ਜੇਕਰ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਹਲਕਾ ਗੜ੍ਹਸ਼ੰਕਰ ਨੂੰ ਜੋੜਿਆ ਤਾਂ ਹੋਵੇਗਾ ਵਿਰੋਧ: ਨਿਮਿਸ਼ਾ ਮਹਿਤਾ

Sunday, Oct 26, 2025 - 01:03 PM (IST)

ਜੇਕਰ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਹਲਕਾ ਗੜ੍ਹਸ਼ੰਕਰ ਨੂੰ ਜੋੜਿਆ ਤਾਂ ਹੋਵੇਗਾ ਵਿਰੋਧ: ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ- ਬੀਤੇ ਕੁਝ ਦਿਨਾਂ ਤੋਂ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਚੈਨਲਾਂ 'ਤੇ ਚੱਲ ਰਹੀਆਂ ਖ਼ਬਰਾਂ 'ਤੇ ਚਰਚਾ ਦਾ ਵਿਸ਼ਾ ਬਣੇ ਪੰਜਾਬ ਸਰਕਾਰ ਵੱਲੋਂ ਨਵੇਂ ਐਲਾਨੇ ਜਾਣ ਵਾਲੇ ਜ਼ਿਲ੍ਹਾ ਸ੍ਰੀ ਅਨੰਦਪੁਰ ਸਾਹਿਬ ਦੇ ਮਸਲੇ 'ਤੇ ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਹ ਸ੍ਰੀ ਅੰਨਦਪੁਰ ਸਾਹਿਬ ਜ਼ਿਲ੍ਹਾ ਘੋਸ਼ਿਤ ਕਰਨ ਦੇ ਫ਼ੈਸਲੇ ਦਾ ਦਿਲੋਂ ਸੁਆਗਤ ਕਰਦੇ ਹਨ ਪਰ ਗੜ੍ਹਸ਼ੰਕਰ ਹਲਕੇ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਤੋੜ ਕੇ ਸ੍ਰੀ ਅਨੰਦਪੁਰ ਸਾਹਿਬ ਨਾਂ ਦੇ ਬਣਨ ਜਾ ਰਹੇ ਜ਼ਿਲ੍ਹੇ ਦੇ ਫ਼ੈਸਲੇ ਦੇ ਦਾ ਪੁਰਜ਼ੋਰ ਵਿਰੋਧ ਕਰਦੇ ਹਨ।  ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਜਿੱਥੋਂ ਸਿੱਖੀ ਦਾ ਆਗਾਜ਼ ਹੋਇਆ, ਉਸ ਦੀ ਧਾਰਮਿਕ ਸਥਾਨ ਦੀ ਮਹੱਤਤਾ ਨੂੰ ਵੇਖਦਿਆਂ ਉਥੋਂ ਦੇ ਨਾਂ ਦਾ ਜ਼ਿਲ੍ਹਾ ਹੁਣ ਤੋਂ 75-76 ਸਾਲ ਪਹਿਲਾਂ ਹੀ ਬਣ ਜਾਣਾ ਚਾਹੀਦਾ ਸੀ ਪਰ ਅਫ਼ਸੋਸ ਵੱਖ-ਵੱਖ ਪਾਰਟੀਆਂ ਜਿੰਨ੍ਹਾਂ ਨੇ ਪੰਜਾਬ 'ਤੇ ਰਾਜ਼ ਕੀਤਾ, ਉਨ੍ਹਾਂ ਇਸ ਗੱਲ ਨੂੰ ਅਣਗੌਲਿਆ ਕੀਤਾ। 

ਇਹ ਵੀ ਪੜ੍ਹੋ: ਪੰਜਾਬ ਦੇ ਮੁਅੱਤਲ DIG ਭੁੱਲਰ ਦਾ ਵਿਦੇਸ਼ੀ ਕੁਨੈਕਸ਼ਨ ਆਇਆ ਸਾਹਮਣੇ! ਜਾਇਦਾਦਾਂ ਬਾਰੇ CBI ਦੇ ਵੱਡੇ ਖ਼ੁਲਾਸੇ

ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਹਲਕਾ ਗੜ੍ਹਸ਼ੰਕਰ ਦੋਆਬੇ ਦਾ ਹਿੱਸਾ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੋਆਬੇ ਵਿਚੋਂ ਇਸ ਹਿੱਸੇ ਨੂੰ ਤੋੜ ਕੇ ਪੁਆਂਦ ਵਿਚ ਲਿਜਾ ਕੇ ਧੱਕੇ ਨਾਲ ਰਲਾਉਣ ਦੀ ਕੋਸ਼ਿਸ਼ ਕਰ ਕਰ ਰਰੀ ਹੈ ਜੋਕਿ ਜਨਤਾ ਨਾਲ ਸਰਾ ਸਰ ਧੱਕਾ ਹੈ।  ਉਨ੍ਹਾਂ ਕਿਹਾ ਕਿ ਦੋਆਬੇ ਦੀ ਬੋਲੀ ਅਤੇ ਸੱਭਿਅਤਾ ਦਾ ਪੁਆਂਦ ਨਾਲੋਂ ਫਰਕ ਹੈ ਅਤੇ ਜ਼ਬਰਦਸਤੀ ਸਰਕਾਰ ਸਾਡੀ ਦੋਆਬੇ ਦੀ ਪਛਾਣ ਨੂੰ ਤਬਦੀਲ ਕਰਨ 'ਤੇ ਤੁਲੀ ਹੋਈ ਹੈ। ਇਹ ਦੋਆਬਾਾ ਇਲਾਕੇ ਨੂੰ ਖੇਰੂ-ਖੇਰੂ ਕਰਨ ਦੀ ਸਾਜਿਸ਼ ਦਾ ਪਹਿਲਾ ਕਦਮ ਹੈ।  ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲਾ ਰਸਤਾ ਕਰੀਬ 45 ਕਿਲੋਮੀਟਰ ਹੈ ਇਹ ਰਸਤਾ ਖਸਤਾ ਹਾਲਾਤ, ਏਕਾਂਤ ਨਾਲ ਭਰਿਆ ਅਤੇ ਜੰਗਲ ਦਾ ਵਧੇਰੇ ਪੈਂਡਾ ਇਸ ਰਸਤੇ ਵਿਚ ਹੋਣ ਕਾਰਨ ਇਹ ਰਾਹ ਆਮ ਲੋਕਾਂ ਲਈ ਕੋਈ ਬਹੁਤਾ ਹਨ੍ਹੇਰੇ-ਸਵੇਰੇ ਦੇ ਵਕਤ ਸੁਰੱਖਿਅਤ ਰਸਤਾ ਨਹੀਂ ਜਦਕਿ ਹੁਸ਼ਿਆਰਪੁਰ ਜ਼ਿਲ੍ਹਾ ਹੈੱਡ ਕੁਆਰਟਰ 'ਤੇ ਜੇਕਰ ਕਿਸੇ ਵਿਅਕਤੀ ਨੇ ਕੰਮ ਜਾਣਾ ਹੋਵੇ ਤਾਂ ਗੜ੍ਹਸ਼ੰਕਰ ਤੋਂ ਬਿਹਤਰੀਨ ਹਾਈਵੇਅ ਰਾਹੀਂ 27 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਵਿਅਕਤੀ ਪਹੁੰਚ ਜਾਂਦਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਸਸਪੈਂਡ SHO ਭੂਸ਼ਣ ਦਾ ਪਰਿਵਾਰ ਆਇਆ ਸਾਹਮਣੇ, ਕਰ ਦਿੱਤੇ ਵੱਡੇ ਖ਼ੁਲਾਸੇ

