ਇਸ ਹਲਕੇ ’ਚ ਨਾਜਾਇਜ਼ ਢੰਗ ਨਾਲ ਖੰਭੇ ਲਾਉਣ ਦਾ ਕੰਮ ਕਰ ਰਹੇ ਨੇ ਪ੍ਰਾਈਵੇਟ ਟੈਲੀਕਾਮ ਕੰਪਨੀ ਦੇ ਠੇਕੇਦਾਰ

08/12/2022 4:37:02 PM

ਜਲੰਧਰ (ਖੁਰਾਣਾ)– ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ 2-3 ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੇ ਠੇਕੇਦਾਰ ਇਨ੍ਹੀਂ ਦਿਨੀਂ ਪੂਰੇ ਸ਼ਹਿਰ ਵਿਚ ਟੈਲੀਕਾਮ ਕੰਪਨੀ ਦੇ ਨਵੇਂ ਖੰਭੇ ਲਾਉਣ ਅਤੇ ਓਵਰਹੈੱਡ ਤੇ ਅੰਡਰਗਰਾਊਂਡ ਤਾਰਾਂ ਵਿਛਾਉਣ ਦਾ ਕੰਮ ਜ਼ੋਰ-ਸ਼ੋਰ ਨਾਲ ਕਰ ਰਹੇ ਹਨ ਪਰ ਵਧੇਰੇ ਕੰਮਾਂ ਦੀ ਕੋਈ ਮਨਜ਼ੂਰੀ ਉਨ੍ਹਾਂ ਕੋਲ ਨਹੀਂ ਹੈ। ਇਸ ਸਮੇਂ ਸਭ ਤੋਂ ਜ਼ਿਆਦਾ ਕੰਮ ਉੱਤਰੀ ਵਿਧਾਨ ਸਭਾ ਹਲਕੇ ਵਿਚ ਕੀਤਾ ਜਾ ਰਿਹਾ ਹੈ, ਜਿਥੇ ਇਕ ਹੀ ਠੇਕੇਦਾਰ ਵੱਲੋਂ ਕਿਸ਼ਨਪੁਰਾ ਚੌਕ ਤੋਂ ਲੈ ਕੇ ਦੋਆਬਾ ਚੌਕ ਨੂੰ ਜਾਣ ਵਾਲੀ ਸੜਕ ਕੰਢੇ ਕਈ ਨਵੇਂ ਖੰਭੇ ਲਾ ਦਿੱਤੇ ਗਏ। ਇਸੇ ਤਰ੍ਹਾਂ ਕਿਸ਼ਨਪੁਰਾ ਚੌਕ ਤੋਂ ਸੰਤੋਖਪੁਰਾ ਤੇ ਸਰਾਭਾ ਨਗਰ ਵੱਲ ਜਾਣ ਵਾਲੀਆਂ ਸੜਕਾਂ ਕੰਢੇ ਵੀ ਇਹ ਕੰਮ ਦਿਨ-ਰਾਤ ਚੱਲ ਰਿਹਾ ਹੈ।

ਇਸ ਬਾਰੇ ਨਿਗਮ ਕੋਲ ਕਈ ਸ਼ਿਕਾਇਤਾਂ ਪਹੁੰਚੀਆਂ ਪਰ ਠੇਕੇਦਾਰ ਨੂੰ ਕੰਮ ਤੱਕ ਰੋਕਣ ਲਈ ਨਹੀਂ ਕਿਹਾ ਜਾ ਰਿਹਾ। ਇਸੇ ਠੇਕੇਦਾਰ ਵੱਲੋਂ ਗਾਜ਼ੀ-ਗੁੱਲਾ ਚੌਕ ਤੋਂ ਵਰਕਸ਼ਾਪ ਚੌਕ ਵੱਲ ਜਾਣ ਵਾਲੀ ਸੜਕ ਤੇ ਸਾਈਂ ਦਾਸ ਸਕੂਲ ਦੀ ਗਰਾਊਂਡ ਵੱਲ ਜਾਣ ਵਾਲੀ ਸੜਕ ਦੇ ਕੰਢੇ ’ਤੇ ਵੀ ਨਵੇਂ ਖੰਭੇ ਲਾਉਣ ਅਤੇ ਤਾਰਾਂ ਪਾਉਣ ਦਾ ਕੰਮ ਜਾਰੀ ਹੈ।

ਇਹ ਵੀ ਪੜ੍ਹੋ:CM ਮਾਨ ਦਾ ਰੱਖੜ ਪੁੰਨਿਆ ਮੌਕੇ ਔਰਤਾਂ ਨੂੰ ਵੱਡਾ ਤੋਹਫ਼ਾ, ਆਂਗਨਵਾੜੀ ’ਚ 6 ਹਜ਼ਾਰ ਭਰਤੀਆਂ ਦਾ ਕੀਤਾ ਐਲਾਨ

