225 ਕਰੋੜ ਦੇ ਦੇਣਦਾਰ ਇੰਪਰੂਵਮੈਂਟ ਟਰੱਸਟ ਨੂੰ ਨਹੀਂ ਮਿਲੀ ਨੀਲਾਮੀ ਦੀ ਇਜਾਜ਼ਤ

10/07/2018 5:54:49 AM

ਜਲੰਧਰ,   (ਪੁਨੀਤ)-  ਆਰਥਿਕ ਤੰਗੀ ਨਾਲ ਜੂਝ ਰਹੇ ਇੰਪਰੂਵਮੈਂਟ ਟਰੱਸਟ ਨੂੰ ਜਾਇਦਾਦਾਂ  ਨੀਲਾਮ ਕਰਨ ਦੀ ਇਜਾਜ਼ਤ ਨਹੀਂ ਮਿਲ ਸਕੀ, ਜਿਸ ਕਾਰਨ ਟਰੱਸਟ ਦੀ ਫੰਡ ਇਕੱਠਾ ਕਰਨ ਦੀ ਯੋਜਨਾ ’ਤੇ  ਫਿਲਹਾਲ ਪਾਣੀ ਫਿਰ ਗਿਆ ਹੈ। ਚੰਡੀਗੜ੍ਹ ਵਿਚ ਪੰਜਾਬ ਦੇ ਸਾਰੇ ਟਰੱਸਟਾਂ ਦੀ ਮੀਟਿੰਗ ਵਿਚ  ਟਰੱਸਟ ਅਧਿਕਾਰੀਆਂ ਨੂੰ ਨੀਲਾਮੀ ’ਤੇ ਛੋਟ ਮਿਲਣ ਦੀ ਉਮੀਦ ਸੀ ਪਰ ਸੀਨੀਅਰ ਅਧਿਕਾਰੀਆਂ  ਦੇ ਮੀਟਿੰਗ ਵਿਚ ਮੌਜੂਦ ਨਾ ਹੋਣ ਕਾਰਨ ਇਹ ਮਾਮਲਾ ਉਠਾਇਆ ਨਹੀਂ ਜਾ ਸਕਿਆ। 
ਟਰੱਸਟ ਵਲੋਂ  ਐਕਸੀਅਨ ਨੇ ਮੀਟਿੰਗ ਵਿਚ ਹਾਜ਼ਰੀ ਲਗਵਾਈ, ਜਦੋਂਕਿ ਟਰੱਸਟ ਦੀ ਈ. ਓ. ਦੇ ਇਕ ਕੋਰਟ ਕੇਸ  ਵਿਚ ਰੁੱਝੇ ਹੋਣ ਕਾਰਨ ਉਹ ਚੰਡੀਗੜ੍ਹ ਨਹੀਂ ਪਹੁੰਚ ਸਕੀ। ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ  ਆਉਣ ਤੋਂ ਬਾਅਦ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਸਰਕਾਰੀ ਜਾਇਦਾਦਾਂ ਦੀ  ਨੀਲਾਮੀ ’ਤੇ ਰੋਕ ਲਾਉਣ ਤੋਂ ਬਾਅਦ ਟਰੱਸਟ ਨੇ ਲੋਕਲ ਬਾਡੀ ਵਿਭਾਗ ਨੂੰ ਚਿੱਠੀ ਲਿਖ ਕੇ  ਨੀਲਾਮੀ ਦੀ ਇਜਾਜ਼ਤ ਮੰਗੀ ਸੀ। ਇਸ ਵਿਚ ਆਰਥਿਕ ਤੰਗੀ ਸਣੇ 225 ਕਰੋੜ ਦੀ ਦੇਣਦਾਰੀ ਬਾਰੇ  ਦੱਸਿਆ ਗਿਆ। ਚੰਡੀਗੜ੍ਹ ਵਿਚ ਅਧਿਕਾਰੀਆਂ ਨਾਲ ਰੁਟੀਨ ਵਿਚ ਫੋਨ ’ਤੇ ਗੱਲਬਾਤ ਚੱਲ ਰਹੀ  ਸੀ, ਜਿਸ ਵਿਚ ਇਨਹਾਂਸਮੈਂਟ ਸਣੇ ਪੀ. ਐੱਨ. ਬੀ. ਦੇ 112 ਕਰੋੜ ਦੇ ਲੋਨ ਦੀ ਬਕਾਇਆ ਰਕਮ  ਬਾਰੇ ਦੱਸਿਆ ਜਾ ਰਿਹਾ ਸੀ। ਟਰੱਸਟ ਨੇ ਪੀ. ਐੱਨ. ਬੀ. ਕੋਲ ਗਹਿਣੇ ਪਈ ਜ਼ਮੀਨ ਦੀ ਨੀਲਾਮੀ  ਕਰਵਾਉਣ ਲਈ ਵੀ ਇਜਾਜ਼ਤ ਮੰਗੀ ਸੀ, ਜਿਸ ਨੂੰ ਬੈਂਕ ਨੇ ਮਨਜ਼ੂਰ ਕਰ ਲਿਆ ਸੀ। ਹੁਣ ਕਿਉਂਕਿ  ਟਰੱਸਟ ਨੂੰ ਇਜਾਜ਼ਤ ਨਹੀਂ ਮਿਲ ਸਕੀ, ਜਿਸ ਕਾਰਨ ਬੈਂਕ ਵਲੋਂ ਨੀਲਾਮੀ ਕਰਵਾ ਕੇ ਆਪਣੀ  ਰਿਕਵਰੀ ਕਰਨ ਲਈ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾਣਗੀਆਂ। ਟਰੱਸਟ ਕੋਲ ਕੁਲ 577 ਕਰੋੜ ਦੀ  ਪ੍ਰਾਪਰਟੀ ਗਹਿਣੇ ਪਈ ਹੈ ਪਰ ਇਸ ਵਿਚੋਂ 289 ਕਰੋੜ ਦੀਆਂ ਜਾਇਦਾਦਾਂ ਨੂੰ ਨੀਲਾਮ ਕਰਵਾਇਆ  ਜਾਵੇਗਾ।

