ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

8/8/2019 9:51:39 AM

(ਕਿਸ਼ਤ ਚੌਦ੍ਹਵੀਂ)

ਮੱਝਾਂ ਦਾ ਖੇਤ ਉਜਾੜਨਾ ਅਤੇ ਜੱਟ ਦਾ ਰਾਇ ਬੁਲਾਰ ਕੋਲ ਫਰਿਆਦੀ ਹੋਣਾ

ਜਦੋਂ ਉਸ ਵੇਖਿਆ ਕਿ ਡੰਗਰਾਂ ਦਾ ਵਾਗੀ ਨਾਨਕ, ਇਕ ਦਰੱਖ਼ਤ ਦੀ ਛਾਵੇਂ ਬੜੇ ਮਜ਼ੇ ਨਾਲ ਚੌਂਕੜਾ ਮਾਰ ਕੇ ਅਤੇ ਅੱਖਾਂ ਮੁੰਦ ਕੇ ਸੁੱਤਾ ਪਿਆ (ਅੰਤਰ-ਧਿਆਨ ਹੋਈ ਬੈਠਾ) ਹੈ ਤਾਂ ਉਸ ਦਾ ਗੁੱਸਾ ਸੱਤਵੇਂ ਅਸਮਾਨ ਨੂੰ ਜਾ ਚੜ੍ਹਿਆ। ਗੁੱਸੇ ਨਾਲ ਤਿਲਮਿਲਾਉਂਦਿਆਂ ਉਹ ਗਰਜਿਆ, ਬੱਲੇ ਓਏ ਵੱਡਿਆ ਵਾਗੀਆ ਆਪ ਤੂੰ ਇਥੇ ਰੁੱਖ ਦੀ ਛਾਵੇਂ ਬੜੇ ਮਜ਼ੇ ਨਾਲ ਸੁੱਤਾ ਪਿਆ ਹੈਂ ਅਤੇ ਤੇਰੇ ਕੁੱਝ ਲੱਗਦੇ ਡੰਗਰਾਂ ਨੇ ਮੇਰੀ ਖੂਨ-ਪਸੀਨਾ ਇਕ ਕਰ ਕੇ ਪਾਲੀ ਸਾਰੀ ਫ਼ਸਲ ਦਾ ਕੱਖ ਨਹੀਂ ਛੱਡਿਆ।

ਜੱਟ ਦੀ ਉੱਚੀ ਅਤੇ ਕੁਰੱਖ਼ਤ ਆਵਾਜ਼ ਸੁਣ, ਨਾਨਕ ਸਾਹਿਬ ਇੱਕਦਮ ਤ੍ਰਬਕ ਕੇ ਸਾਵਧਾਨ ਹੋ ਗਏ। ਅੰਦਰੋਂ ਬਾਹਰ ਆਉਂਦਿਆਂ, ਉਨ੍ਹਾਂ ਨੇਤਰ ਖੋਲ੍ਹ ਕੇ ਕਿਰਸਾਨ ਵੱਲ ਤੱਕਿਆ। ਸਮਝ ਗਏ ਕਿ ਮੇਰੇ ਧਿਆਨ ਮਗਨ ਹੋ ਜਾਣ ਨਾਲ, ਪਸ਼ੂਆਂ ਨੇ ਇਸ ਦੇ ਖੇਤ ਦਾ ਨੁਕਸਾਨ ਕੀਤਾ ਹੈ। ਗਲਤੀ ਦੇ ਅਹਿਸਾਸ ਨਾਲ ਉਸ ਦਾ ਵਾਜਬ ਗਿਲ੍ਹਾ ਧਿਆਨਪੂਰਵਕ ਸੁਣਿਆ। ਉਪਰੰਤ ਬੜੇ ਤਹੰਮਲ ਅਤੇ ਸ਼ਾਂਤੀ ਨਾਲ ਮਿੱਠੀ ਆਵਾਜ਼ ਵਿਚ ਬੋਲੇ, ਚਿੰਤਾ ਅਤੇ ਕ੍ਰੋਧ ਨਾ ਕਰ ਦੋਸਤਾ ਮੇਰੀ ਗ਼ਲਤੀ ਨਾਲ ਇਨ੍ਹਾਂ ਰੱਬ ਦੇ ਜਾਏ ਬੇਜ਼ੁਬਾਨ ਜਾਨਵਰਾਂ ਨੇ ਅਣਜਾਣੇ ਵਿਚ ਤੇਰੀ ਪੈਲੀ ਵਿਚ ਜੇਕਰ ਦੋ ਬੁਰਕ ਮਾਰ ਲਏ ਹਨ ਤਾਂ ਯਕੀਨ ਜਾਣੀ ਇਨ੍ਹਾਂ ਦਾ ਪਾਲਣਹਾਰ ਰੱਬ, ਤੇਰਾ ਹੋਇਆ ਨੁਕਸਾਨ ਜ਼ਰੂਰ ਪੂਰਾ ਕਰੇਗਾ। ਤੇਰੀ ਫਸਲ ਵਿਚ ਉਹ ਬਰਕਤ ਪਵੇਗੀ ਕਿ ਤੈਨੂੰ ਕੋਈ ਘਾਟਾ ਨਹੀਂ ਰਹੇਗਾ।

