ਡਰ ਤੇ ਰਹੱਸ ਉਦੋਂ ਹੀ ਅਸਰ ਕਰਦਾ ਹੈ, ਜਦੋਂ ਉਹ ਅਸਲੀ ਲੱਗੇ : ਕਰਨ ਟੈਕਰ
Friday, Dec 19, 2025 - 10:26 AM (IST)
ਮੁੰਬਈ- ਓ. ਟੀ. ਟੀ. ਦੀ ਦੁਨੀਆ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਅਦਾਕਾਰ ਕਰਨ ਟੈਕਰ ਆਪਣੀ ਨਵੀਂ ਵੈੱਬ ਸੀਰੀਜ਼ ‘ਭੈਅ : ਦਿ ਗੌਰਵ ਤਿਵਾੜੀ ਮਿਸਟਰੀ’ ਨੂੰ ਲੈ ਕੇ ਚਰਚਾ ਵਿਚ ਬਣੇ ਹੋਏ ਹਨ। ਇਸ ਵੈੱਬ ਸੀਰੀਜ਼ ਵਿਚ ਉਨ੍ਹਾਂ ਨੇ ਭਾਰਤ ਦੇ ਪਹਿਲੇ ਪੈਰਾਨਾਰਮਲ ਇਨਵੈਸਟੀਗੇਟਰ ਗੌਰਵ ਤਿਵਾੜੀ ਦਾ ਕਿਰਦਾਰ ਨਿਭਾਇਆ ਹੈ। ਇਹ ਸੀਰੀਜ਼ ਐਮਾਜ਼ਾਨ ਐੱਮ. ਐੱਕਸ ਪਲੇਅਰ ’ਤੇ 12 ਦਸੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਵੱਖ-ਵੱਖ ਜਾਨਰ ਵਿਚ ਖ਼ੁਦ ਨੂੰ ਸਾਬਤ ਕਰ ਚੁੱਕੇ ਕਰਨ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਹਰ ਨਵਾਂ ਪ੍ਰਾਜੈਕਟ ਇਕ ਨਵੀਂ ਸ਼ੁਰੂਆਤ ਵਾਂਗ ਹੁੰਦਾ ਹੈ। ਇਸ ਸੀਰੀਜ਼ ਬਾਰੇ ਕਰਨ ਟੈਕਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ.....
ਪ੍ਰ. ਤੁਸੀਂ ਅਜੇ ਵੀ ਖ਼ੁਦ ਨੂੰ ਸ਼ੁਰੂਆਤ ਵਿਚ ਕਿਉਂ ਮੰਨਦੇ ਹੋ?
ਸੱਚ ਕਹਾਂ ਤਾਂ ਇਹ ਭਾਵਨਾ ਕਦੇ ਜਾਂਦੀ ਹੀ ਨਹੀਂ। ਸਾਡੀ ਇੰਡਸਟਰੀ ਤੁਹਾਨੂੰ ਕਦੇ ਪੂਰੀ ਤਰ੍ਹਾਂ ਸੈਟਲ ਮਹਿਸੂਸ ਨਹੀਂ ਕਰਨ ਦਿੰਦੀ। ਹਰ ਵਾਰ ਜਦੋਂ ਕੋਈ ਨਵਾਂ ਕੰਮ ਖ਼ਤਮ ਹੁੰਦਾ ਹੈ ਅਤੇ ਅਗਲੀ ਚੀਜ਼ ਦੀ ਭਾਲ ਸ਼ੁਰੂ ਹੁੰਦੀ ਹੈ ਤਾਂ ਉੱਥੇ ਸ਼ੁਰੂਆਤੀ ਡਰ ਅਤੇ ਮਿਹਨਤ ਵਾਲੀ ਫੀਲਿੰਗ ਪਰਤ ਆਉਂਦੀ ਹੈ। ਜਿੰਨਾ ਜ਼ਿਆਦਾ ਕੰਮ ਕਰਦੇ ਹਾਂ, ਓਨਾ ਹੀ ਅਹਿਸਾਸ ਹੁੰਦਾ ਹੈ ਕਿ ਮਿਹਨਤ ਅਤੇ ਸੰਘਰਸ਼ ਵਧਦੇ ਜਾ ਰਹੇ ਹਨ।
ਪ੍ਰ. ‘ਭੈਅ’ ਵਰਗੇ ਡਰਾਉਣੇ ਜਾਨਰ ਨੂੰ ਚੁਣਨ ਦਾ ਫ਼ੈਸਲਾ ਕਿਵੇਂ ਲਿਆ?
