7 ਅਪ੍ਰੈਲ ਨੂੰ ਖੁੱਲ੍ਹੇਗਾ ਰਾਜ਼... ਗੰਗਾਰਾਮ ਚੌਧਰੀ ਆਖਰ ‘ਦਸਵੀਂ’ ਪਾਸ ਕਿਉਂ ਕਰਦਾ ਹੈ?

Tuesday, Apr 05, 2022 - 10:28 AM (IST)

7 ਅਪ੍ਰੈਲ ਨੂੰ ਖੁੱਲ੍ਹੇਗਾ ਰਾਜ਼... ਗੰਗਾਰਾਮ ਚੌਧਰੀ ਆਖਰ ‘ਦਸਵੀਂ’ ਪਾਸ ਕਿਉਂ ਕਰਦਾ ਹੈ?

ਅਭਿਸ਼ੇਕ ਬੱਚਨ ਹਰ ਫ਼ਿਲਮ ’ਚ ਆਪਣੇ ਕਿਰਦਾਰ ਨੂੰ ਦਿਲੋਂ ਨਿਭਾਉਂਦਾ ਹੈ। ਇਸ ਗੱਲ ਦਾ ਅੰਦਾਜ਼ਾ ਤੁਸੀਂ ਉਸ ਦੀ ਜਲਦ ਰਿਲੀਜ਼ ਹੋਣ ਵਾਲੀ ਫ਼ਿਲਮ ‘ਦਸਵੀਂ’ ਦੇ ਟਰੇਲਰ ਨੂੰ ਵੇਖ ਕੇ ਲਾ ਸਕਦੇ ਹੋ। ਇਹ ਫ਼ਿਲਮ ਨੈੱਟਫਲਿਕਸ ਤੇ ਜਿਓ ਸਿਨੇਮਾ ’ਤੇ 7 ਅਪ੍ਰੈਲ ਤੋਂ ਵੇਖੀ ਜਾ ਸਕਦੀ ਹੈ। ਫ਼ਿਲਮ ਇਕ ਅਨਪੜ੍ਹ ਤੇ ਭ੍ਰਿਸ਼ਟ ਨੇਤਾ ਦੀ ਕਹਾਣੀ ਹੈ, ਜੋ ਜੇਲ੍ਹ ’ਚ ਫਸਣ ਤੋਂ ਬਾਅਦ ਸਿੱਖਿਆ ਦੀ ਅਹਿਮੀਅਤ ਬਾਰੇ ਸਮਝਦਾ ਹੈ। ‘ਦਸਵੀਂ’ ਦੀ ਕਹਾਣੀ ਰਿਤੇਸ਼ ਸ਼ਾਹ, ਸੁਰੇਸ਼ ਨਈਅਰ ਤੇ ਸੰਦੀਪ ਲੇਜੇਲ ਨੇ ਲਿਖੀ ਹੈ। ਰਾਮ ਵਾਜਪਾਈ ਨੂੰ ਕਹਾਣੀ ਦਾ ਕ੍ਰੈਡਿਟ ਦਿੱਤਾ ਗਿਆ ਹੈ। ਇਸ ਦਾ ਨਿਰਦੇਸ਼ਨ ਤੁਸ਼ਾਰ ਜਲੋਟਾ ਨੇ ਕੀਤਾ ਹੈ। ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਫ਼ਿਲਮ ਦੀ ਸਟਾਰਕਾਸਟ ਅਭਿਸ਼ੇਕ ਬੱਚਨ, ਨਿਮਰਤ ਕੌਰ ਤੇ ਨਿਰਦੇਸ਼ਕ ਤੁਸ਼ਾਰ ਜਲੋਟਾ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਸ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਪੂਰੇ ਪਰਿਵਾਰ ਨਾਲ ਵੇਖ ਸਕਦੇ ਹੋ ਇਹ ਫ਼ਿਲਮ
ਫ਼ਿਲਮ ‘ਦਸਵੀਂ’ ਨੂੰ ਲੈ ਕੇ ਉਤਸ਼ਾਹਿਤ ਅਭਿਸ਼ੇਕ ਬੱਚਨ ਨੇ ਦੱਸਿਆ ਕਿ ਉਹ ਇਸ ਫ਼ਿਲਮ ’ਚ ਗੰਗਾਰਾਮ ਚੌਧਰੀ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਮੁੱਖ ਮੰਤਰੀ ਹੈ ਤੇ ਭ੍ਰਿਸ਼ਟਾਚਾਰ ਦੇ ਦੋਸ਼ ’ਚ ਜੇਲ੍ਹ ’ਚ ਬੰਦ ਹੈ। ਜੇਲ੍ਹ ’ਚ ਰਹਿਣ ਦੌਰਾਨ ਉਸ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੰਗਾਰਾਮ ਅੱਠਵੀਂ ਪਾਸ ਹੈ ਤੇ ਇਸ ਦੌਰਾਨ ਜੇਲ੍ਹ ’ਚ ਹੀ ਦਸਵੀਂ ਜਮਾਤ ਪਾਸ ਕਰਨ ਦਾ ਫ਼ੈਸਲਾ ਕਰਦਾ ਹੈ। ਇਸੇ ਦੌਰਾਨ ਉਸ ਦਾ ਸਾਹਮਣਾ ਉਥੋਂ ਦੀ ਜੇਲਰ ਜਯੋਤੀ ਦੇਸਵਾਲ (ਯਾਮੀ ਗੌਤਮ) ਨਾਲ ਹੁੰਦਾ ਹੈ। ਦੋਵਾਂ ਦਰਮਿਆਨ ਈਗੋ ਦੀ ਟੱਕਰ ਹੋ ਜਾਂਦੀ ਹੈ। ਦੂਜੇ ਪਾਸੇ ਗੰਗਾਰਾਮ ਦੀ ਪਤਨੀ ਬਿਮਲਾ ਦੇਵੀ ਮੁੱਖ ਮੰਤਰੀ ਬਣ ਜਾਂਦੀ ਹੈ। ਅੱਗੇ ਤੁਸੀਂ ਖ਼ੁਦ ਫ਼ੁਲਮ ਵੇਖੋਗੇ ਤਾਂ ਸਮਝ ਸਕੋਗੇ ਕਿ ਗੰਗਾਰਾਮ ਆਖਰ ਦਸਵੀਂ ਪਾਸ ਕਿਉਂ ਕਰਦਾ ਹੈ? ਸਭ ਨੂੰ ਲੱਗ ਰਿਹਾ ਹੈ ਕਿ ਇਹ ਫ਼ਿਲਮ ਸਿੱਖਿਆ ’ਤੇ ਜਾਂ ਕਿਸੇ ਸੋਸ਼ਲ ਮੈਸੇਜ ’ਤੇ ਆਧਾਰਿਤ ਹੈ ਪਰ ਅਜਿਹਾ ਬਿਲਕੁਲ ਨਹੀਂ ਹੈ। ਇਹ ਫ਼ਿਲਮ ਪ੍ਰੋਪਰ ਹਿੰਦੀ ਮਸਾਲਾ ਫ਼ਿਲਮ ਹੈ, ਜਿਸ ਨੂੰ ਤੁਸੀਂ ਪੂਰੇ ਪਰਿਵਾਰ ਨਾਲ ਇੰਜੁਆਏ ਕਰ ਸਕਦੇ ਹੋ।

