ਮੈਨੇਜਮੈਂਟ ਖਿਲਾਫ ਸੜਕਾਂ 'ਤੇ ਉੱਤਰੇ ਭੜਕੇ 700 ਵਿਦਿਆਰਥੀ

Thursday, Feb 27, 2020 - 12:32 PM (IST)

ਮੈਨੇਜਮੈਂਟ ਖਿਲਾਫ ਸੜਕਾਂ 'ਤੇ ਉੱਤਰੇ ਭੜਕੇ 700 ਵਿਦਿਆਰਥੀ

ਹੁਸ਼ਿਆਰਪੁਰ (ਘੁੰਮਣ)— ਸ਼ਹਿਰ ਦੇ ਨਜ਼ਦੀਕੀ ਪਿੰਡ ਬਜਵਾੜਾ ਵਿਖੇ ਸਥਿਤ ਐੱਸ. ਬੀ. ਏ. ਸੀ. ਸੀਨੀ. ਸੈਕੰ. ਸਕੂਲ, ਜਿਸ ਦੀ ਸਥਾਪਨਾ ਸਾਲ 1891 'ਚ ਬਜਵਾੜਾ ਨਿਵਾਸੀ ਸਭਰਾਂਤ ਸੋਨੀ ਦੇ ਪਰਿਵਾਰ ਵੱਲੋਂ ਕੀਤੀ ਗਈ ਸੀ, ਨੂੰ ਹੁਣ ਮੈਨੇਜਮੈਂਟ ਵੱਲੋਂ ਤਾਲਾ ਜੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮੈਨੇਜਮੈਂਟ ਦੇ ਉਕਤ ਫਰਮਾਨ ਤੋਂ ਭੜਕੇ ਸਕੂਲ ਦੇ ਕਰੀਬ 700 ਵਿਦਿਆਰਥੀ ਅੱਜ ਸੜਕਾਂ 'ਤੇ ਉੱਤਰ ਆਏ। ਖਾਸ ਗੱਲ ਇਹ ਹੈ ਕਿ ਬੀਤੇ ਦਿਨ ਸਵੇਰੇ ਸਕੂਲ ਲੱਗਣ ਸਮੇਂ ਮੁਜ਼ਾਹਰਾਕਾਰੀ ਵਿਦਿਆਰਥੀਆਂ ਨੇ ਸਕੂਲ ਦਾ ਮੇਨ ਗੇਟ ਬੰਦ ਕਰਕੇ ਹੁਸ਼ਿਆਰਪੁਰ-ਊਨਾ ਰੋਡ 'ਤੇ ਚੱਕਾ ਜਾਮ ਕਰ ਦਿੱਤਾ। ਅਜਿਹੀ ਹਾਲਤ 'ਚ ਸਕੂਲ ਸਟਾਫ ਦਾ ਅੰਦਰ ਜਾਣਾ ਨਾਮੁਮਕਿਨ ਸੀ ਪਰ ਉਹ ਪਿਛਲੇ ਪਾਸੇ ਖੇਤਾਂ 'ਚੋਂ ਦੀ ਹੁੰਦਿਆਂ ਸਕੂਲ ਅੰਦਰ ਦਾਖਲ ਹੋਣ ਵਿਚ ਸਫਲ ਰਹੇ। ਧਰਨੇ-ਪ੍ਰਦਰਸ਼ਨ ਦਾ ਸਿਲਸਿਲਾ ਦੁਪਹਿਰ ਤੱਕ ਜਾਰੀ ਰਿਹਾ। ਸਕੂਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਇਲਾਕੇ ਦੀ ਨੌਜਵਾਨ ਪੀੜ੍ਹੀ ਨੂੰ ਫੌਜ ਵਿਚ ਭਰਤੀ ਲਈ ਤਿਆਰ ਕਰਨ ਵਾਸਤੇ ਇਥੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਖੋਲ੍ਹਿਆ ਜਾਵੇਗਾ। ਮੈਨੇਜਮੈਂਟ ਦੇ ਫੈਸਲੇ ਦੀ ਭਿਣਕ ਵਿਦਿਆਰਥੀਆਂ ਨੂੰ ਕਾਫੀ ਸਮਾਂ ਪਹਿਲਾਂ ਹੀ ਲੱਗ ਚੁੱਕੀ ਸੀ।

