‘ਬ੍ਰਾਊਨ’ ਸਿਰਫ ਕ੍ਰਾਈਮ ਥ੍ਰਿਲਰ ਨਹੀਂ, ਇਨਸਾਨੀ ਫ਼ਿਤਰਤ ਦੀਆਂ ਪਰਤਾਂ ਖੋਲ੍ਹਦੀ ਹੈ : ਅਭਿਨਯ ਦੇਵ
Friday, Jun 26, 2026 - 12:19 PM (IST)
ਮੁੰਬਈ- ਕੋਲਕਾਤਾ ਦੀ ਰਹੱਸਮਈ ਅਤੇ ਬੇਚੈਨ ਕਰ ਦੇਣ ਵਾਲੇ ਪਿਛੋਕੜ ’ਤੇ ਆਧਾਰਿਤ ਕ੍ਰਾਈਮ ਥ੍ਰਿਲਰ ਸੀਰੀਜ਼ ‘ਬ੍ਰਾਊਨ’ ਨੂੰ ਜ਼ੀ5 ’ਤੇ ਰਿਲੀਜ਼ ਤੋਂ ਬਾਅਦ ਤੋਂ ਹੀ ਦਰਸ਼ਕਾਂ ਦਾ ਚੰਗਾ ਰਿਸਪਾਂਸ ਮਿਲ ਰਿਹਾ ਹੈ। ਸੀਰੀਜ਼ ਇਕ ਹਾਈ-ਪ੍ਰੋਫਾਈਲ ਮਰਡਰ ਕੇਸ ਦੀ ਕਹਾਣੀ ਪੇਸ਼ ਕਰਦੀ ਹੈ, ਜਿਸ ਦੀ ਜਾਂਚ ਦੀ ਜ਼ਿੰਮੇਵਾਰੀ ਕਰਿਸ਼ਮਾ ਕਪੂਰ ਨੂੰ ਸੌਂਪੀ ਜਾਂਦੀ ਹੈ। ਸੀਰੀਜ਼ ਦਾ ਨਿਰਦੇਸ਼ਨ ਅਭਿਨਯ ਦੇਵ ਨੇ ਕੀਤਾ ਹੈ। ਸੀਰੀਜ਼ ਬਾਰੇ ਡਾਇਰੈਕਟਰ ਅਭਿਨਯ ਦੇਵ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼...
Q. ਅੱਜ ਦੇ ਓ.ਟੀ.ਟੀ. ਦੌਰ ’ਚ, ਜਿੱਥੇ ਕੰਟੈਂਟ ਬਹੁਤ ਜਲਦੀ ਆਉਂਦਾ ਅਤੇ ਚਲਿਆ ਜਾਂਦਾ ਹੈ, ‘ਬ੍ਰਾਊਨ’ ਨੂੰ ਲੈ ਕੇ ਦਰਸ਼ਕਾਂ ’ਚ ਉਤਸੁਕਤਾ ਬਣਾਈ ਰੱਖਣ ਲਈ ਕੀ ਰਣਨੀਤੀ ਹੈ?
-ਮੈਂ ਕਹਿਣਾ ਚਾਹਾਂਗਾ ਕਿ ‘ਬ੍ਰਾਊਨ’ ਸਿਰਫ਼ ਇਕ ਕ੍ਰਾਈਮ ਥ੍ਰਿਲਰ ਨਹੀਂ ਹੈ। ਇਹ ਅਜਿਹੀ ਕਹਾਣੀ ਹੈ ਜੋ ਤੁਹਾਨੂੰ ਸੋਚਣ ’ਤੇ ਮਜਬੂਰ ਕਰਦੀ ਹੈ ਕਿ ਸਾਡੇ ਆਲੇ-ਦੁਆਲੇ ਮੌਜੂਦ ਲੋਕ ਅਸਲ ’ਚ ਕਿਹੋ ਜਿਹੇ ਹਨ। ਅੱਜ ਦੇ ਸਮੇਂ ’ਚ ਮੈਨੂੰ ਲੱਗਦਾ ਹੈ ਕਿ ਬਲੈਕ ਅਤੇ ਵ੍ਹਾਈਟ ਵਰਗੀ ਕੋਈ ਚੀਜ਼ ਬਚੀ ਹੀ ਨਹੀਂ ਹੈ। ਅਸੀਂ ਸਾਰੇ ਕਿਸੇ ਨਾ ਕਿਸੇ ਤਰ੍ਹਾਂ ਗ੍ਰੇਅ ਹੋ ਚੁੱਕੇ ਹਾਂ। ਸਵਾਲ ਸਿਰਫ਼ ਇੰਨਾ ਹੈ ਕਿ ਤੁਸੀਂ ਗ੍ਰੇਅ ਦੇ ਕਿਸ ਸ਼ੇਡ ’ਚ ਆਉਂਦੇ ਹੋ। ਇਹ ਸੀਰੀਜ਼ ਉਸੇ ਮਨੁੱਖੀ ਜਟਿਲਤਾ ਦੀ ਪੜਚੋਲ ਕਰਦੀ ਹੈ। ਕ੍ਰਾਈਮ ਇਸ ਦੀ ਰੀੜ੍ਹ ਦੀ ਹੱਡੀ ਜ਼ਰੂਰ ਹੈ ਪਰ ਇਸ ਤੋਂ ਇਲਾਵਾ ਇਸ ’ਚ ਇਨਸਾਨੀ ਵਿਵਹਾਰ, ਰਿਸ਼ਤੇ, ਸਮਾਜ ਅਤੇ ਨੈਤਿਕਤਾ ਦੀਆਂ ਕਈ ਪਰਤਾਂ ਹਨ। ਇਹ ਸੀਰੀਜ਼ ਅਪਰਾਧੀਆਂ ਨਾਲੋਂ ਜ਼ਿਆਦਾ ਇਨਸਾਨਾਂ ਦਾ ਅਧਿਐਨ ਕਰਦੀ ਹੈ।
Q. ਅੱਜ ਦਰਸ਼ਕ ਸਿੱਧੇ ਚੰਗੇ-ਮਾੜੇ ਕਿਰਦਾਰਾਂ ਤੋਂ ਅੱਗੇ ਵਧ ਚੁੱਕੇ ਹਨ। ਕੀ ‘ਬ੍ਰਾਊਨ’ ਉਨ੍ਹਾਂ ਨੂੰ ਇਹ ਤੈਅ ਕਰਨ ਦਾ ਮੌਕਾ ਦਿੰਦੀ ਹੈ ਕਿ ਕੌਣ ਸਹੀ ਹੈ ਅਤੇ ਕੌਣ ਗਲਤ?
-ਬਿਲਕੁਲ। ਅਸੀਂ ਸਿਰਫ਼ ਦਰਸ਼ਕਾਂ ਨੂੰ ਇਹ ਨਹੀਂ ਕਹਿ ਰਹੇ ਕਿ ਤੁਸੀਂ ਫ਼ੈਸਲਾ ਕਰੋ। ਅਸੀਂ ਉਨ੍ਹਾਂ ਨੂੰ ਇਕ ਅਨੁਭਵ ਦੇ ਰਹੇ ਹਾਂ, ਜਿੱਥੇ ਉਹ ਖੁਦ ਸੋਚਣ ਕਿ ਉਨ੍ਹਾਂ ਦੇ ਆਸ-ਪਾਸ ਮੌਜੂਦ ਲੋਕ ਅਸਲ ’ਚ ਕੌਣ ਹਨ। ਕੀ ਤੁਹਾਡੇ ਨਾਲ ਰੋਜ਼ਾਨਾ ਬੱਸ ’ਚ ਸਫ਼ਰ ਕਰਨ ਵਾਲਾ ਵਿਅਕਤੀ ਓਨਾ ਹੀ ਸਾਧਾਰਨ ਹੈ ਜਿੰਨਾ ਉਹ ਦਿਖਾਈ ਦਿੰਦਾ ਹੈ? ਜਾਂ ਉਸ ਦੇ ਅੰਦਰ ਕੁਝ ਹੋਰ ਵੀ ਹੈ? ਇਹ ਸੀਰੀਜ਼ ਅਜਿਹੇ ਹੀ ਸਵਾਲ ਖੜ੍ਹੇ ਕਰਦੀ ਹੈ। ਸਿਨੇਮਾ ਅਤੇ ਕਹਾਣੀਆਂ ਦੀ ਤਾਕਤ ਇਹੀ ਹੈ ਕਿ ਉਹ ਤੁਹਾਨੂੰ ਸਿਰਫ਼ ਮਨੋਰੰਜਨ ਹੀ ਨਹੀਂ ਦਿੰਦੀਆਂ, ਸਗੋਂ ਸੋਚਣ ’ਤੇ ਵੀ ਮਜਬੂਰ ਕਰਦੀਆਂ ਹਨ। ‘ਬ੍ਰਾਊਨ’ ਇਕ ਪਿਆਜ਼ ਦੀ ਤਰ੍ਹਾਂ ਹੈ ਜਿਸ ਦੀਆਂ ਪਰਤਾਂ ਹੌਲੀ-ਹੌਲੀ ਖੁੱਲ੍ਹਦੀਆਂ ਹਨ। ਸੱਤਵੇਂ ਐਪੀਸੋਡ ਤੱਕ ਪੁੱਜਦੇ-ਪੁੱਜਦੇ ਤੁਸੀਂ ਖੁਦ ਨੂੰ ਸਵਾਲ ਕਰਨ ਲੱਗੋਗੇ ਕਿ ਆਖ਼ਰ ਇਹ ਕਹਾਣੀ ਤੁਹਾਡੇ ’ਤੇ ਇੰਨਾ ਅਸਰ ਕਿਉਂ ਪਾ ਰਹੀ ਹੈ।
Q. ਤੁਸੀਂ ਕਿਹਾ ਕਿ ਇਹ ਸਿਰਫ਼ ਲੋਕਾਂ ਦੀ ਨਹੀਂ ਸਗੋਂ ਸ਼ਹਿਰ ਦੀ ਵੀ ਕਹਾਣੀ ਹੈ। ਕੋਲਕਾਤਾ ਇਸ ਸੀਰੀਜ਼ ’ਚ ਕਿੰਨਾ ਮਹੱਤਵਪੂਰਨ ਹੈ?
-ਮੇਰੇ ਲਈ ਕੋਲਕਾਤਾ ਸਿਰਫ਼ ਇਕ ਲੋਕੇਸ਼ਨ ਨਹੀਂ ਸਗੋਂ ਇਸ ਸੀਰੀਜ਼ ਦਾ ਇਕ ਕਿਰਦਾਰ ਹੈ। ਸਾਡੇ ਦੇਸ਼ ’ਚ ਬਹੁਤ ਘੱਟ ਸ਼ਹਿਰ ਬਚੇ ਹਨ ਜਿੱਥੇ ਤੁਹਾਨੂੰ ਇਕ ਹੀ ਟੇਬਲ ’ਤੇ ਚੀਨੀ, ਐਂਗਲੋ-ਇੰਡੀਅਨ, ਮਾਰਵਾੜੀ, ਬਿਹਾਰੀ, ਯੂ.ਪੀ. ਦੇ ਲੋਕ ਅਤੇ ਬੰਗਾਲੀ ਨਾਲ ਬੈਠ ਕੇ ਖਾਣਾ ਖਾਂਦੇ ਹੋਏ ਮਿਲ ਜਾਣ। ਕੋਲਕਾਤਾ ਸੱਭਿਆਚਾਰ, ਸਾਹਿਤ, ਸੰਗੀਤ, ਇਤਿਹਾਸ ਅਤੇ ਵਿਰਾਸਤ ਨਾਲ ਭਰਿਆ ਹੋਇਆ ਸ਼ਹਿਰ ਹੈ ਪਰ ਨਾਲ ਹੀ ਇਹ ਇਕ ਅਜਿਹਾ ਸ਼ਹਿਰ ਵੀ ਹੈ ਜੋ ਹੌਲੀ-ਹੌਲੀ ਟੁੱਟ ਰਿਹਾ ਹੈ, ਦੂਰ ਹੋ ਰਿਹਾ ਹੈ। ਜਿਵੇਂ ਸਾਡੇ ਦੇਸ਼ ਦੇ ਕਈ ਹੋਰ ਸ਼ਹਿਰ। ਇਸ ਲਈ ਇਹ ਸੀਰੀਜ਼ ਸਿਰਫ਼ ਇਨਸਾਨਾਂ ਦੇ ਪਤਨ ਦੀ ਕਹਾਣੀ ਨਹੀਂ ਹੈ, ਸਗੋਂ ਇਹ ਵੀ ਦਿਖਾਉਂਦੀ ਹੈ ਕਿ ਇਨਸਾਨਾਂ ਨੇ ਆਪਣੇ ਸ਼ਹਿਰਾਂ ਨੂੰ ਕਿਸ ਤਰ੍ਹਾਂ ਬਦਲਿਆ ਹੈ ਅਤੇ ਸ਼ਹਿਰ ਬਦਲੇ ’ਚ ਇਨਸਾਨਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਹਨ।
