ਰੂਪਨਗਰ ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਿਭਾਗ ’ਚ 5 ਡਾਕਟਰਾਂ ਦੇ ਅਹੁਦੇ ਖ਼ਾਲੀ, ਮਰੀਜ਼ ਹੋ ਰਹੇ ਪ੍ਰੇਸ਼ਾਨ

Friday, Jan 05, 2024 - 02:39 PM (IST)

ਰੂਪਨਗਰ ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਿਭਾਗ ’ਚ 5 ਡਾਕਟਰਾਂ ਦੇ ਅਹੁਦੇ ਖ਼ਾਲੀ, ਮਰੀਜ਼ ਹੋ ਰਹੇ ਪ੍ਰੇਸ਼ਾਨ

ਰੂਪਨਗਰ (ਕੈਲਾਸ਼)-ਪੰਜਾਬ ਸਰਕਾਰ ਨੇ ਸਾਰੇ ਪੰਜਾਬ ’ਚ ਆਮ ਆਦਮੀ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਸਹੂਲਤ ਦਿੱਤੀ ਹੈ ਪਰ ਇਸ ਦੇ ਨਾਲ ਹੀ ਰੂਪਨਗਰ ਜ਼ਿਲ੍ਹਾ ਹੈੱਡਕੁਆਰਟਰ ’ਚ ਚੱਲ ਰਹੇ 120 ਬਿਸਤਰਿਆਂ ਵਾਲੇ ਸਿਵਲ ਹਸਪਤਾਲ ਰੂਪਨਗਰ ’ਚ ਡਾਕਟਰਾਂ, ਸਟਾਫ਼ ਨਰਸਾਂ, ਸਫ਼ਾਈ ਸੇਵਕਾਂ ਦੀ ਭਾਰੀ ਕਮੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹਾ ਹਸਪਤਾਲ ’ਚ ਰੋਜ਼ਾਨਾ 700 ਤੋਂ ਵਧ ਮਰੀਜ਼ ਓ. ਪੀ. ਡੀ. ਵਿਭਾਗ ’ਚ ਚੈੱਕਅਪ ਲਈ ਆਉਂਦੇ ਹਨ ਪਰ ਉਨ੍ਹਾਂ ਨੂੰ ਮਾਹਿਰ ਡਾਕਟਰਾਂ ਦੀਆਂ ਸਹੂਲਤਾਂ ਨਾ ਮਿਲਣ ਕਾਰਨ ਨਿਰਾਸ਼ ਪਰਤਣਾ ਪੈਂਦਾ ਹੈ।

ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਿਭਾਗ ’ਚ 24 ਘੰਟੇ 7 ਦਿਨ ਮਰੀਜ਼ਾਂ ਲਈ ਸਹੂਲਤਾਂ ਉਪਲਬੱਧ ਰਹਿੰਦੀਆਂ ਹਨ ਪਰ ਉਕਤ ਵਿਭਾਗ ’ਚ 10 ਡਾਕਟਰਾਂ ਦੀ ਪੋਸਟ ਹੋਣ ਦੇ ਬਾਵਜੂਦ 5 ਡਾਕਟਰ ਹੀ ਤਾਇਨਾਤ ਕੀਤੇ ਗਏ ਹਨ ਅਤੇ 5 ਪੋਸਟਾਂ ਲੰਬੇ ਸਮੇਂ ਤੋਂ ਖ਼ਾਲੀ ਪਈਆਂ ਹਨ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਜ਼ਿਲ੍ਹਾ ਹਸਪਤਾਲ ਨੈਸ਼ਨਲ ਹਾਈਵੇਅ, ਸਟੇਟ ਹਾਈਵੇਅ ਅਤੇ ਹਿਮਾਚਲ ਦੇ ਸ਼ਹਿਰ ਨਾਲਾਗੜ੍ਹ ਦੇ ਨਾਲ ਲੱਗਣ ਕਾਰਨ ਜ਼ਿਆਦਾਤਰ ਹਾਦਸਾਗ੍ਰਸਤ ਲੋਕ ਐਮਰਜੈਂਸੀ ’ਚ ਪਹੁੰਚਦੇ ਹਨ ਪਰ ਐਮਰਜੈਂਸੀ ’ਚ ਡਾਕਟਰਾਂ ਦੀ ਕਮੀ ਕਾਰਨ ਜ਼ਿਲ੍ਹਾ ਹਸਪਤਾਲ ’ਚ ਮਾਹਿਰ ਡਾਕਟਰਾਂ ਨੂੰ ਡਿਊਟੀ ’ਤੇ ਲਾਇਆ ਜਾ ਰਿਹਾ ਹੈ, ਜਿਸ ਕਾਰਨ ਮਾਹਿਰ ਡਾਕਟਰਾਂ ਦਾ ਆਪਣੇ ਕਮਰੇ ’ਚ ਨਾ ਹੋਣਾ ਮਰੀਜ਼ਾਂ ਲਈ ਭਾਰੀ ਪ੍ਰੇਸ਼ਾਨੀਆਂ ਦਾ ਕਾਰਨ ਬਣ ਰਿਹਾ ਹੈ। ਇਸ ਸਬੰਧੀ ਸ਼ਹਿਰ ਦੇ ਸਮਾਜਸੇਵੀ ਸੰਗਠਨਾਂ ਸਿਟੀਜ਼ਨ ਵੈੱਲਫੇਅਰ ਕੌਂਸਲ ਦੇ ਪ੍ਰਧਾਨ ਮਦਨ ਗੁਪਤਾ, ਜਨਰਲ ਸਕੱਤਰ ਆਰ. ਕੇ. ਭੱਲਾ, ਗੋਪਾਲ ਗਊਸ਼ਾਲਾ ਦੇ ਪ੍ਰਧਾਨ ਭਾਰਤ ਭੂਸ਼ਣ ਸ਼ਰਮਾ, ਜਨਰਲ ਸਕੱਤਰ ਬਲਦੇਵ ਅਰੋੜਾ, ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਬੁਲਾਰੇ ਅਸ਼ਵਨੀ ਸ਼ਰਮਾ, ਹਰੇ ਕ੍ਰਿਸ਼ਨ ਸੰਕੀਰਤਨ ਮੰਡਲ ਦੇ ਸੰਯੋਜਕ ਮੂਲਰਾਜ ਸ਼ਰਮਾ, ਡਾ. ਗੋਰਖ ਰਾਮ ਸ਼ਰਮਾ, ਵਿਜੇ ਕਾਲੜਾ, ਪ੍ਰਿੰਸੀਪਲ ਰਵੀ ਸ਼ੰਕਰ ਬੰਸਲ ਅਤੇ ਹੋਰ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਐਮਰਜੈਂਸੀ ਵਿਭਾਗ ’ਚ ਡਾਕਟਰਾਂ ਦੀ ਚੱਲ ਰਹੀ ਕਮੀ ਨੂੰ ਤੁਰੰਤ ਪੂਰੀ ਕਰਨ ਦੀ ਮੰਗ ਕੀਤੀ ਹੈ।

PunjabKesari

ਇਹ ਵੀ ਪੜ੍ਹੋ : ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲੇ ਲਈ ਏਰੀਅਰ ਬਣਿਆ ਪ੍ਰੇਸ਼ਾਨੀ ਦਾ ਸਬੱਬ, 9600 ਦਾ ਬਿੱਲ ਵੇਖ ਉੱਡੇ ਹੋਸ਼

ਮਾਹਿਰ ਡਾਕਟਰਾਂ ਦੇ ਅਹੁਦੇ ਵੀ ਪਏ ਹਨ ਖ਼ਾਲੀ
ਪ੍ਰਾਪਤ ਜਾਣਕਾਰੀ ਅਨੁਸਾਰ 120 ਬਿਸਤਰਿਆਂ ਵਾਲੇ ਜ਼ਿਲ੍ਹਾ ਹਸਪਤਾਲ ਜਿਸ ਵਿਚ 140 ਤੋਂ ਵੱਧ ਮਰੀਜ਼ ਦਾਖ਼ਲ ਰਹਿੰਦੇ ਹਨ ਪਰ ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਖ਼ਾਲੀ ਹੋਣ ਕਾਰਨ ਮਰੀਜ਼ਾਂ ਨੂੰ ਜਾਂ ਤਾਂ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਇਲਾਜ ਲਈ ਨਿੱਜੀ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ’ਤੇ ਭਾਰੀ ਵਿੱਤੀ ਬੋਝ ਵੀ ਪੈ ਰਿਹਾ ਹੈ। ਸਰਕਾਰ ਗਰਭਵਤੀ ਔਰਤਾਂ ਨੂੰ ਸਰਕਾਰੀ ਹਸਪਤਾਲਾਂ ’ਚ ਹੀ ਜਣੇਪੇ ਕਰਵਾਉਣ ਦੀ ਸਲਾਹ ਦਿੰਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਗਾਇਨੀਕੋਲੋਜੀ ਵਿਭਾਗ ’ਚ ਇਕ ਸਾਲ ਤੋਂ ਵੱਧ ਸਮੇਂ ਤੋਂ ਦੋ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਇਕ ਡਾਕਟਰ ’ਤੇ ਹੀ ਮਰੀਜ਼ਾਂ ਦਾ ਬੋਝ ਹੈ ਜੇਕਰ ਕਿਸੇ ਕਾਰਨ ਉਸ ਨੂੰ ਛੁੱਟੀ ’ਤੇ ਜਾਣਾ ਪੈਂਦਾ ਹੈ ਤਾਂ ਸਿਹਤ ਵਿਭਾਗ ਕੋਲ ਮਰੀਜ਼ਾਂ ਨੂੰ ਰੈਫ਼ਰ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਇਸੇ ਤਰ੍ਹਾਂ ਬੱਚਿਆਂ ਦੇ ਮਾਹਿਰ ਡਾਕਟਰ ਦੀਆਂ 5 ਅਸਾਮੀਆਂ ਹਨ, ਜਿਨ੍ਹਾਂ ਵਿਚੋਂ 4 ਖਾਲੀ ਪਈਆਂ ਹਨ। 

