ਲੋਕ ਫ਼ਿਲਮ ''ਦਿ ਇੰਡੀਆ ਸਟੋਰੀ'' ਦੇਖ ਕੇ ਆਪਣੇ ਖਾਣ-ਪੀਣ ਬਾਰੇ ਮੁੜ ਸੋਚਣ ਲਈ ਮਜਬੂਰ ਹੋਣਗੇ : ਚੇਤਨ ਡੀ. ਕੇ.

Saturday, Jul 11, 2026 - 04:17 PM (IST)

ਲੋਕ ਫ਼ਿਲਮ ''ਦਿ ਇੰਡੀਆ ਸਟੋਰੀ'' ਦੇਖ ਕੇ ਆਪਣੇ ਖਾਣ-ਪੀਣ ਬਾਰੇ ਮੁੜ ਸੋਚਣ ਲਈ ਮਜਬੂਰ ਹੋਣਗੇ : ਚੇਤਨ ਡੀ. ਕੇ.

ਐਂਟਰਟੇਨਮੈਂਟ ਡੈਸਕ - ਦੇਸ਼ ਭਰ ’ਚ ਖਾਣ-ਪੀਣ ਦੀਆਂ ਚੀਜ਼ਾਂ ਵਿਚ ਮਿਲਾਵਟ, ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਵਧਦੀ ਵਰਤੋਂ ਵਰਗੇ ਗੰਭੀਰ ਮੁੱਦਿਆਂ ’ਤੇ ਆਧਾਰਤ ਫ਼ਿਲਮ ‘ਦਿ ਇੰਡੀਆ ਸਟੋਰੀ’ 24 ਜੁਲਾਈ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਵਿਚ ਕਾਜਲ ਅਗਰਵਾਲ ਤੇ ਸ਼੍ਰੇਅਸ ਤਲਪੜੇ ਮੁੱਖ ਭੂਮਿਕਾਵਾਂ ਵਿਚ ਨਜ਼ਰ ਆ ਰਹੇ ਹਨ। ਫ਼ਿਲਮ ਨੂੰ ਚੇਤਨ ਡੀ. ਕੇ. ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ‘ਦਿ ਇੰਡੀਆ ਸਟੋਰੀ’ ਬਾਰੇ ਕਾਜਲ ਅਗਰਵਾਲ ਤੇ ਡਾਇਰੈਕਟਰ ਚੇਤਨ ਡੀ. ਕੇ. ਨੇ ‘ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ’ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਮਿਲਾਵਟ ’ਤੇ ਰਿਸਰਚ ਨੇ ਬਦਲੀ ਜੀਵਨ ਸ਼ੈਲੀ : ਕਾਜਲ