Q. ‘ਬ੍ਰਾਊਨ’ ਦੀ ਕਹਾਣੀ ਤੁਹਾਡੇ ਕੋਲ ਕਿਸ ਤਰ੍ਹਾਂ ਆਈ?
-ਕਰੀਬ 4 ਸਾਲ ਪਹਿਲਾਂ ਜ਼ੀ ਸਟੂਡੀਓਜ਼ ਦੀ ਤਤਕਾਲੀ ਕੰਟੈਂਟ ਹੈੱਡ ਅਸੀਮਾ ਨੇ ਮੈਨੂੰ ਫ਼ੋਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਕ ਕਹਾਣੀ ਹੈ ਜੋ ਕਿਤਾਬ ‘ਸਿਟੀ ਆਫ਼ ਡੈੱਥ’ ’ਤੇ ਆਧਾਰਿਤ ਹੈ ਅਤੇ ਪੁੱਛਿਆ ਕਿ ਕੀ ਮੈਂ ਉਸ ਨੂੰ ਪੜ੍ਹਣਾ ਚਾਹਾਂਗਾ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਸਕ੍ਰਿਪਟ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਕਹਾਣੀ ਅਤੇ ਸਕ੍ਰੀਨਪਲੇਅ ਦਾ ਡਰਾਫ਼ਟ ਹੈ ਪਰ ਅੰਤਿਮ ਰੂਪ ਨਿਰਦੇਸ਼ਕ ਦੇ ਆਉਣ ਤੋਂ ਬਾਅਦ ਦਿੱਤਾ ਜਾਵੇਗਾ। ਮੈਂ ਕਿਤਾਬ ਪੜ੍ਹੀ ਅਤੇ ਮੈਨੂੰ ਲੱਗਾ ਕਿ ਇਹ ਸਿਰਫ਼ ਇਕ ਕ੍ਰਾਈਮ ਸਟੋਰੀ ਨਹੀਂ ਹੈ। ਇਸ ਦੇ ਜ਼ਰੀਏ ਕੋਲਕਾਤਾ, ਉਸ ਦੇ ਸੱਭਿਆਚਾਰ, ਉਸ ਦੀ ਵਿਰਾਸਤ ਅਤੇ ਉਸ ਦੀ ਆਤਮਾ ਨੂੰ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਉਦੋਂ ਹੀ ਮੈਂ ਤੈਅ ਕਰ ਲਿਆ ਕਿ ਮੈਂ ਇਹ ਪ੍ਰਾਜੈਕਟ ਕਰਨਾ ਹੈ। ਮੇਰਾ ਹਮੇਸ਼ਾ ਤੋਂ ਮੰਨਣਾ ਹੈ ਕਿ ਚਾਹੇ ਤੁਸੀਂ ਕਾਮੇਡੀ ਬਣਾ ਰਹੇ ਹੋਵੋ ਜਾਂ ਥ੍ਰਿਲਰ, ਜੇਕਰ ਤੁਸੀਂ ਦਰਸ਼ਕਾਂ ਨੂੰ ਮਨੋਰੰਜਨ ਨਾਲ ਕੁਝ ਸੋਚਣ ਲਈ ਵੀ ਦੇ ਸਕੋ ਤਾਂ ਉਹ ਕਹਾਣੀ ਜ਼ਿਆਦਾ ਪ੍ਰਭਾਵਸ਼ਾਲੀ ਬਣ ਜਾਂਦੀ ਹੈ।
ਕਰਿਸ਼ਮਾ ਕਪੂਰ ਨੂੰ ਉਨ੍ਹਾਂ ਦੇ ਅਕਸ ਤੋਂ ਬਿਲਕੁਲ ਵੱਖਰੇ ਕਿਰਦਾਰ ’ਚ ਪੇਸ਼ ਕਰਨਾ ਚਾਹੁੰਦਾ ਸੀ : ਅਭਿਨਯ ਦੇਵ
