ਸ਼ਰਧਾਲੂਆਂ ਲਈ ਛੇਤੀ ਖੋਲ੍ਹਿਆ ਜਾਵੇਗਾ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ

01/23/2019 7:33:38 AM

 ਅੰਮ੍ਰਿਤਸਰ, (ਨੀਰਜ)- ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਬੀ. ਐੱਸ. ਐੱਫ. ਜਵਾਨਾਂ ਲਈ ਬਣਾਏ ਜਾ ਰਹੇ ਰੈਜ਼ੀਡੈਂਸ਼ੀਅਲ ਕੰਪਲੈਕਸ ਅਤੇ ਜੁਆਇੰਟ ਚੈੱਕ ਪੋਸਟ ਅਟਾਰੀ ’ਤੇ ਵੱਡੀ ਟੂਰਿਸਟ ਗੈਲਰੀ ਦਾ ਉਦਘਾਟਨ ਕਰਨ ਆਏ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ  ਨੂੰ ਸ਼ਰਧਾਲੂਆਂ ਲਈ ਛੇਤੀ ਖੋਲ੍ਹਿਆ ਜਾਵੇਗਾ, ਇਸ ਦੇ ਲਈ 2 ਦਿਨ ਪਹਿਲਾਂ ਹੀ ਸਬੰਧਤ ਵਿਭਾਗਾਂ ਨਾਲ ਬੈਠਕ ਕੀਤੀ ਗਈ ਹੈ ਤੇ ਸਾਰੇ ਪ੍ਰਾਜੈਕਟ ਦੀ ਸਮੀਖਿਆ ਕੀਤੀ ਗਈ ਹੈ। ਇਸ ਤੋਂ ਪਹਿਲਾਂ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਬੀ. ਐੱਸ. ਐੱਫ. ਜਵਾਨਾਂ ਲਈ ਬਣਾਈ ਜਾ ਰਹੀ ਰਿਹਾਇਸ਼ ਦੇ ਉਦਘਾਟਨ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੇ ਸਾਰੇ ਆਈ. ਸੀ. ਪੀ. ’ਤੇ ਬੀ. ਐੱਸ. ਐੱਫ. ਜਵਾਨਾਂ ਲਈ ਰੈਜ਼ੀਡੈਂਸ਼ੀਅਲ ਕੰਪਲੈਕਸ ਬਣਾਏ ਜਾਣ ਦਾ ਸਰਕਾਰ ਨੇ ਫੈਸਲਾ ਕੀਤਾ ਹੈ।
 ਉਨ੍ਹਾਂ ਕਿਹਾ ਕਿ ਬੀ. ਐੱਸ. ਐੱਫ. ਦੇ ਜਵਾਨ ਦਿਨ-ਰਾਤ ਸਰਹੱਦ ਦੀ ਚੌਕਸੀ ਕਰਦੇ ਹਨ ਪਰ ਪਿੱਛੇ ਆਪਣੇ ਪਰਿਵਾਰਾਂ ਦੀ ਚਿੰਤਾ ਵੀ ਉਨ੍ਹਾਂ ਨੂੰ ਸਤਾਉਂਦੀ ਰਹਿੰਦੀ ਹੈ, ਸਾਰੇ ਜਵਾਨ ਆਪਣੇ ਪਰਿਵਾਰਾਂ  ਨਾਲ ਰਹਿ ਸਕਣ, ਇਸ ਦੇ ਲਈ ਸਰਕਾਰ ਨੇ ਇਹ ਸਹੂਲਤ ਦਿੱਤੀ ਹੈ। ਆਈ. ਸੀ. ਪੀ. ਅਟਾਰੀ ’ਤੇ 25 ਕਰੋਡ਼ ਰੁਪਏ ਦੀ ਲਾਗਤ ਨਾਲ 400 ਜਵਾਨਾਂ ਤੇ ਅਧਿਕਾਰੀਆਂ ਲਈ ਰਿਹਾਇਸ਼ ਬਣਾਈ ਜਾਵੇਗੀ ਤੇ ਇਹ ਪ੍ਰਾਜੈਕਟ ਦਸੰਬਰ 2019 ਤੱਕ ਪੂਰਾ ਕਰ ਲਿਆ ਜਾਵੇਗਾ। ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਪਿਛਲੇ 6 ਸਾਲਾਂ ਤੋਂ ਟਰੱਕ ਸਕੈਨਰ ਨਾ ਲਾਏ ਜਾਣ ਬਾਰੇ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਜੰਗੀ ਪੱਧਰ ’ਤੇ ਟਰੱਕ ਸਕੈਨਰ ਲਾਉਣ ਲਈ ਕੰਮ ਕੀਤਾ ਜਾ ਰਿਹਾ ਹੈ।
 ਸੰਸਦ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਯਤਨਾਂ ਨਾਲ ਹੀ ਅੱਜ ਆਈ. ਸੀ. ਪੀ. ’ਚ ਟਰੱਕ ਸਕੈਨਰ ਦਾ ਕੰਮ ਸ਼ੁਰੂ ਹੋ ਸਕਿਆ ਹੈ, ਬੰਦ ਪਏ ਸੀ. ਸੀ. ਟੀ. ਵੀ. ਕੈਮਰੇ ਸ਼ੁਰੂ ਹੋ ਚੁੱਕੇ ਹਨ ਅਤੇ ਵਸਤੂਆਂ ਨੂੰ ਰੱਖਣ ਲਈ ਕਵਰਡ ਸ਼ੈੱਡ ਬਣਾਏ ਜਾ ਰਹੇ ਹਨ। ਕੈਬਨਿਟ ਮੰਤਰੀ  ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਗ੍ਰਹਿ ਮੰਤਰੀ ਵੱਲੋਂ ਕੀਤੇ ਗਏ ਸਾਕਾਰਾਤਮਕ ਯਤਨਾਂ ਦਾ ਪੰਜਾਬ ਸਰਕਾਰ ਸਵਾਗਤ ਕਰਦੀ ਹੈ। ਆਈ. ਸੀ. ਪੀ. ’ਤੇ ਕੰਮ ਵਧਣ ਨਾਲ ਅੰਮ੍ਰਿਤਸਰ ਦੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ।
 ਇਸ ਮੌਕੇ ਬੀ. ਐੱਸ. ਐੱਫ. ਦੇ ਡੀ. ਜੀ. ਰਜਨੀਕਾਂਤ ਮਿਸ਼ਰਾ, ਚੇਅਰਮੈਨ ਐੱਲ. ਪੀ. ਏ. ਆਈ. ਅਨਿਲ ਬਾਂਬਾ,  ਮੈਂਬਰ ਫਾਈਨਾਂਸ ਐੱਲ. ਪੀ. ਏ. ਆਈ. ਸੀ. ਬੀ. ਪ੍ਰਸਾਦ, ਡਾਇਰੈਕਟਰ ਐੱਲ. ਪੀ. ਏ. ਆਈ. ਈ. ਪ੍ਰਸ਼ਾਂਤ ਮਿਸ਼ਰਾ, ਜੀ. ਓ. ਸੀ. ਪੈਂਥਰ ਡਵੀਜ਼ਨ ਕੇ. ਐੱਸ. ਬਰਾਡ਼,  ਵਧੀਕ ਡੀ. ਜੀ. ਐੱਲ. ਪੀ. ਏ. ਆਈ. ਕਮਲ ਨਯਨ ਚੌਬੇ, ਵਧੀਕ ਕਮਿਸ਼ਨਰ ਕਸਟਮ ਡਾ. ਅਰਵਿੰਦ ਤੇ ਅਸਿਸਟੈਂਟ ਕਮਿਸ਼ਨਰ ਬਸੰਤ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।


Related News