ਪਿਓ ਨੇ ਪੁੱਤ ਨੂੰ ਕੰਮ ਦਿਵਾਉਣ ਲਈ ਪ੍ਰੋ਼ਡਿਊਸਰਾਂ ਦੇ ਘਰ-ਘਰ ਲਾਏ ਗੇੜੇ ! ਪਹਿਲੀ ਫ਼ਿਲਮ ਦੇਖ...
Sunday, Aug 23, 2026 - 02:18 PM (IST)
ਐਂਟਰਟੇਨਮੈਂਟ ਡੈਸਕ- ਦਿੱਗਜ ਅਦਾਕਾਰ ਸੁਰੇਸ਼ ਓਬਰਾਏ ਨੇ ਇੱਕ ਤਾਜ਼ਾ ਇੰਟਰਵਿਊ 'ਚ ਆਪਣੇ ਬੇਟੇ ਵਿਵੇਕ ਓਬਰਾਏ ਦੇ ਬਾਲੀਵੁੱਡ ਡੈਬਿਊ ਅਤੇ ਉਸ ਔਖੇ ਸਮੇਂ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਵਿਵੇਕ ਨੂੰ ਰਾਮ ਗੋਪਾਲ ਵਰਮਾ ਦੀ ਫਿਲਮ 'ਕੰਪਨੀ' (2002) 'ਚ ਰੋਲ ਦਿਵਾਉਣ ਲਈ ਯਤਨ ਕੀਤੇ ਸਨ।
ਸੁਰੇਸ਼ ਓਬਰਾਏ ਨੇ ਦੱਸਿਆ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਆਪਣੀਆਂ ਫੋਟੋਆਂ ਲੈ ਕੇ ਦਫ਼ਤਰਾਂ ਦੇ ਗੇੜੇ ਮਾਰੇ ਸਨ, ਉਸੇ ਤਰ੍ਹਾਂ ਉਨ੍ਹਾਂ ਨੂੰ ਆਪਣੇ ਬੇਟੇ ਵਿਵੇਕ ਲਈ ਵੀ ਘਰ-ਘਰ ਅਤੇ ਪ੍ਰੋਡਿਊਸਰਾਂ ਦੇ ਦਫ਼ਤਰਾਂ 'ਚ ਜਾਣਾ ਪਿਆ ਸੀ। ਸੁਰੇਸ਼ ਓਬਰਾਏ ਅਨੁਸਾਰ, ਉਹ ਉਸ ਸਮੇਂ ਰਾਮ ਗੋਪਾਲ ਵਰਮਾ ਨਾਲ ਇੱਕ ਪ੍ਰੋਜੈਕਟ 'ਤੇ ਕੰਮ ਕਰ ਰਹੇ ਸਨ। ਜਦੋਂ ਰਾਮ ਗੋਪਾਲ ਵਰਮਾ ਆਪਣੀ ਫਿਲਮ 'ਕੰਪਨੀ' ਲਈ ਇੱਕ ਨਵੇਂ ਚਿਹਰੇ ਦੀ ਭਾਲ ਕਰ ਰਹੇ ਸਨ, ਤਾਂ ਸੁਰੇਸ਼ ਨੇ ਉਨ੍ਹਾਂ ਨੂੰ ਵਿਵੇਕ ਬਾਰੇ ਦੱਸਿਆ।
ਸੁਰੇਸ਼ ਦੀ ਗੱਲ ਸੁਣ ਰਾਮ ਗੋਪਾਲ ਵਰਮਾ ਨੇ ਵਿਵੇਕ ਦੀ ਐਕਟਿੰਗ ਦੀ ਵੀਡੀਓ ਟੇਪ ਦੇਖਣ ਦੀ ਇੱਛਾ ਜਤਾਈ। ਸੁਰੇਸ਼ ਓਬਰਾਏ ਨੇ ਉਨ੍ਹਾਂ ਨੂੰ ਆਪਣੇ ਘਰ ਬੁਲਾਇਆ ਅਤੇ ਵਿਵੇਕ ਦੇ ਐਕਟਿੰਗ ਇੰਸਟੀਚਿਊਟ ਦੀ ਵੀਡੀਓ ਟੇਪ ਦਿਖਾਈ। ਵੀਡੀਓ ਦੇਖਦੇ ਹੀ ਰਾਮ ਕਾਫੀ ਪ੍ਰਭਾਵਿਤ ਹੋਏ ਅਤੇ ਵਿਵੇਕ ਨੂੰ ਫਿਲਮ 'ਚ ਸਾਈਨ ਕਰ ਲਿਆ। ਸੁਰੇਸ਼ ਓਬਰਾਏ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੇ ਫਿਲਮ 'ਕੰਪਨੀ' ਵਿੱਚ ਵਿਵੇਕ ਦੀ ਅਦਾਕਾਰੀ ਦੇਖੀ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਆ ਗਏ। ਹਾਲਾਂਕਿ, ਉਨ੍ਹਾਂ ਨੂੰ ਵਿਵੇਕ ਦੀ ਫਿਲਮ 'ਸਾਥੀਆ' ਸਭ ਤੋਂ ਵੱਧ ਪਸੰਦ ਹੈ।
ਦੂਜੇ ਪਾਸੇ, ਵਿਵੇਕ ਓਬਰਾਏ ਨੇ ਪਹਿਲਾਂ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੇ 'ਓਬਰਾਏ' ਸਰਨੇਮ ਦੀ ਵਰਤੋਂ ਕੀਤੇ ਬਿਨਾਂ 'ਵਿਵੇਕ ਆਨੰਦ' ਦੇ ਨਾਂ ਨਾਲ ਆਡੀਸ਼ਨ ਦਿੱਤੇ ਸਨ। ਉਨ੍ਹਾਂ ਮੁਤਾਬਕ, RGV ਨੇ ਪਹਿਲਾਂ ਉਨ੍ਹਾਂ ਨੂੰ "ਬਹੁਤ ਜ਼ਿਆਦਾ ਪੋਲਿਸ਼ਡ" ਕਹਿ ਕੇ ਨਾਂਹ ਕਰ ਦਿੱਤੀ ਸੀ, ਜਿਸ ਤੋਂ ਬਾਅਦ ਵਿਵੇਕ ਨੇ ਝੁੱਗੀ-ਝੋਂਪੜੀ 'ਚ ਰਹਿ ਕੇ ਗੈਂਗਸਟਰ ਦੀ ਲੁੱਕ ਅਪਣਾਈ ਅਤੇ ਦੁਬਾਰਾ ਆਡੀਸ਼ਨ ਦੇ ਕੇ ਇਹ ਰੋਲ ਹਾਸਲ ਕੀਤਾ ਸੀ।
