ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਸੁੱਖੀ ਦੇ ਪ੍ਰਚਾਰ ’ਤੇ ਅਸਰ, ਭਾਜਪਾ ਤੇ ਕਾਂਗਰਸ ਨੇ ਵੀ ਲੜਾਈ ਪੂਰੀ ਜਾਨ

05/09/2023 1:48:54 AM

ਜਲੰਧਰ: ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਨਾਲ ਸੂਬੇ ਵਿਚ ਹਰ ਅੱਖ ਨਮ ਹੋਈ ਸੀ। ਨੇਤਾ ਵੀ ਰਾਜਨੀਤੀ ਤੋਂ ਉੱਪਰ ਉੱਠ ਕੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਦੇਣ ਵਿਚ ਪਿੱਛੇ ਨਹੀਂ ਹਟੇ। ਅਕਾਲੀ ਦਲ ਲਈ ਆਪਣੇ ਸਭ ਤੋਂ ਬਜ਼ੁਰਗ ਅਤੇ ਸਭ ਤੋਂ ਤਜ਼ਰਬੇਕਾਰ ਨੇਤਾ ਦਾ ਜਾਣਾ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਪਰ ਜੇਕਰ ਉਨ੍ਹਾਂ ਦੇ ਇਸ ਤਰ੍ਹਾਂ ਜਲੰਧਰ ਉਪ ਚੋਣ ਤੋਂ ਪਹਿਲਾਂ ਅਚਾਨਕ ਦਿਹਾਂਤ ਦਾ ਕਿਸੇ ਨੂੰ ਰਾਜਨੀਤਕ ਝਟਕਾ ਲੱਗਾ ਹੈ ਤਾਂ ਉਹ ਲੱਗਾ ਹੈ ਡਾ. ਸੁਖਵਿੰਦਰ ਸਿੰਘ ਸੁੱਖੀ ਨੂੰ।

ਬੰਗਾ ਤੋਂ ਵਿਧਾਇਕ ਡਾ. ਸੁੱਖੀ ਨੂੰ ਅਕਾਲੀ ਦਲ ਨੇ ਜਲੰਧਰ ਉਪ ਚੋਣ ਵਿਚ ਪਾਰਟੀ ਉਮੀਦਵਾਰ ਬਣਾਇਆ ਹੈ। ਬਾਦਲ ਦੇ ਦਿਹਾਂਤ ਕਾਰਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 10 ਦਿਨ ਆਪਣੇ ਜੱਦੀ ਪਿੰਡ ਬਾਦਲ ਵਿਚ ਹੀ ਰਹਿਣਾ ਪਿਆ। ਇਸ ਤੋਂ ਇਲਾਵਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੀ ਜ਼ਿਆਦਾਤਰ ਸਮਾਂ ਬਾਦਲ ਪਿੰਡ ਵਿਚ ਹੀ ਰਹੀ। ਅਜਿਹੇ ਵਿਚ ਸੁੱਖੀ ਦੇ ਚੋਣ ਪ੍ਰਚਾਰ ’ਤੇ ਵੀ ਅਸਰ ਪਿਆ।

ਬਾਦਲ ਚਾਹੇ ਸਿਹਤ ਕਾਰਨਾਂ ਜਾਂ ਉਮਰ ਦੇ ਇਸ ਪੜਾਅ ਵਿਚ ਚੋਣ ਪ੍ਰਚਾਰ ਕਰਨ ਜਲੰਧਰ ਨਾ ਜਾਂਦੇ ਪਰ ਉਨ੍ਹਾਂ ਦੀ ਹਾਜ਼ਰੀ ਅਤੇ ਚੋਣ ਤਜ਼ਰਬੇ ਦਾ ਪਾਰਟੀ ਲਾਭ ਚੁੱਕਦੀ। ਦੂਜੇ ਪਾਸੇ ਪਾਰਟੀ ਪ੍ਰਧਾਨ ਸਮੇਤ ਬਾਕੀ ਨੇਤਾ ਵੀ ਉਨ੍ਹਾਂ ਦੇ ਪ੍ਰਚਾਰ ਵਿਚ ਹੀ ਡਟੇ ਰਹਿੰਦੇ।

ਭਾਜਪਾ ਨੇ ਕਈ ਕੇਂਦਰੀ ਮੰਤਰੀ ਉਪ ਚੋਣ ਵਿਚ ਉਤਾਰੇ

ਜਲੰਧਰ ਉਪ ਚੋਣ ਦੇ ਨਤੀਜੇ ਚਾਹੇ ਕੁਝ ਵੀ ਰਹਿਣ ਪਰ ਭਾਜਪਾ ਨੇ ਇਸ ਉਪ ਚੋਣ ਨੂੰ ਲੜਨ ਵਿਚ ਕੋਈ ਕਮੀ ਨਹੀਂ ਛੱਡੀ। ਇਸ ਚੋਣ ਜੰਗ ਵਿਚ ਦਮਦਾਰ ਦਿਸਣ ਵਿਚ ਪਾਰਟੀ ਕਿਸੇ ਤੋਂ ਪਿੱਛੇ ਨਹੀਂ ਰਹੀ। ਉਸਨੇ 10 ਸੰਸਦ ਮੈਂਬਰਾਂ ਨੂੰ ਇਸ ਉਪ ਚੋਣ ਦੇ ਪ੍ਰਚਾਰ ਵਿਚ ਉਤਾਰਿਆ, ਜਿਨ੍ਹਾਂ ਵਿਚ 7 ਕੇਂਦਰੀ ਮੰਤਰੀ ਸਨ। ਇਨ੍ਹਾਂ ਵਿਚ ਵੀ 3 ਮੰਤਰੀਆਂ ਨੇ ਤਾਂ ਜਲੰਧਰ ਨੂੰ ਜ਼ਿਆਦਾ ਸਮਾਂ ਦਿੱਤਾ।

ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ, ਅਰਜੁਨ ਰਾਮ ਮੇਘਵਾਲ, ਸੋਮ ਪ੍ਰਕਾਸ਼, ਸੇਵਾਮੁਕਤ ਜਨਰਲ ਵੀ. ਕੇ. ਸਿੰਘ ਨੇ ਪਾਰਟੀ ਉਮੀਦਵਾਰ ਲਈ ਪ੍ਰਚਾਰ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਗਜੇਂਦਰ ਸ਼ੇਖਾਵਤ ਅਤੇ ਹਰਦੀਪ ਪੁਰੀ ਨੇ ਵੀ ਪ੍ਰਚਾਰ ਨੂੰ ਕਾਫ਼ੀ ਸਮਾਂ ਦਿੱਤਾ। ਸੂਬਾ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਣੀ ਤਾਂ ਮਹੀਨੇ ਤੋਂ ਜਲੰਧਰ ਵਿਚ ਹੀ ਡੇਰਾ ਲਾਈ ਬੈਠੇ ਹੋਏ ਹਨ। ਸੰਸਦ ਮੈਂਬਰਾਂ ਵਿਚ ਗੁਜਰਾਤ ਤੋਂ ਵਿਨੋਦ ਚਾਵੜਾ, ਹਰਿਆਣਾ ਤੋਂ ਸੁਨੀਤਾ ਦੁਗਲ ਅਤੇ ਦਿੱਲੀ ਤੋਂਂ ਹੰਸਰਾਜ ਹੰਸ ਵੀ ਪ੍ਰਚਾਰ ਲਈ ਜਲੰਧਰ ਦਾ ਦੌਰਾ ਕਰ ਚੁੱਕੇ ਹਨ। ਹੋਰ ਕਿਸੇ ਪਾਰਟੀ ਨੇ ਇੰਨੇ ਦਿੱਗਜਾਂ ਨੂੰ ਇੱਥੇ ਪ੍ਰਚਾਰ ਲਈ ਨਹੀਂ ਭੇਜਿਆ। ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਪ੍ਰਦੇਸ਼ ਟੀਮ ਦੇ ਨਾਲ ਕਰੀਬ ਡੇਢ ਮਹੀਨੇ ਤੋਂ ਉੱਥੇ ਹੀ ਡਟੇ ਹਨ।

ਸੂਬੇ ਦੀ ਟੀਮ ਨੇ ਹੀ ਸੰਭਾਲੀ ਕਾਂਗਰਸ ਦੀ ਕਮਾਨ

ਕਾਂਗਰਸ ਹਾਈਕਮਾਨ ਦਾ ਫੋਕਸ ਜਲੰਧਰ ਉਪ ਚੋਣ ਵਿਚ ਸਾਫ਼ ਨਜ਼ਰ ਆਇਆ ਹੈ ਕਿ ਉਸ ਲਈ ਕਰਨਾਟਕ ਦੀ ਸੱਤਾ ’ਤੇ ਕਬਜ਼ਾ ਜ਼ਮਾਉਣਾ ਜਲੰਧਰ ਉਪ ਚੋਣ ਦੇ ਮੁਕਾਬਲੇ ਬੇਹੱਦ ਅਹਿਮ ਹੈ।

ਅਜਿਹੇ ਵਿਚ ਸੂਬੇ ਦੀ ਟੀਮ ਨੇ ਇੰਨੇ ਬਿਹਤਰ ਤਰੀਕੇ ਨਾਲ ਪ੍ਰਚਾਰ ਦੀ ਕਮਾਨ ਸੰਭਾਲੀ ਕਿ ਹਾਈਕਮਾਨ ਦੇ ਦਿੱਗਜ਼ਾਂ ਦੀ ਕੋਈ ਕਮੀ ਦਿਸਣ ਨਹੀਂ ਦਿੱਤੀ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਪਾਰਟੀ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ, ਸਾਬਕਾ ਮੰਤਰੀਆਂ ਆਦਿ ਨੇ ਆਪਣੇ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਾਕਤ ਲਗਾਈ ਰੱਖੀ। ਕਾਂਗਰਸ ਦੀ ਸੂਬਾ ਲੀਡਰਸ਼ਿਪ ਨੇ ਉਪ ਚੋਣ ਵਿਚ ਪੂਰੀ ਇਕਜੁਟਤਾ ਵੀ ਵਿਖਾਈ ਹੈ।

ਟਿਕਟ ਦੇ ਐਲਾਨ ਤੋਂ ਬਾਅਦ ਤੋਂ ਕਿਤੇ ਕੋਈ ਨਾਰਾਜ਼ਗੀ ਜਾਂ ਸੁਗਬੁਗਾਹਟ ਵੀ ਦੇਖਣ ਨੂੰ ਨਹੀਂ ਮਿਲੀ। ਸੀਟ ਬਰਕਰਾਰ ਰੱਖਣ ਲਈ ਕਾਂਗਰਸ ਨੇਤਾਵਾਂ ਅਤੇ ਵਰਕਰਾਂ ਦੀ ਮਿਹਨਤ ਕੀ ਰੰਗ ਲਿਆਉਂਦੀ ਹੈ, ਇਹ 13 ਮਈ ਨੂੰ ਹੀ ਸਾਹਮਣੇ ਆਵੇਗਾ।       

-ਹਰੀਸ਼ਚੰਦਰ, ਚੰਡੀਗੜ੍ਹ।

Anmol Tagra

This news is Content Editor Anmol Tagra