ਸੈਂਸੈਕਸ 190 ਅੰਕ ਮਜ਼ਬੂਤ ਹੋ ਕੇ ਬੰਦ, ਨਿਫਟੀ 10550 ਦੇ ਕਰੀਬ

12/11/2018 4:11:51 PM

ਨਵੀਂ ਦਿੱਲੀ — ਗਲੋਬਲ ਬਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਦੇ ਕਾਰੋਬਾਰੀ ਦਿਨ ਦੇ ਅੰਤ 'ਚ ਸੈਂਸੈਕਸ 190.29 ਅੰਕ ਯਾਨੀ 0.54 ਫੀਸਦੀ ਵਧ ਕੇ 35,150.01 'ਤੇ ਅਤੇ ਨਿਫਟੀ 67.50 ਅੰਕ ਯਾਨੀ 0.64 ਫੀਸਦੀ ਦੇ ਵਾਧੇ ਨਾਲ 10,555.95 'ਤੇ ਬੰਦ ਹੋਇਆ ਹੈ।

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਸ਼ੇਅਰ ਬਜ਼ਾਰ ਨੇ ਮੰਗਲਵਾਰ ਨੂੰ ਵਾਧੇ ਨਾਲ ਵਾਪਸੀ ਕੀਤੀ ਹੈ। ਸੈਂਸੈਕਸ 'ਚ ਹੇਠਲੇ ਪੱਧਰ ਤੋਂ 700 ਅੰਕਾਂ ਦੀ ਰਿਕਵਰੀ ਦੇਖਣ ਨੂੰ ਮਿਲੀ। ਆਖਿਰ 'ਚ ਸੈਂਸੈਕਸ 190 ਅੰਕਾਂ ਦੀ ਮਜ਼ਬੂਤੀ ਨਾਲ 35,150 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 60.70 ਅੰਕ ਦੀ ਤੇਜ਼ੀ ਨਾਲ 10549 ਦੇ ਪੱਧਰ 'ਤੇ ਪਹੁੰਚ ਗਿਆ। ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 'ਚ 500 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਸੀ। ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਗਵਰਨਰ ਉਰਜਿਤ ਪਟੇਲ ਦੇ ਅਸਤੀਫੇ ਦਾ ਵੀ ਬਜ਼ਾਰ 'ਤੇ ਅਸਰ ਦਿਖਾਈ ਦਿੱਤਾ ਸੀ।

ਸਨ ਫਾਰਮਾ 5.84 ਫੀਸਦੀ ਮਜ਼ਬੂਤ

ਨਿਫਟੀ ਦੇ ਟਾਪ ਗੇਨਰ ਦੀ ਗੱਲ ਕਰੀਏ ਤਾਂ ਯੈੱਸ ਬੈਂਕ 'ਚ 7.36 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸਦੇ ਨਾਲ ਹੀ ਸਨ ਫਾਰਮਾ 6.84 ਫੀਸਦੀ, ਏਸ਼ੀਅਨ ਪੇਂਟਸ 'ਚ 3.88 ਫੀਸਦੀ, ਟਾਇਟਨ 2.87 ਫੀਸਦੀ ਅਤੇ ਜ਼ੀ ਐਂਟਰਟੇਨਮੈਂਟ 'ਚ 2.74 ਫੀਸਦੀ ਦੀ ਮਜ਼ਬੂਤੀ ਦੇ ਨਾਲ ਟਾਪ ਗੇਨਰਜ਼ ਵਿਚ ਸ਼ਾਮਲ ਰਿਹਾ।

ਟਾਪ ਲੂਜ਼ਰਜ਼

ਰੁਪਏ 'ਚ ਕਮਜ਼ੋਰੀ ਕਾਰਨ ਤੇਲ ਕੰਪਨੀਆਂ ਦੇ ਸਟਾਕਸ 'ਚ ਵੱਡੀ ਵਿਕਰੀ ਦੇਖਣ ਨੂੰ ਮਿਲੀ। ਇਹ ਹੀ ਕਾਰਨ ਹੈ ਕਿ ਨਿਫਟੀ ਦੇ ਟਾਪ 5 ਲੂਜ਼ਰਜ਼ ਵਿਚ ਜ਼ਿਆਦਾ ਆਇਲ ਸਟਾਕਸ ਰਹੇ। ਇਸ ਦੇ ਕਾਰਨ ਐੱਚ.ਪੀ.ਸੀ.ਐੱਲ. 2.91 ਫੀਸਦੀ, ਇੰਡੀਅਨ ਆਇਲ ਕਾਰਪ 1.79 ਫੀਸਦੀ, ਭਾਰਤੀ ਏਅਰਟੈੱਲ 1.59 ਫੀਸਦੀ, ਐੱਚ.ਡੀ.ਐੱਫ.ਸੀ. ਬੈਂਕ 1.40 ਫੀਸਦੀ ਅਤੇ ਬੀ.ਪੀ.ਸੀ.ਐੱਲ. 1.06 ਫੀਸਦੀ ਡਿੱਗ ਕੇ ਬੰਦ ਹੋਏ।