ਨਵੀਂ ਜਨਰੇਸ਼ਨ ’ਚ ਗਜ਼ਬ ਦਾ ਕਾਨਫੀਡੈਂਸ
ਜਦੋਂ ਅਭਿਸ਼ੇਕ ਨੂੰ ਪੁੱਛਿਆ ਗਿਆ ਕਿ ਉਸ ਦੀ ਮਨਪਸੰਦ ਅਦਾਕਾਰਾ ਕੌਣ ਹੈ ਤਾਂ ਉਸ ਨੇ ਕਿਹਾ, ‘‘ਅਸੀਂ ਸਾਰਿਆਂ ਨਾਲ ਕੰਮ ਕਰਦੇ ਹਾਂ ਤਾਂ ਇਹ ਦੱਸ ਸਕਣਾ ਬਹੁਤ ਮੁਸ਼ਕਿਲ ਹੈ। ਹਾਂ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਅੱਜ ਦੀ ਜੋ ਜਨਰੇਸ਼ਨ ਹੈ, ਭਾਵੇਂ ਉਹ ਅਦਾਕਾਰ ਹੋਣ, ਨਿਰਦੇਸ਼ਕ ਹੋਣ ਜਾਂ ਲੇਖਕ, ਸਾਰਿਆਂ ’ਚ ਗਜ਼ਬ ਦਾ ਕਾਨਫੀਡੈਂਸ ਲੈਵਲ ਹੈ। ਅਸੀਂ ਤਾਂ ਕੁਝ ਵੀ ਨਵਾਂ ਕਰਨ ਤੋਂ ਡਰਦੇ ਸੀ ਕਿ ਪਤਾ ਨਹੀਂ ਲੋਕਾਂ ਨੂੰ ਪਸੰਦ ਆਏਗਾ ਜਾਂ ਨਹੀਂ ਪਰ ਅੱਜ ਦੀ ਜਨਰੇਸ਼ਨ ਕੁਝ ਵੀ ਨਵਾਂ ਟ੍ਰਾਈ ਕਰਨ ਤੋਂ ਡਰਦੀ ਨਹੀਂ।’’

