇ ਬੋਲ ਹਨ-
ਪੇੜੋਂ ਕੀ ਸ਼ਾਖੋਂ ਪੇ
ਸੋਈ ਸੋਈ ਚਾਂਦਨੀ
ਤੇਰੇ ਖਿਆਲੋਂ ਮੇਂ
ਖੋਈ ਖੋਈ ਚਾਂਦਨੀ
ਔਰ ਥੌੜ੍ਹੀ ਦੇਰ ਮੇਂ ਥੱਕਕੇ ਲੌਟ ਜਾਏਗੀ
ਰਾਤ ਯੇ ਬਹਾਰ ਕੀ ਫਿਰ ਕਭੀ ਨਾ ਆਏਗੀ
ਯੇ ਰਾਤ ਯੇ ਚਾਂਦ ਫਿਰ ਕਹਾਂ……

ਇਸੇ ਤਰ੍ਹਾਂ ਦਾ ਗੁਲਜ਼ਾਰ ਦਾ ਹੋਰ ਗੀਤ ਹੈ।ਇਹ 'ਬੰਟੀ ਔਰ ਬਬਲੀ' ਫਿਲਮ ਦਾ ਹੈ। ਯਾਦ ਰਹੇ ਕਿ ਮੈਂ ਇਹਨਾਂ ਗੀਤਾਂ ਨਾਲ ਸਿਰਫ ਇਸ਼ਾਰਾ ਕਰ ਰਿਹਾ ਹਾਂ।ਬਾਕੀ ਤਾਂ ਗੁਲਜ਼ਾਰ ਦੇ ਬਹੁਤ ਸਾਰੇ ਗੀਤ ਯਾਦ ਰੱਖਣ ਵਾਲੇ ਹਨ। 'ਬੰਟੀ ਔਰ ਬਬਲੀ' ਹਾਲੀਵੁੱਡ ਦੀਆਂ ਦੋ ਫਿਲਮਾਂ ਦਾ ਪ੍ਰਭਾਵ ਲਈ ਹੈ।ਕੈਚ ਮੀ ਇਫ ਯੂ ਕੈਨ ਅਤੇ ਬੋਨੀ ਐਂਡ ਕਲਾਈਡ।ਬੋਨੀ ਐਂਡ ਕਲਾਈਡ ਦਾ ਅਮਰੀਕਾ ਦੀ ਜ਼ੁਰਮ ਵਾਲੀ ਦੁਨੀਆਂ 'ਚ ਅਜਿਹਾ ਜੋੜਾ ਸੀ ਜਿਹਦੀ ਬਹੁਤ ਚਰਚਾ ਰਹੀ ਹੈ। ਇਸ ਦਾ ਜਦੋਂ ਭਾਰਤੀ ਰੂਪ 'ਬੰਟੀ ਔਰ ਬਬਲੀ' ਫਿਲਮ ਆਈ ਤਾਂ ਇਹ ਵੀ ਨੌਜਵਾਨਾਂ ਨੂੰ ਕੇਂਦਰਤ ਫਿਲਮ ਸੀ। ਇਨ੍ਹਾਂ ਨੌਜਵਾਨਾਂ ਦੇ ਸੁਪਨੇ, ਟੀਚਾ ਅਤੇ ਦੌੜ ਭੱਜ ਨੂੰ ਗੁਲਜ਼ਾਰ ਨੇ ਆਪਣੇ ਇਕ ਗੀਤ ਅੰਦਰ ਹੀ ਪ੍ਰਭਾਸ਼ਿਤ ਕਰ ਦਿੱਤਾ।ਇਹ ਗੀਤ ਹੈ-
ਛੋਟੇ ਛੋਟੇ ਸ਼ਹਿਰੋਂ ਸੇ
ਖਾਲੀ ਭੌਰ (ਸੁਸਤ) ਦੁਪਹਿਰੋਂ ਸੇ
ਹਮ ਤੋ ਝੋਲਾ ਉਠਾਕੇ ਚਲੇ
ਬਾਰਿਸ਼ ਕਮ ਕਮ ਲਗਤੀ ਹੈ