Q. ਜਦੋਂ ਤੁਸੀਂ ਫ਼ਿਲਮ ਦੀ ਕਹਾਣੀ ਸੁਣੀ ਤਾਂ ਪਹਿਲੀ ਪ੍ਰਤੀਕਿਰਿਆ ਕੀ ਸੀ? ਆਪਣੇ ਕਿਰਦਾਰ ਦੀ ਤਿਆਰੀ ਕਿਵੇਂ ਕੀਤੀ?

- ਜਦੋਂ ਮੈਂ ਕਹਾਣੀ ਸੁਣੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਸਿਰਫ਼ ਇਕ ਫ਼ਿਲਮ ਨਹੀਂ, ਸਗੋਂ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਵਿਸ਼ਾ ਹੈ। ਅੱਜ ਅਸੀਂ ਕੀ ਖਾ ਰਹੇ ਹਾਂ, ਆਪਣੇ ਬੱਚਿਆਂ ਨੂੰ ਕੀ ਖੁਆ ਰਹੇ ਹਾਂ ਅਤੇ ਸਾਡੀਆਂ ਰੋਜ਼ਾਨਾ ਦੀਆਂ ਚੀਜ਼ਾਂ ਵਿਚ ਕਿੰਨਾ ਮਿਲਾਵਟ ਦਾ ਖ਼ਤਰਾ ਹੈ, ਇਹ ਸੋਚ ਕੇ ਹੀ ਡਰ ਲੱਗਦਾ ਹੈ। ਨਿਰਦੇਸ਼ਕ ਚੇਤਨ ਜੀ ਨੇ ਜਦੋਂ ਰਿਸਰਚ ਨਾਲ ਜੁੜੀਆਂ ਜਾਣਕਾਰੀਆਂ ਮੇਰੇ ਨਾਲ ਸਾਂਝੀਆਂ ਕੀਤੀਆਂ ਤਾਂ ਮੈਂ ਸੱਚਮੁੱਚ ਹੈਰਾਨ ਰਹਿ ਗਈ। ਮੈਨੂੰ ਲੱਗਾ ਕਿ ਇਸ ਤਰ੍ਹਾਂ ਦੀ ਫ਼ਿਲਮ ਦਾ ਹਿੱਸਾ ਬਣਨਾ ਸਿਰਫ਼ ਇਕ ਕਲਾਕਾਰ ਦੇ ਤੌਰ ’ਤੇ ਨਹੀਂ, ਸਗੋਂ ਇਕ ਜ਼ਿੰਮੇਵਾਰ ਨਾਗਰਿਕ ਵਜੋਂ ਵੀ ਜ਼ਰੂਰੀ ਹੈ। ਮੇਰਾ ਕਿਰਦਾਰ ਇਕ ਮਜ਼ਬੂਤ ਤੇ ਜਾਗਰੂਕ ਔਰਤ ਦਾ ਹੈ, ਇਸ ਲਈ ਇਸ ਨੂੰ ਨਿਭਾਉਣਾ ਮੇਰੇ ਲਈ ਚੁਣੌਤੀਪੂਰਨ ਹੋਣ ਦੇ ਨਾਲ-ਨਾਲ ਬਹੁਤ ਤਸੱਲੀ ਭਰਿਆ ਵੀ ਰਿਹਾ।

Q. ਰਿਸਰਚ ਦੌਰਾਨ ਅਜਿਹੀ ਕਿਹੜੀ ਗੱਲ ਸੀ ਜਿਸ ਨੇ ਤੁਹਾਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ?

-ਮੈਨੂੰ ਸਭ ਤੋਂ ਵੱਡਾ ਝਟਕਾ ਦੁੱਧ ਤੇ ਡੇਅਰੀ ਉਤਪਾਦਾਂ ਵਿਚ ਮਿਲਾਵਟ ਨਾਲ ਜੁੜੀ ਜਾਣਕਾਰੀ ਨੇ ਦਿੱਤਾ। ਮੰਗ ਤੇ ਸਪਲਾਈ ਵਿਚਕਾਰ ਵਧਦੇ ਫਰਕ ਨੂੰ ਪੂਰਾ ਕਰਨ ਲਈ ਕਿਸ ਤਰ੍ਹਾਂ ਨਕਲੀ ਤਰੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਇਹ ਜਾਣ ਕੇ ਮੈਂ ਕਾਫ਼ੀ ਫਿਕਰਮੰਦ ਹੋ ਗਈ। ਇਸ ਤੋਂ ਬਾਅਦ ਮੈਂ ਆਪਣੇ ਘਰ ਵਿਚ ਦੁੱਧ ਪੀਣਾ ਲੱਗਭਗ ਬੰਦ ਕਰ ਦਿੱਤਾ। ਅਸੀਂ ਦੁੱਧ ਤੋਂ ਬਣੇ ਉਤਪਾਦਾਂ ਦੀ ਸੀਮਿਤ ਵਰਤੋਂ ਕਰਦੇ ਹਾਂ ਪਰ ਸਿੱਧੇ ਤੌਰ ’ਤੇ ਦੁੱਧ ਦੀ ਵਰਤੋਂ ਨਹੀਂ ਕਰਦੇ। ਇਸ ਤੋਂ ਇਲਾਵਾ ਪਨੀਰ ਵਿਚ ਵੀ ਮਿਲਾਵਟ ਅਤੇ ਨਕਲੀ ਉਤਪਾਦਾਂ ਦੀ ਵਰਤੋਂ ਦੀ ਜਾਣਕਾਰੀ ਕਾਫ਼ੀ ਪਰੇਸ਼ਾਨ ਕਰਨ ਵਾਲੀ ਸੀ। ਇਕ ਮਾਂ ਹੋਣ ਦੇ ਨਾਤੇ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹਾਂ ਕਿ ਬੱਚੇ ਨੂੰ ਜਿੰਨਾ ਸੰਭਵ ਹੋ ਸਕੇ, ਸੁਰੱਖਿਅਤ ਤੇ ਭਰੋਸੇਮੰਦ ਭੋਜਨ ਹੀ ਦੇਵਾਂ।

