ਫਗਵਾੜਾ ਦੇ ਈਸਵੁੱਡ ਵਿਲੇਜ ਵਿਖੇ ਚੱਲੀ ਗੋਲੀ, ਨੌਜਵਾਨ ਜ਼ਖਮੀ; ਦਹਿਸ਼ਤ ਦਾ ਮਾਹੌਲ

Tuesday, Oct 14, 2025 - 10:01 PM (IST)

ਫਗਵਾੜਾ ਦੇ ਈਸਵੁੱਡ ਵਿਲੇਜ ਵਿਖੇ ਚੱਲੀ ਗੋਲੀ, ਨੌਜਵਾਨ ਜ਼ਖਮੀ; ਦਹਿਸ਼ਤ ਦਾ ਮਾਹੌਲ

ਪੰਜਾਬ ਡੈਸਕ - ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਸ਼ਹਿਰ ‘ਚ ਮੰਗਲਵਾਰ ਦੇਰ ਸ਼ਾਮ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਈਸਟਵੁੱਡ ਵਿਲੇਜ ‘ਚ ਥੋੜ੍ਹੀ ਜਿਹੀ ਬਹਿਸ ਤੋਂ ਬਾਅਦ ਕੁਝ ਨੌਜਵਾਨਾਂ ਨੇ ਇਕ ਬਾਊਂਸਰ ‘ਤੇ ਗੋਲੀ ਚਲਾ ਦਿੱਤੀ। ਗੋਲੀ ਬਾਊਂਸਰ ਦੀ ਪੱਟ ਵਿੱਚ ਲੱਗੀ, ਜਿਸ ਕਾਰਨ ਉਹ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ।

ਝਗੜੇ ਤੋਂ ਬਾਅਦ ਹੋਈ ਫਾਇਰਿੰਗ
ਮਿਲੀ ਜਾਣਕਾਰੀ ਅਨੁਸਾਰ, ਮੰਗਲਵਾਰ ਸ਼ਾਮ ਕੁਝ ਨੌਜਵਾਨ ਈਸਟਵੁੱਡ ਵਿਲੇਜ ਵਿੱਚ ਹੰਗਾਮਾ ਕਰ ਰਹੇ ਸਨ। ਉਥੇ ਸੁਰੱਖਿਆ ਲਈ ਤੈਨਾਤ ਇੱਕ ਬਾਊਂਸਰ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਹਨਾਂ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਦੇਖਦੇ ਹੀ ਦੇਖਦੇ ਬਹਿਸ ਹਿੰਸਾ ਵਿੱਚ ਬਦਲ ਗਈ ਅਤੇ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਵਾਲੇ ਨੌਜਵਾਨ ਦੀ ਪਛਾਣ ਸੰਦੀਪ ਵਾਸੀ ਫਗਵਾੜਾ ਵਜੋਂ ਹੋਈ ਹੈ। ਉਸਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਗੋਲੀ ਉਸਦੀ ਪੱਟ ‘ਚ ਲੱਗੀ ਹੈ ਅਤੇ ਉਸਦੀ ਹਾਲਤ ਹੁਣ ਸਥਿਰ ਹੈ।

ਮੁਲਜ਼ਮ ਮੌਕੇ ਤੋਂ ਫਰਾਰ
ਚਸ਼ਮਦੀਦਾਂ ਅਨੁਸਾਰ, ਸੁੱਖਾ ਵਾਸੀ ਤੱਲ੍ਹਣ ਨਾਮਕ ਨੌਜਵਾਨ ਨੇ ਗੋਲੀ ਚਲਾਈ ਅਤੇ ਆਪਣੇ ਸਾਥੀਆਂ ਨਾਲ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚਿਹੇੜੂ ਚੌਕੀ ਪੁਲਸ ਮੌਕੇ ‘ਤੇ ਪਹੁੰਚੀ। ਪੁਲਸ ਨੇ ਮੌਕੇ ਤੋਂ ਇੱਕ ਖੋਖਾ ਵੀ ਬਰਾਮਦ ਕੀਤਾ ਹੈ ਅਤੇ ਇਲਾਕੇ ਦੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਛਾਣ ਜਲਦ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
 


author

Inder Prajapati

Content Editor

Related News