ਫਗਵਾੜਾ ’ਚ ਭਾਰੀ ਜਲਭਰਾਅ ਕਾਰਨ ਹਾਲਾਤ ਬੇਹੱਦ ਚਿੰਤਾਜਨਕ! ਵਿਦਿਆਰਥੀਆਂ ਹੋਏ ਪ੍ਰੇਸ਼ਾਨ

Wednesday, Aug 05, 2026 - 03:44 AM (IST)

ਫਗਵਾੜਾ ’ਚ ਭਾਰੀ ਜਲਭਰਾਅ ਕਾਰਨ ਹਾਲਾਤ ਬੇਹੱਦ ਚਿੰਤਾਜਨਕ! ਵਿਦਿਆਰਥੀਆਂ ਹੋਏ ਪ੍ਰੇਸ਼ਾਨ

ਫਗਵਾੜਾ (ਜਲੋਟਾ) - ਫਗਵਾੜਾ ਦੇ ਸਭ ਤੋਂ ਵਿਅਸਤ ਵਪਾਰਕ ਇਲਾਕਿਆਂ ਵਿਚ ਸ਼ਾਮਲ ਬੰਗਾ ਰੋਡ ’ਤੇ ਸਥਿਤ ਚੱਢਾ ਮਾਰਕੀਟ ਵਿਚ ਗੰਦੇ ਪਾਣੀ ਦੇ ਭਾਰੀ ਜਲਭਰਾਅ ਕਾਰਨ ਹਾਲਾਤ ਬੇਹੱਦ ਚਿੰਤਾਜਨਕ ਹੋ ਗਏ ਹਨ। ਗੰਦੇ ਨਾਲੇ ਦੀ ਨਿਕਾਸੀ ਬੰਦ ਹੋਣ ਅਤੇ ਬਰਸਾਤ ਦਾ ਗੰਦਾ ਪਾਣੀ ਦੁਕਾਨਾਂ ਦੇ ਬਾਹਰ ਜਮ੍ਹਾਂ ਹੋ ਜਾਣ ਕਾਰਨ ਲਗਾਤਾਰ ਦੂਜੇ ਦਿਨ ਵੀ ਚੱਢਾ ਮਾਰਕੀਟ ਦੀਆਂ ਕਈ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹੀਆਂ। ਇਸ ਜਲਭਰਾਅ ਕਾਰਨ ਵਪਾਰ ਤਾਂ ਠੱਪ ਹੋਇਆ ਹੀ, ਨਾਲ ਹੀ ਬੱਸ ਸਟੈਂਡ ਤੋਂ ਹੋ ਕੇ ਸਕੂਲ ਜਾਣ ਵਾਲੀਆਂ ਵਿਦਿਆਰਥਣਾਂ ਅਤੇ ਆਮ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਅਤੇ ਨਰਕੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਾਰੀ ਅਪ੍ਰਤੱਖ ਘਟਨਾਕ੍ਰਮ ਦੇ ਵਿਚਕਾਰ ਬੇਹੱਦ ਦੁਖੀ ਅਤੇ ਰੋਸ ਨਾਲ ਭਰੇ ਦੁਕਾਨਦਾਰਾਂ ਦੇ ਇਕ ਸ਼ਿਸ਼ਟਮੰਡਲ ਵੱਲੋਂ ਅੱਜ ਨਗਰ ਨਿਗਮ ਦਫ਼ਤਰ ਫਗਵਾੜਾ ਪਹੁੰਚ ਕੇ ਮੇਅਰ ਰਾਮਪਾਲ ਉੱਪਲ ਅਤੇ ਨਿਗਮ ਕਮਿਸ਼ਨਰ-ਕਮ-ਏ. ਡੀ. ਸੀ. ਰਣਦੀਪ ਸਿੰਘ ਹੀਰ ਨਾਲ ਅਹਿਮ ਬੈਠਕ ਕੀਤੀ ਗਈ।

ਬੈਠਕ ਦੌਰਾਨ ਦੁਕਾਨਦਾਰਾਂ ਨੇ ਮੇਅਰ ਉੱਪਲ ਅਤੇ ਸਰਕਾਰੀ ਅਧਿਕਾਰੀਆਂ ਨੂੰ ਦੱਸਿਆ ਕਿ ਇਲਾਕੇ ਵਿਚ ਕੁੱਝ ਸ਼ਾਤਰ ਅਤੇ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਸਰਕਾਰੀ ਗੰਦੇ ਨਾਲੇ ’ਤੇ ਬੀਤੇ ਲੰਬੇ ਸਮੇਂ ਤੋਂ ਨਜਾਈਜ ਕਬਜ਼ੇ ਕੀਤੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਨਾਲੇ ਦੀ ਗੰਦੇ ਪਾਣੀ ਦੀ ਨਿਕਾਸੀ ਨੂੰ ਗੈਰ-ਕਾਨੂੰਨੀ ਢੰਗ ਨਾਲ ਰੋਕਣ ਲਈ ਰੇਤ ਦੀਆਂ ਬੋਰੀਆਂ ਠੋਸੀਆਂ ਗਈਆਂ ਹਨ ਅਤੇ ਨਿੱਜੀ ਤੌਰ ’ਤੇ ਪਾਈਪਾਂ ਪਾ ਕੇ ਬਹਾਅ ਨੂੰ ਅਵਰੁੱਧ ਕੀਤਾ ਗਿਆ ਹੈ।

