ਨਵੀਂ ਵਾਰਡਬੰਦੀ ’ਚ ਕੱਦਾਵਰ ਕਾਂਗਰਸੀਆਂ ਦੇ ਵਾਰਡਾਂ ਨੂੰ ਤੋੜਨ-ਮਰੋੜਨ ’ਤੇ ਹੀ ਰਿਹਾ ਫੋਕਸ, ਨੰਬਰਿੰਗ ਬਣੀ ਸਿਰਦਰਦੀ

03/19/2023 12:30:24 PM

ਜਲੰਧਰ (ਖੁਰਾਣਾ)–ਨਗਰ ਨਿਗਮ ਦੀਆਂ ਚੋਣਾਂ ਵਿਚ ਅਜੇ ਕੁਝ ਮਹੀਨਿਆਂ ਦਾ ਸਮਾਂ ਬਾਕੀ ਹੈ। ਅਜਿਹੇ ਹਾਲਾਤ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਇਨ੍ਹਾਂ ਨਿਗਮ ਚੋਣਾਂ ਲਈ ਨਵੀਂ ਵਾਰਡਬੰਦੀ ਕਰਵਾਉਣ ਦਾ ਕੰਮ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਸੱਤਾ ਧਿਰ ਭਾਵ ‘ਆਪ’ ਨਾਲ ਜੁੜੇ ਪ੍ਰਮੁੱਖ ਆਗੂਆਂ ਨੇ ਸ਼ਹਿਰ ਦੇ ਸਾਰੇ ਸਿਆਸੀ ਵਾਰਡਾਂ ਦੀਆਂ ਹੱਦਾਂ ਦਾ ਨਿਰਧਾਰਨ ਕਰਕੇ ਵਾਰਡਬੰਦੀ ਦੇ ਕੱਚੇ ਫਾਰਮੈਟ ਨੂੰ ਬਣਾ ਤਾਂ ਲਿਆ ਸੀ ਪਰ ਹੁਣ ਇਨ੍ਹਾਂ ਵਾਰਡਾਂ ਦੀ ਨੰਬਰਿੰਗ ਅਤੇ ਰਿਜ਼ਰਵੇਸ਼ਨ ਸੱਤਾ ਧਿਰ ਲਈ ਵੱਡੀ ਸਿਰਦਰਦ ਬਣੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਸ ਗੱਲ ਨੂੰ ਲੈ ਕੇ ‘ਆਪ’ ਆਗੂਆਂ ਵਿਚ ਪੇਚ ਫਸ ਸਕਦਾ ਹੈ ਕਿ ਕਿਸ ਵਾਰਡ ਨੂੰ ਜਨਰਲ ਰੱਖਿਆ ਜਾਵੇ ਤੇ ਕਿਸ ਵਾਰਡ ਨੂੰ ਮਹਿਲਾਵਾਂ ਲਈ ਰਿਜ਼ਰਵ ਰੱਖਿਆ ਜਾਵੇ। ਇਸੇ ਤਰ੍ਹਾਂ ਰਿਜ਼ਰਵ ਵਾਰਡਾਂ ਨੂੰ ਲੈ ਕੇ ਵੀ ਦੁਵਿਧਾ ਵਾਲੀ ਸਥਿਤੀ ਪੈਦਾ ਹੋਣ ਦੇ ਪੂਰੇ-ਪੂਰੇ ਚਾਂਸ ਬਣ ਰਹੇ ਹਨ। ਫਿਲਹਾਲ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜੋ ਵਾਰਡਬੰਦੀ ਫਾਈਨਲ ਕੀਤੀ ਹੈ, ਉਸ ਵਿਚ ਜ਼ਿਆਦਾ ਜ਼ੋਰ ਕੱਦਾਵਰ ਕਾਂਗਰਸੀਆਂ ਦੇ ਵਾਰਡਾਂ ਨੂੰ ਤੋੜਨ-ਮਰੋੜਨ ’ਤੇ ਹੀ ਲਾਇਆ ਗਿਆ ਹੈ। ਯਾਦ ਰਹੇ ਕਿ ਪਿਛਲੇ ਹਾਊਸ ਵਿਚ ਲਗਭਗ 65 ਵਾਰਡ ਅਜਿਹੇ ਸਨ, ਜਿੱਥੋਂ ਕਾਂਗਰਸੀ ਜਿੱਤੇ ਸਨ।

