ਹਜ਼ਾਰਾਂ ਟਨ ਕੂੜੇ ਨਾਲ ਭਰੀਆਂ ਜਲੰਧਰ ਦੀਆਂ ਮੁੱਖ ਸੜਕਾਂ, ਟ੍ਰੈਫਿਕ ਲਈ ਕਰਨੀਆਂ ਪਈਆਂ ਬੰਦ
Monday, Aug 24, 2026 - 02:07 PM (IST)
ਜਲੰਧਰ (ਖੁਰਾਣਾ)-ਸ਼ਹਿਰ ਦੀ ਸਾਫ਼-ਸਫ਼ਾਈ ਵਿਵਸਥਾ ਇਨ੍ਹਾਂ ਦਿਨਾਂ ਵਿਚ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਨਿਗਮ ਵਿਚ ਕੰਮ ਕਰਦੀਆਂ ਯੂਨੀਅਨਾਂ ਦੇ ਦੋਵੇਂ ਧੜੇ ਪਿਛਲੇ ਚਾਰ-ਪੰਜ ਦਿਨਾਂ ਤੋਂ ਹੜਤਾਲ ’ਤੇ ਹਨ। ਕੂੜੇ ਦੀ ਲਿਫਟਿੰਗ ਨਾ ਹੋਣ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਹਜ਼ਾਰਾਂ ਟਨ ਕੂੜਾ ਜਮ੍ਹਾ ਹੋ ਗਿਆ ਹੈ। ਹਾਲਾਤ ਇੰਨੇ ਖ਼ਰਾਬ ਹੋ ਗਏ ਹਨ ਕਿ ਕਈ ਮੁੱਖ ਸੜਕਾਂ ਨੂੰ ਟ੍ਰੈਫਿਕ ਲਈ ਬੰਦ ਕਰਨਾ ਪਿਆ ਹੈ। ਕੇ. ਐੱਮ. ਵੀ. ਕਾਲਜ ਤੋਂ ਦੋਆਬਾ ਚੌਕ ਵੱਲ ਜਾਣ ਵਾਲੀ ਸੜਕ ’ਤੇ ਵਿਕਾਸਪੁਰੀ ਡੰਪ ਨੇੜੇ ਕਈ ਸੌ ਮੀਟਰ ਤੱਕ ਸੜਕ ਦੇ ਵਿਚਕਾਰ ਕੂੜਾ ਪਿਆ ਹੈ। ਇਸੇ ਕਾਰਨ ਇਥੇ ਟ੍ਰੈਫਿਕ ਰੋਕਣਾ ਪਿਆ ਹੈ। ਬੀ. ਐੱਮ. ਸੀ. ਚੌਕ ਦੇ ਨੇੜੇ ਰੇਡੀਓ ਸਟੇਸ਼ਨ ਡੰਪ, ਮੱਛੀ ਮਾਰਕੀਟ, ਪ੍ਰਤਾਪ ਬਾਗ ਅਤੇ ਹਰਨਾਮਦਾਸਪੁਰਾ ਸਮੇਤ ਕਈ ਹੋਰ ਥਾਵਾਂ ’ਤੇ ਵੀ ਇਹੀ ਸਥਿਤੀ ਹੈ।
ਇਹ ਵੀ ਪੜ੍ਹੋ: ਮੰਮੀ-ਡੈਡੀ ਮੈਨੂੰ ਮੁਆਫ਼ ਕਰ ਦੇਣਾ...ਨਾਜਾਇਜ਼ ਸੰਬੰਧਾਂ ਨੇ ਉਜਾੜਿਆ ਘਰ, ਵੀਡੀਓ ਨੇ ਪ੍ਰੇਮਿਕਾ ਬਾਰੇ ਖੋਲ੍ਹੇ ਵੱਡੇ ਰਾਜ਼
ਸਭ ਤੋਂ ਖ਼ਰਾਬ ਹਾਲਤ ਅਰਬਨ ਅਸਟੇਟ ਫੇਜ਼-2 ਮਾਰਕੀਟ ਦੇ ਸਾਹਮਣੇ ਜੋਤੀ ਨਗਰ ਡੰਪ ਦੀ ਹੈ, ਜਿੱਥੇ ਕਈ ਸੌ ਮੀਟਰ ਤੱਕ ਕੂੜਾ ਸੜਕ 'ਤੇ ਫੈਲਿਆ ਹੋਇਆ ਹੈ। ਇਸ ਨਾਲ ਲੋਕਾਂ ਨੂੰ ਆਉਣ-ਜਾਣ ਵਿਚ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਹੜਤਾਲ ਕੁਝ ਦਿਨ ਹੋਰ ਚੱਲੀ ਤਾਂ ਅਗਲੇ ਦੋ-ਤਿੰਨ ਦਿਨਾਂ ਵਿਚ ਹਾਲਾਤ ਹੋਰ ਵਿਗੜ ਸਕਦੇ ਹਨ। ਇਸੇ ਦੌਰਾਨ ਨਿਗਮ ਯੂਨੀਅਨ ਦੇ ਬੰਟੂ ਗਰੁੱਪ ਨੇ ਸੋਮਵਾਰ ਤੋਂ ਆਪਣਾ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਯੂਨੀਅਨ ਆਗੂਆਂ ਨੇ ਕਿਹਾ ਹੈ ਕਿ ਸੋਮਵਾਰ ਨੂੰ ਸ਼੍ਰੀ ਰਾਮ ਚੌਕ 'ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕਿਆ ਜਾਵੇਗਾ। ਉਨ੍ਹਾਂ ਦਾ ਦੋਸ਼ ਹੈ ਕਿ ਨਿਗਮ ਪ੍ਰਸ਼ਾਸਨ 1196 ਮੁਲਾਜ਼ਮਾਂ ਦੀ ਪੱਕੀ ਭਰਤੀ ਲਈ ਕੋਈ ਉਪਰਾਲਾ ਨਹੀਂ ਕਰ ਰਿਹਾ ਅਤੇ ਸਾਲਿਡ ਵੇਸਟ ਮੈਨੇਜਮੈਂਟ ਦਾ ਠੇਕਾ ਨਿੱਜੀ ਕੰਪਨੀ ਨੂੰ ਦੇ ਕੇ ਵਾਲਮੀਕਿ ਸਮਾਜ ਨਾਲ ਧੱਕਾ ਕੀਤਾ ਜਾ ਰਿਹਾ ਹੈ।
ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਲਿਡ ਵੇਸਟ ਮੈਨੇਜਮੈਂਟ ਦਾ ਠੇਕਾ ਨਿੱਜੀ ਕੰਪਨੀ ਨੂੰ ਦੇਣ ਦਾ ਫ਼ੈਸਲਾ ਵਾਪਸ ਨਹੀਂ ਲਿਆ ਜਾਂਦਾ ਅਤੇ ਪੱਕੀ ਭਰਤੀ ਦੀ ਮੰਗ ਨਹੀਂ ਮੰਨੀ ਜਾਂਦੀ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਦੂਜੇ ਪਾਸੇ ਮੰਗਲਵਾਰ ਨੂੰ ਰੈੱਡ ਕਰਾਸ ਭਵਨ ਵਿਚ ਨਗਰ ਨਿਗਮ ਹਾਊਸ ਦੀ ਮੀਟਿੰਗ ਹੋਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਸਾਲਿਡ ਵੇਸਟ ਮੈਨੇਜਮੈਂਟ ਦੇ 607 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਨਿੱਜੀ ਕੰਪਨੀ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਕੰਪਨੀ ਨਾਲ ਸਮਝੌਤਾ ਹੋਣ ਅਤੇ ਕੁਝ ਹੀ ਦਿਨਾਂ ਵਿਚ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਯੂਨੀਅਨ ਆਗੂਆਂ ਵੱਲੋਂ ਮੰਗਲਵਾਰ ਦੀ ਹਾਊਸ ਮੀਟਿੰਗ ਵਿਚ ਹੰਗਾਮਾ ਕਰਨ ਅਤੇ ਮੀਟਿੰਗ ਵਿਚ ਰੁਕਾਵਟ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਜਿਹੇ ਵਿਚ ਸੋਮਵਾਰ ਅਤੇ ਮੰਗਲਵਾਰ ਨੂੰ ਸ਼ਹਿਰ ਵਿਚ ਤਣਾਅਪੂਰਨ ਹਾਲਾਤ ਪੈਦਾ ਹੋ ਸਕਦੇ ਹਨ। ਜੇਕਰ ਹੜਤਾਲ ਕੁਝ ਦਿਨ ਹੋਰ ਜਾਰੀ ਰਹਿੰਦੀ ਹੈ ਤਾਂ ਸ਼ਹਿਰ ਵਾਸੀਆਂ ਨੂੰ ਕੂੜੇ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ: ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਜਾਰੀ ਕੀਤੀ ਗਈ ਐਡਵਾਈਜ਼ਰੀ
ਗੰਦਗੀ ਕਾਰਨ ਬੀਮਾਰੀਆਂ ਦਾ ਖ਼ਤਰਾ ਵਧਿਆ
ਨਗਰ ਨਿਗਮ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਥਾਂ-ਥਾਂ ਲੱਗੇ ਕੂੜੇ ਦੇ ਢੇਰ ਹੁਣ ਲੋਕਾਂ ਦੀ ਸਿਹਤ ਲਈ ਵੀ ਖ਼ਤਰਾ ਬਣ ਰਹੇ ਹਨ। ਮੁਹੱਲਿਆਂ ਵਿਚ ਸਥਿਤ ਨਿੱਜੀ ਕਲੀਨਿਕਾਂ ਵਿਚ ਵਾਇਰਲ ਅਤੇ ਬੁਖ਼ਾਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਅਤੇ ਚਿੰਤਾਜਨਕ ਹੱਦ ਤੱਕ ਵਧ ਰਹੀ ਹੈ।
