ਜਲੰਧਰ ''ਚ ਤਾਜ਼ਾ-ਤਾਜ਼ਾ ਪੁੱਟੀਆਂ ਸੜਕਾਂ ’ਤੇ ਮੀਂਹ ’ਚ ਦਿਸਣਗੇ ਸਕੇਟਿੰਗ ਵਰਗੇ ਨਜ਼ਾਰੇ
Monday, Jun 16, 2025 - 01:33 PM (IST)

ਜਲੰਧਰ (ਖੁਰਾਣਾ)- ਜਲੰਧਰ ਸ਼ਹਿਰ ਵਿਚ ਚੱਲ ਰਹੇ ਸਰਫੇਸ ਵਾਟਰ ਪ੍ਰਾਜੈਕਟ ਕਾਰਨ ਜਲੰਧਰ ਨਗਰ ਨਿਗਮ ਇਲਾਕੇ ਦੀਆਂ ਕਈ ਮੁੱਖ ਸੜਕਾਂ ’ਤੇ ਇਨ੍ਹੀਂ ਦਿਨੀਂ ਪੁਟਾਈ ਦਾ ਕੰਮ ਚੱਲ ਰਿਹਾ ਹੈ। ਹਾਲਾਂਕਿ ਇਸ ਪ੍ਰਾਜੈਕਟ ਦਾ ਉਦੇਸ਼ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਹੈ ਪਰ ਐੱਲ. ਐਂਡ ਟੀ. ਵਰਗੀ ਵੱਡੀ ਕੰਪਨੀ ਦੀ ਲਾਪ੍ਰਵਾਹੀ ਕਾਰਨ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ।
ਤਾਜ਼ਾ-ਤਾਜ਼ਾ ਪੁੱਟੀਆਂ ਗਈਆਂ ਇਨ੍ਹਾਂ ਸੜਕਾਂ ’ਤੇ ਮੀਂਹ ਦੇ ਮੌਸਮ ਦੌਰਾਨ ਚਿੱਕੜ, ਤਿਲਕਣ ਅਤੇ ਜਾਮ ਵਰਗੇ ਹਾਲਾਤ ਪੈਦਾ ਹੋਣੇ ਤੈਅ ਹੈ, ਜਿੱਥੇ ਲੋਕਾਂ ਨੂੰ ਸਕੇਟਿੰਗ ਵਰਗੇ ਨਜ਼ਾਰੇ ਵੀ ਦੇਖਣ ਨੂੰ ਮਿਲ ਸਕਦੇ ਹਨ। ਇਨ੍ਹਾਂ ਦਿਨਾਂ ਦੀ ਗੱਲ ਕਰੀਏ ਤਾਂ ਪੁਟਾਈ ਤੋਂ ਬਾਅਦ ਨਿਕਲੀ ਮਿੱਟੀ ਸ਼ਹਿਰ ਦੀ ਵੱਡੀ ਆਬਾਦੀ ਨੂੰ ਪ੍ਰੇਸ਼ਾਨ ਕਰ ਰਹੀ ਹੈ। ਕਿਤੇ ਵੀ ਢੰਗ ਨਾਲ ਬੈਰੀਕੇਡਿੰਗ ਨਹੀਂ ਕੀਤੀ ਗਈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਸਿੱਧਾ ਪੁੱਟੀਆਂ ਹੋਈਆਂ ਸੜਕਾਂ ਤੋਂ ਲੰਘਣਾ ਪੈ ਰਿਹਾ ਹੈ। ਸੜਕਾਂ ਤੋਂ ਉੱਡਦੀ ਧੂੜ ਲੋਕਾਂ ਦੀਆਂ ਅੱਖਾਂ, ਚਮੜੀ ਅਤੇ ਫੇਫੜਿਆਂ ਤੱਕ ਪਹੁੰਚ ਰਹੀ ਹੈ ਅਤੇ ਕਈ ਲੋਕ ਬਿਮਾਰ ਵੀ ਹੋ ਚੁੱਕੇ ਹਨ। ਇਸ ਵਿਸ਼ੇ ’ਤੇ ਮੀਡੀਆ ਵਿਚ ਕਈ ਵਾਰ ਖ਼ਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਪਰ ਨਾ ਤਾਂ ਕੰਪਨੀ, ਨਾ ਸੀਵਰੇਜ ਬੋਰਡ ਅਤੇ ਨਾ ਹੀ ਨਗਰ ਨਿਗਮ ਦੇ ਅਧਿਕਾਰੀ ਕੋਈ ਧਿਆਨ ਦੇ ਰਹੇ ਹਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਪਿੰਡ ਮੈਰੇ ਜੱਟਾਂ ਦੇ ਨੌਜਵਾਨ ਨੇ ਮਾਰੀਆਂ ਵੱਡੀਆਂ ਮੱਲਾਂ, ਭਾਰਤੀ ਫ਼ੌਜ 'ਚ ਬਣਿਆ ਲੈਫਟੀਨੈਂਟ
ਸਿਰਫ਼ ਵੀ. ਆਈ. ਪੀ. ਦੌਰੇ ’ਤੇ ਹੋਈ ਸੀ ਬੈਰੀਕੇਡਿੰਗ ਪਰ ਬਾਅਦ ਵਿਚ ਸਭ ਹਟ ਗਈ
