ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਟਾਂਡਾ ''ਚ ਕੀਤੀ ਛਾਪੇਮਾਰੀ, ਵਿਸਫੋਟਕ ਸਮੱਗਰੀ ਸਣੇ ਦੋ ਭਰਾ ਕਾਬੂ
Saturday, Apr 12, 2025 - 08:31 PM (IST)

ਟਾਂਡਾ ਉੜਮੁੜ, (ਵਰਿੰਦਰ ਪੰਡਿਤ)- ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨੇ ਸ਼ਨੀਵਾਰ ਸਵੇਰ ਤੜਕੇ ਟਾਂਡਾ ਦੇ ਬਸਤੀ ਅਮ੍ਰਿਤਸਰੀਆਂ ਵਿਚ ਛਾਪੇਮਾਰੀ ਕਰਕੇ ਵਿਸਫੋਟਕ ਸਮੱਗਰੀ ਬਰਾਮਦ ਕਰਕੇ ਦੋ ਭਰਾਵਾਂ ਨੂੰ ਕਾਬੂ ਕੀਤਾ ਹੈ। ਸੂਚਨਾ ਮੁਤਾਬਕ ਇਨ੍ਹਾਂ ਭਰਾਵਾਂ ਦੇ ਘਰ ਨੇੜੇ ਝਾੜੀਆਂ ਵਿਚ ਦੱਬ ਕੇ ਰੱਖੇ ਗਏ ਇਕ ਬੈਗ ਵਿੱਚੋ ਦੋ ਗ੍ਰਨੇਡ ਅਤੇ ਵਿਸਫੋਟਕ ਪਾਊਡਰ ਮਿਲਿਆ ਹੈ।
ਜਾਣਕਾਰੀ ਮੁਤਾਬਿਕ ਬੀਤੇ ਦਿਨ ਦਸੂਹਾ ਇਲਾਕੇ ਤੋਂ ਇਕ ਨੌਜਵਾਨ ਹਰਪ੍ਰੀਤ ਸਿੰਘ ਨੂੰ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਅਤੇ ਨਿਸ਼ਾਨਦੇਹੀ 'ਤੇ ਅੱਜ ਸਵੇਰੇ 8 ਵਜੇ ਦੇ ਕਰੀਬ ਟੀਮ ਬਸਤੀ ਅਮ੍ਰਿਤਸਰੀਆਂ ਪਹੁੰਚੀ ਅਤੇ ਇਸ ਬਰਾਮਦਗੀ ਤੋਂ ਬਾਅਦ ਟੀਮ ਦੋਨਾਂ ਭਰਾਵਾਂ ਨੂੰ ਨਾਲ ਲੈ ਕੇ ਚਲੇ ਗਈ। ਹਾਲਾਂਕਿ ਟੀਮ ਦੇ ਅਧਿਕਾਰੀਆਂ ਵੱਲੋਂ ਮੀਡੀਆ ਨਾਲ ਫਿਲਹਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਸਾਰੇ ਮਾਮਲੇ ਦੀ ਜਿੱਥੇ ਜਾਂਚ ਹੋ ਰਹੀ ਹੈ, ਉੱਥੇ ਬਸਤੀ ਅਮ੍ਰਿਤਸਰੀਆਂ ਦੇ ਵਾਸੀਆਂ ਨੇ ਦੱਸਿਆ ਕਿ ਦੋਵੇਂ ਭਰਾ ਕਿਸਾਨ ਹਨ ਅਤੇ ਉਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀ ਹੈ।