ਫਗਵਾੜਾ ''ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ’ਚ ਖ਼ੂਨੀ ਝੜਪ, ਚੱਲੇ ਤੇਜ਼ਧਾਰ ਹਥਿਆਰ

Thursday, Aug 27, 2026 - 03:06 PM (IST)

ਫਗਵਾੜਾ ''ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ’ਚ ਖ਼ੂਨੀ ਝੜਪ, ਚੱਲੇ ਤੇਜ਼ਧਾਰ ਹਥਿਆਰ

ਫਗਵਾੜਾ (ਜਲੋਟਾ)-ਉਦਯੋਗਿਕ ਸ਼ਹਿਰ ਫਗਵਾੜਾ ਦੇ ਮੁਹੱਲਾ ਸੰਤ ਨਗਰ ਅਤੇ ਜੇ. ਸੀ. ਟੀ. ਮਿੱਲ ਖੇਤਰ ਵਿਚ ਪੁਰਾਣੀ ਰੰਜਿਸ਼ ਅਤੇ ਕਥਿਤ ਗ਼ੈਰ-ਕਾਨੂੰਨੀ ਪੈਸਿਆਂ ਦੀ ਮੰਗ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ ਹੋਣ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਇਸ ਖ਼ੂਨੀ ਝੜਪ ਵਿਚ ਦੋਵਾਂ ਧਿਰਾਂ ਦੇ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਵਾਰਦਾਤ ਮਗਰੋਂ ਜ਼ਖ਼ਮੀ ਨੌਜਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਸਰਕਾਰੀ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਮਾਮਲੇ ਦੀ ਤਫ਼ਤੀਸ਼ ਵਿਚ ਜੁੱਟ ਗਈ ਹੈ, ਜਦਕਿ ਦੋਵਾਂ ਧਿਰਾਂ ਨੇ ਇਕ-ਦੂਜੇ ’ਤੇ ਗੰਭੀਰ ਦੋਸ਼ ਲਗਾਉਂਦਿਆਂ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ: ਰੱਖੜ ਪੁੰਨਿਆ 'ਤੇ ਵੱਡੀਆਂ ਕਾਨਫ਼ਰੰਸਾਂ! ਵਧੇਗਾ ਪੰਜਾਬ ਦਾ ਸਿਆਸੀ ਪਾਰਾ

ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਇਕ ਧਿਰ ਦੇ ਪੀੜਤਾਂ ਨੇ ਦੂਜੀ ਧਿਰ ਦੇ ਨੌਜਵਾਨਾਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਧਿਰ ਦੇ ਨੌਜਵਾਨ ਅਤੇ ਉਸ ਦੇ ਪਿਤਾ ਦਾ ਕਹਿਣਾ ਹੈ ਕਿ 30 ਤੋਂ 35 ਹਮਲਾਵਰਾਂ ਨੇ ਉਨ੍ਹਾਂ ਨੂੰ ਬਾਜ਼ਾਰ ਵਿਚ ਘੇਰ ਕੇ ਹਮਲਾ ਕੀਤਾ ਅਤੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਲਹੂ-ਲੁਹਾਨ ਕਰ ਦਿੱਤਾ। ਪੀੜਤਾਂ ਦਾ ਦੋਸ਼ ਹੈ ਕਿ ਹਮਲਾਵਰ ਵਾਰਦਾਤ ਦੌਰਾਨ ਉਨ੍ਹਾਂ ਦੇ ਗਲ਼ 'ਚ ਪਾਈ ਸੋਨੇ-ਚਾਂਦੀ ਦੀ ਚੇਨੀਆਂ ਅਤੇ ਮੋਬਾਇਲ ਫ਼ੋਨ ਵੀ ਖੋਹ ਕੇ ਫ਼ਰਾਰ ਹੋ ਗਏ।