ਦੁਕਾਨਦਾਰਾਂ ਨੇ ਸਪੱਸ਼ਟ ਕੀਤਾ ਕਿ ਥੋੜ੍ਹੀ ਜਿਹੀ ਬਰਸਾਤ ਹੁੰਦੇ ਹੀ ਖੇਤਰ ਵਿਚ ਕਈ-ਕਈ ਦਿਨਾਂ ਤੱਕ ਗੰਦਾ ਪਾਣੀ ਜਮ੍ਹਾਂ ਰਹਿੰਦਾ ਹੈ, ਜਿਸ ਨਾਲ ਮਹਾਮਾਰੀ ਅਤੇ ਗੰਭੀਰ ਬੀਮਾਰੀਆਂ ਫੈਲਣ ਦਾ ਡਰ ਉਨ੍ਹਾਂ ਨੂੰ ਹਮੇਸ਼ਾ ਸਤਾਉਂਦਾ ਰਹਿੰਦਾ ਹੈ।

ਦੁਕਾਨਦਾਰਾਂ ਦੀ ਲਿਖਤੀ ਸ਼ਿਕਾਇਤ ਨੇ ਖੋਲ੍ਹੀ ਨਾਜਾਇਜ਼ ਕਬਜ਼ਿਆਂ ਦੀ ਸਾਰੀ ਪੋਲ
ਦੁਕਾਨਦਾਰਾਂ ਨੇ ਨਿਗਮ ਅਧਿਕਾਰੀਆਂ ਨੂੰ ਆਪਣੀ ਲਿਖਤੀ ਸ਼ਿਕਾਇਤ ਦੀ ਕਾਪੀ ਸੌਂਪਦਿਆਂ ਦੱਸਿਆ ਕਿ ਸੰਤੋਖ ਸਿੰਘ ਐਂਡ ਸੰਨਜ਼ ਤੋਂ ਲੈ ਕੇ ਸਰਾਏ ਰੋਡ ਅਤੇ ਝਟਕਈਆਂ ਚੌਕ ਦੇ ਕੋਲ ਸਥਿਤ ਨਾਲੇ ਦੀ ਲੰਬੇ ਸਮੇਂ ਤੋਂ ਸਫ਼ਾਈ ਹੀ ਨਹੀਂ ਹੋਈ ਹੈ।

ਸ਼ਿਕਾਇਤ ਵਿਚ ਸਾਫ਼ ਉਲੇਖ ਕੀਤਾ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਸਾਹਮਣੇ ਅਤੇ ਝਟਕਈਆਂ ਚੌਂਕ ਦੇ ਨੇੜੇ ਸਥਿਤ ਕੁੱਝ ਸ਼ਾਤਰ ਲੋਕਾਂ ਵੱਲੋਂ ਨਿਗਮ ਦੇ ਨਾਲੇ ਵਿਚ ਰੇਤ ਦੇ ਬੋਰੇ ਰੱਖ ਕੇ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਪੱਕੇ ਥੜ੍ਹੇ ਬਣਾ ਕੇ ਨਾਲੇ ਦੇ ਵਜੂਦ ਨੂੰ ਹੀ ਗਾਇਬ ਕਰ ਦਿੱਤਾ ਗਿਆ ਹੈ। ਇਸੇ ਵਜ੍ਹਾ ਨਾਲ ਨਾਲੇ ਦਾ ਗੰਦਾ ਪਾਣੀ ਅੱਗੇ ਨਹੀਂ ਵਧ ਪਾ ਰਿਹਾ ਅਤੇ ਇਹ ਗੰਭੀਰ ਜਨ-ਸਮੱਸਿਆ ਬਣੀ ਹੋਈ ਹੈ। ਦੁਕਾਨਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਪੁੱਛਿਆ ਕਿ ਕੀ ਨਿਗਮ ਪ੍ਰਸ਼ਾਸਨ ਅਤੇ ਜ਼ਿਲਾ ਕਪੂਰਥਲਾ ਸਮੇਤ ਫਗਵਾੜਾ ਪ੍ਰਸ਼ਾਸਨ ਇੰਨਾ ਮਜਬੂਰ ਹੋ ਚੁੱਕਾ ਹੈ ਕਿ ਖੁੱਲ੍ਹੇਆਮ ਸਰਕਾਰੀ ਗੰਦੇ ਪਾਣੀ ਦੀ ਨਿਕਾਸੀ ਰੋਕਣ ਵਾਲੇ ਪ੍ਰਭਾਵਸ਼ਾਲੀ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਹੀ ਨਹੀਂ ਕਰ ਪਾ ਰਿਹਾ? ਇਸਦੇ ਪਿੱਛੇ ਕੀ ਰਾਜ ਹੈ? ਆਖਿਰ ਸ਼ਰੇਆਮ ਕਾਨੂੰਨ ਤੋੜਨ ਵਾਲੇ ਲੋਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈਆਂ ਕਿਉਂ ਨਹੀਂ ਪੂਰੀ ਕੀਤਾ ਜਾ ਰਹੀ ਹੈ?