PunjabKesari

ਕਮਿਸ਼ਨਰ ਦੀਆਂ ਅੱਖਾਂ ਵਿਚ ਘੱਟਾ ਪਾ ਰਹੇ ਨੇ ਨਿਗਮ ਅਧਿਕਾਰੀ
ਪਿਛਲੇ ਲੰਮੇ ਸਮੇਂ ਤੋਂ ਟੈਲੀਕਾਮ ਕੰਪਨੀਆਂ ਦੇ ਠੇਕੇਦਾਰਾਂ ਨਾਲ ਸੈਟਿੰਗ ਕਰ ਕੇ ਨਿਗਮ ਦੇ ਬੀ. ਐਂਡ ਆਰ. ਵਿਭਾਗ ਦੇ ਅਧਿਕਾਰੀ ਇਨ੍ਹੀਂ ਦਿਨੀਂ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਮਿਸ਼ਨਰ ਦਫ਼ਤਰ ਵਿਚ ਅਜਿਹੀਆਂ ਕਈ ਫਾਈਲਾਂ ਪੈਂਡਿੰਗ ਪਈਆਂ ਹਨ, ਜਿਹੜੀਆਂ ਟੈਲੀਕਾਮ ਕੰਪਨੀਆਂ ਦੇ ਕੰਮ ਨੂੰ ਇਜਾਜ਼ਤ ਦੇਣ ਬਾਰੇ ਹਨ। ਕਮਿਸ਼ਨਰ ਨੇ ਅਜੇ ਤੱਕ ਇਨ੍ਹਾਂ ਫਾਈਲਾਂ ਨੂੰ ਕਲੀਅਰ ਨਹੀਂ ਕੀਤਾ ਪਰ ਮੰਨਿਆ ਜਾ ਰਿਹਾ ਹੈ ਕਿ ਵਧੇਰੇ ਫਾਈਲਾਂ ਨਾਲ ਸਬੰਧਤ ਕੰਮ ਪੂਰਾ ਕਰਵਾ ਲਿਆ ਗਿਆ ਹੈ ਤੇ ਹੁਣ ਸਿਰਫ ਕਮਿਸ਼ਨਰ ’ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਇਨ੍ਹਾਂ ਫਾਈਲਾਂ ਨੂੰ ਪਾਸ ਕਰ ਦੇਣ। ਦੋਸ਼ ਹੈ ਕਿ ਨਿਗਮ ਦੇ ਅਧਿਕਾਰੀ ਟੈਲੀਕਾਮ ਕੰਪਨੀਆਂ ਦੇ ਠੇਕੇਦਾਰਾਂ ਤੋਂ ਆਪਣੀ ਬਣਦੀ ਕਮੀਸ਼ਨ ਤਕ ਵਸੂਲ ਚੁੱਕੇ ਹਨ ਅਤੇ ਹੁਣ ਤੱਕ ਹੋ ਚੁੱਕੇ ਸਾਰੇ ਨਾਜਾਇਜ਼ ਕੰਮਾਂ ਨੂੰ ਕਮਿਸ਼ਨਰ ਕੋਲੋਂ ਕਲੀਅਰ ਕਰਵਾਉਣਾ ਚਾਹੁੰਦੇ ਹਨ।

PunjabKesari

ਸੇਫਟੀ ਸਬੰਧੀ ਨਿਯਮਾਂ ਦਾ ਧਿਆਨ ਨਹੀਂ ਰੱਖ ਰਹੇ ਪਾਵਰਕਾਮ ਦੇ ਅਫ਼ਸਰ
ਪਤਾ ਲੱਗਾ ਹੈ ਕਿ ਟੈਲੀਕਾਮ ਕੰਪਨੀਆਂ ਦੇ ਠੇਕੇਦਾਰ ਤਾਰਾਂ ਆਦਿ ਪਾਉਣ ਲਈ ਪਾਵਰਕਾਮ ਦੇ ਖੰਭਿਆਂ ਦੀ ਵਰਤੋਂ ਕਰਦੇ ਹਨ, ਜਿਸ ਦੇ ਲਈ ਬਿਜਲੀ ਬੋਰਡ ਨਾਲ ਐਗਰੀਮੈਂਟ ਕੀਤਾ ਜਾਂਦਾ ਹੈ। ਦੋਸ਼ ਹੈ ਕਿ ਐਗਰੀਮੈਂਟ ਜਿੰਨੇ ਖੰਭਿਆਂ ਨੂੰ ਵਰਤਣ ਦਾ ਹੁੰਦਾ ਹੈ, ਉਸ ਤੋਂ ਕਿਤੇ ਜ਼ਿਆਦਾ ਖੰਭਿਆਂ ’ਤੇ ਤਾਰਾਂ ਪਾ ਦਿੱਤੀਆਂ ਜਾਂਦੀਆਂ ਹਨ। ਇਸ ਮਾਮਲੇ ਵਿਚ ਐਗਰੀਮੈਂਟ ਮੁਤਾਬਕ ਸਾਰੇ ਸੇਫਟੀ ਨਿਯਮ ਪੂਰੇ ਕਰਨੇ ਹੁੰਦੇ ਹਨ ਪਰ ਪਾਵਰਕਾਮ ਦੇ ਅਧਿਕਾਰੀ ਇਨ੍ਹਾਂ ਨਿਯਮਾਂ ਦੇ ਪਾਲਣ ਪ੍ਰਤੀ ਗੰਭੀਰ ਦਿਖਾਈ ਨਹੀਂ ਦਿੰਦੇ। ਵਧੇਰੇ ਖੰਭੇ ਬਿਜਲੀ ਦੀਆਂ ਤਾਰਾਂ ਦੇ ਬਿਲਕੁਲ ਨੇੜੇ ਲਾ ਦਿੱਤੇ ਗਏ ਹਨ, ਜਿਨ੍ਹਾਂ ਵਿਚ ਕਦੀ ਵੀ ਕਰੰਟ ਆ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ: ਰੱਖੜੀ ਦੇ ਤਿਉਹਾਰ ਮੌਕੇ ਉਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ 8 ਸਾਲਾ ਬੱਚੇ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News