ਜੀ. ਐੱਨ. ਏ. ਯੂਨੀਵਰਸਿਟੀ ਵਿਖੇ ਕਨਵੋਕੇਸ਼ਨ-2026 ਦਾ ਸ਼ਾਨਦਾਰ ਆਯੋਜਨ
Sunday, Nov 29, 2026 - 06:24 PM (IST)
ਫਗਵਾੜਾ (ਜਲੋਟਾ)- ਜੀ. ਐੱਨ. ਏ. ਯੂਨੀਵਰਸਿਟੀ ਵਿਖੇ ਸਾਲ 2026 ਦੇ ਬੈਚ ਦੇ ਵਿਦਿਆਰਥੀਆਂ ਲਈ ਸ਼ਾਨਦਾਰ ਅਤੇ ਗੌਰਵਮਈ ਕਨਵੋਕੇਸ਼ਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਯੰਤ ਦਾਵਰ (ਬਾਨੀ, ਕਾਰਜਕਾਰੀ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਸੰਧਰ ਟੈਕਨਾਲੋਜੀਜ਼ ਲਿਮਟਿਡ) ਨੇ ਆਪਣੀ ਗੌਰਵਮਈ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਧਾਈ। ਸਮਾਗਮ 'ਚ ਚਾਂਸਲਰ ਗੁਰਦੀਪ ਸਿੰਘ ਸੀਹਰਾ, ਪ੍ਰੋ-ਚਾਂਸਲਰ ਜਸਲੀਨ ਸੀਹਰਾ, ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ, ਡਿਪਟੀ ਰਜਿਸਟਰਾਰ ਡਾ. ਕੁਣਾਲ ਬੈਂਸ, ਡੀਨ ਅਕੈਡਮਿਕਸ ਡਾ. ਮੋਨਿਕਾ ਹੰਸਪਾਲ, ਡੀਨ ਰਿਸਰਚ ਐਂਡ ਡਿਵੈਲਪਮੈਂਟ ਡਾ. ਨੀਰਜ ਪੁਰੀ ਅਤੇ ਡਿਪਟੀ ਕੰਟਰੋਲਰ ਐਗਜ਼ਾਮੀਨੇਸ਼ਨ ਡਾ. ਅਨਿਲ ਪੰਡਿਤ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ: ਚਾਰਜ ਸੰਭਾਲਦੇ ਹੀ ਐਕਸ਼ਨ ਮੋਡ 'ਚ ਆਏ CP ਗੁਰਪ੍ਰੀਤ ਸਿੰਘ ਭੁੱਲਰ! ਕਈ ਥਾਣਿਆਂ ਦਾ ਕੀਤਾ ਦੌਰਾ
ਪ੍ਰੋਗਰਾਮ ਦੀ ਸ਼ੁਰੂਆਤ ਗਿਆਨ ਦੀ ਜੋਤ ਜਗਾ ਕੇ ਅਤੇ ਮਾਂ ਸਰਸਵਤੀ ਦੀ ਵੰਦਨਾ ਨਾਲ ਕੀਤੀ ਗਈ। ਕਾਮਿਨੀ ਵਰਮਾ ਨੇ ਸਮਾਗਮ ਦਾ ਬਾਖ਼ੂਬੀ ਮੰਚ ਸੰਚਾਲਨ ਕੀਤਾ। ਉਨ੍ਹਾਂ ਜੀ. ਐੱਨ. ਏ. ਗਰੁੱਪ ਦੀ ਸ਼ਾਨਦਾਰ ਉਦਯੋਗਿਕ ਵਿਰਾਸਤ ਅਤੇ ਜੀ. ਐੱਨ. ਏ. ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਤੋਂ ਸਾਰਿਆਂ ਨੂੰ ਜਾਣੂ ਕਰਵਾਉਂਦੇ ਵਿੱਦਿਅਕ ਸਮਾਗਮ ਦੀ ਰਸਮੀ ਸ਼ੁਰੂਆਤ ਕੀਤੀ। ਕਨਵੋਕੇਸ਼ਨ ਦੀ ਸ਼ੋਭਾ ਯਾਤਰਾ ਦੌਰਾਨ ਚਾਂਸਲਰ ਗੁਰਦੀਪ ਸਿੰਘ ਸੀਹਰਾ ਵੱਲੋਂ ਮੁੱਖ ਮਹਿਮਾਨ ਜਯੰਤ ਦਾਵਰ ਦਾ ਸਨਮਾਨ ਅਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਉਪਰੰਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ ਨੇ ਸਵਾਗਤੀ ਭਾਸ਼ਣ ਅਤੇ ਯੂਨੀਵਰਸਿਟੀ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਕਨਵੋਕੇਸ਼ਨ ਸਮਾਗਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨ ਪ੍ਰਤਿਭਾਵਾਂ ਨੇ ਸਕਾਰਾਤਮਕ ਸੋਚ ਨਾਲ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਅਤੇ ਆਪਣੀ ਸਖ਼ਤ ਮਿਹਨਤ ਤੇ ਲਗਨ ਸਦਕਾ ਸਫ਼ਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: ਪੰਜਾਬ: ਸੈਲੂਨ 'ਤੇ ਕਰੀਬ 20 ਨੌਜਵਾਨਾਂ ਨੇ ਕੀਤਾ ਹਮਲਾ! ਜਾਨ ਬਚਾਉਣ ਲਈ ਇੱਧਰ-ਉੱਧਰ ਭੱਜੇ ਲੋਕ