Q. ਕਰਿਸ਼ਮਾ ਕਪੂਰ ਨੂੰ ਇਸ ਕਿਰਦਾਰ ’ਚ ਕਾਸਟ ਕਰਨਾ ਕਿੰਨਾ ਚੁਣੌਤੀਪੂਰਨ ਸੀ?
-ਸ਼ਾਇਦ ਲੋਕ ਇਸ ਦੇ ਲਈ ਮੈਨੂੰ ਦੋਸ਼ ਦੇਣ ਪਰ ਮੇਰਾ ਹਮੇਸ਼ਾ ਤੋਂ ਮੰਨਣਾ ਹੈ ਕਿ ਜੇਕਰ ਕਿਸੇ ਕਿਰਦਾਰ ਲਈ ਸਭ ਤੋਂ ਪਹਿਲਾਂ ਜੋ ਦੋ-ਤਿੰਨ ਨਾਂ ਦਿਮਾਗ ’ਚ ਆਉਂਦੇ ਹਨ, ਉਨ੍ਹਾਂ ਹੀ ’ਚੋਂ ਕਿਸੇ ਨੂੰ ਲੈ ਲਿਆ ਜਾਵੇ ਤਾਂ ਉਸ ’ਚ ਨਵਾਂ ਕੀ ਹੈ? ਅੱਜ ਦਰਸ਼ਕ ਇੰਨਾ ਕੰਟੈਂਟ ਦੇਖ ਰਹੇ ਹਨ ਕਿ ਜੇਕਰ ਤੁਸੀਂ ਉਨ੍ਹਾਂ ਨੂੰ ਉਹੀ ਦਿੰਦੇ ਹੋ ਜਿਸ ਦੀ ਉਨ੍ਹਾਂ ਨੂੰ ਉਮੀਦ ਹੈ ਤਾਂ ਕਿਤੇ ਨਾ ਕਿਤੇ ਉਹ ਨਿਰਾਸ਼ ਹੋ ਜਾਂਦੇ ਹਨ। ਇਸ ਲਈ ਮੈਨੂੰ ਅਜਿਹਾ ਕਲਾਕਾਰ ਚਾਹੀਦਾ ਸੀ ਜੋ ਇਸ ਕਿਰਦਾਰ ਦੇ ਬਿਲਕੁਲ ਉਲਟ ਅਕਸ ਰੱਖਦਾ ਹੋਵੇ। ਜਦੋਂ ਤੁਸੀਂ ਕਿਸੇ ਅਦਾਕਾਰ ਨੂੰ ਉਸ ਦੇ ਸਥਾਪਿਤ ਅਕਸ ਤੋਂ ਤੋੜ ਕੇ ਇਕ ਨਵੇਂ ਰੂਪ ’ਚ ਪੇਸ਼ ਕਰਦੇ ਹੋ, ਉਦੋਂ ਹੀ ਦਰਸ਼ਕ ਹੈਰਾਨ ਹੁੰਦੇ ਹਨ ਅਤੇ ਕਹਿੰਦੇ ਹਨ, ਓਏ! ਇਹ ਕਿਸ ਤਰ੍ਹਾਂ ਹੋ ਗਿਆ? ਇਸ ਦਾ ਪੂਰਾ ਸਿਹਰਾ ਕਰਿਸ਼ਮਾ ਕਪੂਰ ਨੂੰ ਜਾਂਦਾ ਹੈ। ਸਾਡੀ ਲਗਭਗ ਦੋ ਘੰਟੇ ਗੱਲਬਾਤ ਹੋਈ ਅਤੇ ਉਸ ਤੋਂ ਬਾਅਦ ਮੈਨੂੰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਪਈ। ਮੈਂ ਉਨ੍ਹਾਂ ਨੂੰ ਸਾਫ਼ ਕਿਹਾ ਸੀ ਕਿ ਸ਼ੂਟਿੰਗ ਦੌਰਾਨ ਮੈਂ ਉਨ੍ਹਾਂ ਨੂੰ ਸ਼ੀਸ਼ਾ ਨਹੀਂ ਦੇਵਾਂਗਾ। ਸ਼ਾਟਸ ਦੇ ਵਿਚਕਾਰ ਟੱਚ-ਅੱਪ ਨਹੀਂ ਹੋਵੇਗਾ ਕਿਉਂਕਿ ਕਿਰਦਾਰ ’ਚ ਮੇਕਅਪ ਲਗਭਗ ਨਹੀਂ ਹੈ। ਉਨ੍ਹਾਂ ਨੇ ਬਿਨਾ ਕਿਸੇ ਝਿਜਕ ਦੇ ਇਸ ਨੂੰ ਸਵੀਕਾਰ ਕੀਤਾ ਅਤੇ ਉਹੀ ਸਮਰਪਣ ਸਕ੍ਰੀਨ ’ਤੇ ਨਜ਼ਰ ਵੀ ਆਉਂਦਾ ਹੈ।