ਬਹੁਤ ਮਜ਼ਾ ਆਇਆ ਹਰਿਆਣਵੀ ਸਿੱਖਣ ’ਚ
ਹਰਿਆਣਵੀ ਭਾਸ਼ਾ ’ਤੇ ਗੱਲ ਕਰਦਿਆਂ ਨਿਮਰਤ ਦੱਸਦੀ ਹੈ ਕਿ ਸਭ ਨੂੰ ਲੱਗ ਰਿਹਾ ਹੈ ਕਿ ਇਹ ਮੇਰੇ ਲਈ ਮੁਸ਼ਕਿਲ ਰਿਹਾ ਹੋਵੇਗਾ ਪਰ ਸੱਚ ਕਹਾਂ ਤਾਂ ਮੈਨੂੰ ਇਹ ਸਿੱਖਣ ’ਚ ਮਜ਼ਾ ਆਇਆ ਕਿਉਂਕਿ ਤੁਹਾਨੂੰ ਅਜਿਹਾ ਕੁਝ ਨਵਾਂ ਸਿੱਖਣ ਦਾ ਮੌਕਾ ਜ਼ਿੰਦਗੀ ’ਚ ਬਹੁਤ ਘੱਟ ਮਿਲਦਾ ਹੈ। ਮੇਰਾ ਤਜਰਬਾ ਬਹੁਤ ਵਧੀਆ ਰਿਹਾ। ਇਸ ’ਚ ਸਾਡੇ ਨਿਰਦੇਸ਼ਕ ਤੁਸ਼ਾਰ ਜਲੋਟਾ ਨੇ ਬਹੁਤ ਮਦਦ ਕੀਤੀ।

ਮੈਂ ਆਰਮੀ ਬੈਕਗਰਾਊਂਡ ਤੋਂ ਹਾਂ
ਨਿਮਰਤ ਔਰਤਾਂ ਦੇ ਮੁੱਦੇ ’ਤੇ ਗੱਲ ਕਰਦਿਆਂ ਕਹਿੰਦੀ ਹੈ, ‘‘ਮੈਂ ਆਰਮੀ ਬੈਕਗਰਾਊਂਡ ਤੋਂ ਹਾਂ, ਜਿਸ ਕਾਰਨ ਕਈ ਜਗ੍ਹਾ ਰਹਿਣ ਦਾ ਮੌਕਾ ਮਿਲਿਆ ਹੈ। ਮੈਂ ਕਹਿਣਾ ਚਾਹਾਂਗੀ ਕਿ ਸਾਡਾ ਦੇਸ਼ ਬਹੁਤ ਵੱਡਾ ਹੈ। ਇਥੇ ਵੱਖ-ਵੱਖ ਸ਼ਹਿਰਾਂ ’ਚ ਔਰਤਾਂ ਨੂੰ ਵੱਖ-ਵੱਖ ਅਹਿਮੀਅਤ ਦਿੱਤੀ ਜਾਂਦੀ ਹੈ। ਸਾਰੀਆਂ ਥਾਵਾਂ ਦੀ ਆਪਣੀ ਵੱਖਰੀ ਪਛਾਣ ਹੈ ਜਿਵੇਂ ਨੋਇਡਾ, ਦਿੱਲੀ, ਮੁੰਬਈ ’ਚ ਔਰਤਾਂ ਦੀ ਵੱਖਰੀ ਹੋਂਦ ਹੈ। ਛੋਟੇ ਸ਼ਹਿਰਾਂ ਦਾ ਥੋੜ੍ਹਾ ਵੱਖਰਾ ਹੈ। ਸੁਣਨ ’ਚ ਕੁਝ ਆਉਂਦਾ ਹੈ ਤੇ ਟੀ. ਵੀ. ’ਤੇ ਕੁਝ ਵਿਖਾਇਆ ਜਾਂਦਾ ਹੈ, ਸੱਚਾਈ ਬਿਲਕੁਲ ਵੱਖਰੀ ਹੁੰਦੀ ਹੈ। ਮੇਰਾ ਮੰਨਣਾ ਹੈ ਕਿ ਸਿੱਖਿਆ ਸਭ ਤੋਂ ਜ਼ਰੂਰੀ ਹੈ। ਖ਼ਾਸ ਤੌਰ ’ਤੇ ਔਰਤਾਂ ਲਈ ਜਿਸ ਨਾਲ ਹਮੇਸ਼ਾ ਉਨ੍ਹਾਂ ਕੋਲ ਇਕ ਮੌਕਾ ਰਹੇ।’’