ਮੈਂ ਸੋਚਿਆ ਜੇ ਲੋਕਾਂ ਨੂੰ ਡਰਾਇਆ ਨਹੀਂ ਤਾਂ ਸ਼ਾਇਦ ਉਹ ਮੈਨੂੰ ਸੀਰੀਅਸਲੀ ਨਹੀਂ ਲੈਣਗੇ ਪਰ ਮਜ਼ਾਕ ਤੋਂ ਹਟ ਕੇ ਐਕਟਰ ਦੇ ਤੌਰ ’ਤੇ ਮੈਂ ਹਮੇਸ਼ਾ ਕੁਝ ਨਵਾਂ ਲੱਭਦਾ ਹਾਂ। ਗੌਰਵ ਤਿਵਾੜੀ ਦਾ ਕਿਰਦਾਰ ਮੇਰੇ ਲਈ ਬਿਲਕੁਲ ਅਣਜਾਣ ਸੀ। ਜਦੋਂ ਪਹਿਲੀ ਵਾਰ ਉਨ੍ਹਾਂ ਬਾਰੇ ਪੜ੍ਹਿਆ ਤਾਂ ਲੱਗਿਆ ਕਿ ਇਹ ਇਨਸਾਨ ਖ਼ੁਦ ਵਿਚ ਇਕ ਕਹਾਣੀ ਹੈ।
ਪ੍ਰ. ਗੌਰਵ ਤਿਵਾੜੀ ਦੀ ਕਹਾਣੀ ਵਿਚ ਤੁਹਾਨੂੰ ਸਭ ਤੋਂ ਜ਼ਿਆਦਾ ਕਿਸ ਚੀਜ਼ ਨੇ ਆਕਰਸ਼ਿਤ ਕੀਤਾ?
ਗੌਰਵ ਪਹਿਲਾਂ ਐਕਟਰ ਬਣਨਾ ਚਾਹੁੰਦੇ ਸਨ, ਫਿਰ ਪਾਇਲਟ ਬਣੇ। ਅਮਰੀਕਾ ਵਿਚ ਪੜ੍ਹਾਈ ਕੀਤੀ ਅਤੇ ਅਚਾਨਕ ਸਭ ਛੱਡ ਕੇ ਭਾਰਤ ਪਰਤ ਆਏ। ਉਨ੍ਹਾਂ ਨੇ ਇੰਡੀਅਨ ਪੈਰਾਨਾਰਮਲ ਸੋਸਾਇਟੀ ਬਣਾਈ ਅਤੇ ਦੇਸ਼ ਦੇ ਪਹਿਲੇ ਪੈਰਾਨਾਰਮਲ ਇਨਵੈਸਟੀਗੇਟਰ ਬਣੇ। ਇੰਨੀ ਘੱਟ ਉਮਰ ਵਿਚ ਉਨ੍ਹਾਂ ਦਾ ਇਸ ਤਰ੍ਹਾਂ ਜਾਣਾ ਬਹੁਤ ਦੁਖਦਾਈ ਅਤੇ ਰਹੱਸਮਈ ਹੈ। ਮੈਨੂੰ ਸਭ ਤੋਂ ਜ਼ਿਆਦਾ ਉਨ੍ਹਾਂ ਦੀ ਹਿੰਮਤ ਅਤੇ ਜਨੂੰਨ ਨੇ ਪ੍ਰਭਾਵਿਤ ਕੀਤਾ ਅਤੇ ਸੁਰੱਖਿਅਤ ਜ਼ਿੰਦਗੀ ਛੱਡ ਕੇ ਇਕ ਅਜਿਹੇ ਰਸਤੇ ’ਤੇ ਚੱਲਣਾ, ਜਿਸ ਨੂੰ ਸਮਾਜ ਆਸਾਨੀ ਨਾਲ ਸਵੀਕਾਰ ਨਹੀਂ ਕਰਦਾ।
ਪ੍ਰ. ਕੀ ਤੁਸੀਂ ਇਸ ਕਿਰਦਾਰ ਨੂੰ ਨਿਭਾਉਂਦੇ ਸਮੇਂ ਕੋਈ ਖ਼ਾਸ ਤਿਆਰੀ ਕੀਤੀ?