ਨਦੀਆਂ ਮੱਧਮ ਲੱਗਤੀ ਹੈ
ਹਮ ਤੋ ਸੰਮੁਦਰ ਕੇ ਅੰਦਰ ਚਲੇ
ਹਮ ਚਲੇ ਹਮ ਚਲੇ ਓ ਰਾਮ ਚੰਦਰ ਰੇ………

ਹੁਣ ਸਭ ਤੋਂ ਆਖਰ 'ਤੇ ਮੈਂ ਉਸ ਗੁਲਜ਼ਾਰ ਨੂੰ ਵੇਖਦਾ ਹਾਂ ਜਿੰਨ੍ਹੇ ਲਹਿੰਦੇ ਪੰਜਾਬ ਤੋਂ ਆਪਣਾ ਡੇਰਾ ਚੁੱਕਿਆ ਅਤੇ ਰਿਫੂਜ਼ੀਆਂ ਦੀ ਤਰ੍ਹਾਂ ਜਦੋਂ ਭਾਰਤ ਆਇਆ ਤਾਂ ਵੰਡ ਦੀ ਟੀਸ ਨੂੰ ਮਨ ਦੀ ਚਾਦਰ 'ਚ ਕਿਤੇ ਪਾਲਕੇ ਬੈਠਾ ਹੈ। ਗੁਲਜ਼ਾਰ ਦੇ ਵੰਡ ਨੂੰ ਲੈ ਕੇ ਜਾਂ ਵੰਡ ਦੇ ਬਹਾਨੇ ਆਪਣੇ ਵਿਛੜੇ ਡੇਰੇ ਨੂੰ ਯਾਦ ਕਰਨ ਦੇ ਬਹੁਤ ਹਵਾਲੇ ਹਨ।
“ਆਖੋਂ ਕੋ ਵੀਜ਼ਾ ਨਹੀਂ ਹੋਤਾ
ਸਪਨੋਂ ਕੀ ਸਰਹੱਦ ਨਹੀਂ ਹੋਤੀ
ਬੰਦ ਆਖੋਂ ਸੇ ਰੋਜ਼ ਮੈਂ
ਸਰਹੱਦ ਪਾਰ ਚਲੇ ਜਾਤਾ ਹੂੰ
ਮਿਲਨੇ ਮੇਹਦੀ ਹਸਨ ਸੇ।”

ਗੁਲਜ਼ਾਰ ਨੇ ਆਪਣੇ ਜ਼ਿਕਰ 'ਚ ਅੱਧ ਸੜੀਆਂ ਲਾਸ਼ਾਂ ਦਾ, ਕਤਲੋਗਾਰਦ ਦਾ, ਬੇਘਰ ਹੁੰਦੇ ਲੋਕਾਂ ਦਾ ਅਤੇ ਇਸ ਸਿਆਸਤ ਦੀ ਭੇਂਟ ਚੜ੍ਹੇ ਧਰਤੀ ਦੇ ਦੋ ਟੁਕੜਿਆਂ ਦੀ ਗੱਲ ਹਮੇਸ਼ਾ ਤੋਰੀ ਹੈ। ਪੰਜਾਬੀ ਹੋਣ ਨਾਅਤੇ ਅਤੇ ਮੇਰੇ ਪੁਰਖਿਆਂ ਦੇ ਲਾਇਲਪੁਰੋਂ ਆਉਣ ਬਹਾਨੇ ਮੈਂ ਇਸ ਦਰਦ ਨੂੰ ਮਹਿਸੂਸ ਕਰਦਾ ਹਾਂ।ਗੁਲਜ਼ਾਰ ਨੇ ਕਦੀ ਕਿਹਾ ਸੀ-
“ਦੇਸ਼ ਸਰਕਾਰ ਨਹੀਂ ਹੁੰਦਾ ਤੇ ਮੁਲਕ ਹਕੂਮਤ ਨਹੀਂ ਹੁੰਦੀ। ਹਕੂਮਤ ਤੇ ਸਰਕਾਰਾਂ ਤਾਂ ਬਦਲ ਜਾਂਦੀਆਂ ਨੇ ਪਰ ਮੁਲਕ ਤੇ ਵਤਨ ਨਹੀਂ ਬਦਲਦੇ।”
