ਨਿਊ ਗੌਤਮ ਨਗਰ 'ਚ ਹੈ ਪੰਜਾਬ ਦਾ ਸਭ ਤੋਂ ਵੱਡਾ ਬਾਇਓ ਮੈਡੀਕਲ ਕੂੜੇ ਦਾ ਨਾਜਾਇਜ਼ ਡੰਪ

01/06/2020 5:56:25 PM

ਜਲੰਧਰ (ਰਵੀ ਰੌਣਖਰ)— ਬਸਤੀ ਬਾਵਾ ਖੇਲ ਦੇ ਨਿਊ ਗੌਤਮ ਨਗਰ 'ਚ ਬਾਇਓ ਮੈਡੀਕਲ ਕੂੜੇ ਦਾ ਕਈ ਟਨ ਨਾਜਾਇਜ਼ ਡੰਪ ਮਿਲਿਆ ਹੈ। ਖੁੱਲ੍ਹੇ ਗੋਦਾਮ 'ਚ ਮਿਲੇ ਖੂਨ ਨਾਲ ਭਰੇ ਦਸਤਾਨੇ, ਇਸਤੇਮਾਲ ਕੀਤੀਆਂ ਗਈਆਂ ਸਰਿੰਜਾਂ ਅਤੇ ਸਰਜਰੀ ਦਾ ਸਾਮਾਨ ਇੰਨਾ ਖਤਰਨਾਕ ਹੈ ਕਿ ਇਹ ਐੱਚ. ਆਈ. ਵੀ., ਕਾਲਾ ਪੀਲੀਆ ਵਰਗੀਆਂ ਜਾਨਲੇਵਾ ਬੀਮਾਰੀਆਂ ਫੈਲਾਅ ਸਕਦਾ ਹੈ।
ਜਾਣਕਾਰਾਂ ਮੁਤਾਬਕ ਮੌਜੂਦਾ ਸਮੇਂ 'ਚ ਮਿਲਿਆ ਇਹ ਸ਼ਾਇਦ ਪੰਜਾਬ ਦਾ ਸਭ ਤੋਂ ਵੱਡਾ ਬਾਇਓ ਮੈਡੀਕਲ ਵੇਸਟ ਦਾ ਨਾਜਾਇਜ਼ ਡੰਪ ਹੈ। ਇਸ ਦਾ ਪਤਾ ਉਦੋਂ ਲੱਗਾ ਜਦੋਂ ਨਿਊ ਗੌਤਮ ਨਗਰ ਦੇ ਰਹਿਣ ਵਾਲੇ ਸੁਰੱਖਿਆ ਗਾਰਡ ਕੁਲਵਿੰਦਰ ਸਿੰਘ ਦੇ ਬੱਚੇ ਖੂਨ ਨਾਲ ਭਰੇ ਰਬੜ ਦੇ ਦਸਤਾਨਿਆਂ ਅਤੇ ਸਰਿੰਜਾਂ ਨਾਲ ਖੇਡ ਰਹੇ ਸਨ। ਕੁਲਵਿੰਦਰ ਨੇ ਜਦੋਂ ਗੌਰ ਨਾਲ ਦੇਖਿਆ ਤਾਂ ਪਤਾ ਲੱਗਾ ਕਿ ਇਹ ਤਾਂ ਹਸਪਤਾਲ 'ਚ ਇਸਤੇਮਾਲ ਹੋ ਚੁੱਕਾ ਸਾਮਾਨ ਹੈ ਜਿਸ ਨੂੰ ਬੱਚੇ ਨਜ਼ਦੀਕ ਦੇ ਗੋਦਾਮ ਤੋਂ ਚੁੱਕ ਕੇ ਲਿਆਏ ਸਨ।

