ਜਦੋਂ ਅਮਿਤਾਭ ਬੱਚਨ ਨੂੰ ਚੋਣ ’ਚ ਮਿਲੀਆਂ  ਸਨ 4 ਹਜ਼ਾਰ ''Kiss Vote''

Wednesday, Mar 27, 2024 - 02:57 PM (IST)

ਜਦੋਂ ਅਮਿਤਾਭ ਬੱਚਨ ਨੂੰ ਚੋਣ ’ਚ ਮਿਲੀਆਂ  ਸਨ 4 ਹਜ਼ਾਰ ''Kiss Vote''

ਮੁੰਬਈ (ਬਿਊਰੋ) - ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਦੀ 1984 ਵਿਚ ਹੋਈ ਹੱਤਿਆ ਤੋਂ ਬਾਅਦ ਰਾਜੀਵ ਗਾਂਧੀ ਨੇ ਆਪਣੇ ਸਭ ਤੋਂ ਨਜ਼ਦੀਕੀ ਦੋਸਤ ਅਮਿਤਾਭ ਬੱਚਨ ਨੂੰ ਚੋਣ ਲੜਨ ਲਈ ਕਿਹਾ। ਅਮਿਤਾਭ ਬੱਤਨ ਉਸ ਦੌਰ ’ਚ ਸੁਪਰਸਟਾਰ ਸਨ ਪਰ ਉਨ੍ਹਾਂ ਨੂੰ ਸਿਆਸਤ ਦਾ ਕੋਈ ਤਜਰਬਾ ਨਹੀਂ ਸੀ। ਕਾਂਗਰਸ ਨੇ ਉਨ੍ਹਾਂ ਨੂੰ ਇਲਾਹਾਬਾਦ ਸੀਟ ਤੋਂ ਹੈਵੀ ਵੇਟ ਕੈਂਡੀਡੇਟ ਹੇਮਵਤੀਨੰਦਨ ਬਹੁਗੁਣਾ ਦੇ ਸਾਹਮਣੇ ਮੈਦਾਨ ਵਿਚ ਉਤਾਰ ਦਿੱਤਾ। ਬਹੁਗੁਣਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਸਨ ਅਤੇ ਕੇਂਦਰ ਵਿਚ ਵੱਡੇ ਮੰਤਰੀ ਦੇ ਤੌਰ ’ਤੇ ਵੀ ਕੰਮ ਕਰ ਚੁੱਕੇ ਸਨ।

ਇੰਦਰਾ ਗਾਂਧੀ ਨਾਲ ਅਣਬਣ ਤੋਂ ਬਾਅਦ ਉਨ੍ਹਾਂ ਕਾਂਗਰਸ ਛੱਡ ਦਿੱਤੀ ਸੀ। ਇਲਾਹਾਬਾਦ ’ਚ ਮੁਕਾਬਲਾ ਸ਼ੁਰੂ ਹੋਇਆ ਤਾਂ ਸਾਰਿਆਂ ਨੇ ਅਮਿਤਾਭ ਬੱਚਨ ਨੂੰ ਹਲਕੇ ਢੰਗ ਨਾਲ ਲਿਆ। ਕਿਸੇ ਵੀ ਚੋਣ ਆਬਜ਼ਰਵਰ ਨੇ ਇਹ ਨਹੀਂ ਕਿਹਾ ਕਿ ਅਮਿਤਾਭ ਦੀ ਚੋਣ ਵਿਚ ਜਿੱਤ ਤਾਂ ਦੂਰ ਦੀ ਗੱਲ, ਉਹ ਬਹੁਗੁਣਾ ਨੂੰ ਟੱਕਰ ਵੀ ਨਹੀਂ ਸਕਣਗੇ। ਅਸਲ ’ਚ ਬਹੁਗੁਣਾ ਦਾ ਸਿਆਸੀ ਕੱਦ ਹੀ ਇੰਨਾ ਵੱਡਾ ਸੀ। ਅਜਿਹੀ ਹਾਲਤ ’ਚ ਜਿਸਮਾਨੀ ਕੱਦ ਦੀ ਲੰਬਾਈ ਵਿਚ ਉਨ੍ਹਾਂ ਤੋਂ ਇੱਕੀ ਅਮਿਤਾਭ ਬੱਚਨ ਸਾਹਮਣੇ ਵੱਡੀ ਚੁਨੌਤੀ ਸੀ ਪਰ ਉਨ੍ਹਾਂ ਦਾ ਸਟਾਰਡਮ ਉਨ੍ਹਾਂ ਦੇ ਕੰਮ ਆਇਆ ਅਤੇ ਉਨ੍ਹਾਂ ਨੇ ਉਹ ਕਰ ਦਿੱਤਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਅਮਿਤਾਭ ਨੇ ਹੇਮਵਤੀਨੰਦਨ ਬਹੁਗੁਣਾ ਨੂੰ ਹਜ਼ਾਰ, ਦੋ ਹਜ਼ਾਰ ਨਹੀਂ ਸਗੋਂ ਇਕ ਲੱਖ 87 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਹਾਰ ਤੋਂ ਬਾਅਦ ਬਹੁਗੁਣਾ ਨੇ ਸਿਆਸਤ ਤੋਂ ਸੰਨਿਆਸ ਲੈ ਲਿਆ ਪਰ ਇਸ ਚੋਣ ਦੀ ਇਕ ਹੋਰ ਖਾਸ ਗੱਲ ਸੀ, ਉਹ ਇਹ ਕਿ ਵੋਟਾਂ ਦੀ ਗਿਣਤੀ ਦੌਰਾਨ ਅਮਿਤਾਭ ਦੀਆਂ 4 ਹਜ਼ਾਰ ਵੋਟਾਂ ਰੱਦ ਹੋ ਗਈਆਂ। ਕਾਰਨ ਬਹੁਤ ਦਿਲਚਸਪ ਸੀ। ਇਨ੍ਹਾਂ ਵੋਟਾਂ ’ਤੇ ਲਿਪਸਟਿਕ ਨਾਲ ਕਿੱਸ ਮਾਰਕ ਬਣੇ ਹੋਏ ਸਨ। ਅਸਲ ’ਚ ਇਹ ਅਮਿਤਾਭ ਦੀਆਂ ਪ੍ਰਸ਼ੰਸਕ ਔਰਤਾਂ/ਲੜਕੀਆਂ ਦੀਆਂ ਵੋਟਾਂ ਸਨ, ਜਿਨ੍ਹਾਂ ਨੂੰ ਵੋਟ ਪੇਟੀ ਵਿਚ ਮੋਹਰ ਦੀ ਬਜਾਏ ਕਿੱਸ ਮਾਰਕ ਲਾ ਕੇ ਵੋਟ ਪਾਈ ਗਈ ਸੀ। ਇਕ ਸ਼ਖਸ ਪ੍ਰਤੀ ਲਗਾਅ ਦੀ ਅਜਿਹੀ ਉਦਾਹਰਣ ਅੱਜ ਤਕ ਕੋਈ ਦੂਜੀ ਨਹੀਂ ਆਈ। ਹਾਲਾਂਕਿ ਇਹ ਹੋਰ ਗੱਲ ਹੈ ਕਿ ਅਮਿਤਾਭ ਬੱਚਨ ਨੇ ਉਹ ਕਾਰਜਕਾਲ ਪੂਰਾ ਨਹੀਂ ਕੀਤਾ ਅਤੇ 1988 ਵਿਚ ਸੰਸਦ ਦੀ ਮੈਂਬਰੀ ਛੱਡ ਦਿੱਤੀ ਪਰ ਉਨ੍ਹਾਂ ਦੀਆਂ ਕਿੱਸ ਵੋਟਾਂ ਇਤਿਹਾਸ ਵਿਚ ਦਰਜ ਹੋ ਗਈਆਂ।

ਇਹ ਖ਼ਬਰ ਵੀ ਪੜ੍ਹੋ :  ਗੁਰਦਾਸਪੁਰ ’ਚ 5 ਵਾਰ ਫ਼ਿਲਮੀ ਸਿਤਾਰਿਆਂ ਦੇ ਦਮ ’ਤੇ ਜਿੱਤਣ ਵਾਲੀ ਭਾਜਪਾ ਹੁਣ ਕਿਸ ਚਿਹਰੇ ’ਤੇ ਲਾਏਗੀ ਦਾਅ?

