ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਭਰੇ ਜਾ ਰਹੇ ਨੇ ਫਰੀ ਫਾਰਮ, ਜਗੀਰ ਕੌਰ ਨੇ ਖੋਲ੍ਹਿਆ ਦਫਤਰ

11/19/2019 5:25:48 PM

ਸੁਲਤਾਨਪੁਰ ਲੋਧੀ (ਸੋਢੀ)— ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਇਲਾਕੇ ਦੀਆਂ ਸੰਗਤਾਂ ਨੂੰ ਆਨਲਾਈਨ ਫਾਰਮ ਭਰਨ ਸੰਬੰਧੀ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਦੇ ਹੋਏ ਬੀਬੀ ਜਗੀਰ ਕੌਰ ਨੇ  ਆਪਣੇ ਬੈਗੋਵਾਲ ਦਫਤਰ 'ਚ ਵਿਸ਼ੇਸ਼ ਦਫਤਰ ਖੋਲ੍ਹ ਦਿੱਤਾ ਹੈ। ਇਥੇ ਮਾਸਟਰ ਅਮਰੀਕ ਸਿੰਘ ਰੋਜ਼ਾਨਾ ਸੰਗਤਾਂ ਦੇ ਫਰੀ ਆਨਲਾਈਨ ਫਾਰਮ ਭਰਨ 'ਚ ਮਦਦ ਕਰਨਗੇ। ਇਹ ਜਾਣਕਾਰੀ ਦਿੰਦੇ ਹੋਏ ਇਸਤਰੀ ਵਿੰਗ ਦੀ ਪ੍ਰਧਾਨ ਅਤੇ ਅਕਾਲੀ ਆਗੂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਉਹ ਖੁਦ ਇਲਾਕੇ ਦੀਆਂ ਸੰਗਤਾਂ ਦਾ ਵੱਡਾ ਜਥਾ ਲੈ ਕੇ 11 ਦਸੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਸਵੇਰੇ ਰਵਾਨਾ ਹੋਣਗੇ ਅਤੇ ਸ਼ਬਦ ਕੀਰਤਨ ਕਰਦੇ ਹੋਏ ਸੰਗਤਾਂ ਦਾ ਇਹ ਜਥਾ ਦਰਸ਼ਨ ਯਾਤਰਾ ਕਰਕੇ ਸ਼ਾਮ ਨੂੰ ਘਰ ਪਰਤ ਜਾਵੇਗਾ। 

ਉਨ੍ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ 11 ਦਸੰਬਰ ਨੂੰ ਜਥੇ ਨਾਲ ਜਾਣਾ ਹੋਵੇ ਉਹ ਵੀ ਅਤੇ ਹੋਰ ਸੰਗਤਾਂ ਜਿਨ੍ਹਾਂ ਕਿਸੇ ਵੀ ਹੋਰ ਦਿਨ ਦਰਸ਼ਨਾਂ ਲਈ ਸ੍ਰੀ ਕਰਤਾਰਪੁਰ ਸਾਹਿਬ ਜਾਣਾ ਹੋਵੇ, ਉਹ ਉਨ੍ਹਾਂ ਦੇ ਬੈਗੋਵਾਲ ਸਥਿਤ ਦਫਤਰ 'ਚ ਮਾਸਟਰ ਅਮਰੀਕ ਸਿੰਘ ਨਾਲ 99148 65337 'ਤੇ ਸੰਪਰਕ ਕਰਕੇ ਫਰੀ ਆਨਲਾਈਨ ਫਾਰਮ ਭਰਵਾ ਕੇ ਬੁੱਕਿੰਗ ਕਰਵਾ ਸਕਦੇ ਹਨ। 

ਬੀਬੀ ਜਗੀਰ ਕੌਰ ਨੇ ਕਿਹਾ ਕਿ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਬਹੁਤ ਸਰਲ ਹੈ ਅਤੇ ਕੋਈ ਵੀ ਵਿਅਕਤੀ ਇਹ ਫਾਰਮ ਆਨਲਾਈਨ ਭਰ ਸਕਦਾ ਹੈ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ 'ਚ ਆਯੋਜਿਤ ਕੌਮਾਂਤਰੀ ਪੱਧਰ ਦੇ ਸਮਾਗਮਾਂ ਲਈ ਸਹਿਯੋਗ ਕਰਨ ਵਾਲੀਆਂ ਸ਼ਖਸ਼ੀਅਤਾਂ ਅਤੇ ਗੁਰੂ ਕੇ ਲੰਗਰਾਂ ਦੀ ਤਨ ਮਨ ਧੰਨ ਨਾਲ ਸੇਵਾ ਕਰਨ ਵਾਲੇ ਸੰਤਾਂ ਮਹਾਂਪੁਰਸ਼ਾਂ ਅਤੇ ਧਾਰਮਿਕ ਜਥੇਬੰਦੀਆਂ ਅਤੇ ਹੋਰ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੁਝ ਦਿਨਾਂ ਬਾਅਦ ਵਿਸ਼ੇਸ਼ ਸ਼ੁਕਰਾਨਾ ਸਮਾਗਮ ਆਯੋਜਿਤ ਕੀਤਾ ਜਾਵੇਗਾ, ਜਿੱਥੇ ਸਾਰੀਆਂ ਹਸਤੀਆਂ ਦਾ ਸਨਮਾਨ ਕੀਤਾ ਜਾਵੇਗਾ ।


shivani attri

Content Editor

Related News