ਅੱਗੇ ਬੋਲਦੇ ਹੋਏ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਮਾਹਿਲਪੁਰ ਦੇ ਪਿੰਡਾਂ ਤੋਂ ਜੇਕਰ ਸ੍ਰੀ ਅਨੰਦਪੁਰ ਸਾਹਿਬ ਤੋਂ ਪਹੁੰਚਣਾ ਹੋਵੇਗਾ ਤਾਂ ਬੰਦੇ ਨੂੰ 3 ਤੋਂ 4 ਬੱਸਾਂ ਬਦਲਣੀਆਂ ਪੈਣਗੀਆਂ ਅਤੇ ਵਾਪਸੀ ਦੇ ਸਮੇਂ ਇਸ ਰਸਤੇ ਤੋਂ ਲੇਟ-ਫੇਟ ਆਉਣਾ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ। ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਵਿਚ ਮਾਈਨਿੰਗ, ਕਰੱਸ਼ਰਾਂ ਅਤੇ ਰੇਤੇ ਦਾ ਹੱਬ ਹੋਣ ਕਾਰਨ ਇਹ ਸੜਕ ਸਵੇਰੇ ਸ਼ਾਮ ਟਿੱਪਰਾਂ ਨਾਲ ਘਿਰੀ ਰਹਿੰਦੀ ਹੈ। ਇਸ ਤੋਂ ਇਲਾਵਾ ਗੜ੍ਹਸ਼ੰਕਰ ਵਿਚੋਂ ਮਾਈਨਿੰਗ ਟਿੱਪਰਾਂ ਦੇ ਮਾਈਨਿੰਗ ਮਾਫ਼ੀਆ ਦੇ ਪਹਿਲਾਂ ਹੀ 17 ਵਿਅਕਤੀਆਂ ਦੀ ਬਲੀ ਲਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਿਹਤਰ ਹੋਵੇਗਾ ਕਿ ਪੰਜਾਬ ਸਰਕਾਰ ਰੂਪਨਗਰ ਜ਼ਿਲ੍ਹੇ ਦਾ ਨਾਂ ਬਦਲ ਕੇ ਸ੍ਰੀ ਅਨੰਦਪੁਰ ਸਾਹਿਬ ਰੱਖੇ ਅਤੇ ਜੋ 700-800 ਕਰੋੜ ਰੁਪਏ ਇਨ੍ਹਾਂ ਨੇ ਜ਼ਿਲ੍ਹਾ ਬਣਾਉਣ 'ਤੇ ਲਗਾਉਣਾ ਹੈ ਇਹ ਪੈਸਾ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਮਾਰਗ ਨੂੰ ਛੇ ਮਾਰਗੀ ਵਿਸ਼ਵ ਪੱਧਰੀ ਮਾਰਗ ਬਣਾਉਣ 'ਤੇ ਲਗਾਵੇ ਅਤੇ ਇਸ ਦੇ ਨਾਲ ਹੀ ਸ਼ਹਿਰ ਅਨੰਦਪੁਰ ਨੂੰ ਵਿਸ਼ਵ ਪੱਧਰੀ ਸਹੂਲਤਾਂ ਵਾਲਾ ਬਿਹਤਰੀਨ ਇਤਿਹਾਸਕ ਸਥਾਨ ਦੇ ਤੌਰ 'ਤੇ ਨਿਰਮਾਣ ਕਰਨ 'ਤੇ ਸਰਕਾਰ ਜ਼ੋਰ ਲਗਾਵੇ। 

ਨਿਮਿਸ਼ਾ ਮਹਿਤਾ ਨੇ ਗੜ੍ਹਸ਼ੰਕਰ ਦੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਤ ਸਭ ਨੇਤਾਵਾਂ ਨੂੰ ਅਤੇ ਜਥੇਬੰਦੀਆਂ ਨੂੰ ਇਸ ਮਸਲੇ 'ਤੇ ਇਕਜੁੱਟ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਗੜ੍ਹਸ਼ੰਕਰ ਦੀ ਭਲਾਈ ਲਈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਸ ਮੁੱਦੇ 'ਕੰਮ ਕਰਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜੇਕਰ ਜਲਦੀ ਹੀ ਮਸਲੇ 'ਤੇ ਇਹ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਲਾਮਬੰਦ ਕਰਨਗੇ ਅਤੇ ਸਰਕਾਰ ਖ਼ਿਲਾਫ਼ ਧਰਨੇ ਪ੍ਰਦਰਸ਼ਨਾਂ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਇਕ ਹੋਰ SHO 'ਤੇ ਡਿੱਗ ਸਕਦੀ ਹੈ ਗਾਜ! ਵਾਇਰਲ ਵੀਡੀਓ ਨੇ ਮਚਾਇਆ ਤਹਿਲਕਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News