ਹੈਂਡ ਬ੍ਰੇਕ ਲੱਗੀ ਹੋਣ ਦੇ ਬਾਅਦ ਵੀ ਫਰੰਟ ਨਾਲ ਬੰਨ੍ਹ ਕੇ ਗੱਡੀਆਂ ਕੀਤੀਆਂ ਜਾ ਰਹੀਆਂ ਟੋਅ
Tuesday, Nov 11, 2025 - 01:35 PM (IST)
ਜਲੰਧਰ (ਵਰੁਣ)–ਟ੍ਰੈਫਿਕ ਪੁਲਸ ਦੀਆਂ ਟੋਅ ਵੈਨ ਟੀਮਾਂ ਲੋਕਾਂ ਦੀਆਂ ਗੱਡੀਆਂ ਨੂੰ ਕਬਾੜ ਬਣਾ ਰਹੀਆਂ ਹਨ। ਬਿਨਾਂ ਟ੍ਰੇਨਿੰਗ ਦੇ ਫੀਲਡ ਵਿਚ ਉਤਾਰੇ ਠੇਕੇਦਾਰ ਦੇ ਪ੍ਰਾਈਵੇਟ ਕਰਿੰਦੇ ਹੈਂਡ ਬ੍ਰੇਕ ਲੱਗੀਆਂ ਗੱਡੀਆਂ ਨੂੰ ਫਰੰਟ ਤੋਂ ਚੁੱਕ ਕੇ ਘੜੀਸਦੇ ਹੋਏ ਟੋਅ ਕਰ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਸਰਕਾਰੀ ਜੁਰਮਾਨਾ ਹੀ ਨਹੀਂ, ਸਗੋਂ ਇਸ ਲਾਪ੍ਰਵਾਹੀ ਨਾਲ ਹੋਣ ਵਾਲੇ ਲਗਭਗ ਇਕ ਲੱਖ ਰੁਪਏ ਦਾ ਹੋਰ ਖ਼ਰਚਾ ਵੀ ਉਠਾਉਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ: Punjab: ਨਵੀਂ ਵਿਆਹੀ ਜੋੜੀ ਨਾਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ! ਵਰਨਾ ਕਾਰ ਦੇ ਉੱਡੇ ਪਰਖੱਚੇ

ਸ਼ਹਿਰ ਵਿਚ ਹਰ ਰੋਜ਼ ਇਸੇ ਤਰ੍ਹਾਂ ਹੀ ਗੱਡੀਆਂ ਨੂੰ ਟੋਅ ਕੀਤਾ ਜਾਂਦਾ ਹੈ, ਹਾਲਾਂਕਿ ਕਈ ਵਾਰ ਹੈਂਡ ਬ੍ਰੇਕ ਲੱਗੀਆਂ ਗੱਡੀਆਂ ਨੂੰ ਪਿੱਛਿਓਂ ਹੀ ਚੁੱਕਦਿਆਂ ਦੇਖਿਆ ਗਿਆ ਪਰ ਵਧੇਰੇ ਗੱਡੀਆਂ ਫਰੰਟ ਤੋਂ ਚੁੱਕੀਆਂ ਜਾਂਦੀਆਂ ਹਨ, ਜਿਸ ਕਾਰਨ ਗੱਡੀਆਂ ਦੇ ਪਿਛਲੇ ਟਾਇਰ ਘਿਸੜਦੇ ਚਲੇ ਜਾਂਦੇ ਹਨ। ਕਈ ਵਾਰ ਤਾਂ ਟਾਇਰਾਂ ਵਿਚੋਂ ਆਵਾਜ਼ਾਂ ਤਕ ਵੀ ਆਉਂਦੀਆਂ ਹਨ ਅਤੇ ਕਈ ਵਾਰ ਗੱਡੀ ਹੈਂਡ ਬ੍ਰੇਕ ਲੱਗਣ ਨਾਲ ਜਾਮ ਹੋ ਜਾਂਦੀ ਹੈ ਪਰ ਟੋਅ ਵੈਨ ਵਾਲੀਆਂ ਗੱਡੀਆਂ ਨੂੰ ਕਬਾੜ ਬਣਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ। ਇਸ ਲਾਪ੍ਰਵਾਹੀ ਕਾਰਨ ਲੋਕਾਂ ਦੇ ਪਿਛਲੇ ਟਾਇਰਾਂ ਤੋਂ ਲੈ ਕੇ ਕਮਾਨੀਆਂ ਦਾ ਨੁਕਸਾਨ ਹੋ ਰਿਹਾ ਹੈ, ਜਿਸ ਦਾ ਖਰਚਾ ਲੱਗਭਗ ਇਕ ਲੱਖ ਰੁਪਏ ਦੇ ਨੇੜੇ-ਤੇੜੇ ਪੁੱਜ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਠੇਕੇਦਾਰ ਨੇ ਵੀ ਬਿਨਾਂ ਟ੍ਰੇਨਿੰਗ ਦਿੱਤੇ ਟ੍ਰੈਫਿਕ ਪੁਲਸ ਨੂੰ ਕਰਿੰਦੇ ਦਿੱਤੇ ਹੋਏ ਹਨ, ਜਦਕਿ ਨਾਲ ਹੀ ਮੌਜੂਦ ਟ੍ਰੈਫਿਕ ਪੁਲਸ ਦਾ ਮੁਲਾਜ਼ਮ ਵੀ ਕੋਈ ਰੋਕ-ਟੋਕ ਨਹੀਂ ਕਰਦਾ ਅਤੇ ਸਿਰਫ ਗੱਡੀਆਂ ਟੋਅ ਕਰਨ ’ਤੇ ਹੀ ਫੋਕਸ ਕੀਤਾ ਜਾਂਦਾ ਹੈ। ਹਰ ਰੋਜ਼ ਕਈ ਲੋਕ ਇਸ ਲਾਪ੍ਰਵਾਹੀ ਕਾਰਨ ਨੁਕਸਾਨ ਉਠਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਬਿਜਲੀ ਖ਼ਪਤਕਾਰ ਦੇਣ ਧਿਆਨ! ਪਾਵਰਕਾਮ ਨੇ ਲਾਗੂ ਕੀਤਾ ਨਵਾਂ ਸਿਸਟਮ, ਹੁਣ ਬਿਜਲੀ ਬਿੱਲ...
ਇਸ ਸਬੰਧੀ ਜਦੋਂ ਏ. ਡੀ. ਸੀ. ਪੀ. ਟ੍ਰੈਫਿਕ ਗੁਰਬਾਜ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋ ਰਿਹਾ ਹੈ ਤਾਂ ਟੋਅ ਵੈਨ ਵਾਲਿਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਜਾਣਗੀਆਂ ਕਿ ਉਹ ਸਹੀ ਤਰੀਕੇ ਨਾਲ ਨੋ ਪਾਰਕਿੰਗ ਵਿਚ ਖੜ੍ਹੀਆਂ ਗੱਡੀਆਂ ਨੂੰ ਟੋਅ ਕਰਨ ਤਾਂ ਕਿ ਕਿਸੇ ਦਾ ਵੀ ਨੁਕਸਾਨ ਨਾ ਹੋਵੇ।
ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 12 ਨਵੰਬਰ ਨੂੰ ਹੋਵੇਗਾ...