ਇਸ ਦਾ ਇਹ ਅਰਥ ਨਹੀਂ ਕਿ ਉਹ ਭਾਰਤ ਨੂੰ ਆਪਣਾ ਦੇਸ਼ ਨਹੀਂ ਮੰਨਦੇ ਪਰ ਉਹ ਅਜਿਹੇ ਬੰਦੇ ਦਾ ਬਿਆਨ ਕਰਦੇ ਹਨ, ਜੋ ਦੋ ਮੁਲਕਾਂ 'ਚ ਆਪਣੇ ਵਜੂਦ ਨੂੰ ਬਣਾਉਂਦਾ ਸਿਰਜਦਾ ਰਹਿੰਦਾ ਹੈ।ਜਿਵੇਂ ਕਿ ਉਨ੍ਹਾਂ ਕਦੀ ਕਿਹਾ ਸੀ-
“ਪਾਕਿਸਤਾਨ ਨੂੰ ਮੈਂ ਆਪਣਾ ਵਤਨ ਕਹਿੰਦਾ ਹਾਂ ਅਤੇ ਹਿੰਦੂਸਤਾਨ ਨੂੰ ਮੈਂ ਆਪਣਾ ਮੁਲਕ ਕਹਿੰਦਾ ਹਾਂ।”
ਗੁਲਜ਼ਾਰ ਦਾ ਫਿਲਮ 'ਪਿੰਜਰ' ਦਾ ਉਹ ਗੀਤ ਸੁਣਨ ਵਾਲਾ ਹੈ।ਇਸ ਗੀਤ ਨੂੰ ਰੂਪ ਕੁਮਾਰ ਰਾਠੌੜ ਨੇ ਗਾਇਆ ਹੈ ਅਤੇ ਉੱਤਮ ਸਿੰਘ ਦਾ ਸੰਗੀਤ ਹੈ।ਇਹ ਫਿਲਮ ਡਾ. ਚੰਦਰ ਪ੍ਰਕਾਸ਼ ਦਿਵੇਦੀ ਨੇ ਅੰਮ੍ਰਿਤਾ ਪ੍ਰੀਤਮ ਦੇ ਨਾਵਲ 'ਤੇ ਅਧਾਰਿਤ ਬਣਾਈ ਸੀ।ਇਹ ਗੀਤ ਹੈ-
ਵਤਨਾਂ ਵੇ…ਓ ਮੇਰਿਆ ਵਤਨਾਂ ਵੇ
ਬਟ ਗਏ ਤੇਰੇ ਆਂਗਣ, ਬੁੱਝ ਗਏ ਚੁੱਲ੍ਹੇ ਸਾਂਝੇ
ਲੁੱਟ ਗਈ ਤੇਰੀ ਹੀਰਾਂ, ਮਰ ਗਏ ਤੇਰੇ ਰਾਂਝੇ
ਵਤਨਾਂ ਵੇ…ਓ ਮੇਰਿਆ ਵਤਨਾਂ ਵੇ
ਕੋਣ ਤੁਝੇ ਪਾਣੀ ਪੂਛੇਗਾ, ਫਸਲੇਂ ਸੀਂਚੇਗਾ
ਕੋਣ ਤੇਰੀ ਮਾਟੀ ਮੇਂ ਠੰਡੀ ਛਾਂਵ ਬੀਜੇਗਾ
ਬੈਰੀ ਕਾਂਚ ਕੇ ਲੈ ਗਏ ਤੇਰੀ ਠੰਡੀਆਂ ਛਾਵਾਂ ਵੇ
ਵਤਨਾਂ ਵੇ…ਓ ਮੇਰਿਆ ਵਤਨਾਂ ਵੇ
ਹਮ ਨਾ ਰਹੇਂ ਤੋ ਕੋਣ ਬਸਾਏਗਾ ਤੇਰਾ ਵੀਰਾਣਾ
