ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਦੀਆਂ ਖੰਡ ਮਿੱਲਾਂ ਵਿਵਾਦਾਂ ''ਚ

Friday, Nov 24, 2023 - 07:18 PM (IST)

ਭੋਗਪੁਰ (ਰਾਜੇਸ਼ ਸੂਰੀ )- ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਆਗਾਮੀ ਗੰਨਾ ਪੜਾਈ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿਚ ਆ ਗਈਆਂ ਹਨ। ਪੰਜਾਬ ਭਰ ਦੇ ਸਹਿਕਾਰੀ ਮਿੱਲ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸਮੂਹ ਸਹਿਕਾਰੀ ਖੰਡ ਮਿੱਲਾਂ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਅਣਮੱਥੇ ਸਮੇਂ ਲਈ ਪੈੱਨ ਡਾਊਨ ਅਤੇ ਟੂਲ ਡਾਊਨ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਖੰਡ ਮਿੱਲਾਂ ਦੇ ਕਰਮਚਾਰੀਆਂ ਵੱਲੋਂ ਕੀਤੀ ਗਈ ਹੜਤਾਲ ਸਬੰਧੀ ਫੈਡਰੇਸ਼ਨ ਦੇ ਸਥਾਨਕ ਸਕੱਤਰ ਅਮਰੀਕ ਸਿੰਘ, ਪ੍ਰਧਾਨ ਪ੍ਰੇਮ ਸਿੰਘ ਅਤੇ ਮਹਿੰਦਰਪਾਲ ਸਿੰਘ ਆਦਿ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਹੈ ਕਿ ਸਰਕਾਰ ਅਤੇ ਵਿਭਾਗ ਵੱਲੋਂ ਕੇਵਲ ਮਿੱਲ ਕਰਮਚਾਰੀਆਂ ਨਾਲ ਹੀ ਵਿਤਕਰਾ ਕੀਤਾ ਜਾ ਰਿਹਾ ਹੈ, ਕਿਉਂਕਿ ਸਹਿਕਾਰੀ ਖੰਡ ਮਿੱਲਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਕੱਚੇ ਮੁਲਾਜ਼ਮ ਪੱਕੇ ਕਰਨ, 6ਵਾਂ ਪੇਅ-ਕਮਿਸ਼ਨ ਲਾਗੂ ਕਰਨਾ ਤੇ ਪੈਂਡਿੰਗ ਮੌਤ ਕੇਸਾਂ ਦੇ ਵਾਰਸਾਂ ਦੀ ਨਿਯੁਕਤੀ ਕਰਨ ਆਦਿ ਲੰਬੇ ਸਮੇਂ ਤੋਂ ਮੰਗ ਕਰਨ ਦੇ ਬਾਵਜੂਦ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਸਨ। 

ਇਹ ਵੀ ਪੜ੍ਹੋ- ਕੈਨੇਡਾ ਭੇਜਣ ਦੇ ਨਾਂ 'ਤੇ ਦਿੱਤਾ ਨਕਲੀ ਵੀਜ਼ਾ, ਮਾਰੀ 25 ਲੱਖ ਦੀ ਠੱਗੀ, ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ

ਉਪਰੋਕਤ ਮੰਗਾਂ ਦੀ ਪੂਰਤੀ ਲਈ ਮਿੱਲ ਵਰਕਰ ਫੈਡਰੇਸ਼ਨ ਦੇ ਨੁਮਾਇੰਦਿਆਂ ਵੱਲੋਂ ਬੀਤੀ 20 ਨਵੰਬਰ ਨੂੰ ਮਾਨਯੋਗ ਵਿੱਤ ਮੰਤਰੀ ਪੰਜਾਬ ਨਾਲ ਮੀਟਿੰਗ ਕੀਤੀ ਗਈ ਸੀ। ਮੀਟਿੰਗ 'ਚ ਉਨ੍ਹਾਂ ਵੱਲੋਂ ਯਕੀਨ ਦਵਾਇਆ ਗਿਆ ਸੀ ਕਿ ਖੰਡ ਮਿੱਲਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਖੰਡ ਮਿੱਲ ਦਾ ਪਿੜਾਈ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਪਰ ਅਫ਼ਸੋਸ ਦੀ ਗੱਲ ਹੈ ਕਿ ਫੈਡਰੇਸ਼ਨ ਦੇ ਧਿਆਨ ਵਿੱਚ ਆਇਆ ਕਿ ਮਾਨਯੋਗ ਮੰਤਰੀ ਜੀ ਵੱਲੋਂ ਪੂਰਨ ਭਰੋਸਾ ਦੇਣ ਦੇ ਬਾਵਜੂਦ ਵੀ ਮੰਗਾਂ ਨੂੰ ਅਣਗੌਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਕੰਮ ਦੇ ਘੰਟਿਆਂ ਸਬੰਧੀ ਸਪੱਸ਼ਟੀਕਰਨ ਜਾਰੀ, ਜਾਣੋ ਕਿੱਥੇ ਹੋਈ ਇਹ ਗ਼ਲਤੀ

ਇਸ ਸਮੇਂ ਵੀ ਰਾਜ ਸਰਕਾਰ ਵੱਲੋਂ ਟੋਲ ਦੀ ਨੀਤੀ ਬਣਾਉਂਦੇ ਹੋਏ ਖੰਡ ਮਿੱਲਾਂ ਨੂੰ ਚਲਾਉਣ ਲਈ ਪਲੈਨਿੰਗ ਸ਼ੁਰੂ ਕਰ ਦਿੱਤੀ ਗਈ ਹੈ, ਪਰ ਕਰਮਚਾਰੀਆਂ ਦੀਆਂ ਮੰਗਾਂ ਦੀ ਪੂਰਤੀ ਲਈ ਅਜੇ ਤੱਕ ਕੋਈ ਵੀ ਕਾਰਵਾਈ ਆਰੰਭ ਨਹੀਂ ਕੀਤੀ ਗਈ, ਜਿਸ ਕਾਰਨ ਖੰਡ ਮਿੱਲਾਂ ਦੇ ਕਰਮਚਾਰੀਆਂ ਵਿੱਚ ਬਹੁਤ ਰੋਸ ਹੈ। ਨਤੀਜੇ ਵਜੋਂ ਮਿੱਲਾਂ ਦੇ ਕਰਮਚਾਰੀਆਂ ਨੂੰ ਦੁਬਾਰਾ ਧਰਨਾ ਸ਼ੁਰੂ ਕਰਨਾ ਪੈ ਰਿਹਾ ਹੈ। ਉਨ੍ਹਾ ਅੱਗੇ ਕਿਹਾ ਕਿ ਇਹ ਹੜਤਾਲ ਮੰਗਾਂ ਪੂਰੀਆਂ ਹੋਣ ਤਕ ਜਾਰੀ ਰਹੇਗੀ ਅਤੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਪਰਾਲੀ ਨੂੰ ਅੱਗ ਲਗਾਉਂਦੇ ਸਮੇਂ ਆਏ ਪ੍ਰਸ਼ਾਸਨਿਕ ਅਧਿਕਾਰੀ, ਕਾਰਵਾਈ ਦੇ ਡਰੋਂ ਕਿਸਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News