ਭਾਵੇਂ ਪਿਛਲੇ 5 ਸਾਲ ਕਾਂਗਰਸ ਸਰਕਾਰ ਦਾ ਸਮਾਂ ਕਾਫੀ ਉਥਲ-ਪੁਥਲ ਵਾਲਾ ਰਿਹਾ ਪਰ ਫਿਰ ਵੀ ਜਲੰਧਰ ਨਿਗਮ ਦੇ ਕਈ ਸਾਬਕਾ ਕਾਂਗਰਸੀ ਕੌਂਸਲਰ ਅਜਿਹੇ ਹਨ, ਜਿਨ੍ਹਾਂ ਨੇ ਆਪਣੇ-ਆਪਣੇ ਵਾਰਡ ਵਿਚ ਆਪਣਾ ਮਜ਼ਬੂਤ ਆਧਾਰ ਬਣਾਈ ਰੱਖਿਆ ਹੈ। ਅਜਿਹੇ ਕਾਂਗਰਸੀਆਂ ਨੂੰ ਹਰਾਉਣ ਲਈ ਉਨ੍ਹਾਂ ਦੇ ਵਾਰਡਾਂ ਦੇ ਕਈ ਹਿੱਸੇ ਵੀ ਕੀਤੇ ਗਏ ਅਤੇ ਦੂਜੇ ਹਿੱਸਿਆਂ ਨੂੰ ਜੋੜਿਆ ਵੀ ਗਿਆ ਪਰ ਇਸ ਦੇ ਬਾਵਜੂਦ ਵਧੇਰੇ ਕਾਂਗਰਸੀ ਵੀ ਨਵੀਂ ਵਾਰਡਬੰਦੀ ਤੋਂ ਖ਼ੁਸ਼ ਨਜ਼ਰ ਆ ਰਹੇ ਹਨ। ਕੁਝ ਕਾਂਗਰਸੀ ਅਜਿਹੇ ਹਨ, ਜਿਨ੍ਹਾਂ ਨੂੰ ਨਵੀਂ ਵਾਰਡਬੰਦੀ ਰਾਸ ਨਹੀਂ ਆ ਰਹੀ ਪਰ ਆਉਣ ਵਾਲੇ ਸਮੇਂ ਵਿਚ ਜਾਂ ਤਾਂ ਉਹ ਦੂਜੇ ਵਾਰਡ ਤੋਂ ਚੋਣ ਲੜਨ ਦਾ ਯਤਨ ਕਰ ਸਕਦੇ ਹਨ ਜਾਂ ਕਿਸੇ ਹੋਰ ਪਾਰਟੀ ਸਾਹਮਣੇ ਸਰੰਡਰ ਵੀ ਹੋ ਸਕਦੇ ਹਨ।

PunjabKesari

ਇਹ ਵੀ ਪੜ੍ਹੋ : ਅੰਮ੍ਰਿਤਪਾਲ ਤੇ ਗੈਂਗਸਟਰਾਂ ਦੇ ਮੁੱਦੇ ’ਤੇ ਖੁੱਲ੍ਹ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਹੀਆਂ ਵੱਡੀਆਂ ਗੱਲਾਂ
ਵਾਰਡਬੰਦੀ ਨੂੰ ਲੈ ਕੇ ਅਧਿਕਾਰੀਆਂ ਦੀ ਹੋਈ ਮੀਟਿੰਗ, 28 ਵਾਰਡਾਂ ਦਾ ਪਾਪੂਲੇਸ਼ਨ ਸਰਵੇ ਪੂਰਾ
ਵਾਰਡਬੰਦੀ ਨੂੰ ਅੰਤਿਮ ਰੂਪ ਦੇਣ ਲਈ ਭਾਵੇਂ ਡੀ-ਲਿਮਿਟੇਸ਼ਨ ਬੋਰਡ ਦੀ ਮੀਟਿੰਗ 28 ਮਾਰਚ ਨੂੰ ਚੰਡੀਗੜ੍ਹ ਵਿਚ ਰੱਖੀ ਗਈ ਹੈ ਪਰ ਇਸ ਨੂੰ ਫਾਈਨਲ ਕਰਨ ਲਈ ਅਧਿਕਾਰੀਆਂ ਦੀ ਇਕ ਮੀਟਿੰਗ ਹੋਈ, ਜਿਸ ਦੌਰਾਨ ਹਰ ਵਾਰਡ ਦੇ ਪਾਪੂਲੇਸ਼ਨ ਸਰਵੇ ਦਾ ਕੰਮ ਕੀਤਾ ਗਿਆ ਅਤੇ ਸੂਚਨਾ ਮੁਤਾਬਕ 28 ਵਾਰਡ ਕਵਰ ਕਰ ਲਏ ਗਏ ਹਨ। ਪਤਾ ਲੱਗਾ ਹੈ ਕਿ ਸਰਕਾਰ ਨੇ ਹਰ ਵਾਰਡ ਲਈ 14 ਹਜ਼ਾਰ ਪਾਪੂਲੇਸ਼ਨ ਜ਼ਰੂਰੀ ਹੋਣ ਦਾ ਫਾਰਮੂਲਾ ਤੈਅ ਕੀਤਾ ਹੈ, ਜਿਸ ਵਿਚ 10 ਫ਼ੀਸਦੀ ਦੀ ਕਮੀ ਜਾਂ ਵਾਧਾ ਹੋ ਸਕਦਾ ਹੈ।