ਪਰ ਨਾਨਕ ਸਾਹਿਬ ਦੇ ਇਨ੍ਹਾਂ ਭਾਵਪੂਰਤ ਅਤੇ ਬੇਸ਼ਕੀਮਤੀ ਬੋਲਾਂ ਨਾਲ ਜੱਟ ਦੇ ਸੀਨੇ ਠੰਡ ਨਾ ਪਈ, ਧੀਰਜ ਨਾ ਆਇਆ ਅਤੇ ਨਾ ਹੀ ਕ੍ਰੋਧ ਮੱਠਾ ਹੋਇਆ। ਸੰਭਵਤਾ ਉਸ ਦਾ ਗੁੱਸਾ ਹੋਰ ਪ੍ਰਚੰਡ ਅਤੇ ਹਿੰਸਕ ਰੂਪ ਅਖ਼ਤਿਆਰ ਕਰ ਜਾਂਦਾ ਜੇਕਰ ਉਸ ਨੂੰ ਇਸ ਤੱਥ ਦਾ ਗਿਆਨ ਨਾ ਹੁੰਦਾ ਕਿ ਇਹ ਆਜੜੀ/ਚਰਵਾਹਾ ਕੋਈ ਹੋਰ ਨਹੀਂ ਸਗੋਂ ਤਲਵੰਡੀ ਦੇ ਮਾਲਕ ਰਾਇ ਬੁਲਾਰ ਦੇ ਕਾਰਦਾਰ ਮਹਿਤਾ ਕਲਿਆਣ ਦਾਸ ਦਾ ਪੁੱਤਰ ਹੈ। ਸੋ ਆਪਣੇ ਤੌਰ ’ਤੇ ਸਿੱਧਿਆਂ ਕੋਈ ਕਾਰਵਾਈ ਕਰਨ ਦੀ ਥਾਂ ਉਸ ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖ ਰਹੇ ਨਾਨਕ ਸਾਹਿਬ ਨੂੰ ਬਾਹੋਂ ਫੜਿਆ ਅਤੇ ਇਕ ਪ੍ਰਕਾਰ ਨਾਲ ਉਨ੍ਹਾਂ ਨੂੰ ਆਪਣੇ ਨਾਲ ਧਰੀਕਦਾ ਹੋਇਆ ਸਿੱਧਾ ਤਲਵੰਡੀ ਨਗਰ ਦੇ ਮਾਲਕ ਅਤੇ ਭੱੱਟੀਆਂ ਦੇ ਰਾਜੇ, ਰਾਇ ਬੁਲਾਰ ਦੇ ਟਿਕਾਣੇ ਜਾ ਪੁੱਜਾ।

ਉਸ ਵੇਖਿਆ ਕਿ ਭੱਟੀ ਸਰਦਾਰ ਰਾਇ ਬੁਲਾਰ ਆਪਣੀ ਹਵੇਲੀ ਵਿਚ ਇਕ ਸੰਘਣੇ ਰੁੱਖ ਦੀ ਛਾਵੇਂ ਪਲੰਘ ’ਤੇ ਬੈਠਾ ਹੋਇਆ ਹੈ ਅਤੇ ਸਨਮੁੱਖ ਵਿਛੀਆਂ ਸਫ਼ਾਂ ’ਤੇ ਬੈਠੇ ਆਪਣੇ ਕੁੱਝ ਨੇੜਲੇ ਮਿੱਤਰ-ਪਿਆਰਿਆਂ ਅਤੇ ਪਿੰਡ ਦੇ ਮੋਹਤਬਰ ਸੱਜਣਾਂ ਨਾਲ ਗੱਲੀਂ ਲੱਗਾ ਹੋਇਆ ਹੈ। ਰਾਇ ਬੁਲਾਰ ਸਾਹਿਬ ਦੇ ਨਜ਼ਦੀਕ ਪੁੱਜਦਿਆਂ ਹੀ ਉਸ ਪੀੜਤਾਂ ਅਤੇ ਫ਼ਰਿਆਦੀਆਂ ਵਾਂਗ ਰੋਂਦਿਆਂ-ਪਿੱਟਦਿਆਂ ਗੁਹਾਰ ਲਗਾਈ, ਦੁਹਾਈ ਪਾਈ, ਹੇ ਭੱਟੀਆਂ ਦੇ ਰਾਜਾ ਮੈਂ ਲੁੱਟਿਆ ਗਿਆ, ਮੈਂ ਉੱਜੜ ਗਿਆ। ਮੇਰੇ ਨਾਲ ਨਿਆਂ ਕਰੋ।