ਨਿਗਮ ਕਮਿਸ਼ਨਰ ਨੇ ਕੀਤਾ ਦੌਰਾ, 72 ਘੰਟਿਆਂ ਦਾ ਦਿੱਤਾ ਅਲਟੀਮੇਟਮ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਨਿਗਮ ਕਮਿਸ਼ਨਰ ਅਤੇ ਏ. ਡੀ. ਸੀ. ਰਣਦੀਪ ਸਿੰਘ ਹੀਰ ਨੇ ਪ੍ਰਸ਼ਾਸਨਿਕ ਅਤੇ ਨਿਗਮ ਅਧਿਕਾਰੀਆਂ ਦੀ ਟੀਮ ਸਮੇਤ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਮੌਕੇ ’ਤੇ ਪਹੁੰਚ ਕੇ ਚੱਢਾ ਮਾਰਕੀਟ ਅਤੇ ਆਸ-ਪਾਸ ਦੇ ਖੇਤਰ ਦਾ ਜਾਇਜ਼ਾ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਿਸ਼ਨਰ ਰਣਦੀਪ ਸਿੰਘ ਹੀਰ ਨੇ ਮੰਨਿਆ ਕਿ ਚੱਢਾ ਮਾਰਕੀਟ ਵਿਚ ਗੰਦੇ ਪਾਣੀ ਦਾ ਜਲਭਰਾਅ ਅਤੇ ਨਿਕਾਸੀ ਦੀ ਸਮੱਸਿਆ ਬੇਹੱਦ ਗੰਭੀਰ ਹੈ।

ਉਨ੍ਹਾਂ ਸਖ਼ਤ ਰੁੱਖ ਅਪਣਾਉਂਦਿਆਂ ਐਲਾਨ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਸਰਕਾਰੀ ਨਾਲੇ ''ਤੇ ਗੈਰ ਕਾਨੂੰਨੀ ਢੰਗ ਨਾਲ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਜਾਂ ਪਾਣੀ ਦੀ ਨਿਕਾਸੀ ਨੂੰ ਰੋਕਿਆ ਹੈ, ਉਹ 72 ਘੰਟਿਆਂ ਦੇ ਅੰਦਰ ਖ਼ੁਦ ਇਸ ਨੂੰ ਹਟਾ ਲੈਣ। ਨਿਗਮ ਕਮਿਸ਼ਨਰ ਨੇ ਨਿਗਮ ਦੇ ਸਰਕਾਰੀ ਅਧਿਕਾਰੀਆਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਮੇਅਰ ਰਾਮਪਾਲ ਉੱਪਲ ਨੂੰ ਦੱਸਿਆ ਕਿ ਸਬੰਧਤ ਉਲੰਘਣਾਕਰਤਾਵਾਂ ਨੂੰ ਬੀਤੇ 1 ਸਾਲ ਤੋਂ ਸਰਕਾਰੀ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਜੇਕਰ ਹੁਣ ਅਗਲੇ 72 ਘੰਟਿਆਂ ਵਿੱਚ ਅਵੈਧ ਕਬਜ਼ੇ ਨਾ ਹਟਾਏ ਗਏ, ਤਾਂ ਨਗਰ ਨਿਗਮ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 224, 214, 243(1)(ਬੀ) ਅਤੇ 323 ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕਰਦਿਆਂ ਅਵੈਧ ਨਿਰਮਾਣਾਂ ਨੂੰ ਢਾਹ ਦੇਵੇਗਾ।

ਉੱਥੇ ਹੀ ਮੇਅਰ ਰਾਮਪਾਲ ਉੱਪਲ ਨੇ ਭਰੋਸਾ ਦਿਵਾਇਆ ਕਿ ਸੀਵਰੇਜ ਬੋਰਡ ਅਤੇ ਨਿਗਮ ਦੀਆਂ ਟੀਮਾਂ ਨੂੰ ਗੰਦੇ ਨਾਲੇ ਦੀ ਪੂਰੀ ਤਰ੍ਹਾਂ ਸਫ਼ਾਈ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਅਤੇ 72 ਘੰਟਿਆਂ ਦੇ ਅੰਦਰ ਇਸ ਲੋਕ ਸਮੱਸਿਆ ਦਾ ਸਥਾਈ ਹੱਲ ਕੱਢ ਲਿਆ ਜਾਵੇਗਾ। ਇਸ ਮੌਕੇ ਨਿਗਮ ਦੇ ਸਰਕਾਰੀ ਅਧਿਕਾਰੀ ਅਤੇ ਸੀਵਰੇਜ ਬੋਰਡ ਦੇ ਐੱਸ. ਡੀ. ਓ. ਪ੍ਰਦੀਪ ਚੌਟਾਨੀ ਆਦਿ ਹਾਜ਼ਰ ਸਨ।
 


author

Inder Prajapati

Content Editor

Related News