ਇਕ ਮਾਸੂਮ ਦੀ ਮੌਤ ਬਣੀ ਸਭ ਤੋਂ ਵੱਡੀ ਪ੍ਰੇਰਣਾ : ਚੇਤਨ

Q. ਫ਼ਿਲਮ ਦੀ ਟੈਗਲਾਈਨ ‘ਸਲੋਅ ਪੁਆਇਜ਼ਨ ਇਨ ਪ੍ਰੋਗਰੈਸ’ ਕਾਫ਼ੀ ਪ੍ਰਭਾਵਸ਼ਾਲੀ ਹੈ। ਇਸ ਵਿਸ਼ੇ ’ਤੇ ਫ਼ਿਲਮ ਬਣਾਉਣ ਦਾ ਵਿਚਾਰ ਕਿਵੇਂ ਆਇਆ?

- ਇਸ ਫ਼ਿਲਮ ਦੇ ਲੇਖਕ ਤੇ ਨਿਰਮਾਤਾ ਸਾਗਰ ਜੀ ਕੁਝ ਵੱਖਰੇ ਤੇ ਸਾਰਥਕ ਵਿਸ਼ੇ ’ਤੇ ਕੰਮ ਕਰਨਾ ਚਾਹੁੰਦੇ ਸਨ। ਇਸੇ ਦੌਰਾਨ ਉਨ੍ਹਾਂ ਦੇ ਇਕ ਕਰੀਬੀ ਦੋਸਤ ਦੇ ਲੱਗਭਗ 7 ਸਾਲ ਦੇ ਬੇਟੇ ਦੀ ਕੈਂਸਰ ਨਾਲ ਮੌਤ ਹੋ ਗਈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਲੰਮੇ ਸਮੇਂ ਤੱਕ ਜ਼ਹਿਰੀਲੇ ਰਸਾਇਣਾਂ ਅਤੇ ਨੁਕਸਾਨਦੇਹ ਖਾਧ ਪਦਾਰਥਾਂ ਦੇ ਸੰਪਰਕ ਵਿਚ ਰਹਿਣ ਕਾਰਨ ਉਸ ਦੀ ਤਬੀਅਤ ਵਿਗੜਦੀ ਗਈ। ਇਹੀ ਘਟਨਾ ਸਾਡੇ ਲਈ ਸਭ ਤੋਂ ਵੱਡਾ ਝਟਕਾ ਸੀ। ਇਸ ਤੋਂ ਬਾਅਦ ਅਸੀਂ ਇਸ ਵਿਸ਼ੇ ’ਤੇ ਗੰਭੀਰ ਰਿਸਰਚ ਸ਼ੁਰੂ ਕੀਤੀ। ਰਿਸਰਚ ਦੌਰਾਨ ਕਈ ਅਜਿਹੇ ਤੱਥ ਸਾਹਮਣੇ ਆਏ ਜਿਨ੍ਹਾਂ ਨੇ ਸਾਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਪੰਜਾਬ ਦੀ ‘ਕੈਂਸਰ ਟਰੇਨ’ ਹੋਵੇ ਜਾਂ ਕੇਰਲ ਦੇ ਕਾਸਰਗੋਡ ਵਰਗੇ ਇਲਾਕੇ, ਜਿੱਥੇ ਰਸਾਇਣਕ ਪਦਾਰਥਾਂ ਦੇ ਅਸਰ ਨਾਲ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣੇ, ਇਨ੍ਹਾਂ ਸਭ ਨੇ ਸਾਨੂੰ ਅਹਿਸਾਸ ਦਿਵਾਇਆ ਕਿ ਇਸ ਮੁੱਦੇ ’ਤੇ ਲੋਕਾਂ ਨੂੰ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ। ਫਿਰ ਅਸੀਂ ਤੈਅ ਕੀਤਾ ਕਿ ਇਸ ਵਿਸ਼ੇ ’ਤੇ ਫ਼ਿਲਮ ਬਣਾਈ ਜਾਣੀ ਚਾਹੀਦੀ ਹੈ।