450 ਕਰੋੜ ਤੋਂ ਵੱਧ ਦੀਆਂ ਜਾਇਦਾਦਾਂ ਦੀ ਜਾਣਕਾਰੀ
ਦੱਸਿਆ ਜਾ ਰਿਹਾ  ਹੈ ਕਿ ਚੰਡੀਗੜ੍ਹ ਵਿਚ ਹੋਈ ਮੀਟਿੰਗ ਦੌਰਾਨ ਟਰੱਸਟ ਅਧਿਕਾਰੀਆਂ ਵੱਲੋਂ ਜੋ ਜਾਣਕਾਰੀਆਂ  ਦਿੱਤੀਆਂ ਜਾਣੀਆਂ ਸਨ, ਉਸ ਵਿਚ ਟਰੱਸਟ ਕੋਲ ਪਈ ਜ਼ਮੀਨ ਦੀ ਕੀਮਤ ਵੀ ਦੱਸੀ ਜਾਣੀ ਸੀ।  ਟਰੱਸਟ ਨੇ 450 ਕਰੋੜ ਦੀਆਂ ਜਾਇਦਾਦਾਂ ਦੀ ਜਾਣਕਾਰੀ ਦਿੱਤੀ ਹੈ। ਇਸ ਵਿਚ ਰੇਲਵੇ ਸਟੇਸ਼ਨ  ਕੋਲ ਵਾਲੀ ਜ਼ਮੀਨ ਵੀ ਸ਼ਾਮਲ ਹੈ ਜਾਂ ਨਹੀਂ, ਇਹ ਕਲੀਅਰ ਨਹੀਂ ਹੋ ਸਕਿਆ। ਜੇਕਰ ਇਹ ਜ਼ਮੀਨ  ਸ਼ਾਮਲ ਹੈ ਤਾਂ ਉਸ ਦੀ ਕੀਮਤ ਕਿਸ ਹਿਸਾਬ ਨਾਲ ਲਾਈ ਗਈ ਹੈ। ਇਹ ਜ਼ਮੀਨ ਟਰੱਸਟ ਲਈ ਬੇਕਾਰ  ਸੀ ਪਰ ਰੇਲਵੇ ਸਟੇਸ਼ਨ ਵਲੋਂ ਸੈਕਿੰਡ ਐਂਟਰੀ ਖੋਲ੍ਹੇ ਜਾਣ ਤੋਂ ਬਾਅਦ ਇਹ ਜ਼ਮੀਨ ਟਰੱਸਟ  ਦੀਆਂ ਸਾਰੀਆਂ ਜਾਇਦਾਦਾਂ ਵਿਚੋਂ ਗੋਲਡਨ ਪ੍ਰਾਪਰਟੀ ਬਣ ਕੇ Àਉਭਰੀ ਹੈ। ਟਰੱਸਟ ਵਲੋਂ ਇਸ  ਜ਼ਮੀਨ ਦੇ ਸਬੰਧ ਵਿਚ ਸਰਕਾਰ ਕੋਲੋਂ ਮਨਜ਼ੂਰੀ ਵੀ ਮੰਗੀ ਗਈ, ਜਿਸ ਤੋਂ ਬਾਅਦ ਇਸ ਨੂੰ  ਨੀਲਾਮ ਕਰਵਾਉਣ ਤੋਂ ਬਾਅਦ ਟਰੱਸਟ ਦੇ ਸਾਰੇ ਕਰਜ਼ੇ ਦਿੱਤੇ ਜਾ ਸਕਣਗੇ ਕਿਉਂਕਿ ਇਸ ਜ਼ਮੀਨ  ਦੀ ਕੀਮਤ 300 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ।


Related News