ਲੋਕ ਸਭਾ ਚੋਣਾਂ 1984 ’ਚ ਸੰਸਦੀ ਹਲਕੇ ਇਲਾਹਾਬਾਦ ਵਿਚ ਅਮਿਤਾਭ ਬੱਚਨ ਦੀ ਲੋਕਪ੍ਰਿਯਤਾ ਜਨਤਾ ਦੇ ਸਿਰ ਚੜ੍ਹ ਕੇ ਬੋਲੀ ਸੀ। ਲੋਕਾਂ ਦੀ ਅਮਿਤਾਭ ਪ੍ਰਤੀ ਦੀਵਾਨਗੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੋਲਿੰਗ ਬੂਥਾਂ ’ਤੇ ਰਾਤ 10 ਵਜੇ ਤਕ ਪੋਲਿੰਗ ਹੋਈ ਸੀ। ਚੋਣ ਦੀ ਅਗਲੀ ਸਵੇਰ ਪੋਲਿੰਗ ਪਾਰਟੀਆਂ ਲਗਭਗ ਸਾਢੇ 10 ਵਜੇ ਵੋਟ ਪੇਟੀਆਂ ਲੈ ਕੇ ਰਵਾਨਾ ਹੋਈਆਂ ਸਨ। ਕਈ ਪੋਲਿੰਗ ਬੂਥਾਂ ’ਤੇ 100 ਫੀਸਦੀ ਤਕ ਪੋਲਿੰਗ ਹੋਈ ਸੀ। ਇੰਨੀ ਜ਼ਬਰਦਸਤ ਪੋਲਿੰਗ ਵੇਖ ਕੇ ਉਸ ਵੇਲੇ ਚੋਣ ਕਮਿਸ਼ਨ ਨੇ ਵੀ ਟਿੱਪਣੀ ਕੀਤੀ ਸੀ ਕਿ ਕੀ ਇਕ ਆਦਮੀ ਵੀ ਪੋਲਿੰਗ ਵਾਲੇ ਦਿਨ ਬੀਮਾਰ ਨਹੀਂ ਹੋਇਆ ਸੀ। ਉਸ ਚੋਣ ਵਿਚ ਇਲਾਹਾਬਾਦ ’ਚ 58 ਫੀਸਦੀ ਪੋਲਿੰਗ ਹੋਈ, ਜਿਸ ਵਿਚੋਂ 69 ਫੀਸਦੀ ਵੋਟਾਂ ਅਮਿਤਾਭ ਦੇ ਖਾਤੇ ਵਿਚ ਗਈਆਂ ਸਨ।
ਇਸ ਚੋਣ ਵਿਚ ਬਹੁਗੁਣਾ ਤੇ ਉਨ੍ਹਾਂ ਦੇ ਸਮਰਥਕਾਂ ਨੇ ਅਮਿਤਾਭ ਬੱਚਨ ’ਤੇ ਖੂਬ ਤੰਜ ਕੱਸੇ ਸਨ। ਬਹੁਗੁਣਾ ਨੇ ਕਿਹਾ ਸੀ ਕਿ ਉਹ ਨੱਚਣ-ਗਾਉਣ ਵਾਲੇ ਹਨ, 4 ਦਿਨ ਬਾਅਦ ਵਾਪਸ ਮੁੰਬਈ ਚਲੇ ਜਾਣਗੇ। ਇਸ ’ਤੇ ਜਦੋਂ ਮੀਡੀਆ ਨੇ ਅਮਿਤਾਭ ਤੇ ਜਯਾ ਨੂੰ ਸਵਾਲ ਪੁੱਛੇ ਤਾਂ ਉਨ੍ਹਾਂ ਦੀ ਪ੍ਰਤੀਕਿਰਿਆ ਸੀ–ਬਹੁਗੁਣਾ ਜੀ ਸਾਡੇ ਤੋਂ ਵੱਡੇ ਹਨ, ਉਨ੍ਹਾਂ ਦੀ ਗੱਲ ’ਤੇ ਅਸੀਂ ਕੁਝ ਨਹੀਂ ਕਹਿ ਸਕਦੇ।

ਇਹ ਖ਼ਬਰ ਵੀ ਪੜ੍ਹੋ :  ਪ੍ਰਸਿੱਧ ਕਾਮੇਡੀਅਨ ਚੜ੍ਹਿਆ ਪੁਲਸ ਦੇ ਹੱਥੀਂ, 13 ਹੋਰਾਂ ਨਾਲ ਲਿਆ ਗਿਆ ਹਿਰਾਸਤ 'ਚ