ਰਾਇ ਬੁਲਾਰ ਸਾਹਿਬ ਨੇ ਉਸ ਵੱਲ ਧਿਆਨ ਕੀਤਾ ਅਤੇ ਸਹਿਜਤਾ ਨਾਲ ਆਖਿਆ, ਹੇ ਰੱਬ ਦੇ ਬੰਦੇ ਮੇਰੀ ਰਿਆਇਆ ਹੋਣ ਕਾਰਣ ਔਖੇ-ਸੌਖੇ ਵੇਲੇ ਮੇਰੇ ਪਾਸ ਬਹੁੜੀ ਕਰਨੀ ਅਤੇ ਮੇਰੇ ਪਾਸੋਂ ਇਨਸਾਫ਼ ਦੀ ਤਵੱਕੋ ਰੱਖਣੀ ਅਤੇ ਮੰਗ ਕਰਨੀ, ਤੁਹਾਡਾ ਹੱਕ ਹੈ, ਅਧਿਕਾਰ ਹੈ। ਬਦਲੇ ਵਿਚ ਤੁਹਾਡੇ ਨਾਲ ਨਿਆਂ ਕਰਨਾ ਮੇਰਾ ਫ਼ਰਜ਼ ਹੈ, ਧਰਮ ਹੈ, ਈਮਾਨ ਹੈ। ਇਸ ਲਈ ਧੀਰਜ ਰੱਖ ਅਤੇ ਆਰਾਮ ਨਾਲ ਦੱਸ ਕਿ ਤੇਰੀ ਸ਼ਿਕਾਇਤ ਕੀ ਹੈ, ਸਮੱਸਿਆ ਕੀ ਹੈ? ਤੇਰੇ ਨਾਲ ਐਸਾ ਕੀ ਵਾਪਰ ਗਿਆ ਹੈ, ਜਿਸ ਕਾਰਣ ਤੂੰ ਏਨਾ ਔਖਾ, ਦੁੱਖੀ ਅਤੇ ਅਵਾਜ਼ਾਰ ਹੋਇਆ ਪਿਆ ਹੈਂ।

ਅੱਗੋਂ ਫ਼ਰਿਆਦੀ ਜੱਟ ਕੁੱਝ ਦੱਸਣ ਦੀ ਬਜਾਏ ਵੇਗ ਵਿਚ ਬੱਸ ਇਹੋ ਆਖੀ ਜਾਏ, ਹਾਏ ਮੈਂ ਲੁੱਟਿਆ ਗਿਆ, ਮੈਂ ਪੁੱਟਿਆ ਗਿਆ, ਮੇਰੀ ਬਹੁੜੀ ਕਰੋ, ਮੇਰੇ ਨਾਲ ਨਿਆਂ ਕਰੋ। ਅੱਕ ਕੇ ਰਾਇ ਬੁਲਾਰ ਨੇ ਘੂਰ ਕੇ ਆਖਿਆ, ਭਾਈ ਸੱਜਣਾ ਤੂੰ ਤਾਂ ਕਮਲਿਆਂ ਵਾਂਗ ਬੱਸ ਇਕੋ ਰਟ ਲਾਈ ਐ ਪਈ ਮੈਂ ਲੁੱਟਿਆ ਗਿਆ, ਮੈਂ ਲੁੱਟਿਆ ਗਿਆ। ਕੁੱਝ ਦੱਸ ਵੀ ਤਾਂ ਸਹੀ ਪਈ ਤੈਨੂੰ ਕਿਸ ਨੇ ਲੁੱਟਿਆ ਹੈ ਅਤੇ ਤੇਰਾ ਕੀ ਲੁੱਟਿਆ ਗਿਆ ਹੈ।

