ED ਨੇ ਫਿਲਮ ਨਿਰਮਾਤਾ ਧਰਮੇਸ਼ ਸੰਗਾਨੀ ਖਿਲਾਫ ਜਾਂਚ ਕੀਤੀ ਸ਼ੁਰੂ

Friday, Jul 10, 2026 - 05:22 PM (IST)

ED ਨੇ ਫਿਲਮ ਨਿਰਮਾਤਾ ਧਰਮੇਸ਼ ਸੰਗਾਨੀ ਖਿਲਾਫ ਜਾਂਚ ਕੀਤੀ ਸ਼ੁਰੂ

ਨਵੀਂ ਦਿੱਲੀ (ਏਜੰਸੀ) - ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵਿਦੇਸ਼ਾਂ ਵਿੱਚ ਅਣਐਲਾਨੀ ਸੰਪਤੀ ਰੱਖਣ ਅਤੇ ਹੋਰ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਹੇਠ ਮੁੰਬਈ ਦੇ ਫਿਲਮ ਨਿਰਮਾਤਾ ਧਰਮੇਸ਼ ਸੰਗਾਨੀ ਅਤੇ ਉਨ੍ਹਾਂ ਦੀ ਕੰਪਨੀ 'ਕਲਾਨੀ ਇੰਪੈਕਸ ਲਿਮਟਿਡ' ਵਿਰੁੱਧ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਤਹਿਤ ਜਾਂਚ ਸ਼ੁਰੂ ਕੀਤੀ ਹੈ। ਇਸ ਕਾਰਵਾਈ ਦੇ ਤਹਿਤ ਈਡੀ ਨੇ ਵੀਰਵਾਰ ਨੂੰ ਉਨ੍ਹਾਂ ਦੇ ਟਿਕਾਣਿਆਂ 'ਤੇ ਤਲਾਸ਼ੀ ਮੁਹਿੰਮ ਚਲਾਈ। ਧਰਮੇਸ਼ ਸੰਗਾਨੀ ਅਭਿਨੇਤਾ ਸ਼ੇਖਰ ਸੁਮਨ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੇ ਸੁਮਨ ਦੇ ਸਹਿਯੋਗ ਨਾਲ ਇੱਕ ਫਿਲਮ ਅਕੈਡਮੀ ਦੀ ਸਹਿ-ਸਥਾਪਨਾ ਵੀ ਕੀਤੀ ਸੀ।

ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਤਲਾਸ਼ੀ ਦੌਰਾਨ, ਸੰਗਾਨੀ ਨੇ ਇੱਕ ਇਮਾਰਤ ਦੀ 13ਵੀਂ ਮੰਜ਼ਿਲ ਤੋਂ ਆਪਣਾ ਮੋਬਾਈਲ ਫੋਨ ਸੁੱਟਣ ਦੀ ਕੋਸ਼ਿਸ਼ ਕੀਤੀ, ਜਿਸਨੂੰ ਬਾਅਦ ਵਿੱਚ ਜਾਂਚ ਅਧਿਕਾਰੀਆਂ ਨੇ ਬਰਾਮਦ ਕਰ ਲਿਆ। ਈਡੀ ਨੇ ਸਬੂਤ ਨਸ਼ਟ ਕਰਨ ਲਈ ਸੰਗਾਨੀ ਵਿਰੁੱਧ ਮੁੰਬਈ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਾਂਚ ਦੌਰਾਨ ਈਡੀ ਨੂੰ ਸੰਗਾਨੀ ਅਤੇ ਉਨ੍ਹਾਂ ਦੀ ਕੰਪਨੀ ਨਾਲ ਸਬੰਧਤ ਕਈ ਅਹਿਮ ਦਸਤਾਵੇਜ਼ ਮਿਲੇ ਹਨ, ਜੋ ਵਿਦੇਸ਼ਾਂ ਵਿੱਚ ਅਣਐਲਾਨੀ ਸੰਪਤੀਆਂ ਅਤੇ ਬੈਂਕ ਖਾਤਿਆਂ ਵੱਲ ਇਸ਼ਾਰਾ ਕਰਦੇ ਹਨ।

ਅਧਿਕਾਰੀਆਂ ਦੇ ਅਨੁਸਾਰ, ਇਸ ਮਾਮਲੇ ਵਿੱਚ ਕੈਨੇਡਾ, ਅਮਰੀਕਾ ਅਤੇ ਸੰਯੁਕਤ ਅਰਬ ਅਮੀਰਾਤ (UAE) ਵਿੱਚ ਅਣਐਲਾਨੇ ਬੈਂਕ ਖਾਤਿਆਂ ਦੀ ਪਛਾਣ ਕੀਤੀ ਗਈ ਹੈ। ਈਡੀ ਨੇ ਇੱਕ ਅਣ-ਐਲਾਨੀ ਕੈਨੇਡੀਅਨ ਕੰਪਨੀ ਵਿੱਚ ਸੰਗਾਨੀ ਦੀ ਵੱਡੀ ਹਿੱਸੇਦਾਰੀ ਦਾ ਵੀ ਪਤਾ ਲਗਾਇਆ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਅਮਰੀਕੀ ਕਸਟਮ ਅਧਿਕਾਰੀ ਮੁਲਜ਼ਮਾਂ ਨਾਲ ਸਬੰਧਤ ਕੁਝ ਲੈਣ-ਦੇਣ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬ੍ਰਿਟਿਸ਼ ਅਧਿਕਾਰੀਆਂ ਨੇ ਹਾਲ ਹੀ ਵਿੱਚ ਸੰਗਾਨੀ ਤੋਂ ਲਗਭਗ 7.4 ਕਿਲੋਗ੍ਰਾਮ ਕਥਿਤ ਤੌਰ 'ਤੇ ਅਣ-ਐਲਾਨਿਆ ਸੋਨਾ ਜ਼ਬਤ ਕੀਤਾ ਹੈ। ਅਧਿਕਾਰੀਆਂ ਅਨੁਸਾਰ, ਕੰਪਨੀ 'ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਕੁਝ ਵਿਦੇਸ਼ੀ ਖਰੀਦਦਾਰਾਂ ਤੋਂ ਨਿਰਯਾਤ ਦਾ ਪੈਸਾ ਪ੍ਰਾਪਤ ਨਹੀਂ ਕੀਤਾ ਅਤੇ ਨਾ ਹੀ ਇਸ ਦੇ ਲਈ ਬੈਂਕ ਤੋਂ ਲੋੜੀਂਦੀ ਮਨਜ਼ੂਰੀ ਲਈ ਸੀ। ਫਿਲਹਾਲ ਫਿਲਮ ਅਕੈਡਮੀ ਵੱਲੋਂ ਇਸ ਮਾਮਲੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।


author

cherry

Content Editor

Related News