ਮੈਂ ਚਾਹੁੰਦਾ ਸੀ ਕਿ ਗੌਰਵ ਬਹੁਤ ਜ਼ਿਆਦਾ ਬੋਲਣ ਵਾਲਾ ਨਾ ਲੱਗੇ। ਉਹ ਇਕ ਠੋਸ ਅੰਦਰ ਤੋਂ ਮਜ਼ਬੂਤ ਇਨਸਾਨ ਸੀ, ਜੋ ਉਦੋਂ ਬੋਲਦਾ ਹੈ, ਜਦੋਂ ਜ਼ਰੂਰੀ ਹੋਵੇ। ਮੈਂ ਸਕ੍ਰਿਪਟ ਪੜ੍ਹਨ ਦੌਰਾਨ ਕਈ ਡਾਇਲਾਗ ਹਟਾਉਣ ਦੀ ਗੱਲ ਕੀਤੀ। ਆਮ ਤੌਰ ’ਤੇ ਐਕਟਰ ਜ਼ਿਆਦਾ ਡਾਇਲਾਗ ਚਾਹੁੰਦੇ ਹਨ ਪਰ ਇੱਥੇ ਮੈਨੂੰ ਖ਼ਾਮੋਸ਼ੀ ਜ਼ਿਆਦਾ ਅਸਰਦਾਰ ਲੱਗੀ। ਮੇਰੇ ਲਈ ਇਹ ਕਿਰਦਾਰ ਬਹੁਤ ਇੰਟਰਨਲ ਸੀ, ਰਹੱਸਮਈ, ਸ਼ਾਂਤ ਅਤੇ ਆਬਜ਼ਰਵੇਟ। ਅਸੀਂ ਚਾਹੁੰਦੇ ਸੀ ਕਿ ਸਭ ਕੁਝ ਨੈਚੁਰਲ ਲੱਗੇ। ਇਸ ਲਈ ਲਾਂਗ ਸਿੰਗਲ ਸ਼ਾਟਜ਼ ’ਤੇ ਫੋਕਸ ਕੀਤਾ ਗਿਆ, ਤਾਂ ਕਿ ਦਰਸ਼ਕ ਸਕ੍ਰੀਨ ਤੋਂ ਨਾ ਹਟਣ। ਮੈਂ ਨਹੀਂ ਚਾਹੁੰਦਾ ਸੀ ਕਿ ਇਹ ਸ਼ੋਅ ਕੋਰੀਓਗ੍ਰਾਫਡ ਲੱਗੇ। ਡਰ ਅਤੇ ਰਹੱਸ ਉਦੋਂ ਅਸਰ ਕਰਦਾ ਹੈ, ਜਦੋਂ ਉਹ ਅਸਲੀ ਲੱਗੇ। ਡਰ ਮੇਰੇ ਲਈ ਇਕ ਰਿਸਕ ਸੀ, ਜੋ ਕੰਮ ਕਰ ਗਿਆ।
ਪ੍ਰ. ਸ਼ੋਅ ਨੂੰ ਲੈ ਕੇ ਸਭ ਤੋਂ ਵੱਡੀ ਚਿੰਤਾ ਕੀ ਸੀ?
ਮੇਰਾ ਸਭ ਤੋਂ ਵੱਡਾ ਡਰ ਸੀ ਕਿ ਲੋਕ ਮੈਨੂੰ ਇਸ ਰੋਲ ਵਿਚ ਸਵੀਕਾਰ ਕਰਨਗੇ ਜਾਂ ਨਹੀਂ। ਲੋਕ ਮੈਨੂੰ ਜ਼ਿਆਦਾਤਰ ਹੀਰੋ ਜਾਂ ਯੂਨੀਫਾਰਮ ਵਾਲੇ ਕਿਰਦਾਰਾਂ ਵਿਚ ਦੇਖਦੇ ਆਏ ਹਨ। ਮੈਂ ਉਸ ਅਕਸ ਨੂੰ ਤੋੜਨਾ ਚਾਹੁੰਦਾ ਸੀ। ‘ਭੈਅ’ ਮੇਰੇ ਲਈ ਇਕ ਵੱਡਾ ਰਿਸਕ ਸੀ ਪਰ ਖ਼ੁਸ਼ੀ ਹੈ ਕਿ ਉਹ ਰਿਸਕ ਕੰਮ ਕਰ ਗਿਆ।
ਪ੍ਰ. ਦਰਸ਼ਕਾਂ ਤੋਂ ਕਿਵੇਂ ਦਾ ਹੁੰਗਾਰਾ ਮਿਲਿਆ?