ਮੈਡੀਕਲ ਸਪੈਸ਼ਲਿਸਟ ਡਾਕਟਰਾਂ ਦੀਆਂ ਵੀ 2 ਅਸਾਮੀਆਂ ਹਨ ਪਰ ਸਿਰਫ਼ ਇਕ ਡਾਕਟਰ ਤਾਇਨਾਤ ਹੋਣ ਕਾਰਨ ਮਰੀਜ਼ਾਂ ਦੀ ਭਾਰੀ ਭੀੜ ਰਹਿੰਦੀ ਹੈ ਅਤੇ ਮਰੀਜ਼ਾਂ ਨੂੰ ਆਪਣੀ ਵਾਰੀ ਲਈ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ। ਮਨੋਚਿਕਿਤਸਕ ਦੀਆਂ ਵੀ ਦੋ ਅਸਾਮੀਆਂ ਹਨ, ਜਿਨ੍ਹਾਂ ’ਚੋਂ ਇਕ ਖ਼ਾਲੀ ਪਈ ਹੈ ਅਤੇ ਤਾਇਨਾਤ ਮਨੋਰੋਗ ਡਾਕਟਰ ਨੂੰ ਕਈ ਵਾਰ ਜ਼ਿਲ੍ਹਾ ਹਸਪਤਾਲ ’ਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਅਤੇ ਓਟ ਕਲੀਨਿਕ ’ਚ ਜਾਣਾ ਪੈਂਦਾ ਹੈ ਅਤੇ ਜੇਲ੍ਹ ਦੀ ਡਿਊਟੀ ’ਤੇ ਵੀ ਜਾਣਾ ਪੈਂਦਾ ਹੈ। ਜ਼ਿਲ੍ਹਾ ਹਸਪਤਾਲ ਵਿਚ ਫੋਰੈਂਸਿਕ ਸਪੈਸ਼ਲਿਸਟ ਦੀ ਅਸਾਮੀ ਵੀ ਲੰਮੇ ਸਮੇਂ ਤੋਂ ਖਾਲੀ ਪਈ ਹੈ।

ਇਹ ਵੀ ਪੜ੍ਹੋ :  ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੀ ਸੰਗਤ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਗੱਡੀ ਦੇ ਉੱਡੇ ਪਰਖੱਚੇ