ਰਾਇ ਸਾਹਿਬ ਦੀ ਘੂਰੀ ਦਾ ਅਸਰ ਕਬੂਲਦਿਆਂ ਜੱਟ ਝਿਜਕਦਿਆਂ ਬੋਲਿਆ, ਜਨਾਬ ਕੀ ਦੱਸਾਂ ਅਤੇ ਕੀ ਨਾ ਦੱਸਾਂ, ਲੁੱਟਣ ਵਾਲੇ ਕੋਈ ਹੋਰ ਨਹੀਂ, ਤੁਸਾਂ ਦੇ ਆਪਣੇ ਛਿੰਦੇ ਹਨ, ਨੇੜਲੇ ਹਨ। ਇਸ ਤੋਂ ਪਹਿਲਾਂ ਕਿ ਰਾਇ ਸਾਹਿਬ ਕੁੱਝ ਕਹਿੰਦੇ, ਕੋਲ ਬੈਠਾ ਉਨ੍ਹਾਂ ਦਾ ਇਕ ਨਜ਼ਦੀਕੀ ਮਿੱਤਰ ਅਤੇ ਸਲਾਹਕਾਰ ਬੋਲਿਆ, ਸਰਦਾਰ ਸਾਹਿਬ ਨੂੰ ਤਾਂ ਆਪਣੇ ਇਲਾਕੇ ਦੀ ਸਾਰੀ ਰਿਆਇਆ ਹੀ ਬਹੁਤ ਪਿਆਰੀ ਹੈ, ਤੂੰ ਕਿਸੇ ਦਾ ਨਾਂ ਤਾਂ ਲੈ। ਹੱਲ ਵਾਹਕ ਨੇ ਕੋਲ ਖਲ੍ਹੋਤੇ ਨਾਨਕ ਸਾਹਿਬ ਨੂੰ ਬਾਹੋਂ ਫੜ ਕੇ ਅਗਾਂਹ ਕਰਦਿਆਂ ਆਖਿਆ, ਆਹ ਜੇ ਮੇਰਾ ਦੋਸ਼ੀ, ਮੈਂ ਇਸੇ ਕਰ ਕੇ ਇਸ ਨੂੰ ਫੜ ਕੇ ਨਾਲ ਹੀ ਲਿਆਇਆ ਹਾਂ।

ਰਾਇ ਸਾਹਿਬ ਨੇ ਬਾਲ ਵੱਲ ਗਹੁ ਨਾਲ ਤੱਕਿਆ ਅਤੇ ਆਖਿਆ, ਇਹ ਤਾਂ ਮੇਰੇ ਕਾਰਦਾਰ ਮਹਿਤਾ ਕਾਲੂ ਦਾ ਪੁੱਤ ਏ। ਜੱਟ ਬੋਲਿਆ- ਹਾਂ ਓਹੋ ਐ, ਮਹਿਤਾ ਕਾਲੂ ਦਾ ਵਿਗੜਿਆ ਅਤੇ ਸਿਰ ਚੜ੍ਹਾਇਆ ਲਾਡਲਾ ਨਾਨਕ। ਰਾਇ ਸਾਹਿਬ ਦੇ ਕੋਲ ਬੈਠਾ ਉਨ੍ਹਾਂ ਦਾ ਇਕ ਦੋਸਤ ਬੋਲਿਆ- ਪਰ ਦੁਨੀਆ ਜਾਣਦੀ ਹੈ, ਇਹ ਤਾਂ ਮਾਸੂਮ ਹੈ, ਮਸਤ ਮੌਲਾ ਹੈ, ਮਸਤਾਨਾ ਹੈ, ਦੀਵਾਨਾ ਹੈ, ਬੜਾ ਭਲਾ ਲੋਕ ਹੈ, ਸਾਈਂ ਲੋਕ ਹੈ। ਇਹ ਤੇਰਾ ਕੀ ਵਿਗਾੜ ਸਕਦੈ। ਜੱਟ ਆਖਿਆ, ਮੈਨੂੰ ਪਹਿਲਾਂ ਹੀ ਪਤਾ ਸੀ। ਇਨ੍ਹਾਂ ਤਿਲਾਂ ਵਿਚ ਤੇਲ ਨਹੀਂ। ਤੁਸਾਂ ਮੈਨੂੰ ਇਨਸਾਫ਼ ਨਹੀਂ ਦੇਣਾ। ਮੇਰਾ ਦੋਸ਼ੀ ਕਿਉਂਕਿ ਤੁਹਾਡੇ ਪਟਵਾਰੀ ਦਾ ਪੁੱਤਰ ਹੈ, ਇਸ ਲਈ ਤੁਸਾਂ ਇਸ ਨੂੰ ਅਨਭੋਲ, ਮਸਤਾਨਾ, ਦੀਵਾਨਾ, ਕਮਲਾ, ਸਾਈਂ ਲੋਕ ਅਤੇ ਪਤਾ ਨਹੀਂ ਹੋਰ ਕੀ ਕੁੱਝ ਕਹਿ-ਕਹਿ ਕੇ, ਸਭ ਕਾਸੇ ਤੋਂ ਬਰੀ ਕਰ ਛੱਡਣਾ ਹੈ। ਜੇ ਤੁਸਾਂ ਇੰਝ ਹੀ ਗੋਂਗਲੂਆਂ ਤੋਂ ਮਿੱਟੀ ਝਾੜਨੀ ਹੈ ਤਾਂ ਮੈਂ ਪੈਨਾ ਲਾਹੌਰ ਦੇ ਰਾਹ।