ਇਕ ਡਾਕਟਰ ਮੁਤਾਬਕ ਲਗਭਗ 90 ਫ਼ੀਸਦੀ ਮਰੀਜ਼ ਵਾਇਰਲ ਬੁਖ਼ਾਰ ਵਰਗੀਆਂ ਸ਼ਿਕਾਇਤਾਂ ਨਾਲ ਪਹੁੰਚ ਰਹੇ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਗੰਦਗੀ ਭਰੇ ਮਾਹੌਲ ਕਾਰਨ ਇਨਫੈਕਸ਼ਨ, ਚਮੜੀ ਨਾਲ ਸਬੰਧਤ ਬੀਮਾਰੀਆਂ, ਆਂਦਰਾਂ ਨਾਲ ਜੁੜੀਆਂ ਬੀਮਾਰੀਆਂ ਅਤੇ ਡੇਂਗੂ-ਮਲੇਰੀਆ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ। ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਸ਼ਹਿਰ ਦੀ ਸਫ਼ਾਈ ਨਾ ਹੋਈ ਅਤੇ ਕੂੜਾ ਇਸੇ ਤਰ੍ਹਾਂ ਸੜਕਾਂ ’ਤੇ ਪਿਆ ਰਿਹਾ ਤਾਂ ਬੀਮਾਰੀਆਂ ਹੋਰ ਫੈਲ ਸਕਦੀਆਂ ਹਨ। ਅਗਲੇ ਇਕ-ਦੋ ਦਿਨਾਂ ਵਿਚ ਮੀਂਹ ਪੈਣ ’ਤੇ ਕੂੜੇ ਦੇ ਬਰਸਾਤੀ ਪਾਣੀ ਵਿਚ ਮਿਲ ਜਾਣ ਨਾਲ ਸਥਿਤੀ ਹੋਰ ਗੰਭੀਰ ਹੋਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ 27 ਅਗਸਤ ਤੱਕ ਤਾਜ਼ਾ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ ਗਰਜਣਗੇ ਬੱਦਲ ਤੇ ਪਵੇਗਾ ਮੀਂਹ
ਨਗਰ ਨਿਗਮ ਦੀਆਂ ਯੂਨੀਅਨਾਂ ਵੱਲੋਂ ਹੜਤਾਲ ਕੀਤੇ ਜਾਣ ਕਾਰਨ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿਚ ਕੂੜੇ ਦੀ ਲਿਫਟਿੰਗ ਨਹੀਂ ਹੋ ਸਕੀ ਹੈ, ਜਿਸ ਕਾਰਨ ਡੰਪ ਵਾਲੀਆਂ ਥਾਵਾਂ ’ਤੇ ਕੂੜਾ ਜਮ੍ਹਾ ਹੋ ਗਿਆ ਹੈ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰ ਮਸਲੇ ਦਾ ਹੱਲ ਗੱਲਬਾਤ ਨਾਲ ਸੰਭਵ ਹੈ ਅਤੇ ਇਸ ਸਮੱਸਿਆ ਦਾ ਵੀ ਜਲਦ ਹੱਲ ਕੱਢ ਲਿਆ ਜਾਵੇਗਾ। ਜਿੱਥੋਂ ਤੱਕ ਸੜਕਾਂ ’ਤੇ ਕੂੜਾ ਸੁੱਟਣ ਦੀ ਗੱਲ ਹੈ, ਇਹ ਸਰਾਸਰ ਗਲਤ ਹੈ। ਜਿਸ ਸੰਸਥਾ ਤੋਂ ਹਜ਼ਾਰਾਂ-ਲੱਖਾਂ ਘਰਾਂ ਦੀ ਰੋਜ਼ੀ-ਰੋਟੀ ਚੱਲਦੀ ਹੈ, ਉਸ ਦੇ ਅਕਸ ਨੂੰ ਖ਼ਰਾਬ ਨਹੀਂ ਹੋਣ ਦੇਣਾ ਚਾਹੀਦਾ। ਸ਼ਹਿਰ ਆਪਣਾ ਹੈ ਅਤੇ ਇਸ ਨੂੰ ਸਾਫ਼ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। — ਵਿਨੀਤ ਧੀਰ, ਮੇਅਰ, ਜਲੰਧਰ
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਧਮਾਕਾ! ਬੁਆਇਲਰ ਫਟਣ ਨਾਲ ਲੱਗੀ ਭਿਆਨਕ ਅੱਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