PunjabKesari

ਜ਼ਿਲ੍ਹਾ ਹਸਪਤਾਲ ’ਚ ਲਗਭਗ 5 ਸਾਲਾਂ ਤੋਂ ਬੰਦ ਪਿਆ ਹੈ ਅਲਟਰਾਸਾਊਂਡ ਸੈਂਟਰ
ਜ਼ਿਲ੍ਹਾ ਹਸਪਤਾਲ ਵਿਚ ਅਲਟਰਾਸਾਊਂਡ ਮਸ਼ੀਨ ਸਥਾਪਤ ਹੈ ਰੇਡੀਓਲੋਜਿਸਟ ਦੀ ਅਸਾਮੀ ਪਿਛਲੇ 5 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਖ਼ਾਲੀ ਪਈ ਹੈ, ਜਿਸ ਕਾਰਨ ਉਕਤ ਮਸ਼ੀਨ ’ਤੇ ਧੂੜ ਪੈ ਰਹੀ ਹੈ, ਜਿਨ੍ਹਾਂ ਮਰੀਜ਼ਾਂ ਨੂੰ ਅਲਟਰਾਸਾਊਂਡ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਪ੍ਰਾਈਵੇਟ ਸੈਂਟਰਾਂ ਵਿਚ ਜਾ ਕੇ ਭਾਰੀ ਖ਼ਰਚਾ ਕਰਕੇ ਅਲਟਰਾਸਾਊਂਡ ਕਰਵਾਉਣਾ ਪੈਂਦਾ ਹੈ। ਰੇਡੀਓਲੋਜਿਸਟ ਦੀ ਅਸਾਮੀ ਖ਼ਾਲੀ ਹੋਣ ਕਾਰਨ ਐਕਸਰੇ ਵਿਭਾਗ ਦੀ ਰਿਪੋਰਟਿੰਗ ਵੀ ਪ੍ਰਭਾਵਿਤ ਹੋ ਰਹੀ ਹੈ ਅਤੇ ਰਿਪੋਰਟਿੰਗ ਲਈ ਦੂਜੇ ਮਾਹਿਰ ਡਾਕਟਰਾਂ ਦਾ ਸਹਾਰਾ ਲੈਣਾ ਪੈਂਦਾ ਹੈ। ਇਥੇ ਦੱਸ ਦੇਈਏ ਕਿ ਲੋਕਾਂ ਦੀ ਸਹੂਲਤ ਲਈ ਅਲਟਰਾਸਾਊਂਡ ਦੀ ਫ਼ੀਸ ਸਿਰਫ਼ 150 ਰੁਪਏ ਰੱਖੀ ਗਈ ਹੈ ਪਰ ਪ੍ਰਾਈਵੇਟ ਸੈਂਟਰ ਅਲਟਰਾਸਾਊਂਡ ਲਈ ਮੋਟੀਆਂ ਫ਼ੀਸਾਂ ਵਸੂਲ ਰਹੇ ਹਨ।

ਸਟਾਫ਼ ਨਰਸਾਂ ਦੇ ਵੀ 5 ਅਹੁਦੇ ਖ਼ਾਲੀ
ਪਤਾ ਚੱਲਿਆ ਹੈ ਕਿ ਜ਼ਿਲ੍ਹਾ ਹਸਪਤਾਲ ’ਚ ਸਟਾਫ਼ ਨਰਸਾਂ ਦੇ ਲਗਭਗ 49 ਅਹੁਦੇ ਖ਼ਾਲੀ ਹਨ, ਜਿਨ੍ਹਾਂ ’ਚੋਂ 5 ਪੋਸਟਾਂ ਲੰਬੇ ਸਮੇਂ ਤੋਂ ਖ਼ਾਲੀ ਪਈਆਂ ਹਨ ਜਦਕਿ ਹਸਪਤਾਲ ’ਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਨਿਰਧਾਰਤ ਗਿਣਤੀ ਤੋਂ ਕਿਤੇ ਜ਼ਿਆਦਾ ਰਹਿੰਦੀ ਹੈ ਜਿਸ ਕਾਰਨ ਕਈ ਵਾਰ ਤਾਂ 2 ਵੱਖ ਵੱਖ ਵਾਰਡਾਂ ’ਚ ਇਕ ਹੀ ਸਟਾਫ ਨਰਸ ਨੂੰ ਦੇਖ-ਰੇਖ ਲਈ ਤਾਇਨਾਤ ਕੀਤਾ ਜਾਂਦਾ ਹੈ ਕਿਸੇ ਵੀ ਮਰੀਜ਼ ਨੂੰ ਐਮਰਜੈਂਸੀ ਹੋਣ ’ਤੇ ਸਟਾਫ਼ ਨਰਸਾਂ ਦੇ ਵੀ ਹੱਥ ਪੈਰ ਫੁਲਣੇ ਸ਼ੁਰੂ ਹੋ ਜਾਂਦੇ ਹਨ।

ਇਹ ਵੀ ਪੜ੍ਹੋ : ਮੰਤਰੀ ਬਲਕਾਰ ਸਿੰਘ ਦਾ ਅਹਿਮ ਐਲਾਨ, ਸ਼ਹਿਰਾਂ ਲਈ ਬਣਨਗੇ ਮਾਸਟਰ ਪਲਾਨ, ਦਿੱਤੀਆਂ ਇਹ ਹਦਾਇਤਾਂ

