ਦਰਸ਼ਕਾਂ ਨੂੰ ਪਸੰਦ ਆਈ ਦੇਵ ਖਰੌੜ ਤੇ ਬਾਣੀ ਸੰਧੂ ਦੀ ਫਿਲਮ ‘ਡਾਕੂਆਂ ਦਾ ਮੁੰਡਾ 3’

Sunday, Jun 15, 2025 - 01:29 PM (IST)

ਦਰਸ਼ਕਾਂ ਨੂੰ ਪਸੰਦ ਆਈ ਦੇਵ ਖਰੌੜ ਤੇ ਬਾਣੀ ਸੰਧੂ ਦੀ ਫਿਲਮ ‘ਡਾਕੂਆਂ ਦਾ ਮੁੰਡਾ 3’

ਜਲੰਧਰ (ਬਿਊਰੋ)– ਪੰਜਾਬੀ ਫਿਲਮ ‘ਡਾਕੂਆਂ ਦਾ ਮੁੰਡਾ 3’ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਵੇਂ ਟਰੇਲਰ ਤੋਂ ਲੱਗ ਰਿਹਾ ਸੀ ਕਿ ਇਹ ਇਕ ਐਕਸ਼ਨ ਫਿਲਮ ਹੋਣ ਵਾਲੀ ਹੈ ਪਰ ਇਸ ਵਿਚ ਐਕਸ਼ਨ ਤੋਂ ਇਲਾਵਾ ਹੋਰ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਹੈ।

ਫਿਲਮ ’ਚ ਰਿਸ਼ਤਿਆਂ ’ਚ ਪਿਆਰ, ਫੈਮਿਲੀ ਡਰਾਮਾ, ਰੋਮਾਂਸ ਤੇ ਹਲਕੀ-ਫੁਲਕੀ ਕਾਮੇਡੀ ਵੀ ਦੇਖਣ ਨੂੰ ਮਿਲ ਰਹੀ ਹੈ। ਦੇਵ ਖਰੌੜ, ਕਬੀਰਦੁਹਾਨ ਸਿੰਘ ਤੇ ਬਾਣੀ ਸੰਧੂ ਨੇ ਫਿਲਮ ’ਚ ਮੁੱਖ ਭੂਮਿਕਾ ਨਿਭਾਈ ਹੈ। ਆਪਣੀਆਂ ਪਹਿਲੀਆਂ 2 ਫਿਲਮਾਂ ਵਾਂਗ ‘ਡਾਕੂਆਂ ਦਾ ਮੁੰਡਾ 3’ ਇਸ ਵਾਰ ਵੀ ਕੁਝ ਵੱਖਰਾ ਰੰਗ ਲੈ ਕੇ ਆਈ ਹੈ। ਹਾਲਾਂਕਿ ਇਸ ਵਾਰ ਵੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਫਿਲਮ ’ਚ ਦਿੱਤਾ ਗਿਆ ਹੈ।

ਤੁਹਾਨੂੰ ਯਾਦ ਹੋਵੇਗਾ ਕਿ ‘ਡਾਕੂਆਂ ਦਾ ਮੁੰਡਾ 1’ ’ਚ ਮਿੰਟੂ ਗੁਰਸਰੀਆ ਦੀ ਕਹਾਣੀ ਦੇਖਣ ਨੂੰ ਮਿਲੀ ਸੀ। ਇਸੇ ਤਰ੍ਹਾਂ ‘ਡਾਕੂਆਂ ਦਾ ਮੁੰਡਾ 2’ ’ਚ ਮੰਗਾ ਸਿੰਘ ਅੰਟਾਲ ਦੀ ਕਹਾਣੀ ਦਿਖਾਈ ਗਈ ਸੀ। ਇਹ ਦੋਵੇਂ ਅੱਜ ਨਸ਼ਿਆਂ ਤੋਂ ਦੂਰ ਹਨ ਤੇ ਆਮ ਜ਼ਿੰਦਗੀ ’ਚ ਵੱਖ-ਵੱਖ ਖਿੱਤਿਆਂ ਨਾਲ ਸਬੰਧਤ ਕੰਮ ਕਰ ਰਹੇ ਹਨ।

‘ਡਾਕੂਆਂ ਦਾ ਮੁੰਡਾ 3’ ’ਚ ਦੇਵ ਖਰੌੜ ਨੇ ਭਾਵੇਂ ਕਿਸੇ ਅਸਲ ਕਿਰਦਾਰ ਦੀ ਕਹਾਣੀ ਨੂੰ ਪਰਦੇ ’ਤੇ ਪੇਸ਼ ਨਹੀਂ ਕੀਤਾ ਪਰ ਇਹ ਉਹ ਕਹਾਣੀ ਹੈ, ਜਿਸ ਨਾਲ ਹਰ ਉਹ ਪਰਿਵਾਰ ਤੇ ਮਾਂ ਖ਼ੁਦ ਨੂੰ ਜੋੜ ਸਕਦੀ ਹੈ, ਜਿਸ ਦਾ ਪੁੱਤ ਨਸ਼ਿਆਂ ਦੀ ਦਲਦਲ ’ਚ ਫਸਿਆ ਹੋਇਆ ਹੈ। ਨਾਲ ਹੀ ਇਹ ਵੀ ਦੇਖਣ ਨੂੰ ਮਿਲੇਗਾ ਕਿ ਕਿਵੇਂ ਨਸ਼ਿਆਂ ਦੀ ਇਸ ਦਲਦਲ ਤੋਂ ਦੂਰ ਰਹਿਣਾ ਹੈ।

ਫਿਲਮ ਜ਼ੀ ਸਟੂਡੀਓਜ਼ ਤੇ ਡ੍ਰੀਮ ਰਿਐਲਿਟੀ ਮੂਵੀਜ਼ ਦੀ ਸਾਂਝੀ ਪੇਸ਼ਕਸ਼ ਹੈ, ਜੋ ਰਵਨੀਤ ਕੌਰ ਚਾਹਲ, ਉਮੇਸ਼ ਕੁਮਾਰ ਬਾਂਸਲ ਤੇ ਰਾਜੇਸ਼ ਕੁਮਾਰ ਅਰੋੜਾ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਫਿਲਮ ਹੈਪੀ ਰੋਡੇ ਨੇ ਡਾਇਰੈਕਟ ਕੀਤੀ ਹੈ, ਜਿਸ ਦੀ ਕਹਾਣੀ ਨਰਿੰਦਰ ਅੰਬਰਸਰੀਆ ਨੇ ਲਿਖੀ ਹੈ।


author

cherry

Content Editor

Related News