ਕੈਂਟ ਦੇ ਕਈ ਵਾਰਡਾਂ ਤੋਂ ‘ਆਪ’ ਉਮੀਦਵਾਰ ਹੀ ਨਹੀਂ
ਸ਼ਹਿਰ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਵਿਚ ਵਾਰਡਬੰਦੀ ਨੂੰ ਲੈ ਕੇ ਵੱਖ-ਵੱਖ ਖ਼ਬਰਾਂ ਮਿਲ ਰਹੀਆਂ ਹਨ। ਉੱਤਰੀ ਵਿਧਾਨ ਸਭਾ ਹਲਕੇ ਵਿਚ ਜਿਥੇ ਵਾਰਡਬੰਦੀ ਦਾ ਕੰਮ ਢੱਲ ਭਰਾਵਾਂ ਦੀ ਦੇਖ-ਰੇਖ ਵਿਚ ਮੁਕੰਮਲ ਹੋਇਆ ਅਤੇ ਉਥੇ ਉਮੀਦਵਾਰ ਤੈਅ ਕਰਨ ਦਾ ਕੰਮ ਵੀ ਉਨ੍ਹਾਂ ਵੱਲੋਂ ਦੇਖਿਆ ਜਾ ਰਿਹਾ ਹੈ, ਉਥੇ ਹੀ ਸੈਂਟਰਲ ਵਿਧਾਨ ਸਭਾ ਹਲਕੇ ਵਿਚ ਵਾਰਡਬੰਦੀ ਨੂੰ ਲੈ ਕੇ ਵਿਧਾਇਕ ਰਮਨ ਅਰੋੜਾ, ਉਨ੍ਹਾਂ ਦੇ ਸਪੁੱਤਰ ਰਾਜਨ ਅਰੋੜਾ ਅਤੇ ਹੋਰ ਸਾਥੀ ਸਰਗਰਮ ਰਹੇ। ਸੈਂਟਰਲ ਹਲਕੇ ਵਿਚ ਲਗਭਗ ਸਾਰੇ ‘ਆਪ’ ਉਮੀਦਵਾਰ ਵੀ ਫਾਈਨਲ ਹੀ ਹਨ। ਇਸੇ ਤਰ੍ਹਾਂ ਵੈਸਟ ਵਿਧਾਨ ਸਭਾ ਹਲਕੇ ਵਿਚ ਵਾਰਡਬੰਦੀ ਦਾ ਕੰਮ ਵਿਧਾਇਕ ਸ਼ੀਤਲ ਅਤੇ ਉਨ੍ਹਾਂ ਦੇ ਭਰਾ ਰਾਜਨ ਅੰਗੁਰਾਲ ਅਤੇ ਸਾਥੀਆਂ ਦੀ ਦੇਖ-ਰੇਖ ਵਿਚ ਹੋਇਆ, ਜਿਥੇ ਹਰ ਵਾਰਡ ਲਈ ਉਮੀਦਵਾਰ ਵੀ ਲਗਭਗ ਤੈਅ ਹਨ ਪਰ ਕੈਂਟ ਵਿਧਾਨ ਸਭਾ ਹਲਕਾ ਇਕ ਅਜਿਹਾ ਹਲਕਾ ਹੈ, ਜਿਥੇ ਵਾਰਡਬੰਦੀ ਲਈ ਮੈਡਮ ਰਾਜਵਿੰਦਰ ਕੌਰ ਥਿਆੜਾ ਅਤੇ ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ ਵਿਚਕਾਰ ਕਸ਼ਮਕਸ਼ ਚੱਲਦੀ ਰਹੀ। ਕੈਂਟ ਵਿਧਾਨ ਸਭਾ ਹਲਕੇ ਤਹਿਤ ਲਗਭਗ 15 ਵਾਰਡ ਆਉਂਦੇ ਹਨ ਪਰ ਹਾਲਾਤ ਇਹ ਹਨ ਕਿ ਅਜੇ ਕਈ ਵਾਰਡਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੀ ਤੈਅ ਨਹੀਂ ਹਨ। ਅਜਿਹੇ ਵਿਚ ਚਰਚਾ ਹੈ ਕਿ ਉਥੇ ਵਾਰਡਬੰਦੀ ਦਾ ਕੰਮ ਕੱਦਾਵਰ ਕਾਂਗਰਸੀਆਂ ਨੂੰ ਹਰਾਉਣ ਦੇ ਮੰਤਵ ਨਾਲ ਹੀ ਕੀਤਾ ਗਿਆ।

ਇਹ ਵੀ ਪੜ੍ਹੋ : ਮੰਤਰੀ ਧਾਲੀਵਾਲ ਬੋਲੇ, ਖਾਲਿਸਤਾਨ ਦਾ ਪੰਜਾਬ ’ਚ ਕੋਈ ਰੌਲਾ ਨਹੀਂ, ਅੰਮ੍ਰਿਤਪਾਲ ਨੂੰ ਲੈ ਕੇ ਸਰਕਾਰ ਨੇ ਦੇ ਦਿੱਤਾ ਜਵਾਬ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


shivani attri

Content Editor

Related News