ਮੁੜਕੇ ਹਮ ਨਾ ਦੇਖੇਂਗੇ ਤੂੰ ਭੀ ਯਾਦ ਨਾ ਆਣਾ

ਗੁਲਜ਼ਾਰ ਸਾਹਿਬ ਦੀ ਇਹ ਖੂਬੀ ਹੈ ਕਿ ਉਨ੍ਹਾਂ ਦੇ ਗੀਤ ਵੀ ਕਹਾਣੀ ਦੀ ਤਰ੍ਹਾਂ ਤੁਰਦੇ ਹਨ ਅਤੇ ਉਨ੍ਹਾਂ ਦੀਆਂ ਕਹਾਣੀਆਂ ਵੀ ਗੀਤਾਂ ਵਾਂਗੂ ਹੁੰਦੀਆਂ ਹਨ। ਗੁਲਜ਼ਾਰ ਸਾਹਿਬ ਦੀ ਇਕ ਕਿਤਾਬ 'ਰਾਵੀ ਪਾਰ' ਪੜ੍ਹਣ ਵਾਲੀ ਹੈ।ਇਸ ਦੀ ਸਿਰਲੇਖ ਕਹਾਣੀ 'ਰਾਵੀ ਪਾਰ' ਤੁਹਾਨੂੰ ਝੰਝੋੜਦੀ ਹੈ, ਰਵਾਉਂਦੀ ਹੈ ਅਤੇ ਇਸ ਕਹਾਣੀ ਦਾ ਅਸਰ ਖਤਮ ਨਹੀਂ ਹੁੰਦਾ।ਕਹਾਣੀ ਤਾਂ ਕਹਾਣੀ ਹੈ ਹੀ ਪਰ ਇਹ ਇਕ ਮੈਟਾਫਰ ਦੀ ਤਰ੍ਹਾਂ ਹੈ।ਕਹਾਣੀ ਹੈ-
ਦਰਸ਼ਨ ਸਿੰਘ ਵੰਡੇ ਪੰਜਾਬ 'ਚ ਆਪਣੇ ਮਰੇ ਪਿਓ ਅਤੇ ਪਿੱਛੇ ਗੁਰਦੁਆਰੇ 'ਚ ਆਪਣੀ ਮਾਂ ਨੂੰ ਛੱਡ ਆਪਣੇ ਨਵਜੰਮੇ ਜੁੜਵਾਂ ਬੱਚਿਆਂ ਤੇ ਘਰਵਾਲੀ ਨਾਲ ਪਾਕਿਸਤਾਨ ਤੋਂ ਭਾਰਤ ਅੰਮ੍ਰਿਤਸਰ ਆ ਰਿਹਾ ਹੈ।ਰਾਹ 'ਚ ਹੀ ਇੱਕ ਬੱਚਾ ਮਰ ਗਿਆ ਹੈ ਅਤੇ ਮਾਂ ਆਪਣੇ ਮਰੇ ਪੁੱਤ ਦੇ ਵਿਯੋਗ 'ਚ ਹੈ।ਇੱਕ ਵੰਡ,ਦੂਜਾ ਪਿਓ ਦੀ ਮੌਤ,ਪਿੱਛੇ ਰਹਿ ਗਈ ਮਾਂ ਜੋ ਹੋਰ ਕਾਫਲੇ ਨਾਲ ਅੰਮ੍ਰਿਤਸਰ ਪਹੁੰਚੇਗੀ ਦੇ ਦਰਮਿਆਨ ਆਈ ਤਾਜ਼ਾ ਛੋਟੀ ਜਿਹੀ ਉਮੀਦ ਉਹਦੇ ਜੁੜਵੇਂ ਬੱਚਿਆਂ 'ਚੋਂ ਇੱਕ ਮਰ ਗਿਆ ਹੈ।