ਕਿਸ਼ਨ ਲਾਲ ਦੀ ਘਰ ਵਾਪਸੀ ਦਾ ਮਾਮਲਾ ਭਾਜਪਾ ਦੇ ਗਲੇ ਦੀ ਹੱਡੀ ਬਣਿਆ

01/16/2019 12:10:00 PM

ਜਲੰਧਰ (ਚੋਪੜਾ)— ਕਿਸ਼ਨ ਲਾਲ ਸ਼ਰਮਾ ਨੂੰ ਭਾਜਪਾ 'ਚ ਵਾਪਸ ਲਿਆਉਣ ਦਾ ਮਾਮਲਾ ਪਾਰਟੀ ਹਾਈ ਕਮਾਨ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ ਅਤੇ ਕਿਸ਼ਨ ਲਾਲ ਦੇ ਵਿਰੋਧੀ ਸਾਬਕਾ ਸੀ. ਪੀ. ਐੱਸ. ਕੇ. ਡੀ. ਭੰਡਾਰੀ ਚੁੱਪ ਬੈਠਣ ਵਾਲੇ ਨਹੀਂ ਹਨ। ਜ਼ਿਲਾ ਪ੍ਰਧਾਨ ਕਿਸ਼ਨ ਲਾਲ ਦੇ ਵਾਪਸ ਆਉਣ 'ਤੇ ਵਿਰੋਧ ਦਰਜ ਕਰਵਾਉੁਣ ਤੋਂ ਬਾਅਦ ਭੰਡਾਰੀ ਨੇ ਹੁਣ ਇਕ ਕਦਮ ਅੱਗੇ ਵਧਾਉਂਦੇ ਹੋਏ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨਾਲ ਮਿਲ ਕੇ 2017 ਦੀਆਂ ਵਿਧਾਨ  ਸਭਾ ਚੋਣਾਂ 'ਚ ਕਿਸ਼ਨ ਲਾਲ ਵੱਲੋਂ ਕਾਂਗਰਸੀ ਉਮੀਦਵਾਰ ਦੇ ਸਮਰਥਨ 'ਚ ਕੀਤੀਆਂ ਗਈਆਂ  ਮੀਟਿੰਗਾਂ ਅਤੇ ਪਾਰਟੀ ਉਮੀਦਵਾਰਾਂ ਦੀ ਖੁੱਲ੍ਹੇਆਮ ਕੀਤੀ ਵਿਰੋਧਤਾ ਨਾਲ ਸਬੰਧਤ ਕਈ ਵੀਡੀਓ ਕਲਿੱਪ ਦਿਖਾਏ ਹਨ। ਇਸ ਤੋਂ ਇਲਾਵਾ ਕਿਸ਼ਨ ਲਾਲ ਦਾ ਮਾਮਲਾ ਦਿੱਲੀ ਦਰਬਾਰ ਤੱਕ ਵੀ ਜਾ ਪਹੁੰਚਿਆ ਹੈ ਅਤੇ ਕੁਝ ਹੋਰ ਸਥਾਨਕ ਨੇਤਾਵਾਂ ਨੇ ਵੀ ਇਸ ਮਾਮਲੇ ਵਿਚ ਦਖਲਅੰਦਾਜ਼ੀ ਕਰਨ  ਦੀ ਮੰਗ ਕੀਤੀ ਹੈ ਤਾਂ ਕਿ ਪਾਰਟੀ ਦੀ ਗਰਿਮਾ ਬਰਕਰਾਰ ਰਹੇ। ਹੁਣ ਅਗਲੇ ਦਿਨਾਂ 'ਚ ਪਾਰਟੀ ਕਿਸ਼ਨ ਲਾਲ ਮਾਮਲੇ 'ਚ ਉੱਠੇ ਬਵਾਲ 'ਤੇ ਕੋਈ ਫੈਸਲਾ ਲੈ ਸਕਦੀ ਹੈ। ਭੰਡਾਰੀ ਨੇ ਕਿਸੇ ਵੀ ਟਿੱਪਣੀ ਤੋਂ ਕੀਤਾ ਇਨਕਾਰ : ਇਸ ਸਬੰਧ 'ਚ ਕੇ. ਡੀ. ਭੰਡਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਗੱਲ ਸੂਬਾ ਪ੍ਰਧਾਨ ਸ਼ਵੇਤ ਮਲਿਕ ਸਾਹਮਣੇ ਰੱਖੀ ਹੈ। ਉਨ੍ਹਾਂ ਨੇ ਮੀਡੀਆ ਸਾਹਮਣੇ ਇਸ ਮਾਮਲੇ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਭੰਡਾਰੀ ਦੀ ਸ਼ਿਕਾਇਤ ਨੂੰ ਸੂਬਾ ਪ੍ਰਧਾਨ ਤੱਕ ਪਹੁੰਚਾ ਦਿੱਤਾ ਸੀ : ਰਮਨ ਪੱਬੀ
ਜ਼ਿਲਾ ਭਾਜਪਾ ਦੇ ਪ੍ਰਧਾਨ ਰਮਨ ਪੱਬੀ ਦਾ ਇਸ ਮਾਮਲੇ 'ਚ ਕਹਿਣਾ ਹੈ ਕਿ ਕਿਸ਼ਨ ਲਾਲ ਦੇ ਭਾਜਪਾ  ਵਿਚ ਘਰ ਵਾਪਸੀ ਹੋਣ ਤੋਂ ਬਾਅਦ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਸ਼ਿਕਾਇਤ ਨੂੰ ਸੂਬਾ  ਪ੍ਰਧਾਨ ਸ਼ਵੇਤ ਮਲਿਕ ਤੱਕ ਪਹੁੰਚਾ ਦਿੱਤਾ ਗਿਆ ਸੀ। ਹੁਣ ਇਸ ਮਾਮਲੇ 'ਚ ਕੋਈ ਵੀ ਫੈਸਲਾ ਲੈਣਾ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਨਹੀਂ ਹੈ।

shivani attri

This news is Content Editor shivani attri