ਜਦੋਂ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਬਰਲਟਨ ਪਾਰਕ ਦੇ ਉਦਘਾਟਨ ਦੇ ਸਿਲਸਿਲੇ ਵਿਚ ਜਲੰਧਰ ਆਏ ਸਨ, ਤਾਂ ਉਸ ਦੌਰਾਨ ਮਹਾਵੀਰ ਮਾਰਗ ਸੜਕ ’ਤੇ ਦੋ ਦਿਨਾਂ ਲਈ ਬੈਰੀਕੇਡਿੰਗ ਕੀਤੀ ਗਈ ਸੀ। ਇਸ ਨਾਲ ਆਵਾਜਾਈ ਕੰਟਰੋਲ ਵਿਚ ਆਈ ਅਤੇ ਲੋਕਾਂ ਨੂੰ ਰਾਹਤ ਮਿਲੀ ਪਰ ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਸਾਰੀ ਬੈਰੀਕੇਡਿੰਗ ਦੁਬਾਰਾ ਹਟਾ ਦਿੱਤੀ ਗਈ, ਜਿਸ ਕਾਰਨ ਸਥਿਤੀ ਪਹਿਲਾਂ ਵਰਗੀ ਹੋ ਗਈ। ਪੂਰਾ ਇਲਾਕਾ ਮਿੱਟੀ-ਮਿੱਟੀ ਹੋ ਗਿਆ ਕਿਉਂਕਿ ਬੈਰੀਕੇਡਿੰਗ ਹਟਣ ਨਾਲ ਸਾਰੇ ਵਾਹਨ ਮਿੱਟੀ ’ਤੇ ਚੱਲਣ ਲੱਗੇ।
ਇਹ ਵੀ ਪੜ੍ਹੋ: Punjab: ਔਰਤ ਘਰ 'ਚ ਕਰਦੀ ਸੀ ਦੇਹ ਵਪਾਰ ਦਾ ਧੰਦਾ, ਜਦ ਪਹੁੰਚੀ ਪੁਲਸ ਤਾਂ ਹੋਏ ਹੈਰਾਨੀਜਨਕ ਖ਼ੁਲਾਸੇ
ਮੀਂਹ ਦਾ ਮੌਸਮ ਨੇੜੇ ਹੈ ਅਤੇ ਮਾਨਸੂਨ ਦੇ 15 ਦਿਨਾਂ ਵਿਚ ਜਲੰਧਰ ਪਹੁੰਚਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਅਜਿਹੀ ਸਥਿਤੀ ਵਿਚ ਉਨ੍ਹਾਂ ਸੜਕਾਂ ’ਤੇ ਖ਼ਾਸ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜੋ ਹਾਲ ਹੀ ਵਿਚ ਪੁੱਟੀਆਂ ਗਈਆਂ ਹਨ। ਸਭ ਤੋਂ ਵੱਧ ਸਮੱਸਿਆਵਾਂ ਮਹਾਵੀਰ ਮਾਰਗ ’ਤੇ ਪੈਦਾ ਹੋਣ ਦੀ ਸੰਭਾਵਨਾ ਹੈ, ਜਿੱਥੇ ਡਾ. ਅੰਬੇਡਕਰ ਚੌਕ ਤੋਂ ਕਪੂਰਥਲਾ ਚੌਂਕ ਤੱਕ ਸੜਕ ਪੁੱਟ ਦਿੱਤੀ ਗਈ ਹੈ। ਮੀਂਹ ਦੇ ਮੌਸਮ ਦੌਰਾਨ ਇਥੇ ਮੀਂਹ ਦਾ ਪਾਣੀ ਇਕੱਠਾ ਹੋ ਸਕਦਾ ਹੈ ਅਤੇ ਚਿੱਕੜ ਤੇ ਦਲਦਲ ਵਰਗੀ ਸਥਿਤੀ ਪੈਦਾ ਕਰ ਸਕਦਾ ਹੈ, ਜਿਸ ਕਾਰਨ ਇਹ ਪੂਰਾ ਇਲਾਕਾ ਅਸਹਿਣਯੋਗ ਸਥਿਤੀਆਂ ਵਿਚ ਪਹੁੰਚ ਸਕਦਾ ਹੈ। ਸਥਾਨਕ ਦੁਕਾਨਦਾਰ ਅਤੇ ਆਮ ਨਾਗਰਿਕ ਚਿੱਕੜ, ਧੂੜ ਅਤੇ ਖਰਾਬ ਟ੍ਰੈਫਿਕ ਵਿਵਸਥਾ ਤੋਂ ਬਹੁਤ ਪ੍ਰੇਸ਼ਾਨ ਹਨ। ਦੂਜੇ ਪਾਸੇ ਕੰਪਨੀ, ਸੀਵਰੇਜ ਬੋਰਡ ਅਤੇ ਨਗਰ ਨਿਗਮ ਵਰਗੇ ਵੱਡੇ ਸਰਕਾਰੀ ਵਿਭਾਗ ਜਨਤਾ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੇ ਹਨ। ਅਜਿਹੀ ਸਥਿਤੀ ਵਿਚ ਮੀਂਹ ਦੇ ਮੌਸਮ ਵਿਚ ਲੋਕਾਂ ਨੂੰ ਕਿੰਨੀ ਪ੍ਰੇਸ਼ਾਨੀ ਹੋਵੇਗੀ, ਇਹ ਦੇਖਣ ਵਾਲੀ ਗੱਲ ਹੋਵੇਗੀ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਦੀ ਹੁਣ ਖੈਰ ਨਹੀਂ! ਸ਼ੁਰੂ ਹੋਣ ਜਾ ਰਿਹੈ ਨਵਾਂ ਸਿਸਟਮ, ਹੁਣ ਕੀਤੀ ਇਹ ਗਲਤੀ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e