ਸੇਫ ਸਕੂਲ ਵਾਹਨ ਪਾਲਿਸੀ ਤਹਿਤ 34 ਸਕੂਲੀ ਬੱਸਾਂ ਦੀ ਜਾਂਚ, 6 ਦੇ ਚਲਾਨ

Thursday, Sep 10, 2026 - 02:19 PM (IST)

ਸੇਫ ਸਕੂਲ ਵਾਹਨ ਪਾਲਿਸੀ ਤਹਿਤ 34 ਸਕੂਲੀ ਬੱਸਾਂ ਦੀ ਜਾਂਚ, 6 ਦੇ ਚਲਾਨ

ਹੁਸ਼ਿਆਰਪੁਰ (ਘੁੰਮਣ)- ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਤਰਜੀਹ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਸੇਫ ਸਕੂਲ ਵਾਹਨ ਪਾਲਿਸੀ’ ਤਹਿਤ ਸਕੂਲੀ ਬੱਸਾਂ ਦੀ ਜਾਂਚ ਮੁਹਿੰਮ ਲਗਾਤਾਰ ਜਾਰੀ ਹੈ। ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਨਿਰਦੇਸ਼ਾਂ ਤਹਿਤ ਮੰਗਲਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਚੈਕਿੰਗ ਮੁਹਿੰਮ ਦੌਰਾਨ ਮਾਊਂਟ ਕਾਰਮਲ ਸਕੂਲ ਕੱਕੋ, ਹੁਸ਼ਿਆਰਪੁਰ ਅਤੇ ਬਿਰਲਾ ਓਪਨ ਮਾਈਂਡਸ ਸਕੂਲ, ਮਾਡਲ ਟਾਊਨ ਵਿੱਚ ਕੁੱਲ 34 ਸਕੂਲੀ ਬੱਸਾਂ ਦੀ ਜਾਂਚ ਕੀਤੀ ਗਈ। ਨਿਯਮਾਂ ਦੀ ਉਲੰਘਣਾ ਪਾਏ ਜਾਣ ’ਤੇ 6 ਬੱਸਾਂ ਦੇ ਚਲਾਨ ਕੀਤੇ ਗਏ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਹਾਦਸਾ! ਭੈਣ ਨੂੰ ਸਕੂਲ ਛੱਡਣ ਜਾ ਰਹੇ ਭਰਾ ਦੀ ਦਰਦਨਾਕ ਮੌਤ

ਜਾਂਚ ਦੌਰਾਨ ਕੁਝ ਬੱਸਾਂ ਵਿੱਚ ਮਿਆਦ ਪੁੱਗ ਚੁੱਕੀ ਫਸਟ ਏਡ ਕਿੱਟ, ਲੇਡੀ ਅਟੈਂਡੈਂਟ ਦੀ ਗੈਰਹਾਜ਼ਰੀ, ਅੱਗ ਬੁਝਾਉਣ ਵਾਲਾ ਯੰਤਰ ਉਪਲਬੱਧ ਨਾ ਹੋਣਾ, ਨਿਰਧਾਰਤ ਯੂਨੀਫਾਰਮ ਨਾ ਪਹਿਨਣ ਸਮੇਤ ਹੋਰ ਕਮੀਆਂ ਪਾਈਆਂ ਗਈਆਂ। ਸਬੰਧਤ ਸਕੂਲ ਪ੍ਰਬੰਧਕਾਂ ਨੂੰ ਇਨ੍ਹਾਂ ਕਮੀਆਂ ਨੂੰ ਤੁਰੰਤ ਦੂਰ ਕਰਨ ਅਤੇ ਸੇਫ ਸਕੂਲ ਵਾਹਨ ਪਾਲਿਸੀ ਦੇ ਸਾਰੇ ਨਿਰਧਾਰਤ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ।

ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਇਸ ਦੌਰਾਨ ਸਕੂਲ ਪ੍ਰਬੰਧਕਾਂ, ਡਰਾਈਵਰਾਂ ਅਤੇ ਅਟੈਂਡੈਂਟਾਂ ਨੂੰ ਸਕੂਲੀ ਬੱਚਿਆਂ ਦੀ ਸੁਰੱਖਿਆ ਸਬੰਧੀ ਨਿਯਮਾਂ ਬਾਰੇ ਜਾਗਰੂਕ ਵੀ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਸਕੂਲੀ ਬੱਸਾਂ ਵਿੱਚ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਨਾਲ ਬੱਚਿਆਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਸ ਲਈ ਹਰੇਕ ਸਕੂਲ ਪ੍ਰਬੰਧਨ ਦੀ ਜ਼ਿੰਮੇਵਾਰੀ ਹੈ ਕਿ ਬੱਸਾਂ ਵਿੱਚ ਸਾਰੀਆਂ ਲੋੜੀਂਦੀਆਂ ਸੁਰੱਖਿਆ ਸਹੂਲਤਾਂ ਉਪਲੱਬਧ ਹੋਣ। ਸਕੂਲਾਂ ਨੂੰ ਇਹ ਵੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਕਿ ਸਾਰੇ ਬੱਸ ਡਰਾਈਵਰਾਂ ਦਾ ਸਮੇਂ-ਸਮੇਂ ’ਤੇ ਮੈਡੀਕਲ ਚੈਕਅਪ ਕਰਵਾਇਆ ਜਾਵੇ ਅਤੇ ਡਰਾਈਵਰ ਤੇ ਅਟੈਂਡੈਂਟ ਨਿਰਧਾਰਤ ਯੂਨੀਫਾਰਮ ਵਿੱਚ ਹੀ ਡਿਊਟੀ ਨਿਭਾਉਣ। ਛੋਟੇ ਬੱਚਿਆਂ ਦੇ ਬੱਸ ਵਿੱਚ ਚੜ੍ਹਨ ਅਤੇ ਉਤਰਨ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਸੜਕ ਪਾਰ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਗਏ।

ਇਹ ਵੀ ਪੜ੍ਹੋ: ਪੰਜਾਬ 'ਚ ਸਿਆਸੀ ਜੰਗ ਦੀ ਤਿਆਰੀ 'ਚ ਭਾਜਪਾ! ਇਕ ਮਹੀਨੇ ਅੰਦਰ ਮੋਦੀ-ਸ਼ਾਹ-ਨਬੀਨ ਸੰਭਾਲਣਗੇ ਮੋਰਚਾ

ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹੇ ਵਿੱਚ ਇਹ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੀ ਸੁਰੱਖਿਆ ਨੂੰ ਸਰਵੋਚ ਤਰਜੀਹ ਦਿੰਦਿਆਂ ਬੱਸਾਂ ਵਿੱਚ ਪਾਈਆਂ ਜਾਣ ਵਾਲੀਆਂ ਸਾਰੀਆਂ ਕਮੀਆਂ ਨੂੰ ਤੁਰੰਤ ਦੂਰ ਕੀਤਾ ਜਾਵੇ ਅਤੇ ਨਿਰਧਾਰਤ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਬਣਾਈ ਜਾਵੇ। ਇਸ ਚੈਕਿੰਗ ਮੁਹਿੰਮ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਕੇਸ ਵਰਕਰ ਕਿਰਨ ਸੈਣੀ ਅਤੇ ਸੋਸ਼ਲ ਵਰਕਰ ਰਣਜੀਤ ਕੌਰ, ਰੀਜਨਲ ਟਰਾਂਸਪੋਰਟ ਅਥਾਰਟੀ ਵਿਭਾਗ ਤੋਂ ਅਮਨਦੀਪ ਸਿੰਘ, ਪੁਲਿਸ ਵਿਭਾਗ ਤੋਂ ਏਐਸਆਈ ਸ਼ਿਵਦੇਵ ਸਿੰਘ ਅਤੇ ਸਿਟੀ ਟ੍ਰੈਫਿਕ ਪੁਲਿਸ ਹੁਸ਼ਿਆਰਪੁਰ ਤੋਂ ਰਸ਼ਪਾਲ ਸਿੰਘ, ਨਾਲ ਹੀ ਸਿੱਖਿਆ ਵਿਭਾਗ ਤੋਂ ਨੋਡਲ ਅਫ਼ਸਰ ਪ੍ਰਭਜੋਤ ਸਿੰਘ ਸਮੇਤ ਸਬੰਧਤ ਟੀਮ ਦੇ ਮੈਂਬਰ ਮੌਜੂਦ ਸਨ।

ਇਹ ਵੀ ਪੜ੍ਹੋ: ਜਲੰਧਰ ਬੰਦ ਦੌਰਾਨ ਬਾਜ਼ਾਰ-ਦੁਕਾਨਾਂ ਪੂਰੀ ਤਰ੍ਹਾਂ ਬੰਦ, ਸੜਕਾਂ 'ਤੇ ਸੰਨਾਟਾ, ਤਸਵੀਰਾਂ 'ਚ ਵੇਖੋ ਤਾਜ਼ਾ ਹਾਲਾਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News