ਉਸ ਦੌਰ ’ਚ ਅਮਿਤਾਭ ਖ਼ਿਲਾਫ਼ ਬਹੁਗੁਣਾ ਪੱਖ ਦੇ ਨਾਅਰੇ ਵੀ ਦਿਲਚਸਪ ਸਨ। ਇਹ ਨਾਅਰੇ ਕੁਝ ਇਸ ਤਰ੍ਹਾਂ ਸਨ–

ਹੇਮਵਤੀ ਨੰਦਨ ਇਲਾਹਾਬਾਦ ਕਾ ਚੰਦਨ,
ਦਮ ਨਹੀਂ ਹੈ ਪੰਜੇ ਮੇਂ, ਲੰਬੂ ਫੰਸਾ ਸ਼ਿਕੰਜੇ ਮੇਂ,
ਸਰਲ ਨਹੀਂ ਸੰਸਦ ਮੇਂ ਆਨਾ, ਮਾਰੋ ਠੁਮਕਾ ਗਾਓ ਗਾਨਾ।

ਜਦੋਂ ਹੱਦ ਹੋ ਗਈ ਤਾਂ ਇਕ ਰੈਲੀ ਵਿਚ ਅਮਿਤਾਭ ਬੱਚਨ ਨੇ ਗਾਣਾ ਗਾਇਆ ਸੀ–ਮੇਰੇ ਅੰਗਨੇ ਮੇਂ ਤੁਮਹਾਰਾ ਕਿਆ ਕਾਮ ਹੈ। ਕਹਿੰਦੇ ਹਨ ਕਿ ਇਸ ਗਾਣੇ ਨੇ ਬਚੀ-ਖੁਚੀ ਕਸਰ ਵੀ ਪੂਰੀ ਕਰ ਦਿੱਤੀ ਕਿਉਂਕਿ ਅਮਿਤਾਭ ਬੱਚਨ ਇਲਾਹਾਬਾਦ ਦੇ ਸਨ ਅਤੇ ਬਹੁਗੁਣਾ ਗੜਵਾਲ ਦੇ। ਅਜਿਹੀ ਹਾਲਤ ’ਚ ਉਨ੍ਹਾਂ ਖਿਲਾਫ ਬਾਹਰਲੇ ਹੋਣ ਦਾ ਮੁੱਦਾ ਵੀ ਚੱਲ ਗਿਆ। ਅਮਿਤਾਭ ਬੱਚਨ ਦਾ ਪਰਿਵਾਰ 1956 ’ਚ ਇਲਾਹਾਬਾਦ ਤੋਂ ਦਿੱਲੀ ਚਲਾ ਗਿਆ ਸੀ। ਉੱਥੋਂ ਹੀ ਅਮਿਤਾਭ ਮਾਇਆਨਗਰੀ ਚਲੇ ਗਏ ਅਤੇ ਫਿਲਮਾਂ ਵਿਚ ਸਥਾਪਤ ਹੋ ਗਏ ਪਰ ਇਲਾਹਾਬਾਦ ਵਾਲਿਆਂ ਨਾਲ ਉਨ੍ਹਾਂ ਦਾ ਪਿਆਰ ਘੱਟ ਨਹੀਂ ਹੋਇਆ। ਚੋਣਾਂ ਦੌਰਾਨ ਜਯਾ ਬੱਚਨ ਜਿੱਥੇ ਵੀ ਜਾਂਦੀ, ਉਹ ਨੂੰਹ ਹੋਣ ਦੇ ਨਾਤੇ ਲੋਕਾਂ ਤੋਂ ਮੂੰਹ-ਦਿਖਾਈ ਦੇ ਰੂਪ ’ਚ ਅਮਿਤਾਭ ਲਈ ਵੋਟਾਂ ਮੰਗਦੀ ਪਰ ਸ਼ਾਇਦ ਜਯਾ ਨੇ ਵੀ ਸੋਚਿਆ ਨਹੀਂ ਹੋਵੇਗਾ ਕਿ ਇੰਨਾ ਜ਼ਿਆਦਾ ਮੂੰਹ-ਦਿਖਾਈ ਮਿਲ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 

 


author

sunita

Content Editor

Related News