ਮੁੱਖ ਮਹਿਮਾਨ ਜਯੰਤ ਦਾਵਰ (ਸੰਸਥਾਪਕ, ਕਾਰਜਕਾਰੀ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਸੰਧਰ ਟੈਕਨਾਲੋਜੀਜ਼ ਲਿਮਟਿਡ) ਨੇ ਕਨਵੋਕੇਸ਼ਨ ਵਿੱਚ ਸੱਦਾ ਦਿੱਤੇ ਜਾਣ ''ਤੇ ਜੀ. ਐੱਨ. ਏ. ਯੂਨੀਵਰਸਿਟੀ ਦਾ ਧੰਨਵਾਦ ਕੀਤਾ। ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰੀਅਰ ਵਿੱਚ ਅਹਿਮ ਪ੍ਰਾਪਤੀਆਂ ਹਾਸਲ ਕਰਨ 'ਤੇ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਹਮੇਸ਼ਾ ਆਪਣਾ ਸੌ ਫ਼ੀਸਦੀ ਯੋਗਦਾਨ ਪਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਨਿੱਜੀ ਅਤੇ ਪੇਸ਼ੇਵਰ ਵਿਕਾਸ ਦੇ ਰਾਹ ਵਿੱਚ ਦੂਜਿਆਂ ਦੀਆਂ ਧਾਰਨਾਵਾਂ ਨੂੰ ਕਦੇ ਵੀ ਰੁਕਾਵਟ ਨਹੀਂ ਬਣਨ ਦੇਣਾ ਚਾਹੀਦਾ। ਆਪਣੇ ਸੰਬੋਧਨ ਦੇ ਅਖੀਰ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ, "ਇਹ ਤੁਹਾਡਾ ਦਿਨ ਹੈ ਅਤੇ ਆਪਣੀ ਮਿਹਨਤ ਤੇ ਸਮਰਪਣ ਨਾਲ ਆਉਣ ਵਾਲੇ ਹਰ ਦਿਨ ਨੂੰ ਵੀ ਆਪਣਾ ਬਣਾਓ।"
ਜੀ. ਐੱਨ. ਏ. ਯੂਨੀਵਰਸਿਟੀ ਵੱਲੋਂ ਸਮਾਜ, ਉਦਯੋਗ ਅਤੇ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੂੰ ਮਾਨਤਾ ਦਿੰਦਿਆਂ ਸ੍ਰੀ ਜਯੰਤ ਦਾਵਰ ਅਤੇ ਪ੍ਰੋ. ਅਚਯੁਤ ਸਾਮੰਤ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਵਿੱਦਿਅਕ ਅਤੇ ਸਹਿ-ਵਿੱਦਿਅਕ ਗਤੀਵਿਧੀਆਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ, ਵਿਲੱਖਣ ਚਰਿੱਤਰ ਅਤੇ ਬੇਮਿਸਾਲ ਪ੍ਰਾਪਤੀਆਂ ਲਈ ਬੀ.ਟੈੱਕ ਰੋਬੋਟਿਕਸ ਐਂਡ ਆਟੋਮੇਸ਼ਨ ਇੰਜੀਨੀਅਰਿੰਗ ਦੇ ਵਿਦਿਆਰਥੀ ਏਕਮਜੀਤ ਸਿੰਘ ਨੂੰ ਯੂਨੀਵਰਸਿਟੀ ਦੇ ਵੱਕਾਰੀ ''ਗਵਰਨਰਜ਼ ਮੈਡਲ'' ਨਾਲ ਨਿਵਾਜਿਆ ਗਿਆ। ਸਮਾਗਮ ਦੌਰਾਨ ਪਤਵੰਤੇ ਮਹਿਮਾਨਾਂ ਵੱਲੋਂ ਵੱਖ-ਵੱਖ ਫੈਕਲਟੀਆਂ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਮੈਡਲ ਪ੍ਰਦਾਨ ਕੀਤੇ ਗਏ। ਇਨ੍ਹਾਂ ਵਿੱਚ 36 ਸੋਨ, 32 ਚਾਂਦੀ ਅਤੇ 26 ਕਾਂਸੀ ਦੇ ਮੈਡਲ ਸ਼ਾਮਲ ਰਹੇ। ਇਸ ਤੋਂ ਇਲਾਵਾ 15 ਪੀ. ਐੱਚ. ਡੀ, 139 ਪੋਸਟ ਗ੍ਰੈਜੂਏਟ ਅਤੇ 620 ਅੰਡਰ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਇਨ੍ਹਾਂ ਵਿਦਿਆਰਥੀਆਂ ਨੇ ਇੰਜੀਨੀਅਰਿੰਗ, ਬਿਜ਼ਨੈੱਸ ਸਕੂਲ, ਹਾਸਪਿਟੈਲਿਟੀ, ਕੰਪਿਊਟੇਸ਼ਨਲ ਸਾਇੰਸ, ਨੈਚੁਰਲ ਸਾਇੰਸ, ਅੰਗਰੇਜ਼ੀ, ਐਨੀਮੇਸ਼ਨ ਅਤੇ ਮਲਟੀਮੀਡੀਆ, ਹੈਲਥਕੇਅਰ ਸਾਇੰਸ ਅਤੇ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਵਰਗੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਵਿੱਦਿਅਕ ਯਾਤਰਾ ਸਫ਼ਲਤਾਪੂਰਵਕ ਮੁਕੰਮਲ ਕੀਤੀ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ! ਮੌਜੂਦਾ MLA ਡਾ. ਚਰਨਜੀਤ ਸਿੰਘ ਚੰਨੀ ਅਕਾਲੀ ਦਲ 'ਚ ਸ਼ਾਮਲ
ਜੀ. ਐੱਨ. ਏ. ਯੂਨੀਵਰਸਿਟੀ ਦੇ ਚਾਂਸਲਰ ਗੁਰਦੀਪ ਸਿੰਘ ਸੀਹਰਾ ਨੇ ਆਪਣੇ ਸੰਬੋਧਨ 'ਚ ਡਿਗਰੀ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਨਵੀਨਤਮ ਵਿਕਾਸ ਅਤੇ ਤਕਨੀਕਾਂ ਦੇ ਅਨੁਕੂਲ ਆਪਣੇ ਗਿਆਨ ਦੀ ਵਰਤੋਂ ਸਮਾਜ ਦੇ ਹੋਰ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਰਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਹਾਸਲ ਕੀਤੇ ਗਿਆਨ ਨੂੰ ਵਿਸ਼ਵ ਪੱਧਰ ''ਤੇ ਸਾਂਝਾ ਕਰਨ ਅਤੇ ਸਮਾਜ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਸਮਾਗਮ ਦੇ ਅੰਤ 'ਚ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਸਮੂਹ ਇਨਾਮ ਅਤੇ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਇਮਾਨਦਾਰੀ, ਸਮਰਪਣ ਅਤੇ ਜ਼ਿੰਦਗੀ ਵਿੱਚ ਸਪੱਸ਼ਟ ਨਜ਼ਰੀਆ ਬਣਾਈ ਰੱਖਣ ਦਾ ਸੰਦੇਸ਼ ਦਿੱਤਾ। ਆਪਣੇ ਧੰਨਵਾਦੀ ਸੰਬੋਧਨ ਦੌਰਾਨ ਉਨ੍ਹਾਂ ਉਦਯੋਗਿਕ ਅਤੇ ਵਿੱਦਿਅਕ ਖੇਤਰਾਂ ਵਿੱਚ ਜੀ. ਐੱਨ. ਏ. ਗਰੁੱਪ ਦੇ ਅਹਿਮ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਉਪਰਾਲਿਆਂ ਸਦਕਾ ਇਲਾਕੇ ਦੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਦੇ ਬਿਹਤਰ ਮੌਕੇ ਮਿਲਣਗੇ ਅਤੇ ਉਹ ਲੋੜੀਂਦੇ ਹੁਨਰ ਹਾਸਲ ਕਰਕੇ ਵਿਸ਼ਵ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਦੇ ਸਮਰੱਥ ਬਣਨਗੇ। ਕਨਵੋਕੇਸ਼ਨ-2026 ਦੀ ਸਮਾਪਤੀ ਦਾ ਐਲਾਨ ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ ਵੱਲੋਂ ਕੀਤਾ ਗਿਆ। ਇਸ ਉਪਰੰਤ ਹਾਜ਼ਰ ਸਮੂਹ ਪਤਵੰਤਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਇਨ ਨਾਲ ਸਮਾਗਮ ਦੀ ਗੌਰਵਮਈ ਸਮਾਪਤੀ ਕੀਤੀ।
ਇਹ ਵੀ ਪੜ੍ਹੋ: ਪੰਜਾਬ ਦੇ 2 ਨੌਜਵਾਨਾਂ ਨੇ ਚਮਕਾਇਆ ਨਾਂ, ਭਾਰਤੀ ਜਲ ਸੈਨਾ 'ਚ ਬਣੇ ਅਧਿਕਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