ਉਪ ਗ੍ਰਹਿ ਦੀਆਂ ਤਸਵੀਰਾਂ 'ਚ ਵੀ ਦੇਖਿਆ ਜਾ ਸਕਦਾ ਹੈ ਇਹ ਡੰਪ
ਇਹ ਡੰਪ ਕਾਲਾ ਸੰਘਿਆਂ ਡ੍ਰੇਨ ਦੇ ਕਿਨਾਰੇ ਪ੍ਰਵੀਨ ਬੇਕਰੀ ਤੋਂ ਕੁਝ ਮੀਟਰ ਦੂਰ ਅਤੇ ਕੋਹੇਨੂਰ ਰਬੜ ਫੈਕਟਰੀ ਦੇ ਪਿਛਲੇ ਪਾਸੇ ਹੈ। ਇਥੋਂ ਤੱਕ ਕਿ ਉਪ ਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ 'ਚ ਵੀ ਇਹ ਵੱਖਰਾ ਦਿਖਾਈ ਦੇ ਰਿਹਾ ਹੈ।
ਪ੍ਰਸ਼ਾਸਨ ਦੀ ਨੱਕ ਹੇਠ ਕਿਵੇਂ ਜਮ੍ਹਾ ਹੁੰਦਾ ਰਿਹਾ
ਹੈਰਾਨੀ ਦੀ ਗੱਲ ਹੈ ਕਿ ਹੁਣ ਤੱਕ ਪ੍ਰਦੂਸ਼ਣ ਕੰਟਰੋਲ ਬੋਰਡ, ਨਹਿਰੀ ਵਿਭਾਗ, ਨਗਰ ਨਿਗਮ, ਸਥਾਨਕ ਕੌਂਸਲਰ, ਆਲੇ-ਦੁਆਲੇ ਦੀ ਇੰਡਸਟਰੀ ਅਤੇ ਸਥਾਨਕ ਲੋਕਾਂ ਦੀ ਇਸ ਡੰਪ 'ਤੇ ਨਜ਼ਰ ਹੀ ਨਹੀਂ ਪਈ। ਜਾਣਕਾਰਾਂ ਮੁਤਾਬਕ ਇਸ ਕੂੜੇ ਤੋਂ ਰਬੜ, ਪਲਾਸਟਿਕ ਅਤੇ ਸਟੀਲ ਦੀਆਂ ਚੀਜ਼ਾਂ ਨੂੰ ਕੱਢ ਕੇ ਫੈਕਟਰੀਆਂ 'ਚ ਵੇਚਿਆ ਜਾ ਰਿਹਾ ਸੀ।
ਜਲੰਧਰ ਤੋਂ ਰੋਜ਼ਾਨਾ 1761 ਕਿ. ਗ੍ਰਾ. ਬਾਇਓ ਮੈਡੀਕਲ ਵੇਸਟ ਨਿਕਲ ਰਿਹੈ
ਪੀ. ਪੀ. ਸੀ. ਬੀ. ਦੀ ਸਾਲਾਨਾ ਰਿਪੋਰਟ ਮੁਤਾਬਕ ਜਲੰਧਰ ਤੋਂ ਰੋਜ਼ਾਨਾ 1761 ਕਿ. ਗ੍ਰਾ. ਬਾਇਓ ਮੈਡੀਕਲ ਵੇਸਟ ਨਿਪਟਾਰੇ ਲਈ ਭੇਜਿਆ ਜਾ ਰਿਹਾ ਹੈ, ਜਦੋਂਕਿ ਪੂਰੇ ਪਜੰਾਬ ਰੋਜ਼ਾਨਾ 15980 ਕਿ. ਗ੍ਰਾ. ਕੂੜਾ ਪੈਦਾ ਕਰਦਾ ਹੈ।

PunjabKesari

ਪੰਜਾਬ ਦੇ ਬਾਇਓ ਮੈਡੀਕਲ ਕੂੜੇ 'ਤੇ ਇਕ ਨਜ਼ਰ
ਹਸਪਤਾਲਾਂ ਦੇ 71162 ਬੈੱਡਾਂ ਤੋਂ ਰੋਜ਼ਾਨਾ 15980 ਕਿਲੋ ਕੂੜਾ ਨਿਕਲਦਾ ਹੈ
ਬੋਰਡ ਦੀ ਜਾਣਕਾਰੀ 'ਚ ਕੁਲ ਸਿਹਤ ਕੇਂਦਰ ਜੋ ਬਾਇਓ ਮੈਡੀਕਲ ਵੇਸਟ ਪੈਦਾ ਕਰਦੇ ਹਨ 8234
ਬੋਰਡ ਤੋਂ ਰਜਿਸਟਰਡ ਹਸਪਤਾਲ ਜੋ ਕੂੜੇ ਨੂੰ ਨਿਪਟਾਰੇ ਲਈ ਭੇਜਦੇ ਹਨ 4660
ਸਿਹਤ ਕੇਂਦਰ ਜੋ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਰਜਿਸਟਰਡ ਨਹੀਂ ਹਨ 3765
ਪੰਜਾਬ 'ਚ ਕਿੰਨੀਆਂ ਕੰਪਨੀਆਂ ਹਨ ਜੋ ਬਾਇਓ ਮੈਡੀਕਲ ਕੂੜੇ ਦੇ ਨਿਪਟਾਰੇ ਲਈ ਰਜਿਸਟਰਡ ਹਨ 3733
ਸਾਲ 'ਚ ਨਿਯਮ ਤੋੜਣ ਦੀਆਂ ਘਟਨਾਵਾਂ 3733
ਕਿੰਨੀਆਂ ਸੰਸਥਾਵਾਂ ਨੇ ਬਾਇਓ ਮੈਡੀਕਲ ਕੂੜੇ ਦੀ ਸਾਲਾਨਾ ਰਿਪੋਰਟ ਬੋਰਡ ਨੂੰ ਸੌਂਪੀ 4069

ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਤੁਰੰਤ ਕਰਨੀ ਚਾਹੀਦੀ ਹੈ ਕਾਰਵਾਈ
ਪ੍ਰਦੂਸ਼ਣ ਕੰਟਰੋਲ ਬੋਰਡ ਵਾਤਾਵਰਣ ਸੁਰੱਖਿਆ ਅਧਿਨਿਯਮ 1986 ਅਧੀਨ ਆਉਂਦੇ ਬਾਇਓ ਮੈਡੀਕਲ ਵੇਸਟ ਨਿਯਮਾਂ ਨੂੰ ਲਾਗੂ ਕਰਦਾ ਹੈ। ਬੋਰਡ ਦੇ ਸੀਨੀਅਰ ਵਾਤਾਵਰਣ ਇੰਜੀਨੀਅਰ ਹਰਬੀਰ ਸਿੰਘ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਇਸ ਮਾਮਲੇ 'ਚ ਬੋਰਡ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

ਹਸਪਤਾਲ ਤੋਂ ਬੈਗ ਚੁੱਕਦੇ ਸਮੇਂ ਹੀ ਕੂੜੇ ਦਾ ਭਾਰ ਅਤੇ ਥੈਲਿਆਂ ਦੀ ਗਿਣਤੀ ਸਾਨੂੰ ਪਤਾ ਲੱਗ ਜਾਂਦੀ ਹੈ : ਸਰਬਜੀਤ ਸਿੰਘ
ਜੰਲਧਰ ਦੇ ਬਾਇਓ ਮੈਡੀਕਲ ਕੂੜੇ ਦਾ ਨਿਪਟਾਰਾ ਕਰਨ ਵਾਲੀ ਕੰਪਨੀ ਰੇਨਬੋ ਇਨਵਾਇਰਮੈਂਟ ਦੇ ਡਾਇਰੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਹਸਪਤਾਲਾਂ ਤੋਂ ਸਾਡੀ ਗੱਡੀ ਰੋਜ਼ਾਨਾ ਕੂੜਾ ਚੁੱਕਦੀ ਹੈ। ਕੂੜੇ ਨੂੰ ਥੈਲਿਆਂ 'ਚ ਭਰਿਆ ਜਾਂਦਾ ਹੈ। ਉਨ੍ਹਾਂ ਨੂੰ ਤੋਲ ਕੇ ਬਾਰਕੋਡ ਚਿਪਕਾ ਦਿੱਤੇ ਜਾਂਦੇ ਹਨ। ਜਿਵੇਂ ਹੀ ਥੈਲਿਆਂ ਦੇ ਬਾਰਕੋਡ ਨੂੰ ਸਕੈਨ ਕੀਤਾ ਜਾਂਦਾ ਹੈ ਸਾਨੂੰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਠੀਕ ਉਸ ਸਮੇਂ ਕੂੜੇ ਦੇ ਭਾਰ, ਥੈਲਿਆਂ ਦੀ ਗਿਣਤੀ ਦੀ ਆਨਲਾਈਨ ਜਾਣਕਾਰੀ ਮਿਲ ਜਾਂਦੀ ਹੈ। ਪਲਾਂਟ 'ਤੇ ਪਹੁੰਚਣ 'ਤੇ ਥੈਲਿਆਂ ਦਾ ਭਾਰ ਅਤੇ ਗਿਣਤੀ ਦਾ ਮਿਲਾਨ ਕੀਤਾ ਜਾਂਦਾ ਹੈ।


shivani attri

Content Editor

Related News