Q. ਫ਼ਿਲਮ ਦਾ ਨਾਂ ‘ਦਿ ਇੰਡੀਆ ਸਟੋਰੀ’ ਕਿਉਂ ਰੱਖਿਆ ਗਿਆ? ਕੀ ਇਹ ਸਿਰਫ਼ ਭਾਰਤ ਦੀ ਕਹਾਣੀ ਹੈ?

-ਬੇਸ਼ੱਕ ਇਹ ਸਮੱਸਿਆ ਪੂਰੀ ਦੁਨੀਆ ਵਿਚ ਮੌਜੂਦ ਹੈ ਪਰ ਸਾਡੀ ਪਹਿਲੀ ਜ਼ਿੰਮੇਵਾਰੀ ਆਪਣੇ ਦੇਸ਼ ਦੇ ਲੋਕਾਂ ਪ੍ਰਤੀ ਹੈ। ਅਸੀਂ ਚਾਹੁੰਦੇ ਸੀ ਕਿ ਸਭ ਤੋਂ ਪਹਿਲਾਂ ਭਾਰਤ ਵਿਚ ਇਸ ਮੁੱਦੇ ’ਤੇ ਚਰਚਾ ਹੋਵੇ ਅਤੇ ਲੋਕ ਜਾਗਰੂਕ ਹੋਣ। ਜੇਕਰ ਇਸ ਫ਼ਿਲਮ ਦਾ ਕੋਈ ਦੂਜਾ ਨਾਂ ਹੁੰਦਾ ਤਾਂ ਸ਼ਾਇਦ ‘ਘਰ-ਘਰ ਕੀ ਕਹਾਨੀ’ ਵੀ ਢੁਕਵਾਂ ਹੁੰਦਾ ਕਿਉਂਕਿ ਅੱਜ ਇਹ ਸਮੱਸਿਆ ਲੱਗਭਗ ਹਰ ਪਰਿਵਾਰ ਨਾਲ ਜੁੜ ਚੁੱਕੀ ਹੈ। ਸਾਡਾ ਮਕਸਦ ਕਿਸੇ ’ਤੇ ਦੋਸ਼ ਲਾਉਣਾ ਨਹੀਂ, ਸਗੋਂ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਨਾ ਹੈ।