ਰਾਵੀ ਪਾਰ ਕਰਨ ਲੱਗਿਆ ਰੇਲਗੱਡੀ ਦੀ ਛੱਤ 'ਤੇ ਬੈਠਾ ਕੋਈ ਸੱਜਣ ਸਲਾਹ ਦਿੰਦਾ ਹੈ ਕਿ ਮਰੇ ਬੱਚੇ ਨੂੰ ਰਾਵੀ 'ਚ ਸੁੱਟ ਦੇ ਇਹੋ ਉਹਦਾ ਕਲਿਆਣ ਹੋਵੇਗਾ।ਬੱਚਾ ਸੁੱਟ ਦਿੱਤਾ ਗਿਆ ਹੈ।ਪਰ ਦਰਸ਼ਨ ਸਿੰਘ ਵੇਖਦਾ ਹੈ ਕਿ ਮੁਰਦਾ ਬੱਚੇ ਨੂੰ ਤਾਂ ਉਸ ਦੀ ਘਰਵਾਲੀ ਸ਼ਾਹਨੀ ਆਪਣੀ ਛਾਤੀ ਨਾਲ ਲਾ ਕੇ ਪੱਥਰ ਹੋਈ ਪਈ ਹੈ।ਦਰਸ਼ਨ ਸਿੰਘ ਨੇ ਜਿਹੜਾ ਬੱਚਾ ਰਾਵੀ ਦਰਿਆ 'ਚ ਸੁੱਟਿਆ ਉਹ ਜਿਓਂਦਾ ਸੀ।…ਇਹ ਕਹਾਣੀ ਪੜ੍ਹਦੇ ਕਿੰਨੇ ਸਵਾਲ ਉੱਠਦੇ ਨੇ ? ਜਾਂ ਤੁਸੀ ਪੱਥਰ ਹੋ ਜਾਂਦੇ ਹੋ ? ਗੁਲਜ਼ਾਰ ਨੇ ਇਸ ਕਹਾਣੀ ਰਾਹੀਂ ਰਫਿਊਜ਼ੀ ਦੀ ਹੋਣੀ ਹੀ ਤਾਂ ਦੱਸੀ ਹੈ।ਦੋਵਾਂ ਪਾਸਿਆਂ ਤੋਂ ਬੇਘਰ ਹੋਏ ਲੋਕ ਇੰਝ ਹੀ ਆਪਣੀ ਖੁਸ਼ੀਆਂ ਰਾਵੀ 'ਚ ਸੁੱਟ ਆ ਗਏ ਹਨ ਅਤੇ ਮੁਰਦਾ ਯਾਦਾਂ ਲੱਧੀ ਸਾਰੀ ਜ਼ਿੰਦਗੀ ਦੇ ਰੁਦਣ 'ਚ ਸੁੰਨ ਹੋ ਗਏ ਹਨ।ਤ੍ਰਾਸਦੀਆਂ ਬੰਦੇ ਤੋਂ ਬਹੁਤ ਕੁਝ ਖੋਹ ਲੈਂਦੀਆਂ ਹਨ।ਜੋ ਗੁਲਜ਼ਾਰ ਸਾਹਿਬ ਕਹਿ ਰਹੇ ਹਨ ਉਹ ਤ੍ਰਾਸਦੀ ਦੀ ਲਪੇਟ 'ਚ ਆਏ ਹਰ ਬੰਦੇ ਦੀ ਹੋਣੀ ਹੈ।ਸਾਡੇ ਬੁਜ਼ਰਗਾਂ ਦੀ ਖੜੋਤ 1947 ਦੇ ਲਾਹੌਰ 'ਚ ਹੀ ਹੈ।ਉਸ ਤੋਂ ਬਾਅਦ ਚਾਹੇ ਲਾਇਲਪੁਰ ਫੈਸਲਾਬਾਦ ਬਣ ਗਿਆ ਹੈ ਪਰ ਮੇਰੇ ਬੁਜ਼ਰਗਾਂ ਲਈ ਉਹ ਲਾਇਲਪੁਰ ਹੀ ਰਿਹਾ ਹੈ।