ਈਮਾਨਦਾਰੀ ਨਾਲ ਕਹਾਂ ਤਾਂ ਹੁੰਗਾਰਾ ਸ਼ਾਨਦਾਰ ਰਿਹਾ ਹੈ। ਮੈਂ ਸਮੀਖਿਆ ਨਹੀਂ ਪੜ੍ਹਦਾ ਪਰ ਯੂ-ਟਿਊਬ ਅਤੇ ਸੋਸ਼ਲ ਮੀਡੀਆ ’ਤੇ ਦਰਸ਼ਕਾਂ ਦੇ ਕੁਮੈਂਟ ਜ਼ਰੂਰ ਦੇਖਦਾ ਹਾਂ। ਮੈਨੂੰ ਖ਼ੁਸ਼ੀ ਹੈ ਕਿ ਮੇਰੇ ਨਾਲ ਨਵੇਂ ਦਰਸ਼ਕ ਜੁੜੇ ਹਨ ਅਤੇ ਲੋਕ ਮੈਨੂੰ ਇਕ ਨਵੇਂ ਰੂਪ ਵਿਚ ਦੇਖ ਰਹੇ ਹਨ।
ਪ੍ਰ. ਐਕਟਿੰਗ ਪ੍ਰੋਸੈੱਸ ਕੀ ਹੈ? ਕੀ ਤੁਸੀਂ ਖ਼ੁਦ ਨੂੰ ਬਹੁਤ ‘ਮੈਥਡ’ ਐਕਟਰ ਮੰਨਦੇ ਹੋ?
ਅੱਜਕੱਲ ‘ਕ੍ਰਾਫਟ’ ਤੇ ‘ਪ੍ਰੋਸੈੱਸ’ ਵਰਗੇ ਸ਼ਬਦ ਬਹੁਤ ਵਰਤੇ ਜਾਂਦੇ ਹਨ। ਈਮਾਨਦਾਰੀ ਨਾਲ ਕਹਾਂ ਤਾਂ ਮੈਂ ਆਪਣੇ ਪ੍ਰੋਸੈੱਸ ਨੂੰ ਕਿਸੇ ਇਕ ਪਰਿਭਾਸ਼ਾ ਵਿਚ ਨਹੀਂ ਬੰਨ੍ਹ ਸਕਦਾ। ਕਿਰਦਾਰ ਨਾਲ ਸਮਾਂ ਬਿਤਾਉਂਦੇ-ਬਿਤਾਉਂਦੇ ਉਹ ਆਪਣੇ ਆਪ ਸਮਝ ਆਉਣ ਲੱਗਦਾ ਹੈ। ਕਈ ਵਾਰ ਸ਼ੂਟ ਖ਼ਤਮ ਹੋਣ ਤੋਂ ਮਹੀਨਿਆਂ ਬਾਅਦ ਜਾ ਕੇ ਤੁਸੀਂ ਉਸ ਕਿਰਦਾਰ ਨੂੰ ਹੋਰ ਬਿਹਤਰ ਸਮਝ ਪਾਉਂਦੇ ਹੋ, ਬਿਲਕੁਲ ਜ਼ਿੰਦਗੀ ਵਾਂਗ।
ਹਨੇਰਾ, ਇਕੱਲਾਪਣ ਤੇ ਸੰਨਾਟਾ ਮੇਰਾ ਪਹਿਲਾ ਅਨੁਭਵ ਸੀ, ਸੌਂ ਵੀ ਨਹੀਂ ਸੀ ਸਕਿਆ
ਪ੍ਰ. ਕੀ ਸ਼ੂਟ ਦੌਰਾਨ ਤੁਹਾਨੂੰ ਕਦੇ ਕੋਈ ਪੈਰਾਨਾਰਮਲ ਅਨੁਭਵ ਹੋਇਆ?