ਸਿਰਫ਼ ਲੇਬਲ ’ਤੇ ਨਹੀਂ, ਭੋਜਨ ਦੇ ਸਰੋਤ ’ਤੇ ਵੀ ਰੱਖੋ ਭਰੋਸਾ

Q. ਕੀ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਮੁੜ ਰਵਾਇਤੀ ਖੇਤੀ ਤੇ ਘਰੇਲੂ ਉਤਪਾਦਨ ਵੱਲ ਜਾਣਾ ਚਾਹੀਦਾ ਹੈ?

-ਮੇਰੇ ਹਿਸਾਬ ਨਾਲ ਜਿਹੜੇ ਲੋਕ ਅਜਿਹਾ ਕਰ ਸਕਦੇ ਹਨ, ਉਨ੍ਹਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ। ਜੇਕਰ ਘਰ ਵਿਚ ਕੁਝ ਫਲ-ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ ਤਾਂ ਇਸ ਨਾਲ ਜੋਖਮ ਕਾਫ਼ੀ ਹੱਦ ਤੱਕ ਘੱਟ ਹੋ ਸਕਦਾ ਹੈ। ਸਿਰਫ਼ ‘ਆਰਗੈਨਿਕ’ ਲਿਖੇ ਹੋਣ ਨਾਲ ਕੋਈ ਚੀਜ਼ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੋ ਜਾਂਦੀ। ਕਈ ਵਾਰ ਇਹ ਸਿਰਫ਼ ਮਾਰਕੀਟਿੰਗ ਦਾ ਹਿੱਸਾ ਵੀ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਜਿੰਨਾ ਹੋ ਸਕੇ, ਭਰੋਸੇਮੰਦ ਸਰੋਤਾਂ ਤੋਂ ਖਾਣ-ਪੀਣ ਵਾਲੀ ਸਮੱਗਰੀ ਲਈਏ ਅਤੇ ਰਵਾਇਤੀ ਖੇਤੀ ਤੇ ਖਾਣ-ਪੀਣ ਵੱਲ ਵਾਪਸ ਜਾਣ ਦੀ ਕੋਸ਼ਿਸ਼ ਕਰੀਏ।

Q. ਆਉਣ ਵਾਲੀ ਫ਼ਿਲਮ ‘ਰਾਮਾਇਣ’ ਦਾ ਹਿੱਸਾ ਬਣਨਾ ਤੁਹਾਡੇ ਲਈ ਕਿੰਨਾ ਖ਼ਾਸ ਰਿਹਾ?

-ਇਹ ਮੇਰੇ ਕਰੀਅਰ ਦੇ ਸਭ ਤੋਂ ਵੱਡੇ ਤੇ ਖ਼ਾਸ ਪ੍ਰਾਜੈਕਟਾਂ ਵਿਚੋਂ ਇਕ ਹੈ। ਬਚਪਨ ਤੋਂ ਅਸੀਂ ਸਾਰਿਆਂ ਨੇ ਦੂਰਦਰਸ਼ਨ ’ਤੇ ਰਾਮਾਇਣ ਦੇਖੀ ਹੈ ਅਤੇ ਉਸ ਨਾਲ ਇਕ ਭਾਵਨਾਤਮਕ ਲਗਾਅ ਰਿਹਾ ਹੈ। ਅੱਜ ਉਸੇ ਕਹਾਣੀ ਦਾ ਹਿੱਸਾ ਬਣਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਹ ਫ਼ਿਲਮ ਵਿਸ਼ਵ ਪੱਧਰ ’ਤੇ ਬਣਾਈ ਜਾ ਰਹੀ ਹੈ ਤਾਂ ਜੋ ਭਾਰਤੀ ਸੱਭਿਆਚਾਰ ਅਤੇ ਸਾਡੀਆਂ ਕਹਾਣੀਆਂ ਪੂਰੀ ਦੁਨੀਆ ਤੱਕ ਪਹੁੰਚ ਸਕਣ। ਮੈਨੂੰ ਪੂਰਾ ਭਰੋਸਾ ਹੈ ਕਿ ਦਰਸ਼ਕਾਂ ਨੂੰ ਇਹ ਤਜਰਬਾ ਪਸੰਦ ਆਵੇਗਾ।