ਮਜ਼ੇਦਾਰ ਰਿਹਾ ਤਜਰਬਾ
ਜਦੋਂ ਤੁਸ਼ਾਰ ਨੂੰ ਪੁੱਛਿਆ ਗਿਆ ਕਿ ਆਗਰਾ ਦੀ ਜੇਲ੍ਹ ’ਚ ਸ਼ੂਟਿੰਗ ਕਿਉਂ ਕੀਤੀ ਗਈ ਤਾਂ ਉਨ੍ਹਾਂ ਦੱਸਿਆ, ‘‘ਫ਼ਿਲਮ ਦੀ ਕਹਾਣੀ ਦੀ ਲੋੜ ਸੀ ਅਸਲ ਜੇਲ੍ਹ ’ਚ ਸ਼ੂਟਿੰਗ ਕਰਨਾ। ਇਹ ਤਾਂ ਕਹਾਣੀ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਥੇ ਸ਼ੂਟ ਕਰ ਰਹੇ ਹਾਂ। ਜਦੋਂ ਮੈਂ ਸ਼ੂਟਿੰਗ ਲਈ ਥਾਂ ਵੇਖਣੀ ਸ਼ੁਰੂ ਕੀਤੀ ਤਾਂ ਸਿਰਫ ਇਹੀ ਥਾਂ ਪਰਫੈਕਟ ਲੱਗੀ। ਸਾਰਿਆਂ ਨਾਲ ਕੰਮ ਕਰਨ ਦਾ ਤਜਰਬਾ ਬਹੁਤ ਵਧੀਆ ਸੀ। ਤਿੰਨੋਂ ਹੀ ਕਾਫੀ ਸੁਲਝੇ ਹੋਏ ਤੇ ਹਰ ਚੀਜ਼ ਨੂੰ ਸਮਝਣ ਵਾਲੇ ਕਲਾਕਾਰ ਹਨ। ਕਿਸੇ ਨਾਲ ਕੰਮ ਨੂੰ ਲੈ ਕੇ ਕੋਈ ਮੁਸ਼ਕਿਲ ਨਹੀਂ ਹੋਈ। ਹਾਂ, ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਅਕਸਰ ਅਭਿਸ਼ੇਕ ਸਾਨੂੰ ਕਹਾਣੀਆਂ ਸੁਣਾਉਂਦਾ ਸੀ, ਉਸ ਨੇ ਸਾਡਾ ਬਹੁਤ ਮਨੋਰੰਜਨ ਕੀਤਾ। ਉਹ ਅਮਿਤਾਭ ਬੱਚਨ ਤੇ ਜਯਾ ਬੱਚਨ ਦੀਆਂ ਗੱਲਾਂ ਸਾਂਝਾ ਕਰਦਾ ਸੀ। ਸਭ ਕੁਝ ਬਹੁਤ ਮਜ਼ੇਦਾਰ ਰਿਹਾ।’’


author

Rahul Singh

Content Editor

Related News