PunjabKesari

ਸਾਬਕਾ ਵਿਦਿਆਰਥਣ ਸਾਕਸ਼ੀ ਵਸ਼ਿਸ਼ਟ ਨੇ ਵਿਦਿਆਰਥੀਆਂ ਨੂੰ ਕੀਤਾ ਸ਼ਾਂਤ
ਇਸ ਦੌਰਾਨ ਸਕੂਲ ਦੀ ਸਾਬਕਾ ਵਿਦਿਆਰਥਣ ਸਾਕਸ਼ੀ ਵਸ਼ਿਸ਼ਟ ਸਕੂਲ ਪਹੁੰਚੀ ਅਤੇ ਮੁਜ਼ਾਹਰਾਕਾਰੀ ਵਿਦਿਆਰਥੀਆਂ ਨੂੰ ਸ਼ਾਂਤ ਕੀਤਾ। ਸਕੂਲ ਦੇ ਟਰੱਸਟੀ ਸੰਦੀਪ ਸੋਨੀ, ਜੋ ਕਿ ਸੀਨੀਅਰ ਕਾਂਗਰਸ ਆਗੂ ਅੰਬਿਕਾ ਸੋਨੀ ਦੇ ਪਰਿਵਾਰ 'ਚੋਂ ਹਨ, ਆਪਣੀ ਪਤਨੀ ਰੋਜ਼ ਸੋਨੀ ਨਾਲ ਸਕੂਲ ਵਿਚ ਮੌਜੂਦ ਸਨ। ਹਾਲਾਂਕਿ ਸੰਦੀਪ ਸੋਨੀ ਨੇ ਵਿਦਿਆਰਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਨਜ਼ਦੀਕੀ ਸਕੂਲਾਂ ਵਿਚ ਐਡਜਸਟ ਕਰਵਾਇਆ ਜਾਵੇਗਾ ਪਰ ਇਹ ਗੱਲ ਕਿਸੇ ਨੂੰ ਮੰਨਣਯੋਗ ਨਾ ਲੱਗੀ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਨੂੰ ਇਥੋਂ ਉਜਾੜ ਹੀ ਦਿੱਤਾ ਗਿਆ ਤਾਂ ਉਹ ਕਿਸ ਸਕੂਲ ਵਿਚ ਜਾਣ, ਇਸ ਦਾ ਫੈਸਲਾ ਉਹ ਖੁਦ ਕਰ ਸਕਦੇ ਹਨ। ਵਿਦਿਆਰਥੀ ਇਸ ਗੱਲ 'ਤੇ ਅੜੇ ਹੋਏ ਸਨ ਕਿ ਸਕੂਲ ਨੂੰ ਕਿਸੇ ਵੀ ਕੀਮਤ 'ਤੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਸਕੂਲ ਮੈਨੇਜਮੈਂਟ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।
ਇਸ ਦੌਰਾਨ ਸਾਕਸ਼ੀ ਵਸ਼ਿਸ਼ਟ, ਜੋ ਕਿ ਭਾਵਨਾਤਮਕ ਰੂਪ ਵਿਚ ਸਕੂਲ ਨਾਲ ਜੁੜੀ ਹੈ, ਨੇ ਇਥੇ ਜ਼ਿਲਾ ਸਿੱਖਿਆ ਅਧਿਕਾਰੀ ਨਾਲ ਮੁਲਾਕਾਤ ਕੀਤੀ ਅਤੇ ਬਾਅਦ ਵਿਚ ਉਹ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮਿਲਣ ਲਈ ਮੋਹਾਲੀ ਰਵਾਨਾ ਹੋ ਗਈ। ਉਸ ਦਾ ਕਹਿਣਾ ਸੀ ਕਿ ਇਸ ਤੋਂ ਬਾਅਦ ਉਹ ਵਿਧਾਇਕ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਸਕੂਲ ਨੂੰ ਬੰਦ ਨਾ ਕਰਨ ਸਬੰਧੀ ਠੋਸ ਕਦਮ ਚੁੱਕਣ ਦੀ ਅਪੀਲ ਕਰੇਗੀ।

ਸਿੱਖਿਆ ਵਿਭਾਗ ਬਣਾ ਰਿਹੈ ਵਿਦਿਆਰਥੀਆਂ ਦੀਆਂ ਲਿਸਟਾਂ
ਸੂਤਰ ਦੱਸਦੇ ਹਨ ਕਿ ਸਰਕਾਰ ਦੇ ਪ੍ਰਭਾਵ ਅਧੀਨ ਸਿੱਖਿਆ ਵਿਭਾਗ ਸਕੂਲ ਦੇ ਵਿਦਿਆਰਥੀਆਂ ਦੀਆਂ ਲਿਸਟਾਂ ਤਿਆਰ ਕਰ ਰਿਹਾ ਹੈ ਕਿ ਕਿਸ ਵਿਦਿਆਰਥੀ ਨੂੰ ਕਿਸ ਸਰਕਾਰੀ ਸਕੂਲ 'ਚ ਐਡਜਸਟ ਕੀਤਾ ਜਾ ਸਕਦਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਦੀ ਇਹ ਪਹਿਲ ਕੋਈ ਮਾਇਨੇ ਨਹੀਂ ਰੱਖਦੀ।

ਸਟਾਫ ਦਾ ਭਵਿੱਖ ਵੀ ਖਤਰੇ 'ਚ
ਮੈਨੇਜਮੈਂਟ ਦੇ ਫੈਸਲੇ ਸਬੰਧੀ ਸਟਾਫ ਦਾ ਕੋਈ ਵੀ ਮੈਂਬਰ ਫਿਲਹਾਲ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ। ਸਕੂਲ ਵਿਚ 24 ਮਨਜ਼ੂਰਸ਼ੁਦਾ ਪੋਸਟਾਂ ਸੀ। ਜ਼ਿਆਦਾਤਰ ਸਟਾਫ ਰਿਟਾਇਰਡ ਹੋਣ ਉਪਰੰਤ ਹੁਣ 7 ਅਧਿਆਪਕ ਅਤੇ 2 ਹੋਰ ਮੁਲਾਜ਼ਮ ਹਨ। ਹੈਰਾਨੀ ਦੀ ਗੱਲ ਹੈ ਕਿ 700 ਵਿਦਿਆਰਥੀਆਂ ਨੂੰ ਉਕਤ ਸਟਾਫ ਪੜ੍ਹਾ ਰਿਹਾ ਸੀ। ਪਤਾ ਲੱਗਾ ਹੈ ਕਿ ਮੈਨੇਜਮੈਂਟ ਵੱਲੋਂ ਕੰਮ ਚਲਾਉਣ ਲਈ ਅਸਥਾਈ ਤੌਰ 'ਤੇ 8 ਅਧਿਆਪਕ ਅਤੇ 3 ਮੁਲਾਜ਼ਮ ਰੱਖੇ ਗਏ ਹਨ। ਫਿਲਹਾਲ ਉਕਤ ਸਟਾਫ ਦਾ ਭਵਿੱਖ ਵੀ ਖਤਰੇ ਵਿਚ ਜਾਪਦਾ ਹੈ।


author

shivani attri

Content Editor

Related News