ਰਾਇ ਸਾਹਿਬ ਆਖਿਆ, ਭਲਿਆ ਲੋਕਾ ਐਡਾ ਕਾਹਲਾ ਨਾ ਪੈ, ਕਮਲ ਨਾ ਕੁੱਟ। ਭਰੋਸਾ ਰੱਖ ਅਤੇ ਗੱਲ ਦੱਸ ਕਿ ਤੇਰੇ ਨਾਲ ਕੀ ਹੋਇਐ, ਕਿਵੇਂ ਹੋਇਐ? ਸਾਰੀ ਪੁੱਛ-ਪੜਤਾਲ ਕਰ ਕੇ ਫੇਰ ਕਰਾਂਗਾ ਮੈਂ ਇਨਸਾਫ਼। ਜੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਾ ਕੀਤਾ ਤਾਂ ਜੀ ਸਦਕੇ ਚਲਾ ਜਾਵੀਂ ਲਾਹੌਰ। ਮੈਂ ਨਹੀਂ ਤੈਨੂੰ ਰੋਕਦਾ। ਜੱਟ ਬੋਲਿਆ- ਰਾਇ ਸਾਹਿਬ ਇਹ ਜੋ ਤੁਹਾਡੇ ਕਾਰਦਾਰ ਮਹਿਤੇ ਦਾ ਲਾਡਲਾ ਅੱਜਕੱਲ ਨਵਾਂ-ਨਵਾਂ ਚਰਵਾਹਾ ਬਣਿਆ ਅਤੇ ਜਿਸ ਨੂੰ ਤੁਸੀਂ ਲੋਕ ਪਤਾ ਨਹੀਂ ਕਿਉਂ ਦੀਵਾਨਾ ਅਤੇ ਮਸਤਾਨਾ ਆਖ-ਆਖ ਵਡਿਆਉਂਦੇ ਹੋ, ਦੀਆਂ ਮੱਝੀਆਂ ਨੇ ਮੇਰੀ ਕਣਕ ਦੀ ਫ਼ਸਲ ਉਜਾੜ ਦਿੱਤੀ ਹੈ। ਆਪ ਇਹ ਚੌਧਰੀ ਮੌਜਾਂ ਨਾਲ ਜੰਗਲ ਵਿਚ ਦਰਖ਼ਤ ਹੇਠ ਸੁੱਤਾ ਰਹਿੰਦੈ ਅਤੇ ਵਗ ਤੁਰਿਆ ਫਿਰਦੈ ਖੁੱਲ੍ਹਾ ਲੋਕਾਂ ਦੀਆਂ ਫ਼ਸਲਾਂ ਉਜਾੜਨ ਨੂੰ। ਮੈਨੂੰ ਨਿਆਂ ਚਾਹੀਦਾ। ਹੋਏ ਨੁਕਸਾਨ ਦਾ ਪੂਰਾ-ਪੂਰਾ ਹਰਜਾਨਾ ਚਾਹੀਦੈ।

(ਚਲਦਾ...)

-ਜਗਜੀਵਨ ਸਿੰਘ (ਡਾ.)

ਫੋਨ: 99143-01328