PunjabKesari

ਇਹ ਵੀ ਪੜ੍ਹੋ: ਲੁਧਿਆਣਾ 'ਚ ਪੈ ਗਿਆ ਡਾਕਾ! 20 ਮਿੰਟਾਂ 'ਚ ਵੱਡਾ ਕਾਂਡ ਕਰਕੇ ਫਰਾਰ ਹੋਏ ਲੁਟੇਰੇ

ਜ਼ਖ਼ਮੀ ਨੌਜਵਾਨ ਦੇ ਪਿਤਾ ਨੇ ਇਸ ਪੂਰੇ ਮਾਮਲੇ ਨੂੰ ਸਿਆਸੀ ਰੰਜਿਸ਼ ਤੋਂ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸੀ ਪਿਛੋਕੜ ਵਾਲੇ ਇਕ ਸਥਾਨਕ ਵਿਅਕਤੀ ਅਤੇ ਉਸ ਦੇ ਸਾਥੀਆਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਉਨ੍ਹਾਂ ਫਗਵਾੜਾ ਪੁਲਸ ਅਤੇ ਪ੍ਰਸ਼ਾਸਨ ਦੀ ਕਾਰਜਸ਼ੈਲੀ ਉੱਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਐੱਸ. ਪੀ. ਅਤੇ ਡੀ. ਐੱਸ. ਪੀ. ਦਫ਼ਤਰ ਸਮੇਤ ਸਬੰਧਤ ਥਾਣਾ ਸਿਟੀ ਮੁੱਖੀ (ਐੱਸ. ਐੱਚ. ਓ.) ਨੂੰ ਵਾਰ-ਵਾਰ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ ਪਰ ਪੁਲਸ ਪੱਧਰ ’ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਚੱਲਦਿਆਂ ਬੇਖ਼ੌਫ਼ ਦੋਸ਼ੀਆਂ ਨੇ ਇਸ ਹਿੰਸਕ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਦੂਜੇ ਪਾਸੇ ਦੂਜੀ ਧਿਰ ਦੇ ਦੁਕਾਨਦਾਰ (ਜੇ. ਸੀ. ਟੀ. ਮਿੱਲ ਦੇ ਸਾਹਮਣੇ ਪਾਨ ਦੀ ਦੁਕਾਨ ਚਲਾਉਣ ਵਾਲੇ 12ਵੀਂ ਜਮਾਤ ਦੇ ਵਿਦਿਆਰਥੀ) ਨੇ ਪਹਿਲੀ ਧਿਰ ਉੱਤੇ ਹਫ਼ਤਾ ਵਸੂਲੀ ਦੇ ਗੰਭੀਰ ਦੋਸ਼ ਲਗਾਏ ਹਨ।

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪੁਲਸ ਦੀ ਰੇਡ! ਇਤਰਾਜ਼ਯੋਗ ਹਾਲਾਤ 'ਚ ਫੜੇ ਮੁੰਡੇ-ਕੁੜੀਆਂ

ਪੀੜਤ ਦੁਕਾਨਦਾਰ ਦਾ ਕਹਿਣਾ ਹੈ ਕਿ ਦੋਸ਼ੀ ਨੌਜਵਾਨ ਰੋਜ਼ਾਨਾ ਉਸ ਦੀ ਦੁਕਾਨ ’ਤੇ ਆ ਕੇ ਜ਼ਬਰਦਸਤੀ ਪੈਸੇ ਵਸੂਲਦੇ ਸਨ, ਜਦੋਂ ਉਸ ਨੇ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਮੁਲਜ਼ਮਾਂ ਨੇ ਰੰਜਿਸ਼ ਰੱਖਦਿਆਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਹਮਲਾਵਰ ਦੁਕਾਨ ਤੋਂ ਨਕਦੀ ਅਤੇ ਚਾਂਦੀ ਦੀ ਚੇਨ ਖੋਹ ਕੇ ਫ਼ਰਾਰ ਹੋ ਗਏ। ਖ਼ਬਰ ਲਿਖੇ ਜਾਣ ਤੱਕ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ਉੱਤੇ ਦੋਸ਼-ਪ੍ਰਤੀਦੋਸ਼ ਲਗਾਉਣ ਦਾ ਦੌਰ ਜਾਰੀ ਸੀ। ਫਿਲਹਾਲ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਣ ਤੋਂ ਬਾਅਦ ਪੁਲਸ ਵੱਲੋਂ ਸਿਵਲ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਹ ਮਾਮਲਾ ਸੋਸ਼ਲ ਮੀਡੀਆ ਸਮੇਤ ਲੋਕਾਂ ਵਿੱਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ:ਪੰਜਾਬ: ਮੈਡੀਕਲ ਦੇ 4 ਵਿਦਿਆਰਥੀਆਂ ਨਾਲ ਵਾਪਰਿਆ ਵੱਡਾ ਹਾਦਸਾ! ਇਕ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News