ਮੈਂ ਇਸ ’ਤੇ ਬਹੁਤ ਜ਼ਿਆਦਾ ਕਹਾਣੀਆਂ ਬਣਾਉਣਾ ਪਸੰਦ ਨਹੀਂ ਕਰਦਾ ਕਿਉਂਕਿ ਪ੍ਰਮੋਸ਼ਨ ਦੇ ਨਾਂ ’ਤੇ ਸੱਚਾਈ ਗੁਆਚ ਜਾਂਦੀ ਹੈ ਪਰ ਹਾਂ ਸੈੱਟ ’ਤੇ ਕੁਝ ਅਜੀਬ ਅਨੁਭਵ ਹੋਏ ਹਨ। ਹਾਲ ਹੀ ਵਿਚ ਮੈਂ ਇਕ ਅਸਲੀ ਪੈਰਾਨਾਰਮਲ ਇਨਵੈਸਟੀਗੇਸ਼ਨ ਲਈ ਦਿੱਲੀ ਦੇ ਮਾਲਚਾ ਮਹਿਲ ਗਿਆ ਸੀ। ਉਹ ਮੇਰੀ ਜ਼ਿੰਦਗੀ ਦਾ ਪਹਿਲਾ ਅਜਿਹਾ ਅਨੁਭਵ ਸੀ। ਹਨੇਰਾ, ਸੰਨਾਟਾ ਅਤੇ ਇਕੱਲਾਪਣ ਉਸ ਸਮੇਂ ਮੈਂ ਖ਼ੁਦ ਤੋਂ ਪੁੱਛ ਰਿਹਾ ਸੀ ਕਿ ਮੈਂ ਹਾਂ ਕਿਉਂ ਕਹੀ। ਉਹ ਮੇਰਾ ਪਹਿਲਾ ਅਨੁਭਵ ਸੀ ਤੇ ਉਸ ਤੋਂ ਬਾਅਦ ਮੈਂ ਸੌਂ ਨਹੀਂ ਸਕਿਆ ਕਿਉਂਕ ਉਹ ਮੇਰੇ ਦਿਮਾਗ਼ ਵਿਚ ਹੀ ਘੁੰਮ ਰਿਹਾ ਸੀ।
ਪ੍ਰ. ਭਾਰਤ ਵਿਚ ਪੈਰਾਨਾਰਮਲ ਨੂੰ ਅਕਸਰ ਭੂਤ-ਪ੍ਰੇਤ ਅਤੇ ਟੋਟਕਿਆਂ ਨਾਲ ਜੋੜ ਦਿੱਤਾ ਜਾਂਦਾ ਹੈ। ਕੀ ਇਹ ਸੀਰੀਜ਼ ਸੋਚ ਬਦਲ ਸਕਦੀ ਹੈ?
ਮੇਰਾ ਇਰਾਦਾ ਸ਼ੁਰੂ ਤੋਂ ਇਹੀ ਸੀ ਕਿ ਅਸੀਂ ਡਰ ਤੋਂ ਅੱਗ ਵਧ ਕੇ ਇਨਸਾਨੀ ਨਜ਼ਰੀਏ ਨਾਲ ਸੋਚੀਏ। ਗੌਰਵ ਦੀ ਸੋਚ ਸੀ ਕਿ ਆਤਮਾ ਵੀ ਕਦੇ ਇਨਸਾਨ ਸੀ, ਉਹ ਫਸੀ ਹੋਈ ਹੈ, ਬੇਵੱਸ ਹੈ। ਅਸੀਂ ਹਨੇਰੇ ਤੋਂ ਡਰਦੇ ਹਾਂ, ਇਸ ਲਈ ਅਸੀਂ ਤੈਅ ਕਰ ਲਿਆ ਕਿ ਭੂਤ ਸਿਰਫ਼ ਹਨੇਰੇ ਵਿਚ ਹੁੰਦੇ ਹਨ ਪਰ ਅਜਿਹਾ ਜ਼ਰੂਰੀ ਨਹੀਂ। ਡਰ ਅਸਲ ਵਿਚ ਸਾਡੀ ਸਮਝ ਦੀ ਘਾਟ ਨਾਲ ਲੱਗਦਾ ਹੈ।
ਪ੍ਰ. ਕੀ ਤੁਸੀਂ ਮੰਨਦੇ ਹੋ ਕਿ ਇਹ ਸੀਰੀਜ਼ ਭਾਰਤ ਲਈ ਪੈਰਾਨਾਰਮਲ ਜਾਨਰ ਵਿਚ ਇਕ ਨਵਾਂ ਰਸਤਾ ਖੋਲ੍ਹ ਸਕਦੀ ਹੈ?
ਜੇ ਲੋਕ ਇਸ ਸ਼ੋਅ ਤੋਂ ਬਾਅਦ ਥੋੜ੍ਹਾ ਘੱਟ ਡਰਨ ਅਤੇ ਥੋੜ੍ਹਾ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕਰਨ ਤਾਂ ਮੈਨੂੰ ਲੱਗੇਗਾ ਕਿ ਸਾਡਾ ਕੰਮ ਸਫ਼ਲ ਰਿਹਾ। ਇਹ ਹਾਰਰ ਨਹੀਂ ਹੈ, ਇਹ ਇਨਸਾਨੀਅਤ, ਉਤਸੁਕਤਾ ਤੇ ਉਸ ਦੁਨੀਆ ਨੂੰ ਸਮਝਣ ਦੀ ਕੋਸ਼ਿਸ਼ ਹੈ, ਜਿਸ ਨੂੰ ਅਸੀਂ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਾਂ।