ਦਰਜ਼ਾ-4 ਅਤੇ ਸਫ਼ਾਈ ਸੇਵਕਾਂ ਦੇ 42 ਅਹੁਦੇ ਪਏ ਹਨ ਖ਼ਾਲੀ
ਸੂਤਰਾਂ ਮੁਤਾਬਕ ਦਰਜ਼ਾ 4 ਅਤੇ ਸਫਾਈ ਸੇਵਕਾਂ ਦੇ ਜ਼ਿਲ੍ਹਾ ਹਸਪਤਾਲ ’ਚ 60 ਅਹੁਦੇ ਹਨ ਪਰ ਉਕਤ ’ਚੋਂ 42 ਅਹੁਦੇ ਖ਼ਾਲੀ ਪਏ ਹਨ, ਜਿਸ ਕਾਰਨ ਜ਼ਿਲ੍ਹਾ ਹਸਪਤਾਲ ਦੇ ਵਾਰਡਾਂ ’ਚ ਦਰਜ਼ਾ 4 ਕਰਮਚਾਰੀ ਘੱਟ ਹੀ ਵੇਖਣ ਨੂੰ ਮਿਲਦੇ ਹਨ। ਡਾਕਟਰਾਂ ਦੇ ਕਮਰਿਆਂ ਅੱਗੇ ਵੀ ਭੀੜ ਰਹਿੰਦੀ ਹੈ ਅਤੇ ਭੀੜ ਨੂੰ ਕੰਟਰੋਲ ਕਰਨ ਲਈ ਕੋਈ ਵੀ ਦਰਜ਼ਾ 4 ਕਰਮਚਾਰੀ ਉਥੇ ਤਾਇਨਾਤ ਨਹੀਂ ਹੁੰਦਾ, ਜਿਸ ਕਾਰਨ ਮਰੀਜ਼ਾਂ ਨੂੰ ਆਪਣੀ ਵਾਰੀ ਲਈ ਲੜਾਈ ਝਗੜੇ ਕਰਦੇ ਵੇਖਣਾ ਆਮ ਗੱਲ ਹੈ ਪਰ ਜ਼ਿਲ੍ਹਾ ਹਸਪਤਾਲ ਦੇ ਉੱਚ ਅਧਿਕਾਰੀ ਇਹ ਸਭ ਜਾਣਦੇ ਵੀ ਅਸਮਰੱਥ ਨਜ਼ਰ ਆ ਰਹੇ ਹਨ।

PunjabKesari

ਕੀ ਕਹਿੰਦੀ ਹੈ ਸਿਵਲ ਸਰਜਨ
ਇਸ ਸਬੰਧੀ ਜਦੋਂ ਜ਼ਿਲ੍ਹਾ ਸਿਵਲ ਸਰਜਨ ਡਾ. ਮਨੂ ਵਿੱਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਡਾਕਟਰਾਂ ਅਤੇ ਹੋਰ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ਼ ਦੀ ਘਾਟ ਸਬੰਧੀ ਉੱਚ ਅਧਿਕਾਰੀਆਂ ਨੂੰ ਪੱਤਰ ਭੇਜਿਆ ਜਾ ਚੁੱਕਾ ਹੈ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਦੋਂ ਸਿਹਤ ਮੰਤਰੀ ਬਲਬੀਰ ਸਿੰਘ ਨੇ ਪਿਛਲੇ ਮਹੀਨੇ ਰੂਪਨਗਰ ਦੇ ਜ਼ਿਲ੍ਹਾ ਹਸਪਤਾਲ ਦਾ ਦੌਰਾ ਕੀਤਾ ਸੀ ਤਾਂ ਉਨ੍ਹਾਂ ਨੂੰ ਉਕਤ ਖਾਲੀ ਅਸਾਮੀਆਂ ਬਾਰੇ ਜਾਣੂੰ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਨੇ ਡਾਕਟਰਾਂ ਦੀਆਂ ਖ਼ਾਲੀ ਅਸਾਮੀਆਂ ਨੂੰ ਭਰਨ ਲਈ ਜਲਦੀ ਹੀ ਪ੍ਰਕਿਰਿਆ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਸੀ।

ਇਹ ਵੀ ਪੜ੍ਹੋ :  DSP ਦਲਬੀਰ ਸਿੰਘ ਕਤਲ ਮਾਮਲੇ 'ਚ CCTV ਫੁਟੇਜ ਆਈ ਸਾਹਮਣੇ, ਪੁਲਸ ਨੇ ਦੋਸ਼ੀ ਦੀ ਗ੍ਰਿਫ਼ਤਾਰੀ ਵਿਖਾ ਖੋਲ੍ਹੇ ਵੱਡੇ ਰਾਜ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News