ਇਹ ਹਨ ਗੁਲਜ਼ਾਰ ਸਾਹਿਬ…! ਸਾਡੇ ਆਪਣੇ, ਮੇਰੇ ਆਪਣੇ ਜਿੰਨ੍ਹਾ ਦੀ ਰਚਨਾ ਮੈਨੂੰ ਮੇਰੇ ਸਾਹਮਣੇ ਖੜ੍ਹਾ ਕਰਦੀ ਹੈ।ਗੁਲਜ਼ਾਰ ਸਾਹਿਬ ਇਸ ਸਿਆਸਤ ਦੀ ਪੇਚੀਦਗੀ ਨੂੰ ਕਿਆ ਦਿੱਲੀ ਕਿਆ ਲਾਹੌਰ ਦੇ ਗਾਣਿਆਂ ਰਾਹੀਂ ਖੂਬ ਕਹਿੰਦੇ ਹਨ-
ਕਿੱਸੇ ਲੰਮੇ ਨੇ ਲਕੀਰਾਂ ਦੇ
ਗੋਲੀ ਨਾ ਗੱਲ ਕਰਦੇ
ਬੋਲ ਚੁੱਭਦੇ ਨੇ ਵੀਰਾਂ ਦੇ

ਇਸੇ ਫਿਲਮ ਦਾ ਇੱਕ ਹੋਰ ਗੀਤ ਹੈ।ਜੋ ਗੁਲਜ਼ਾਰ ਦਾ ਸੁਫਨਾ ਜਾਂ ਹਰ ਉਸ ਅਜ਼ਾਦ ਮਨ ਦਾ ਸੁਫਨਾ ਹੋ ਸਕਦਾ ਹੈ ਜੋ ਸਰਹੱਦਾਂ ਦੀ ਸਿਆਸਤ ਨੂੰ ਰੱਦ ਕਰਦਾ ਹੈ।
ਲਕੀਰੇਂ ਹੈ ਤੋ ਰਹਿਣੇ ਦੋ
ਕਿਸੀ ਨੇ ਰੂਠ ਕਰ ਗੁੱਸੇ ਮੇਂ ਸ਼ਾਇਦ ਖੀਂਚ ਦੀ ਥੀ
ਉਨਹੀ ਕੋ ਬਣਾਓ ਅਬ ਪਾਲਾ ਔਰ ਕੱਬਡੀ ਖੇਲਤੇ ਹੈਂ
ਲਕੀਰੇਂ ਹੈ ਤੋ ਰਹਿਣੇ ਦੋ
ਮੇਰੇ ਪਾਲੇ ਮੇਂ ਤੁਮ ਆਓ, ਮੁਝੇ ਲਲਕਾਰੋ
ਮੇਰੇ ਹਾਥ ਪਰ ਤੁਮ ਹਾਥ ਮਾਰੋ, ਔਰ ਭਾਗੋ (ਦੋੜੋ)
ਤੁਮਹੇ ਪਕੜੂ ਲਿਪਟੂ
ਔਰ ਤੁਮਹੇ ਵਾਪਸ ਨਾ ਜਾਣੇ ਦੂੰ
ਲਕੀਰੇਂ ਹੈ ਤੋ ਰਹਿਣੇ ਦੋ…………
ਤੁਮਾਹਰੇ ਪਾਲੇ ਮੇਂ
ਜਬ ਕੋਡੀ ਕੋਡੀ ਕਰਤਾ ਜਾਊਂ ਮੈਂ
ਮੁਝੇ ਤੁਮ ਭੀ ਪਕੜ ਲੇਨਾ
ਮੁਝੇ ਛੂਨੇ ਨਹੀਂ ਦੇਨਾ
ਮੁਝੇ ਤੁਮ ਭੀ ਪਕੜ ਲੇਨਾ
ਛੂਨੇ ਨਹੀਂ ਦੇਨਾ
ਓ ਸਰਹੱਦ ਲਕੀਰੇਂ…!

 

ਹਰਪ੍ਰੀਤ ਸਿੰਘ ਕਾਹਲੋਂ


manju bala

Content Editor

Related News