ਰਸਾਇਣਾਂ ਦੇ ਮਾੜੇ ਅਸਰਾਂ ਤੋਂ ਕਈ ਕਿਸਾਨ ਵੀ ਅਣਜਾਣ

Q. ਤੁਹਾਡੀ ਰਿਸਰਚ ’ਚ ਕੀ ਖ਼ਾਸ ਰਿਹਾ?

-ਅਸੀਂ ਡਾਕਟਰ ਨਹੀਂ ਹਾਂ, ਇਸ ਲਈ ਕਿਸੇ ਬਿਮਾਰੀ ਦਾ ਸਿੱਧਾ ਕਾਰਨ ਦੱਸਣਾ ਠੀਕ ਨਹੀਂ ਹੋਵੇਗਾ ਪਰ ਸਾਡੀ ਰਿਸਰਚ ਵਿਚ ਇਹ ਜ਼ਰੂਰ ਸਾਹਮਣੇ ਆਇਆ ਹੈ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਬਹੁਤ ਜ਼ਿਆਦਾ ਕੀਟਨਾਸ਼ਕਾਂ ਤੇ ਰਸਾਇਣਾਂ ਦੀ ਵਰਤੋਂ ਸਾਡੀ ਸਿਹਤ ਲਈ ਗੰਭੀਰ ਖ਼ਤਰਾ ਬਣਦੀ ਜਾ ਰਹੀ ਹੈ। ਹਰ ਵਿਅਕਤੀ ਜਾਣੇ-ਅਣਜਾਣੇ ਵਿਚ ਅਜਿਹੇ ਰਸਾਇਣਾਂ ਦੇ ਸੰਪਰਕ ਵਿਚ ਆ ਰਿਹਾ ਹੈ। ਇਹੀ ਕਾਰਨ ਹੈ ਕਿ ਅਸੀਂ ਫ਼ਿਲਮ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਅਤ ਭੋਜਨ, ਆਰਗੈਨਿਕ ਖੇਤੀ ਅਤੇ ਜਾਗਰੂਕ ਖਪਤਕਾਰ ਬਣਨ ਵੱਲ ਕਦਮ ਵਧਾਉਣ।

Q. ਕਿਸਾਨਾਂ ਦੀ ਭੂਮਿਕਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ?

-ਮੇਰਾ ਮੰਨਣਾ ਹੈ ਕਿ ਕਿਸਾਨ ਜਾਣ-ਬੁੱਝ ਕੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ। ਕਈ ਵਾਰ ਉਨ੍ਹਾਂ ਨੂੰ ਵੀ ਪੂਰੀ ਜਾਣਕਾਰੀ ਨਹੀਂ ਹੁੰਦੀ ਕਿ ਜਿਨ੍ਹਾਂ ਰਸਾਇਣਾਂ ਦੀ ਵਰਤੋਂ ਉਹ ਕਰ ਰਹੇ ਹਨ, ਉਨ੍ਹਾਂ ਦੇ ਮਾੜੇ ਅਸਰ ਕਿੰਨੇ ਗੰਭੀਰ ਹੋ ਸਕਦੇ ਹਨ। ਕੰਪਨੀਆਂ ਵੱਧ ਉਤਪਾਦਨ ਦਾ ਲਾਲਚ ਦਿੰਦੀਆਂ ਹਨ ਅਤੇ ਕਿਸਾਨ ਉਸੇ ’ਤੇ ਭਰੋਸਾ ਕਰ ਲੈਂਦੇ ਹਨ। ਲੋੜ ਇਸ ਗੱਲ ਦੀ ਹੈ ਕਿ ਕਿਸਾਨਾਂ ਨੂੰ ਸਹੀ ਜਾਣਕਾਰੀ ਮਿਲੇ, ਉਨ੍ਹਾਂ ਨੂੰ ਵਾਜਬ ਭਾਅ ਮਿਲੇ ਅਤੇ ਸਰਕਾਰ ਵੀ ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ।


author

cherry

Content Editor

Related News